229 ਬੱਚਿਆਂ ਨੂੰ ਖਿਡੌਣੇ ਅਤੇ ਖਾਣ-ਪੀਣ ਦਾ ਸਮਾਨ ਵੰਡਿਆ
(ਸੁਖਜੀਤ ਮਾਨ/ਜਗਵਿੰਦਰ ਸਿੱਧੂ) ਮਾਨਸਾ। ਡੇਰਾ ਸੱਚਾ ਸੌਦਾ ਸਰਸਾ ਦੇ ਪਵਿੱਤਰ ਸਥਾਪਨਾ ਅਤੇ ਜਾਮ-ਏ-ਇੰਸਾਂ ਮਹੀਨੇ ਦੇ ਸਬੰਧ ’ਚ ਅੱਜ ਪੰਜਾਬ ਪੱਧਰੀ ਨਾਮ ਚਰਚਾ ਸ਼ਾਹ ਸਤਿਨਾਮ ਜੀ ਅਮਨਪੁਰਾ ਧਾਮ ਮਾਨਸਾ ਵਿਖੇ ਹੋਈ। ਇਸ ਨਾਮ ਚਰਚਾ ਲਈ ਸੰਗਤ ’ਚ ਐਨਾਂ ਉਤਸ਼ਾਹ ਸੀ ਕਿ ਨਾਮ ਚਰਚਾ ਦੀ ਸ਼ੁਰੂਆਤ ਦਾ ਸਮਾਂ 11 ਵਜੇ ਦਾ ਸੀ ਪਰ ਸਾਧ ਸੰਗਤ ਸਵੇਰੇ 6 ਵਜੇ ਤੋਂ ਹੀ ਆਉਣੀ ਸ਼ੁਰੂ ਹੋ ਗਈ ਸੀ। ਹਾੜੀ ਦਾ ਕੰਮ ਸਿਖਰਾਂ ’ਤੇ ਹੋਣ ਦੇ ਬਾਵਜ਼ੂਦ ਸਾਧ-ਸੰਗਤ ਭਾਰੀ ਗਿਣਤੀ ਵਿੱਚ ਪੁੱਜੀ।
ਨਾਮ ਚਰਚਾ ਪੰਡਾਲ ਲਈ ਮੁੱਖ ਪੰਡਾਲ ਸ਼ੈੱਡ ਸਾਧ-ਸੰਗਤ ਨਾਲ ਨਾਮ ਚਰਚਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੂਰੀ ਤਰਾਂ ਭਰ ਗਿਆ। ਗਰਮੀ ਦਾ ਮੌਸਮ ਹੋਣ ਕਰਕੇ ਪੀਣ ਵਾਲੇ ਪਾਣੀ ਅਤੇ ਛਾਂ ਆਦਿ ਦੇ ਵਿਸ਼ੇਸ਼ ਇੰਤਜਾਮ ਕੀਤੇ ਗਏ ਸਨ ਪਰ ਸਾਧ-ਸੰਗਤ ਦੇ ਭਾਰੀ ਇਕੱਠ ਅੱਗੇ ਸਭ ਪ੍ਰਬੰਧ ਛੋਟੇ ਪੈ ਗਏ। ਸਾਧ ਸੰਗਤ ਨੇ ਇੱਕ ਦੂਜੇ ਨੂੰ ਇਸ ਪਵਿੱਤਰ ਮਹੀਨੇ ਦੀ ਵਧਾਈ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਨਾਅਰਾ ਲਗਾ ਕੇ ਦਿੱਤੀ। ਕਵੀਰਾਜ ਵੀਰਾਂ ਨੇ ਖੁਸ਼ੀ ਭਰੇ ਸ਼ਬਦ ਬੋਲੇ। ਪੂਜਨੀਕ ਹਜ਼ੂਰ ਪਿਤਾ ਜੀ ਵੱਲੋਂ ਗਾਏ ਹੋਏ ਸ਼ਬਦ ‘ਘੈਂਟ ਮੇਰੇ ਯਾਰਾ, ਸਤਿਨਾਮ ਯਾਰਾ’ ’ਤੇ ਸਾਧ ਸੰਗਤ ਝੂਮ ਉੱਠੀ। ਪੰਜਾਬੀ ਸੱਭਿਆਚਾਰ ਦੀ ਝਾਕੀ ਪੇਸ਼ ਕਰਦੇ ਭੰਗੜਾ ਪਾਉਂਦੇ ਵੀਰ ਅਤੇ ਜਾਗੋ ਕੱਢਦੀਆਂ ਹੋਈਆਂ ਭੈਣਾਂ ਨਾਮ ਚਰਚਾ ’ਚ ਪੁੱਜੀਆਂ ।
ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਨਮੋਲ ਬਚਨ (ਰਿਕਾਰਡਡ) ਸਾਧ-ਸੰਗਤ ਨੇ ਇੱਕ ਮਨ ਇੱਕ ਚਿੱਤ ਹੋ ਕੇ ਸਰਵਣ ਕੀਤੇ। ਪੂਜਨੀਕ ਗੁਰੂ ਜੀ ਨੇ ਆਪਣੇ ਪਵਿੱਤਰ ਅਨਮੋਲ ਬਚਨਾਂ ਰਾਹੀਂ ਫ਼ਰਮਾਇਆ ਕਿ ਡੇਰਾ ਸੱਚਾ ਸੌਦਾ ਸਰਵ ਧਰਮ ਸਾਂਝਾ ਹੈ, ਜਿੱਥੇ ਸਭ ਧਰਮਾਂ ਦਾ ਸਤਿਕਾਰ ਕੀਤਾ ਜਾਂਦਾ ਹੈ ਤੇ ਕਰਨਾ ਸਿਖਾਇਆ ਜਾਂਦਾ ਹੈ। ਆਪ ਜੀ ਨੇ ਫ਼ਰਮਾਇਆ ਕਿ ਸੰਨ 1948 ਤੋਂ ਲੈ ਕੇ ਹੁਣ ਤੱਕ ਕਦੇ ਵੀ ਕਿਸੇ ਨੂੰ ਵੀ ਕੋਈ ਬੁਰਾ ਸ਼ਬਦ ਨਹੀਂ ਬੋਲਿਆ, ਅਸੀਂ ਤਾਂ ਸਭ ਦਾ ਸਤਿਕਾਰ ਕਰਦੇ ਹਾਂ। ਇਸ ਮੌਕੇ ਪੂਜਨੀਕ ਗੁਰੂ ਜੀ ਵੱਲੋਂ ਪੰਛੀਆਂ ਦੀ ਸਾਂਭ ਸੰਭਾਲ ਦੇ ਦਿੱਤੇ ਸੰਦੇਸ਼ ਤਹਿਤ ਪੰਛੀਆਂ ਨੂੰ ਗਰਮੀ ਤੋਂ ਬਚਾਉਣ ਲਈ ਪਾਣੀ ਦੇ ਕਟੋਰੇ ਰੱਖਣ ਅਤੇ ਚੋਗਾ ਪਾਉਣ ਦਾ ਸੁਨੇਹਾ ਦਿੰਦੀ ਡਾਕੂਮੈਂਟਰੀ ਵੀ ਦਿਖਾਈ ਗਈ।
ਸਾਧ-ਸੰਗਤ ਦਾ ਪੂਜਨੀਕ ਹਜ਼ੂਰ ਪਿਤਾ ਜੀ ਪ੍ਰਤੀ ਅਟੱਲ ਵਿਸ਼ਵਾਸ
ਇਸ ਮੌਕੇ ਸਾਧ ਸੰਗਤ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ 45 ਮੈਂਬਰ ਹਰਚਰਨ ਸਿੰਘ ਇੰਸਾਂ ਨੇ ਆਖਿਆ ਕਿ ਡੇਰਾ ਸੱਚਾ ਸੌਦਾ ਜਿਸਦੀ ਸਥਾਪਨਾ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ 29 ਅਪ੍ਰੈਲ ਸੰਨ 1948 ’ਚ ਕੀਤੀ। ਰੂਹਾਨੀਅਤ ਦੇ ਇਸ ਕੇਂਦਰ ’ਚੋਂ ਇਨਸਾਨੀਅਤ ਦਾ ਪਾਠ ਪੜ੍ਹਾ ਕੇ ਸ੍ਰਿਸਟੀ ਦੀ ਸੇਵਾ ਕਰਨਾ ਸਿਖਾਇਆ ਜਾਂਦਾ ਹੈ ਕਿਉਂਕਿ ਇਨਸਾਨੀਅਤ ਹੀ ਧਰਮ ਹੈ। ਉਨਾਂ ਕਿਹਾ ਕਿ ਵਧ ਰਹੀ ਅੱਛਾਈ ਨੂੰ ਰੋਕਣ ਲਈ ਸਮੇਂ-ਸਮੇਂ ਸਿਰ ਕੁੱਝ ਸ਼ਰਾਰਤੀ ਲੋਕਾਂ ਵੱਲਂ ਤਰਾਂ-ਤਰਾਂ ਦੇ ਹੱਥਕੰਡੇ ਅਪਣਾਏ ਜਾਂਦੇ ਹਨ ਪਰ ਕਰੋੜਾਂ ਦੀ ਸਾਧ-ਸੰਗਤ ਦਾ ਪੂਜਨੀਕ ਹਜ਼ੂਰ ਪਿਤਾ ਜੀ ਪ੍ਰਤੀ ਅਟੱਲ ਵਿਸ਼ਵਾਸ ਹੈ, ਜਿਸ ਕਰਕੇ ਅੱਜ ਵੀ ਕਰੋੜਾਂ ਦੀ ਗਿਣਤੀ ’ਚ ਸਾਧ ਸੰਗਤ ਡੇਰੇ ਨਾਲ ਜੁੜੀ ਹੋਈ ਹੈ ਤੇ ਪਹਿਲਾਂ ਦੀ ਤਰਾਂ ਹੀ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਅੱਗੇ ਵਧਾ ਰਹੀ ਹੈ।
ਉਨਾਂ ਕਿਹਾ ਕਿ ਸਾਧ ਸੰਗਤ ਨੂੰ ਜੋ ਚੰਦ ਲੋਕ ਗੁੰਮਰਾਹ ਕਰਨ ’ਤੇ ਲੱਗੇ ਹੋਏ ਹਨ, ਉਨਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਹਰਚਰਨ ਸਿੰਘ ਇੰਸਾਂ ਨੇ ਅੱਗੇ ਆਖਿਆ ਕਿ ਅਸੀਂ ਡੇਰਾ ਸੱਚਾ ਸੌਦਾ ਦੀ ਵਿਚਾਰਧਾਰਾ ਨਾਲ ਜੁੜੇ ਹੋਏ ਹਾਂ ਨਾ ਕਿ ਡੇਰਾ ਸਾਡੀ ਵਿਚਾਰਧਾਰਾ ਨਾਲ। ਸਾਧ ਸੰਗਤ ਰਾਜਨੀਤਿਕ ਵਿੰਗ ਦੇ ਮੈਂਬਰ ਚੇਅਰਮੈਨ ਰਾਮ ਸਿੰਘ ਨੇ ਆਖਿਆ ਕਿ ਦੇਸ਼-ਵਿਦੇਸ਼ ’ਚ ਵੱਸਦੀ ਡੇਰਾ ਸੱਚਾ ਸੌਦਾ ਨਾਲ ਜੁੜੀ ਸਾਧ ਸੰਗਤ ਇਸ ਮਹੀਨੇ ਨੂੰ ਪਵਿੱਤਰ ਸਥਾਪਨਾ ਦਿਵਸ ਮਹੀਨੇ ਵਜੋਂ ਮਨਾਉਂਦੀ ਹੋਈ ਮਾਨਵਤਾ ਭਲਾਈ ਦੇ ਕਾਰਜ ਕਰ ਰਹੀ ਹੈ।
ਉਨਾਂ ਕਿਹਾ ਕਿ ਡੇਰਾ ਸੱਚਾ ਸੌਦਾ ਪ੍ਰਤੀ ਸਾਧ-ਸੰਗਤ ਦੇ ਅਟੁੱਟ ਵਿਸ਼ਵਾਸ ਨੂੰ ਦੇਖਦਿਆਂ ਕੁੱਝ ਲੋਕ ਸੋਸ਼ਲ ਮੀਡੀਆ ’ਤੇ ਕੂੜ ਪ੍ਰਚਾਰ ਕਰ ਰਹੇ ਹਨ ਪਰ ਸਾਧ ਸੰਗਤ ਨੇ ਅਜਿਹੇ ਲੋਕਾਂ ਦੇ ਝਾਂਸੇ ’ਚ ਨਹੀਂ ਆਉਣਾ। ਉਨਾਂ ਕਿਹਾ ਕਿ ਕੂੜ ਪ੍ਰਚਾਰ ਕਰਨ ਵਾਲੇ ਮਨਘੜਤ ਦੋਸ਼ ਤਾਂ ਡੇਰੇ ’ਤੇ ਲਗਾ ਰਹੇ ਹਨ ਪਰ ਡੇਰੇ ਦੀ ਸਾਧ-ਸੰਗਤ ਵੱਲੋਂ ਮਾਨਵਤਾ ਭਲਾਈ ਲਈ ਲਗਾਤਾਰ ਕੀਤੇ ਜਾ ਰਹੇ 138 ਭਲਾਈ ਕਾਰਜ਼ ਅਜਿਹੇ ਲੋਕਾਂ ਨੂੰ ਦਿਖਾਈ ਨਹੀਂ ਦਿੰਦੇ। ਰਾਮ ਸਿੰਘ ਇੰਸਾਂ ਨੇ ਅੱਗੇ ਆਖਿਆ ਉਹ ਪ੍ਰਣ ਕਰਦੇ ਹਨ ਕਿ ਅਜਿਹੇ ਲੋਕਾਂ ਨੂੰ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਹੋਰ ਤੇਜ਼ ਗਤੀ ਕਰਕੇ ਮੂੰਹ ਤੋੜ ਜਵਾਬ ਦੇਣਗੇ।
ਨਾਮ ਚਰਚਾ ’ਚ ਮੌਜੂਦ ਸਾਧ ਸੰਗਤ ਨੇ ਦੋਵੇਂ ਹੱਥ ਖੜੇ ਕਰਕੇ ਜਿੰਮੇਵਾਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਭਲਾਈ ਕਾਰਜਾਂ ਨੂੰ ਪਹਿਲਾਂ ਨਾਲੋਂ ਵੀ ਤੇਜ਼ ਕਰਨਗੇ ਅਤੇ ਕਿਸੇ ਦੇ ਵੀ ਝਾਂਸੇ ’ਚ ਨਾ ਕੇ ਸਿਰਫ ਪੂਜਨੀਕ ਹਜ਼ੂਰ ਪਿਤਾ ਜੀ ਦੇ ਪਵਿੱਤਰ ਅਨਮੋਲ ਬਚਨਾਂ ਅਤੇ ਡੇਰਾ ਸੱਚਾ ਸੌਦਾ ਦੀ ਮੈਨੇਜਮੈਂਟ ਅਤੇ ਜਿੰਮੇਵਾਰ ਸੇਵਾਦਾਰਾਂ ਵੱਲੋਂ ਦਿੱਤੀਆਂ ਜਾਂਦੀਆਂ ਹਦਾਇਤਾਂ ਤਹਿਤ ਭਲਾਈ ਕਾਰਜ਼ਾਂ ’ਚ ਡਟੇ ਰਹਿਣਗੇ। ਮੈਂਬਰ ਸਾਧ-ਸੰਗਤ ਰਾਜਨੀਤਿਕ ਵਿੰਗ ਪਰਮਜੀਤ ਇੰਸਾਂ ਨੰਗਲ ਕਲਾਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ 1948 ਤੋਂ ਜਦੋਂ ਦੀ ਡੇਰਾ ਸੱਚਾ ਸੌਦਾ ਦੀ ਸਥਾਪਨਾ ਹੋਈ ਹੈ, ਉਦੋਂ ਤੋਂ ਲੈ ਕੇ ਸਾਧ ਸੰਗਤ ਮਾਨਵਤਾ ਭਲਾਈ ਦੇ ਕਾਰਜ ਕਰਦੀ ਆ ਰਹੀ ਹੈ। ਕਰੋੜਾਂ ਹੱਥ ਸਤਿਗੁਰੂ ਦੀ ਸਿੱਖਿਆ ’ਤੇ ਚਲਦੇ ਹੋਏ ਮਨੁੱਖਤਾ ਦਾ ਭਲਾ ਕਰਦੇ ਹਨ। ਜਦੋਂ ਕਿਤੇ ਵੀ ਕਿਤੇ ਕੋਈ ਕੁਦਰਤੀ ਆਫ਼ਤ ਆਉਂਦੀ ਹੈ ਤਾਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਹਰ ਸੰਭਵ ਮੱਦਦ ਕਰਨ ਲਈ ਪੁੱਜਦੇ ਹਨ।
ਉਨਾਂ ਨਾਮ ਚਰਚਾ ’ਚ ਪੁੱਜੀ ਸਾਧ ਸੰਗਤ ਨੂੰ ਜੀ ਆਇਆਂ ਨੂੰ ਕਿਹਾ। ਇਸ ਮੌਕੇ ਲੋੜਵੰਦ ਪਰਿਵਾਰਾਂ ਦੇ 229 ਬੱਚਿਆਂ ਨੂੰ 138 ਮਾਨਵਤਾ ਭਲਾਈ ਦੇ ਕਾਰਜਾਂ ਤਹਿਤ ਖਿਡੌਣੇ ਅਤੇ ਖਾਣ ਦਾ ਸਮਾਨ ਦਿੱਤਾ ਗਿਆ। ਸਮਾਨ ਮਿਲਣ ’ਤੇ ਮਾਸੂਮ ਬੱਚਿਆਂ ਦੇ ਚਿਹਰਿਆਂ ’ਤੇ ਮੁਸਕਾਨ ਦਿਖਾਈ ਦਿੱਤੀ। ਇਸ ਮੌਕੇ ਜ਼ਿਲਾ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਗੁਰਪ੍ਰੀਤ ਸਿੰਘ ਵਿੱਕੀ ਅਤੇ ਹੋਰ ਪਤਵੰਤੇ ਵਿਅਕਤੀ ਵੀ ਹਾਜ਼ਰ ਸਨ। ਨਾਮ ਚਰਚਾ ਦੀ ਕਾਰਵਾਈ ਸਾਧ ਸੰਗਤ ਰਾਜਨੀਤਿਕ ਵਿੰਗ ਦੇ ਮੈਂਬਰ ਮੇਜਰ ਸਿੰਘ ਇੰਸਾਂ ਖਿਆਲਾ ਨੇ ਚਲਾਈ।
ਝਲਕੀਆਂ
- ਹਜ਼ਾਰਾਂ ਦੀ ਗਿਣਤੀ ’ਚ ਸਾਧ ਸੰਗਤ ਨੇ ਨਾਮ ਚਰਚਾ ਦੌਰਾਨ ਬਣਾਈ ਰੱਖਿਆ ਪੂਰਾ ਅਨੁਸ਼ਾਸ਼ਨ।
- ਟ੍ਰੈਫਿਕ ਪੰਡਾਲ ’ਚ ਵਾਹਨਾਂ ਨੂੰ ਕਤਾਰਬੱਧ ਢੰਗ ਨਾਲ ਕੀਤਾ ਗਿਆ ਪਾਰਕ।
- ਮੁੱਖ ਸੜਕ ਹੋਣ ਕਰਕੇ ਬਾਕੀ ਰਾਹਗੀਰਾਂ ਨੂੰ ਕੋਈ ਮੁਸ਼ਕਿਲ ਨਾ ਆਵੇ ਇਸ ਲਈ ਟ੍ਰੈਫਿਕ ਸੰਮਤੀ ਦੇ ਸੇਵਾਦਾਰਾਂ ਨੇ ਨਿਭਾਈ ਤਨਦੇਹੀ ਨਾਲ ਡਿਊਟੀ।
- ਸਾਧ ਸੰਗਤ ਨੂੰ ਕੁੱਝ ਹੀ ਮਿੰਟਾਂ ’ਚ ਛਕਾਇਆ ਗਿਆ ਲੰਗਰ।
- ਹਜ਼ਾਰਾਂ ਦੀ ਗਿਣਤੀ ’ਚ ਸਾਧ ਸੰਗਤ ਨੇ ਹੱਥ ਖੜੇ ਕਰਕੇ ਮਾਨਵਤਾ ਭਲਾਈ ਦੇ ਕਾਰਜ਼ਾਂ ਨੂੰ ਤੇਜ ਕਰਨ ਦਾ ਲਿਆ ਪ੍ਰਣ।
29 ਅਪ੍ਰੈਲ 1948 ਨੂੰ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਕੀਤੀ ਸੀ ਡੇਰਾ ਸੱਚਾ ਸੌਦਾ ਦੀ ਸਥਾਪਨਾ
ਜਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੀ ਪਹਿਲੀ ਪਾਤਸ਼ਾਹੀ ਪੂਜਨੀਕ ਬੇਪਰਵਾਰ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ 29 ਅਪਰੈਲ ਸੰਨ 1948 ’ਚ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਸੀ। ਆਪ ਜੀ ਨੇ ਲੋਕਾਂ ਨੂੰ ਨਾਮ ਸ਼ਬਦ ਦੇ ਕੇ ਮਾਨਵਤਾ ਭਲਾਈ ਦੇ ਕਾਰਜਾਂ ’ਤੇ ਚੱਲਣ ਦਾ ਰਸਤਾ ਦੱਸਿਆ। ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਹਜ਼ਾਰਾਂ ਸਤਿਸੰਗ ਕੀਤੇ ਤੇ ਲੱਖਾਂ ਲੋਕਾਂ ਨੂੰ ਨਾਮ ਸ਼ਬਦ ਦੇ ਕੇ ਇਨਸਾਨੀਅਤ ਦੀ ਰਾਹ ’ਤੇ ਚੱਲਣਾ ਸਿਖਾਇਆ। ਮੌਜ਼ੂਦਾ ਗੱਦੀਨਸ਼ੀਨੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਮਾਨਵਤਾ ਭਲਾਈ ਦੇ ਇਸ ਕਾਰਵੇ ਨੂੰ ਗਤੀ ਦਿੰਦਿਆਂ ਕਰੋੜਾਂ ਲੋਕਾਂ ਨੂੰ ਨਾਮ ਸ਼ਬਦ ਦੀ ਅਨਮੋਲ ਦਾਤ ਦੇ ਕੇ ਉਨਾਂ ਦਾ ਜੀਵਨ ਖੁਸ਼ਹਾਲ ਕੀਤਾ।
ਅੱਜ ਕਰੋੜਾਂ ਦੀ ਗਿਣਤੀ ’ਚ ਸਾਧ-ਸੰਗਤ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲ ਕੇ ਨਸ਼ੇ ਤੇ ਹੋਰ ਬੁਰਾਈਆਂ ਤੋਂ ਤੌਬਾ ਕਰਕੇ ਖੁਸ਼ਹਾਲ ਜੀਵਨ ਬਤੀਤ ਕਰ ਰਹੀ ਹੈ। ਪੂਜਨੀਕ ਗੁਰੂ ਜੀ ਨੇ 29 ਅਪਰੈਲ 2007 ਨੂੰ ਰੂਹਾਨੀ ਜਾਮ ਦੀ ਸ਼ੁਰੂਆਤ ਕਰਕੇ ਮਰ ਚੁੱਕੀ ਇਨਸਾਨੀਅਤ ਨੂੰ ਜਿੰਦਾ ਕਰਨ ਦਾ ਬੀੜਾ ਚੁੱਕਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ