ਮੰਜ਼ਿਲਾਂ ਨੂੰ ਜਾਂਦੇ ਰਾਹ

road

ਮੰਜ਼ਿਲਾਂ ਨੂੰ ਜਾਂਦੇ ਰਾਹ

ਕੋਈ ਸਾਰਥਿਕ ਉਦੇਸ਼, ਨਿਸ਼ਾਨਾ, ਮੰਜ਼ਿਲ ਸਾਡੀ ਜਿੰਦਗੀ ਦੇ ਸਫਰ ਲਈ ਬਹੁਤ ਜਰੂਰੀ ਹੁੰਦੇ ਹਨ ਅਸਲ ਵਿੱਚ ਮੰਜ਼ਿਲ ਉਹ ਸਿਰਨਾਵਾਂ ਹੁੰਦੀ ਹੈ ਜਿੱਥੇ ਪਹੁੰਚਣ ਲਈ ਸਮਾਂ ਨਿਸ਼ਚਿਤ ਕਰਦੇ ਹਾਂ, ਰਾਹ ਚੁਣਦੇ ਹਾਂ, ਪਹੁੰਚਣ ਲਈ ਵਸੀਲੇ ਲੱਭਦੇ ਹਾਂ ਜਾਂ ਜਿੱਥੇ ਪਹੁੰਚਣ ਲਈ ਸਾਡੀ ਕੋਈ ਉਡੀਕ ਕਰਦਾ ਹੈ। ਕਿਸੇ ਸਫਰ ਦੀ ਸ਼ੁਰੂਆਤ ਹੀ ਤਾਂ ਹੁੰਦੀ ਹੈ ਜੇਕਰ ਤੁਸੀਂ ਕਿਸੇ ਮੰਜ਼ਿਲ ਜਾਂ ਨਿਸ਼ਾਨੇ ’ਤੇ ਪਹੁੰਚਣ ਦਾ ਨਿਸ਼ਚਾ ਕੀਤਾ ਹੋਵੇ।

ਇਸ ਮੰਜ਼ਿਲ ਨੂੰ ਅਸੀਂ ਜ਼ਿੰਦਗੀ ਨਾਲ ਜੋੜ ਕੇ ਦੇਖੀਏ ਤਾਂ ਜ਼ਿੰਦਗੀ ਵਿੱਚ ਇਹ ਕੁਝ ਬਣਨ ਦਾ, ਕੁਝ ਕਰਨ ਦਾ ਉਹ ਉਦੇਸ ਹੁੰਦਾ ਹੈ ਜਿਸ ਨੂੰ ਪੂਰਾ ਕਰਨ ਲਈ ਅਸੀਂ ਆਪਣਾ ਦਿਨ-ਰਾਤ ਇੱਕ ਕਰ ਦਿੰਦੇ ਹਾਂ, ਇਸ ਮੰਜ਼ਿਲ ਤੱਕ ਪਹੁੰਚਣ ਦਾ ਸਾਡੇ ਵਿੱਚ ਜਨੂੰਨ ਹੁੰਦਾ ਹੈ। ਇਹ ਕੋਈ ਸੁੱਤਿਆਂ ਆਉਣ ਵਾਲਾ ਸੁਫ਼ਨਾ ਨਹੀਂ ਹੁੰਦਾ, ਬਲਕਿ ਇਹ ਉਹ ਲਗਨ ਹੁੰਦੀ ਹੈ ਜੋ ਸਾਨੂੰ ਸੌਣ ਨਹੀਂ ਦਿੰਦੀ।

ਜ਼ਿੰਦਗੀ ਦੇ ਸਫਰ ਨੂੰ ਖੂਬਸੂਰਤ ਬਣਾਉਣ ਲਈ ਕਿਸੇ ਸਾਰਥਿਕ ਮੰਜ਼ਿਲ, ਭਾਵ ਉਦੇਸ਼ ਦਾ ਹੋਣਾ ਜ਼ਰੂਰੀ ਹੈ। ਸਭ ਤੋਂ ਵੱਧ ਜਰੂਰੀ ਹੈ ਕਿ ਉਹਨਾਂ ਸਹੀ ਰਾਹਾਂ ਦੀ ਚੋਣ ਕਰਨੀ, ਜੋ ਸਾਨੂੰ ਸਾਡੀ ਮੰਜ਼ਿਲ ਤੱਕ ਲੈ ਜਾਣ। ਮਿਹਨਤ, ਸੱਚੀ ਲਗਨ, ਸਬਰ ਦੇ ਰਸਤੇ ਭਾਵੇਂ ਲੰਮੇ ਅਤੇ ਮੁਸ਼ਕਲ ਭਰੇ ਜਰੂਰ ਹੁੰਦੇ ਹਨ ਪਰ ਇਨ੍ਹਾਂ ’ਚੋਂ ਗੁਜਰ ਕੇ ਮਿਲੀ ਮੰਜ਼ਿਲ ਬਹੁਤ ਖੂਬਸੂਰਤ ਹੁੰਦੀ ਹੈ। ਇਹਨਾਂ ਰਸਤਿਆਂ ਉੱਤੇ ਸੇਕੀ ਧੁੱਪ ਹੀ ਸਾਨੂੰ ਰੂਹਾਨੀ ਰੌਸ਼ਨੀ ਨਾਲ ਭਰਦੀ ਹੈ। ਇਨ੍ਹਾਂ ਰਸਤਿਆਂ ਵਿੱਚ ਆਈਆਂ ਰੁਕਾਵਟਾਂ ਹੀ ਸਾਨੂੰ ਸੱਚੇ ਅਨੁਭਵ ਅਤੇ ਖਾਧੀਆਂ ਠੋ੍ਹਕਰਾਂ ਹੀ ਜ਼ਿੰਦਗੀ ਵਿੱਚ ਸੰਭਲ ਕੇ ਚੱਲਦ ਦੀ ਜਾਂਚ ਦੱਸਦੀਆਂ ਹਨ।

ਅਜੋਕੇ ਸਮੇਂ ਦੀ ਸਮੱਸਿਆ ਇਹ ਬਣ ਗਈ ਹੈ ਕਿ ਮੰਜ਼ਿਲ ’ਤੇ ਪਹੁੰਚਣ ਦੀ ਸਭ ਨੂੰ ਬਹੁਤ ਕਾਹਲੀ ਹੈ। ਇਸ ਕਾਹਲੀ ਵਿੱਚ ਅਸੀਂ ਰਾਹਾਂ ਦੀ ਚੋਣ ਪ੍ਰਤੀ ਅਕਸਰ ਅਵੇਸਲੇ ਹੋ ਜਾਂਦੇ ਹਾਂ ਜਾਂ ਗਲਤ ਰਸਤੇ ਚੁਣ ਬੈਠਦੇ ਹਾਂ, ਇਹ ਛੋਟੇ ਜਰੂਰ ਹੋ ਸਕਦੇ ਹਨ ਪਰ ਸੁਰੱਖਿਅਤ ਬਿਲਕੁਲ ਨਹੀਂ ਹੁੰਦੇ। ਇਨ੍ਹਾਂ ਰਸਤਿਆਂ ਦੀ ਭਟਕਣ ਵਿੱਚ ਗੁਆਚੇ ਲੋਕ ਨਾ ਕਿਸੇ ਵੀ ਮੰਜ਼ਿਲ ’ਤੇ ਪਹੁੰਚਦੇ ਹਨ, ਨਾ ਉਨ੍ਹਾਂ ਨੂੰ ਵਾਪਸ ਆਉਣ ਦਾ ਰਾਹ ਨਜਰੀਂ ਆਉਂਦਾ ਹੈ। ਜੇ ਕੋਈ ਭੁੱਲਿਆ-ਚੁੱਕਿਆ ਪਹੁੰਚ ਵੀ ਜਾਂਦਾ ਹੈ ਤਾਂ ਉਹ ਉਸ ਮੁਸਾਫ਼ਿਰ ਵਰਗਾ ਹੁੰਦਾ ਹੈ, ਜਿਸ ਦੇ ਪਹੁੰਚਣ ਲਈ ਕੋਈ ਉਡੀਕ ਨਹੀਂ ਕਰ ਰਿਹਾ ਹੁੰਦਾ।
ਸਾਨੂੰ ਇਹ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਜਿੰਨਾ ਜਰੂਰੀ ਕਿਸੇ ਮੰਜ਼ਿਲ ਦਾ ਨਿਸ਼ਚਿਤ ਹੋਣਾ ਹੈ ਉਸ ਤੋਂ ਵੱਧ ਸਾਡੇ ਲਈ ਜਰੂਰੀ ਸਾਡੇ ਲਈ ਰਾਹਾਂ ਦੀ ਚੋਣ ਕਰਨਾ ਹੈ ਕਿਉਂਕਿ ਇਹ ਰਾਹ ਸਹੀ ਹੋਣ ਜਾਂ ਗਲਤ, ਇਹਨਾਂ ’ਤੇ ਚੱਲਣਾ ਅਸੀਂ ਹੀ ਹੈ। ਸਹੀ ਰਾਹਾਂ ’ਤੇ ਚੱਲ ਕੇ ਵੀ ਮੰਜ਼ਿਲ ਅਸੀਂ ਹੀ ਪਾਉਣੀ ਹੈ ਤੇ ਗਲਤ ਰਾਹਾਂ ’ਤੇ ਚੱਲਦੇ ਭਟਕਣ ਸਾਨੂੰ ਹੀ ਮਿਲਣੀ ਹੈ। ਸਹੀ ਰਸਤੇ ਉਸ ਬਾਗ ਵਾਂਗ ਹੁੰਦੇ ਹਨ ਜਿਸ ਵਿੱਚ ਲੱਗੇ ਫੁੱਲ ਤੁਹਾਡੀ ਮਿਹਨਤ ਦੇ ਪਸੀਨੇ ਨਾਲ ਖਿੜਦੇ ਹਨ ਤੇ ਜਿਨ੍ਹਾਂ ਦੀ ਖੁਸ਼ਬੂ ਤੁਹਾਨੂੰ ਮਹਿਕਣ ਲਾ ਦਿੰਦੀ ਹੈ। ਸਹੀ ਰਸਤਿਆਂ ਉੱਪਰ ਸਾਡੀ ਮਿਹਨਤ, ਲਗਨ ਤੇ ਸੱਚਾਈ ਦੀ ਚਮਕ ਹੁੰਦੀ ਹੈ ਜੋ ਸਾਨੂੰ ਅਗਲੇਰੇ ਰਾਹ ਲਈ ਰੌਸ਼ਨੀ ਦਿੰਦੀ ਹੈ।

ਗਲਤ ਰਸਤੇ ਰਾਤਾਂ ਦੇ ਹਨੇ੍ਹਰਿਆਂ ਵਾਂਗ ਹੁੰਦੇ ਹਨ ਜਿਨ੍ਹਾਂ ’ਤੇ ਚੋਰਾਂ ਵਾਂਗ ਲੁਕ-ਛਿਪ ਕੇ ਚੱਲਣ ਵਾਲੇ ਖੁਦ ਵੀ ਬੁਝੇ ਹੋਏ ਦੀਵੇ ਵਾਂਗ ਹੋ ਜਾਂਦੇ ਹਨ ਜੋ ਕਿਸੇ ਲਈ ਚਾਨਣ-ਮੁਨਾਰਾ ਨਹੀਂ ਬਣ ਸਕਦੇ। ਸੋ ਜ਼ਿੰਦਗੀ ਦੇ ਸਫਰ ਵਿੱਚ ਮੰਜ਼ਿਲ ਉਨੀ ਹੀ ਮਹੱਤਤਾ ਰੱਖਦੀ ਹੈ ਜਿੰਨਾ ਇਹਨਾਂ ਨੂੰ ਜਾਂਦੇ ਸਹੀ ਰਾਹ, ਤਾਂ ਜੋ ਜਦੋਂ ਅਸੀਂ ਆਪਣੀ ਮੰਜ਼ਿਲ ’ਤੇ ਪਹੁੰਚ ਕੇ ਪਿੱਛੇ ਨਜਰ ਮਾਰੀਏ ਤਾਂ ਇਹ ਸਾਡੀ ਸੱਚੀ ਲਗਨ, ਮਿਹਨਤ ਤੇ ਜ਼ਜ਼ਬੇ ਦੀ ਕਹਾਣੀ ਬਿਆਨ ਕਰਦੇ ਨਜ਼ਰ ਆਉਣ।

ਮੋ. 83607-45404
ਮੰਜੂ ਸ਼ਰਮਾ ਰਾਜੋਮਾਜਰਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ