ਰਿਸ਼ਤੇਦਾਰ ਕੜਾਕੇ ਦੀ ਧੁੱਪ ’ਚ ਘਰ ਤੋਂ ਰਹੇ ਬਾਹਰ
(ਅਨਿਲ ਲੁਟਾਵਾ) ਅਮਲੋਹ। ਵਿਜੀਲੈਂਸ ਵਿਭਾਗ ਵੱਲੋਂ ਅੱਜ ਸਵੇਰੇ ਗਿ੍ਰਫ਼ਤਾਰ ਕੀਤੇ ਪੰਜਾਬ ਦੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵੱਲੋਂ ਸਿਆਸੀ ਬਦਲਾਖੋਰੀ ਤਹਿਤ ਧਰਮਸੋਤ ਨੂੰ ਝੂਠੇ ਕੇਸ ਵਿਚ ਫਸਾਇਆ ਗਿਆ ਹੈ। ਸਾਬਕਾ ਮੰਤਰੀ ਦੇ ਭਰਾ ਮੰਗਤ ਰਾਮ, ਭੈਣ ਮਹਿੰਦਰ ਕੌਰ, ਪੁੱਤਰੀ ਬੱਬੂ ਰਾਣੀ ਅਤੇ ਪ੍ਰਕਾਸ਼ ਕੌਰ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਨਾਮਵਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਦੀ ਹੋ ਰਹੀ ਬਦਨਾਮੀ ਕਾਰਨ ਲੋਕਾਂ ਦਾ ਧਿਆਨ ਹਟਾਉਣ ਲਈ ਇਹ ਕਾਰਵਾਈ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਧਰਮਸੋਤ ਨੇ ਕਾਂਗਰਸ ਵਜ਼ਾਰਤ ਸਮੇਂ ਵੀ ਵਿਧਾਨ ਸਭਾ ਵਿਚ ਵਿਰੋਧੀਆਂ ਵੱਲੋਂ ਲਗਾਏ ਦੋਸ਼ਾਂ ਦੇ ਜਵਾਬ ਵਿਚ ਖੁੱਲ੍ਹੀ ਜਾਂਚ ਕਰਵਾਉਣ ਦੀ ਗੱਲ ਆਖੀ ਸੀ, ਜਿਸ ਦੇ ਆਧਾਰ ’ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਈ ਕਮੇਟੀ ਨੇ ਉਸ ਨੂੰ ਨਿਰਦੋਸ਼ ਸਾਬਤ ਕਰ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਹੁਣ ਜੰਗਲਾਤ ਵਿਭਾਗ ਦਾ ਨਵਾਂ ਮਾਮਲਾ ਖੜ੍ਹਾ ਕਰ ਕੇ ਸ੍ਰੀ ਧਰਮਸੋਤ ਦੇ ਵੱਕਾਰ ਨੂੰ ਢਾਅ ਲਾਈ ਜਾ ਰਹੀ ਹੈ, ਜਦੋਂਕਿ ਸਾਰਾ ਇਲਾਕਾ ਜਾਣਦਾ ਹੈ ਕਿ ਉਸ ਵੱਲੋਂ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਧਰਮਸੋਤ ਦੀ ਗਿ੍ਰਫ਼ਤਾਰੀ ਤੋਂ ਬਾਅਦ ਪੁਲਿਸ ਅਤੇ ਵਿਜੀਲੈਂਸ ਦੀ ਟੀਮ ਵੱਲੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਘਰ ਦੇ ਅੰਦਰ ਦਾਖ਼ਲ ਤੱਕ ਨਹੀਂ ਹੋਣ ਦਿੱਤਾ ਗਿਆ, ਜਿਸ ਕਾਰਨ ਉਨ੍ਹਾਂ ਨੂੰ ਕੜਕਦੀ ਗਰਮੀ ਵਿਚ ਭੁੱਖੇ-ਤਿਹਾਏ ਵਾਪਸ ਜਾਣਾ ਪਿਆ। ਉਨ੍ਹਾਂ ਸਰਕਾਰ ਦੀ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿਚ ਆਲੋਚਨਾ ਕੀਤੀ ਅਤੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਵਿਜੀਲੈਂਸ ਵਿਭਾਗ ਪਟਿਆਲਾ ਦੀ ਟੀਮ ਵੱਲੋਂ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਅਮਲੋਹ ਰਿਹਾਇਸ਼ ’ਤੇ ਸਵੇਰੇ 9.25 ਵਜੇ ਤੋਂ ਜਾਂਚ ਚੱਲ ਰਹੀ ਹੈ। ਇਸ ਮੌਕੇ ਵਾਰਡ ਦੀ ਮਹਿਲਾ ਕੌਂਸਲਰ ਰੀਨਾ ਸ਼ਾਹੀ ਦੇ ਪਤੀ ਰਾਕੇਸ਼ ਸ਼ਾਹੀ ਨੇ ਕਿਹਾ ਕਿ ਜਾਂਚ ਟੀਮ ਵੱਲੋਂ ਘਰੇਲੂ ਸਾਮਾਨ ਜਿਵੇਂ ਕਿ ਪੇਟੀਆਂ ਅਲਮਾਰੀਆਂ ਕੂਲਰ ਬੈੱਡ ਦੀ ਫਰੋਲਾ-ਫਰੋਲੀ ਕੀਤੀ ਜਾ ਰਹੀ ਹੈ, ਪ੍ਰੰਤੂ ਟੀਮ ਦੇ ਹੱਥ ਕੁੱਝ ਨਹੀਂ ਲੱਗਿਆ। ਸਿਰਫ਼ ਉਨ੍ਹਾਂ ਦੇ ਸ਼ਨਾਖ਼ਤੀ ਕਾਰਡ ਵਗ਼ੈਰਾ ਹੱਥ ਲੱਗੇ ਹਨ। ਪਰਿਵਾਰਕ ਮੈਂਬਰਾਂ ਨੇ ਟੀਮ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਟੀਮ ਨੂੰ ਮੁੱਖ ਦਰਵਾਜ਼ੇ ਰਾਹੀਂ ਅੰਦਰ ਦਾਖਲ ਹੋਣਾ ਚਾਹੀਦਾ ਸੀ ਜੋ ਕਿ ਕੰਧਾਂ ਟੱਪ ਕੇ ਅੰਦਰ ਦਾਖਲ ਹੋਏ ਹਨ। ਇਸ ਮੌਕੇ ਵਾਰਡ ਦੀ ਮਹਿਲਾ ਕੌਂਸਲਰ ਦੇ ਪਤੀ ਨੂੰ ਟੀਮ ਵੱਲੋਂ ਬਾਹਰ ਭੇਜ ਦਿੱਤਾ ਗਿਆ ਸੀ ਪ੍ਰੰਤੂ ਜਦੋਂ ਉਹ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ ਤਾਂ ਟੀਮ ਵੱਲੋਂ ਵਾਪਸ ਉਨ੍ਹਾਂ ਨੂੰ ਘਰ ਅੰਦਰ ਬੁਲਾ ਲਿਆ ਗਿਆ ਜੋ ਖ਼ਬਰ ਲਿਖੇ ਜਾਣ ਤੱਕ ਅੰਦਰ ਹੀ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ