Dera Sacha Sauda ਤੋਂ Live: ਪਵਿੱਤਰ ਐਮਐਸਜੀ ਭੰਡਾਰੇ ਮੌਕੇ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ’ਚ ਰੌਣਕਾਂ…

Dera Sacha Sauda

Dera Sacha Sauda: ਸਰਸਾ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਹਾੜੇ ਦੀ ਖੁਸ਼ੀ ‘ਚ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਡੇਰਾ ਸੱਚਾ ਸੌਦਾ ਸਰਸਾ ਵਿਖੇ ਐਮਐਸਜੀ ਭੰਡਾਰਾ ਮਨਾਇਆ ਜਾ ਰਿਹਾ ਹੈ। ਭੰਡਾਰੇ ਦੀ ਸ਼ੁਰੂਆਤ ਪਵਿੱਤਰ ਨਾਅਰਾ ਲਾ ਕੇ ਕੀਤੀ ਗਈ। ਭੰਡਾਰੇ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਭਾਰੀ ਗਿਣਤੀ ‘ਚ ਸਾਧ-ਸੰਗਤ ਪਹੁੰਚਣੀ ਸ਼ੁਰੂ ਹੋ ਗਈ ਸੀ।

25 ਜਨਵਰੀ 1919 ਦਾ ਭਾਗਾਂ ਭਰਿਆ ਦਿਨ ਚੜ੍ਹਿਆ ਤੇ ਸਾਰੀ ਸ੍ਰਿਸ਼ਟੀ ’ਚ ਅਨੰਦ ਦੀਆਂ ਲਹਿਰਾਂ ਚੱਲ ਪਈਆਂ। ਰੂਹਾਨੀਅਤ ਦੇ ਸ਼ਹਿਨਸ਼ਾਹ ਸੱਚੇ ਸਤਿਗੁਰੂ ਦਾਤਾਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਧਰਤੀ ’ਤੇ ਅਵਤਾਰ ਧਾਰਨ ਕੀਤਾ। ਰੂਹਾਨੀਅਤ ਦੇ ਸ਼ਹਿਨਸ਼ਾਹ ਦੇ ਨੂਰਾਨੀ ਪ੍ਰਕਾਸ਼ ਨੇ ਹਰ ਪਾਸੇ ਰੱਬੀ ਨਾਮ ਦੀ ਅਲਖ ਜਗਾ ਦਿੱਤੀ। ਆਪ ਜੀ ਦੀ ਪ੍ਰੇਰਨਾ ਨਾਲ ਦੁਨਿਆਵੀ ਕੰਮਾਂ-ਧੰਦਿਆਂ, ਲੋਭ-ਲਾਲਚ, ਹੰਕਾਰ, ਨਸ਼ਿਆਂ ਦੀ ਗੰਦਗੀ ’ਚ ਫਸੇ ਕਰੋੜਾਂ ਲੋਕ ਬੁਰਾਈਆਂ ਛੱਡ ਕੇ ਭਗਤੀ ਤੇ ਚੰਗਿਆਈ ਦੇ ਮਾਰਗ ’ਤੇ ਤੁਰ ਪਏ। ਪਵਿੱਤਰ ਅਵਤਾਰ ਦਿਵਸ ਮੌਕੇ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ, ਡੇਰਾ ਸੱਚਾ ਸੌਦਾ ਸਰਸਾ ਹਰਿਆਣਾ ’ਚ ਭਾਰੀ ਗਿਣਤੀ ’ਚ ਸਾਧ-ਸੰਗਤ ਪਹੁੰਚ ਰਹੀ ਹੈ। ਆਓ ਤਸਵੀਰਾਂ ਜ਼ਰੀਏ ਦੇਖਦੇ ਹਾਂ ਪਵਿੱਤਰ ਭੰਡਾਰੇ ਦੀਆਂ ਝਲਕੀਆਂ ਤੇ ਰੌਣਕਾਂ…

ਅੱਜ ਆਏ ਪਿਆਰੇ ਦਾਤਾਰ

ਰੂਹਾਨੀਅਤ ਦਾ ਸ਼ਹਿਨਸ਼ਾਹ ਜਦੋਂ ਰੂਹਾਨੀ ਪ੍ਰਕਾਸ਼ ਫੈਲਾਉਂਦਾ ਹੈ ਤਾਂ ਉਹ ਸਭ ਦੀਆਂ ਝੋਲੀਆਂ ਭਰਦਾ ਹੈ। ਉਸ ਦੇ ਦਾਇਰੇ ’ਚ ਅਮੀਰ-ਗਰੀਬ, ਉੱਚਾ-ਨੀਂਵਾਂ, ਪੜਿ੍ਹਆ-ਲਿਖਿਆ, ਅਨਪੜ੍ਹ, ਬੱਚਾ, ਬੁੱਢਾ, ਜਵਾਨ ਹਰ ਕੋਈ ਆ ਜਾਂਦਾ ਹੈ ਤੇ ਸਭ ਰਹਿਮਤ ਨਾਲ ਨਿਹਾਲ ਹੋ ਜਾਂਦੇ ਹਨ। ਰੂਹਾਨੀ ਰਹਿਬਰ ਦੀ ਅਵਾਜ਼ ’ਚ, ਉਹਨਾਂ ਦੇ ਨੈਣਾਂ ’ਚ ਅਜਿਹੀ ਖਿੱਚ ਹੁੰਦੀ ਹੈ ਜੋ ਹਰ ਕਿਸੇ ਦੇ ਦਿਲੋ-ਦਿਮਾਗ ’ਚ ਰੂਹਾਨੀ ਤਰੰਗਾਂ ਪੈਦਾ ਕਰਦੀ ਹੈ। ਉਹਨਾਂ ਦੇ ਨੂਰਾਨੀ ਦਰਸ਼ਨ ਕਰਕੇ ਹਰ ਕਿਸੇ ਦੀ ਆਤਮਾ ਨੱਚ ਉੱਠਦੀ ਹੈ ਤੇ ਦਿਲ ਬਾਗ਼ੋਬਾਗ਼ ਹੋ ਜਾਂਦਾ ਹੈ। ਉਹਨਾਂ ਦੇ ਬਚਨ ਸੀਨੇ ਨੂੰ ਠੰਢ ਪਾਉਂਦੇ ਹਨ। ਰੂਹਾਨੀ ਰਹਿਬਰ ਨੂੰ ਤੱਕਦਿਆਂ ਹੀ ਦੁੱਖ ਭੁੱਲ ਜਾਂਦੇ ਹਨ ਤੇ ਦਿਲੋਂ-ਦਿਮਾਗ ’ਚ ਅਨੰਦ ਛਾ ਜਾਂਦਾ ਹੈ ਤੇ ਇੱਕ ਨਵੀਂ ਊਰਜਾ ਪੈਦਾ ਹੁੰਦੀ ਹੈ।

ਰੂਹਾਨੀ ਰਹਿਬਰ ਪਿਆਰ ਦੇ ਪੁਜਾਰੀ ਹੁੰਦੇ ਹਨ। ਉਹ ਨਫ਼ਰਤਾਂ ਮਿਟਾਉਂਦੇ ਹਨ, ਨਿਹਸਵਾਰਥ ਪਿਆਰ ਸਿਖਾਉਂਦੇ ਹਨ। ਉਹਨਾਂ ਦੇ ਚਿਹਰੇ ’ਚੋਂ ਰੱਬੀ ਝਲਕਾਂ ਮਿਲਦੀਆਂ ਹਨ ਜੋ ਮਨੁੱਖਤਾ ਦਾ ਅਗਿਆਨ ਦੂਰ ਕਰਦੀਆਂ ਹਨ। ਉਹਨਾਂ ਦੀ ਸਿੱਖਿਆ ਠੱਗਾਂ ਨੂੰ ਨੇਕ, ਚੋਰਾਂ ਨੂੰ ਭਗਤ ਬਣਾਉਂਦੀ ਹੈ। ਰੂਹਾਨੀ ਰਹਿਬਰ ਬਾਹਰੀ ਚਮਤਕਾਰ ਨਹੀਂ ਕਰਦੇ ਪਰ ਉਹਨਾਂ ਦੀ ਸਿੱਖਿਆ ਮਨੁੱਖ ਦਾ ਹਿਰਦਾ ਪਰਿਵਰਤਨ ਕਰਕੇ ਕਾਇਆ ਪਲਟ ਦਿੰਦੀ ਹੈ। ਇਹ ਇਲਾਹੀ ਨਜ਼ਾਰਾ ਕਰੋੜਾਂ ਲੋਕਾਂ ਨੇ ਵੇਖਿਆ, ਹੰਢਾਇਆ ਤੇ ਮਾਣਿਆ ਤੇ ਮਾਣ ਰਹੇ ਹਨ।

Dera Sacha Sauda

ਸੱਚੇ ਸਤਿਗੁਰੂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਇਲਾਹੀ ਦਰਸ਼ਨਾਂ ਨੇ ਲੱਖਾਂ ਲੋਕਾਂ ਨੂੰ ਸਿੱਧੇ ਰਾਹੇ ਪਾਇਆ, ਨਸ਼ੇੜੀਆਂ, ਠੱਗਾਂ, ਚੋਰਾਂ ਨੂੰ ਭਗਤ ਬਣਾਇਆ। ਆਪ ਜੀ ਨੇ ਜਿੱਥੇ ਮਹਾਂਨਗਰਾਂ, ਵੱਡੇ-ਛੋਟੇ ਸ਼ਹਿਰਾਂ ’ਚ ਸਤਿਸੰਗ ਫ਼ਰਮਾਏ ਉੱਥੇ ਉੱਘੜ-ਦੁੱਘੜ ਕੱਚੇ ਰਾਹਾਂ, ਪਹਿਆਂ ਦਾ ਸਫ਼ਰ ਕਰਕੇ ਪਿੰਡਾਂ-ਢਾਣੀਆਂ ’ਚ ਪਹੁੰਚ ਕੇ ਅਮੀਰਾਂ-ਗਰੀਬਾਂ ਸਭ ਨੂੰ ਰੱਬ ਦੇ ਸੱਚੇ ਨਾਮ ਨਾਲ ਜੋੜਿਆ। ਆਪ ਜੀ ਨੇ ਜਿੱਥੇ ਅਮੀਰਾਂ ਦੀਆਂ ਹਵੇਲੀਆਂ ’ਚ ਆਪਣੇ ਪਵਿੱਤਰ ਚਰਨ ਕਮਲ ਟਿਕਾਏ ਉੱਥੇ ਗਰੀਬਾਂ ਦੀਆਂ ਕੁੱਲੀਆਂ, ਕੱਚਿਆਂ ਢਾਰਿਆਂ ਨੂੰ ਵੀ ਆਪਣੀ ਚਰਨ-ਛੋਹ ਨਾਲ ਨਿਹਾਲ ਕੀਤਾ। ਆਪ ਜੀ ਨੇ ਸਭ ਨਾਲ ਪਿਆਰ ਕਰਕੇ ਤੇ ਸਭ ਨੂੰ ਇੱਕੋ ਤੇ ਸੱਚੀ ਸਿੱਖਿਆ ਦੇ ਕੇ ਸਮਾਨਤਾ ਤੇ ਆਪਸੀ ਭਾਈਚਾਰੇ, ਰੂਹਾਨੀਅਤ ਦੀ ਸਾਂਝ ਨੂੰ ਮਜ਼ਬੂਤ ਕੀਤਾ।

ਭਗਤੀ ਨੂੰ ਕਦੇ ਲੋਕ ਬਜ਼ੁਰਗਾਂ ਦਾ ਕੰਮ ਮੰਨਦੇ ਸਨ, ਬੱਚੇ ਨੂੰ ਭਗਤੀ ਤੋਂ ਦੂਰ ਮੰਨਿਆ ਜਾਂਦਾ ਸੀ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 5 ਸਾਲ ਦੇ ਬੱਚੇ ਨੂੰ ਵੀ ਨਾਮ ਸ਼ਬਦ (ਗੁਰਮੰਤਰ) ਦਾ ਅਧਿਕਾਰੀ ਮੰਨਿਆ ਤੇ ਨਾਮਦਾਨ ਦੀ ਬਖ਼ਸ਼ਿਸ਼ ਕੀਤੀ। ਆਪ ਜੀ ਨੇ ਬਚਪਨ ਤੇ ਜਵਾਨੀ ਦੀ ਭਗਤੀ ਨੂੰ ਉੱਤਮ ਦਰਜੇ ਦੀ ਦੱਸਿਆ। ਆਪ ਜੀ ਦੀ ਦਇਆ-ਮਿਹਰ ਦਾ ਨਮੂਨਾ ਹੈ ਕਿ ਲੱਖਾਂ ਬੱਚੇ ਆਪ ਜੀ ਤੋਂ ਨਾਮ ਸ਼ਬਦ ਪ੍ਰਾਪਤ ਕਰਕੇ ਭਗਤੀ ਮਾਰਗ ’ਚ ਲੱਗੇ। ਫਿਰ ਸਮਾਜ ’ਚ ਤਬਦੀਲੀ ਇਹ ਵੀ ਵੇਖੀ ਗਈ ਕੁਝ ਸਾਲਾਂ ਦੇ ਬੱਚੇ ਆਪਣੇ ਦਾਦੇ ਨੂੰ ਭਗਤੀ ਕਰਨ ਲਈ ਪ੍ਰੇਰਿਤ ਕਰਦੇ ਵੇਖੇ ਗਏ।

ਸਭ ਧਰਮਾਂ ਦਾ ਸਾਂਝਾ ਸੰਦੇਸ਼ | Dera Sacha Sauda

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਸਰਵ ਸਾਂਝੀਵਾਲਤਾ ਦਾ ਅਜਿਹਾ ਸੰਦੇਸ਼ ਦਿੱਤਾ ਕਿ ਹਰ ਕਿਸੇ ਲਈ ਡੇਰਾ ਸੱਚਾ ਸੌਦਾ ਸ਼ਰਧਾ ਦਾ ਕੇਂਦਰ ਬਣ ਗਿਆ। ਆਪ ਜੀ ਨੇ ਹਰ ਧਰਮ ਦਾ ਸਤਿਕਾਰ ਕੀਤਾ ਤੇ ਸਭ ਨੂੰ ਇਹੀ ਸਿੱਖਿਆ ਦਿੱਤੀ ਕਿ ਆਪਣੇ-ਆਪਣੇ ਧਰਮ ਦੀ ਸਿੱਖਿਆ ’ਤੇ ਅਮਲ ਕਰੋ, ਧਰਮਾਂ ਨੂੰ ਸੱਚੇ ਦਿਲੋਂ ਮੰਨੋਂ। ਆਪ ਜੀ ਦੀ ਪਵਿੱਤਰ ਸਿੱਖਿਆ ਦਾ ਹੀ ਪ੍ਰਤਾਪ ਹੈ ਕਿ ਅੱਜ ਸੱਤ ਕਰੋੜ ਦੇ ਕਰੀਬ ਸ਼ਰਧਾਲੂਆਂ ’ਚ ਸਾਰੇ ਧਰਮਾਂ, ਜਾਤਾਂ, ਰੰਗਾਂ, ਨਸਲਾਂ, ਭਾਸ਼ਾਵਾਂ ਤੇ ਖੇਤਰਾਂ ਦੇ ਲੋਕ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹਨ ਜੋ ਆਪਣੇ ਧਰਮ ’ਚ ਰਹਿੰਦੇ ਹਨ ਤੇ ਇੱਕ-ਦੂਜੇ ਦੇ ਧਰਮ ਦਾ ਪੂਰਾ ਸਤਿਕਾਰ ਕਰਦੇ ਹਨ। ਡੇਰਾ ਸੱਚਾ ਸੌਦਾ ਇਨਸਾਨੀਅਤ ਦੀ ਸਾਂਝ ਦਾ ਅਜਿਹਾ ਕੇਂਦਰ ਹੈ ਜਿੱਥੇ ਵਿਸ਼ਵ ਸੱਭਿਆਚਾਰਾਂ ਦੀ ਫੁਲਵਾੜੀ ਨਜ਼ਰ ਆਉਂਦੀ ਹੈ।

ਸਾਂਝ ਦਾ ਇਹ ਨਮੂਨਾ ਭੰਡਾਰਿਆਂ ਮੌਕੇ ਵੀ ਝਲਕਦਾ ਹੈ ਜਦੋਂ ਭੰਗੜਾ ਪਾਉਂਦੇ ਪੰਜਾਬੀ ਗੱਭਰੂ, ਹਰਿਆਣਵੀ ਨਾਚ ਕਰਦੇ ਹਰਿਆਣਵੀ ਛੋਰ੍ਹੇ, ਡਾਂਡੀਆ ਕਰਦੇ ਗੁਜਰਾਤੀ, ਮਨਮੋਹਕ ਟੋਪੀਆਂ ਪਹਿਨੀ ਨੱਚਦੇ ਹਿਮਾਚਲੀ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਨਹੀਂ ਥੱਕਦੇ।

ਸੰਪਾਦਕ

LEAVE A REPLY

Please enter your comment!
Please enter your name here