ਵਿਧਾਨ ਸਭਾ ਚੋਣਾਂ ਸਬੰਧੀ ਡੇਰਾ ਸੱਚਾ ਸੌਦਾ ਖਿਲਾਫ ਰਚੀ ਜਾ ਰਹੀਆਂ ਝੂਠੀਆਂ ਸਾਜਿਸ਼ਾਂ: ਪ੍ਰਬੰਧਕੀ ਕਮੇਟੀ
(ਅਸ਼ਵਨੀ ਚਾਵਲਾ) ਚੰਡੀਗੜ੍ਹ । ਫਰੀਦਕੋਟ ਅਦਾਲਤ ਵੱਲੋਂ ਪ੍ਰੋਡਕਸ਼ਨ ਵਾਰੰਟ ਜਾਰੀ ਕਰਨ ਖਿਲਾਫ ਬੁੱਧਵਾਰ ਨੂੰ ਡੇਰਾ ਸੱਚਾ ਸੌਦਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਪਹੁੰਚ ਗਿਆ। ਪੂਜਨੀਕ ਗੁਰੂ ਜੀ ਵੱਲੋਂ ਹਾਈ ਕੋਰਟ ’ਚ ਪਟੀਸ਼ਨ ਦਾਇਰ ਕਰਦਿਆਂ ਸੁਣਵਾਈ ਕਰਨ ਦੀ ਮੰਗ ਕੀਤੀ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਇਸ ਪਟੀਸ਼ਨ ’ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਅੱਜ (ਵੀਰਵਾਰ) ਨੂੰ ਸੁਣਵਾਈ ਹੋਵੇਗੀ।
ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਦਾਇਰ ਪਟੀਸ਼ਨ ’ਚ ਕਿਹਾ ਗਿਆ ਹੈ ਕਿ ਪੰਜਾਬ ਪੁਲਿਸ ਸਿਆਸੀ ਲੋਕਾਂ ਦੇ ਹੱਥਾਂ ਦੀ ਕੱਠਪੁਤਲੀ ਬਣੀ ਹੋਈ ਹੈ। ਕਾਨੂੰਨੀ ਪ੍ਰਕਿਰਿਆ ਅਤੇ ਨਿਯਮਾਂ ਅਨੁਸਾਰ ਉੱਚਿਤ ਕਾਰਵਾਈ ਕਰਨ ਦੀ ਬਜਾਇ ਸਰਕਾਰ ਦੇ ਇਸ਼ਾਰੇ ’ਤੇ ਮਨਮਤੇ ਫੈਸਲੇ ਲਏ ਜਾ ਰਹੇ ਹਨ। ਡੇਰਾ ਸੱਚਾ ਸੌਦਾ ਖਿਲਾਫ ਸੋਚੀ-ਸਮਝੀ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ, ਤਾਂ ਕਿ ਸੱਤਾ ’ਚ ਕਾਬਜ਼ ਪਾਰਟੀ ‘ਬੇਅਦਬੀ’ ਦੇ ਮੁੱਦੇ ਨੂੰ ਲੈ ਕੇ ਆਗਾਮੀ ਚੋਣਾਂ ’ਚ ਸਿਆਸੀ ਲਾਭ ਲੈ ਸਕੇ। ਆਖਰ ਇਸ ’ਚ ਸਿਰਫ ਸਿਆਸਤ ਤੋਂ ਇਲਾਕਾ ਕੁਝ ਵੀ ਨਹੀਂ ਹੈ ਪਟੀਸ਼ਨ ’ਚ ਕਿਹਾ ਗਿਆ ਹੈ ਕਿ ਪੰਜਾਬ ਪੁਲਿਸ ਇਸ ਮਾਮਲੇ ’ਚ ਕਾਨੂੰਨ ਖਿਲਾਫ ਪੋ੍ਰਡਕਸ਼ਲ ਵਾਰੰਟ ਲੈਣ ਲਈ ਸਥਾਨਕ ਅਦਾਲਤ ’ਚ ਗਈ ਸੀ ਅਤੇ ਸਥਾਨਕ ਅਦਾਲਤ ਨੇ ਵੀ ਆਪਣੇ ਅਧਿਕਾਰ ਖੇਤਰ ’ਚੋਂ ਬਾਹਰ ਜਾਂਦੇ ਹੋਏ ਪ੍ਰੋਡਕਸ਼ਨ ਵਾਰੰਟ ਜਾਰੀ ਕਰ ਦਿੱਤੇ, ਜੋ ਕਿ ਬਿਲਕੁਲ ਗਲਤ ਹੈ। ਪਟੀਸ਼ਨ ’ਚ ਕਿਹਾ ਗਿਆ ਹੈ ਕਿ ਉਕਤ ਪ੍ਰੋਡਕਸ਼ਨ ਵਾਰੰਟ ਕੋਈ ਮਾਇਨੇ ਨਹੀਂ ਰੱਖਦੇ, ਇਨ੍ਹਾਂ ਨੂੰ ਤੁਰੰਤ ਰੱਦ ਕੀਤਾ ਜਾਵੇ ਤਾਂ ਕਿ ਇਸ ਮਾਮਲੇ ’ਚ ਪੁਲਿਸ ਸਿਆਸੀ ਸਵਾਰਥਾਂ ਨੂੰ ਨਾ ਸਾਧ ਸਕੇ।
ਸੁਣੀ ਸੁਣਾਈ ਕਹਾਣੀ ਦੇ ਆਧਾਰ ’ਤੇ ਮਾਮਲਾ, ਅਗਾਊਂ ਜ਼ਮਾਨਤ ਮਿਲੇ
ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਉਕਤ ਮਾਮਲੇ ’ਚ ਇੱਕ ਹੋਰ ਪਟੀਸ਼ਨ ਦਾਇਰ ਕਰਦਿਆਂ ਅਗਾਊਂ ਜ਼ਮਾਨਤ ਦੇਣ ਦੀ ਮੰਗ ਕੀਤੀ ਗਈ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਾਈ ਗਈ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਪ੍ਰਦੀਪ ਸ਼ਰਮਾ ਨਾਮਕ ਵਿਅਕਤੀ ਵੱਲੋਂ ਪਹਿਲਾਂ ਕਿਸੇ ਵੀ ਤਰ੍ਹਾਂ ਦਾ ਬਿਆਨ ਉਨ੍ਹਾਂ ਦੇ ਖ਼ਿਲਾਫ਼ ਨਹੀਂ ਦਿੱਤਾ ਗਿਆ ਸੀ ਪਰ ਹੁਣ ਅਚਾਨਕ ਪ੍ਰਦੀਪ ਸ਼ਰਮਾ ਨੇ ਕਿਹਾ ਹੈ ਕਿ ਮਹਿੰਦਰਪਾਲ ਬਿੱਟੂ ਤੋਂ ਉਨ੍ਹਾਂ ਨੇ ਸੁਣਿਆ ਸੀ ਕਿ ਇਸ ਤਰ੍ਹਾਂ ਦਾ ਅਪਰਾਧ ਕੀਤਾ ਜਾਵੇ। ਪਟੀਸ਼ਨ ਵਿੱਚ ਕਿਹਾ ਗਿਆ ਕਿ ਸੁਣੀ ਸੁਣਾਈਆਂ ਗੱਲਾਂ ’ਤੇ ਅੱਗੇ ਵਧਾਉਂਦਿਆਂ ਪ੍ਰਦੀਪ ਸ਼ਰਮਾ ਦਾ ਬਿਆਨ ਲਿਆ ਗਿਆ ਅਤੇ ਉਸੇ ਨੂੰ ਆਧਾਰ ਬਣਾ ਕੇ ਬਾਜਾਖਾਣਾ ਪੁਲਿਸ ਵੱਲੋਂ ਐਫਆਈਆਰ ਨੰਬਰ 63 ਵਿੱਚ 6 ਸਾਲ ਬਾਅਦ ਜੁਲਾਈ 2021 ’ਚ ਪੂਜਨੀਕ ਗੁਰੂ ਜੀ ਦਾ ਨਾਂਅ ਜੋੜ ਲਿਆ ਗਿਆ ਨਾਮਜ਼ਦ ਕਰ ਲਿਆ ਗਿਆ। ਜਿਹੜਾ ਕਿ ਕਾਨੂੰਨ ਦੀ ਦੁਰਵਰਤੋਂ ਅਤੇ ਸਿਆਸਤ ਤੋਂ ਪ੍ਰੇਰਿਤ ਹੈ ਇਸ ਲਈ ਇਸ ਮਾਮਲੇ ’ਚ ਅਗਾਊਂ ਜ਼ਮਾਨਤ ਦਿੱਤੀ ਜਾਵੇ।
ਪੂਜਨੀਕ ਗੁਰੂ ਜੀ ’ਤੇ ਲਾਏ ਗਏ ਦੋਸ਼ ਬੇਬੁਨਿਆਦ: ਪ੍ਰਬੰਧਕੀ ਕਮੇਟੀ
- ਪ੍ਰੋਡਕਸ਼ਨ ਵਾਰੰਟ ਮਾਮਲੇ ’ਚ ਲੜਾਂਗੇ ਕਾਨੂੰਨੀ ਲੜਾਈ
ਸਰਸਾ ਡੇਰਾ ਸੱਚਾ ਸੌਦਾ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ’ਚ 2015 ’ਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਇਹ ਸਾਰੇ ਦੋਸ਼ ਬੇਬੁਨਿਆਦ ਹਨ ਜੋ ਕਿਸੇ ਸਾਜਿਸ਼ ਦਾ ਨਤੀਜਾ ਹਨ ਨਾਲ ਹੀ ਕਮੇਟੀ ਦਾ ਕਹਿਣਾ ਹੈ ਕਿ ਫਰੀਦਕੋਟ ਦੀ ਜ਼ਿਲ੍ਹਾ ਅਦਾਲਤ ਵੱਲੋਂ ਪੂਜਨੀਕ ਗੁਰੂ ਜੀ ਖਿਲਾਫ ਜਾਰੀ ਕੀਤੇ ਪ੍ਰੋਡਕਸ਼ਨ ਵਰੰਟ ਖਿਲਾਫ਼ ਕਾਨੂੰਨੀ ਲੜਾਈ ਲੜੀ ਜਾਏਗੀ।
ਪ੍ਰਬੰਧਕੀ ਕਮੇਟੀ ਮੈਂਬਰਾਂ ਨੇ ਆਖਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਪਵਿੱਤਰ ਗੁਰਬਾਣੀ ਸਮੇਤ ਸਾਰੇ ਧਰਮਾਂ ਤੇ ਉਨ੍ਹਾਂ ਦੇ ਪਵਿੱਤਰ ਗ੍ਰੰਥਾਂ ਦਾ ਸਤਿਕਾਰ ਕਰਦੇ ਹਨ ਕਮੇਟੀ ਨੇ ਆਖਿਆ ਜਦੋਂ ਸੰਨ 2015 ’ਚ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਸਨ, ਉਦੋਂ ਪੂਜਨੀਕ ਗੁਰੂ ਜੀ ਨੇ ਉਕਤ ਘਟਨਾਵਾਂ ਨੂੰ ਦੀ ਨਿੰਦਿਆ ਕਰਦਿਆਂ ਇਸ ਨੂੰ ਘੋਰ ਪਾਪ ਦੱਸਿਆ ਸੀ ਕਮੇਟੀ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਖਿਲਾਫ਼ ਬੇਅਦਬੀ ਦੇ ਲਾਏ ਸਾਰੇ ਦੋਸ਼ ਬੇਬੁਨਿਆਦ ਹਨ , ਕਿਉਂਕਿ ਪੂਜਨੀਕ ਗੁਰੂ ਜੀ ਨੇ ਕਰੋੜਾਂ ਲੋਕਾਂ ਨੂੰ ਸਾਰੇ ਧਰਮਾਂ ਦਾ ਆਦਰ ਕਰਨ ਦੀ ਸਿੱਖਿਆ ਦਿੱਤੀ ਹੈ ਅਤੇ ਆਪ ਜੀ ਦੀ ਸਿੱਖਿਆ ’ਤੇ ਚੱਲਦਿਆਂ ਵੱਖ-ਵੱਖ ਧਰਮਾਂ ਨਾਲ ਸਬੰਧਿਤ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਆਪਸ ’ਚ ਸਦਭਾਵਨਾ ਤੇ ਭਾਈਚਾਰੇ ਨਾਲ ਰਹਿੰਦੀ ਹੈ।
ਕਮੇਟੀ ਮੈਂਬਰਾਂ ਨੇ ਕਿਹਾ ਕਿ ਅਸਲ ’ਚ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਜਿਸ ਕਾਰਨ ਡੇਰਾ ਸੱਚਾ ਸੌਦਾ, ਪੂਜਨੀਕ ਗੁਰੂ ਜੀ ਅਤੇ ਡੇਰਾ ਸ਼ਰਧਾਲੂਆਂ ਖਿਲਾਫ਼ ਤਰ੍ਹਾਂ -ਤਰ੍ਹਾਂ ਦੇ ਦੋਸ਼ ਲਾਏ ਜਾ ਰਹੇ ਹਨ ਉਹਨਾਂ ਕਿਹਾ ਕਿ ਇਹ ਸਾਰਾ ਕੁਝ ਸਵਾਰਥੀ ਆਗੂਆਂ ਦੀ ਸੋਚੀ-ਸਮਝੀ ਸਾਜਿਸ਼ ਹੈ, ਜੋ ਡੇਰਾ ਸੱਚਾ ਸੌਦਾ ਨੂੰ ਬਿਨ੍ਹਾਂ ਵਜ੍ਹਾ ਉਲਝਾਉਣਾ ਚਾਹੁੰਦੇ ਹਨ। ਕਮੇਟੀ ਮੈਂਬਰਾਂ ਨੇ ਆਖਿਆ ਕਿ ਇਸ ਤੋਂ ਪਹਿਲਾਂ ਵੀ ਸੀਬੀਆਈ ਬੇਅਦਬੀ ਦੇ ਮਾਮਲੇ ’ਚ ਡੇਰਾ ਸ਼ਰਧਾਲੂਆਂ ਦੇ ਹਰ ਤਰ੍ਹਾਂ ਦੇ ਵਿਗਿਆਨਕ ਟੈਸਟ ਕਰਕੇ ਉਨ੍ਹਾਂ ਨੂੰ ਨਿਰਦੋਸ਼ ਕਰਾਰ ਦੇ ਚੁੱਕੀ ਹੈ।
ਕਮੇਟੀ ਮੈਂਬਰਾਂ ਨੇ ਹੈਰਾਨੀ ਪ੍ਰਗਟ ਕਰਦਿਆਂ ਆਖਿਆ ਕਿ ਦੇਸ਼ ਦੀ ਇੱਕ ਏਜੰਸੀ ਵੱਲੋਂ ਕਲੀਨ ਚਿੱਟ ਦਿੱਤੇ ਜਾਣ ਦੇ ਬਾਵਜ਼ੂਦ ਪੂਜਨੀਕ ਗੁਰੂ ਜੀ ਅਤੇ ਡੇਰਾ ਸ਼ਰਧਾਲੂਆਂ ਨੂੰ ਝੂਠੇ ਕੇਸਾਂ ’ਚ ਉਲਝਾਉਣ ਇੱਕ ਸਿਆਸੀ ਸਾਜਿਸ਼ਾਂ ਦਾ ਨਤੀਜਾ ਹੈ। ਉਹਨਾਂ ਕਿਹਾ ਕਿ ਝੂਠ ਦੇ ਬੱਦਲ ਸੱਚ ਨੂੰ ਲੁਕੋ ਨਹੀਂ ਸਕਦੇ, ਸੱਚ ਦੀ ਹਮੇਸ਼ਾ ਹੀ ਜਿੱਤ ਹੁੰਦੀ ਹੈ ਸਾਨੂੰ ਨਿਆਂਪਾਲਿਕਾ ’ਤੇ ਪੂਰਾ ਭਰੋਸਾ ਹੈ, ਝੂਠ ਬੇਨਕਾਬ ਹੋਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ