Punjab News: ਚੰਡੀਗੜ੍ਹ। ਭਾਰਤ ਵੱਲੋਂ ਪਾਕਿਸਤਾਨ ਵਿਚ ਅੱਤਵਾਦੀ ਟਿਕਾਣਿਆਂ ’ਤੇ ਕੀਤੇ ਗਏ ਹਵਾਈ ਹਮਲੇ ਤੋਂ ਬਾਅਦ ਪੰਜਾਬ ਪੁਲਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਸੂਬੇ ਦੇ ਸਾਰੇ ਸੀਨੀਅਰ ਪੁਲਸ ਅਧਿਕਾਰੀਆਂ ਨਾਲ ਵੀਡੀਓ ਕਾਨਫ਼ਰੰਸ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਖੇਤਰਾਂ ਵਿਚ ਸੁਰੱਖਿਆ-ਵਿਵਸਥਾ ਬਣਾਈ ਰੱਖਣ ਲਈ ਸਖ਼ਤ ਨਿਰਦੇਸ਼ ਦਿੱਤੇ।
ਡੀਜੀਪੀ ਨੇ ਸਾਰੇ ਜ਼ਿਲ੍ਹਿਆਂ ਦੇ ਪੁਲਿਸ ਕਮਿਸ਼ਨਰਾਂ ਅਤੇ ਐੱਸਐੱਸਪੀਜ਼ ਨੂੰ ਆਪਣੇ-ਆਪਣੇ ਇਲਾਕਿਆਂ ਵਿਚ ਸ਼ੱਕੀ ਲੋਕਾਂ ’ਤੇ ਨਜ਼ਰ ਰੱਖਣ ਅਤੇ ਸ਼ਾਂਤੀ ਬਣਾਈ ਰੱਖਣ ਲਈ ਸਖ਼ਤ ਕਦਮ ਚੁੱਕਣ ਲਈ ਕਿਹਾ ਹੈ ਕਿਉਂਕਿ ਅਜਿਹੇ ਮਾਹੌਲ ਵਿਚ ਅੱਤਵਾਦੀ ਜਾਂ ਹੋਰ ਸ਼ਰਾਰਤੀ ਅਨਸਰ ਕਿਸੇ ਮਾੜੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ। Punjab News
Read Also : Operation Sindoor: ਸਰਬ ਪਾਰਟੀ ਮੀਟਿੰਗ ਅੱਜ, ਪਾਕਿਸਤਾਨ ਨੇ ਜੰਮੂ ’ਚ ਫਿਰ ਕੀਤੀ ਗੋਲੀਬਾਰੀ
ਉਨ੍ਹਾਂ ਕਿਹਾ ਕਿ ਪੁਲਸ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਖ਼ਾਸ ਕਰਕੇ ਸਰਹੱਦੀ ਖੇਤਰਾਂ, ਨਾਗਰਿਕ ਖੇਤਰਾਂ ਅਤੇ ਅਤਿ ਸੰਵੇਦਨਸ਼ੀਲ ਖੇਤਰਾਂ ਵਿਚ ਪੁਲਸ ਚੌਕਸੀ ਵਧਾਉਣ। ਡੀਜੀਪੀ ਨੇ ਅੱਜ ਪਾਕਿਸਤਾਨ ਨਾਲ ਲੱਗਦੇ ਸਰਹੱਦੀ ਜ਼ਿਲ੍ਹਿਆਂ ਦੇ ਪੁਲਸ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਤੋਂ ਉਨ੍ਹਾਂ ਦੇ ਇਲਾਕਿਆਂ ਬਾਰੇ ਰਿਪੋਰਟਾਂ ਲਈਆਂ। ਡੀਜੀਪੀ ਨੇ ਅਧਿਕਾਰੀਆਂ ਨੂੰ ਭਾਰਤ-ਪਾਕਿਸਤਾਨ ਸਰਹੱਦ ਦੇ ਪਿੱਛੇ ਦੂਜੀ ਰੱਖਿਆ ਲਾਈਨ ਨੂੰ ਹੋਰ ਮਜ਼ਬੂਤ ਕਰਨ ਲਈ ਹੋਰ ਕਦਮ ਚੁੱਕਣ ਲਈ ਕਿਹਾ। ਦੂਜੀ ਰੱਖਿਆ ਲਾਈਨ ਇਸ ਸਮੇਂ ਪੰਜਾਬ ਪੁਲਸ ਦੇ ਹੱਥ ਵਿਚ ਹੈ ਜਦਕਿ ਭਾਰਤ-ਪਾਕਿ ਸਰਹੱਦ ਦੀ ਨਿਗਰਾਨੀ ਲਈ ਬੀਐੱਸਐੱਫ਼ ਤਾਇਨਾਤ ਹੈ।
Punjab News
ਡੀਜੀਪੀ ਨੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਹੈ ਕਿ ਸ਼ਹਿਰਾਂ ਵਿਚ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਹਰ ਸੰਭਵ ਕਦਮ ਚੁੱਕੇ ਜਾਣ। ਉਨ੍ਹਾਂ ਕਿਹਾ ਕਿ ਸਾਰੇ ਥਾਣਿਆਂ ਦੇ ਐੱਸਐੱਚਓਜ਼ ਨੂੰ ਫੀਲਡ ਵਿਚ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ ਤਾਂ ਕਿ ਨਾਗਰਿਕਾਂ ਅੰਦਰ ਸੁਰੱਖਿਆ ਦੀ ਭਾਵਨਾ ਬਣੀ ਰਹੇ। ਡੀਜੀਪੀ ਨੇ ਕਿਹਾ ਕਿ ਅਧਿਕਾਰੀਆਂ ਨੂੰ ਸੁਰੱਖਿਆ ਪ੍ਰਬੰਧਾਂ ਸਬੰਧੀ ਆਪਣੀਆਂ ਟੀਮਾਂ ਨਾਲ ਰੋਜ਼ਾਨਾ ਮੀਟਿੰਗਾਂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਇਹ ਵੀ ਪਤਾ ਲੱਗਾ ਹੈ ਕਿ ਫਿਰੋਜ਼ਪੁਰ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਅਤੇ ਤਰਨਤਾਰਨ ਵਰਗੇ ਅਤਿ ਸੰਵੇਦਨਸ਼ੀਲ ਇਲਾਕਿਆਂ ਵਿਚ ਵਾਧੂ ਫੋਰਸ ਭੇਜੀ ਗਈ ਹੈ ਤਾਂ ਜੋ ਹਰ ਕੀਮਤ ਤੇ ਸ਼ਾਂਤੀ ਬਣਾਈ ਰੱਖੀ ਜਾ ਸਕੇ ਕਿਉਂਕਿ ਜੰਗ ਵਰਗੀ ਸਥਿਤੀ ਵਿਚ ਅੱਤਵਾਦੀ, ਗੈਂਗਸਟਰ ਜਾਂ ਸਰਹੱਦ ਪਾਰੋਂ ਸ਼ਰਾਰਤੀ ਅਨਸਰ ਅਕਸਰ ਕੋਈ ਨਾ ਕੋਈ ਅਪਰਾਧ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਜਿਹੀ ਸਥਿਤੀ ਨਾਲ ਦ੍ਰਿੜ੍ਹਤਾ ਨਾਲ ਨਜਿੱਠਣ ਦਾ ਫ਼ੈਸਲਾ ਕੀਤਾ ਗਿਆ ਹੈ।