ਨੌਜਵਾਨ ਲੜਕੇ, ਲੜਕੀਆਂ ਦਾਜ-ਦਹੇਜ ਨਾਂ ਹੀ ਲੈਣ ’ਤੇ ਨਾਂ ਹੀ ਦੇਣ ਦਾ ਕਰਨ ਪ੍ਰਣ : ਐਡ.ਅਸ਼ਵਨੀ ਅਬਰੋਲ।
ਅਨਿਲ ਲੁਟਾਵਾ, ਅਮਲੋਹ। ਸਮਾਜ ਸੇਵੀ ਸੰਸਥਾ ‘ਉਜਾਲੇ ਕੀ ਔਰ’ (ਰਜਿ) ਮੰਡੀ ਗੋਬਿੰਦਗੜ੍ਹ ਵੱਲੋਂ ਅੱਜ ਚਮਕੌਰ ਸਿੰਘ ਇੰਸਾਂ ਸਰਪੰਚ ਬੁੱਗਾ ਕਲ੍ਹਾਂ ਤੇ ਉਸ ਦੇ ਪਰਿਵਾਰ ਨੂੰ ਆਪਣੇ ਬੇਟੇ ਰਮਨਦੀਪ ਸਿੰਘ ਇੰਸਾਂ (ਮਕੈਨੀਕਲ ਇੰਜੀਨੀਅਰ) ਦਾ ਵਿਆਹ ਬਿਨਾਂ ਕਿਸੇ ਦਾਜ-ਦਹੇਜ ਨਾਲ ਕਰਨ ਅਤੇ ਨਾਂ ਹੀ ਕਿਸੇ ਤੋਂ ਸ਼ਗਨ ਆਦਿ ਲਏ ਵਗੈਰ ਕਰਨ ਤੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਸਰਪੰਚ ਚਮਕੌਰ ਸਿੰਘ ਇੰਸਾਂ ਨੇ ਆਪਣੇ ਬੇਟੇ ਦਾ ਵਿਆਹ 26 ਨਵੰਬਰ ਨੂੰ ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ਤੇ ਚੱਲਦਿਆਂ ਕੀਤਾ ਸੀ ਅਤੇ ਸੱਚ ਕਹੂੰ ਵਿਚ ਛਪੀ ਇਸ ਵਿਆਹ ਦੀ ਖ਼ਬਰ ਸੱਚ ਕਹੂੰ ਦੇ ਪੱਤਰਕਾਰ ਵੱਲੋਂ ਫ਼ੇਸਬੁੱਕ ਤੇ ਸਾਂਝੀ ਕੀਤੀ ਗਈ ਸੀ। ਜਿਸ ਨੂੰ ‘ਉਜਾਲੇ ਕੀ ਔਰ’ ਸੰਸਥਾ ਦੇ ਚੇਅਰਮੈਨ ਐਡ.ਅਸ਼ਵਨੀ ਅਬਰੋਲ ਨੇ ਪੜਿ੍ਹਆ ਤੇ ਖ਼ਬਰ ਦੇਖਣ ਤੋ ਬਾਅਦ ਸੱਚ ਕਹੂੰ ਦੇ ਪੱਤਰਕਾਰ ਨਾਲ ਰਾਬਤਾ ਕਾਇਮ ਕਰ ਕੇ ਇਸ ਪਰਿਵਾਰ ਨੂੰ ਸਨਮਾਨਿਤ ਕਰਨਾ ਚਾਹਿਆਂ ਅਤੇ ਸੰਸਥਾ ਵੱਲੋਂ ਆਪਣੇ ਸਮੂਹ ਮੈਂਬਰ ਨਾਲ ਚਮਕੌਰ ਸਿੰਘ ਇੰਸਾਂ ਦੇ ਘਰ ਜਾ ਕੇ ਉਨ੍ਹਾਂ ਬੁੱਕਾ ਅਤੇ ਸਨਮਾਨ ਚਿੰਨ੍ਹ ਦੇ ਕੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸੰਸਥਾ ਦੇ ਉਪ ਪ੍ਰਧਾਨ ਐਡ.ਰਵੀ ਨੰਦਨ ਅਰੋੜਾ,ਕੈਸ਼ੀਅਰ ਐਡ.ਸੰਜੀਵ ਸ਼ਰਮਾ,ਜਰਨਲ ਸਕੱਤਰ ਮੈਡਮ ਹਰਪ੍ਰੀਤ ਕੌਰ ਪ੍ਰਿੰਸੀਪਲ ਐਮਰੋਨ ਸਕੂਲ ਸਰਹਿੰਦ,ਅੰਜਲੀ ਵਰਮਾ ਅਬਰੋਲ ਫਲਾਇੰਗ ਬਰਡਜ਼ ਸੈਂਟਰ,ਬਲਤੇਜ ਸਿੰਘ ਇੰਸਾਂ ਐਮ.ਸੀ ਵਾਰਡ ਨੰ 12 ਅਮਲੋਹ,ਕਮਲਦੀਪ ਸਿੰਘ ,ਸੁਖਵਿੰਦਰ ਸਿੰਘ,ਜੈ ਦੇਵ ਆਦਿ ਹਾਜ਼ਰ ਸਨ।
ਕੀ ਕਹਿਣਾ ਹੈ ਸੰਸਥਾ ਦੇ ਚੇਅਰਮੈਨ ਐਡ.ਅਸ਼ਵਨੀ ਅਬਰੋਲ ਦਾ:
ਇਸ ਸਬੰਧੀ ਗੱਲਬਾਤ ਕਰਨ ਤੇ ਸੰਸਥਾ ਦੇ ਚੇਅਰਮੈਨ ਐਡ.ਅਸ਼ਵਨੀ ਅਬਰੋਲ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਸੱਚ ਕਹੂੰ ਦੇ ਫ਼ੇਸਬੁੱਕ ਤੇ ਇਸ ਵਿਆਹ ਦੀ ਪੋਸਟ ਨੂੰ ਦੇਖਿਆ ਤਾਂ ਉਨ੍ਹਾਂ ਦੀ ਸੰਸਥਾ ਵੱਲੋਂ ਇਸ ਪਰਿਵਾਰ ਨੂੰ ਸਨਮਾਨਿਤ ਕਰਨ ਦਾ ਮਨ ਬਣਾਇਆ। ਕਿਉਂਕਿ ਉਨ੍ਹਾਂ ਦੀ ਸੰਸਥਾ ‘ਉਜਾਲੇ ਕੀ ਔਰ’ ਮੰਡੀ ਗੋਬਿੰਦਗੜ੍ਹ ਵੱਲੋਂ ਵੀ ਦਾਜ-ਦਹੇਜ ਅਤੇ ਨਸ਼ਿਆਂ ਦੇ ਖ਼ਿਲਾਫ਼ ਅਤੇ ਹੋਰ ਲੋਕ-ਭਲਾਈ ਦੇ ਕੰਮਾਂ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਅੱਜ ਸੰਸਥਾ ਵੱਲੋਂ ਚਮਕੌਰ ਸਿੰਘ ਦੇ ਪਰਿਵਾਰ ਨੂੰ ਇਸ ਵਿਆਹ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ ਅਤੇ ਬੁੱਕਾ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਐਡ.ਅਸ਼ਵਨੀ ਅਬਰੋਲ ਨੇ ਦੱਸਿਆਂ ਕਿ ਉਨ੍ਹਾਂ ਦੀ ਸੰਸਥਾ ਵਕੀਲਾਂ,ਚਾਰਟਰ ਅਕਾਉਂਟਟੈਂਟਸ ਅਤੇ ਅਧਿਆਪਕਾਂ ਦੀ ਬਣਾਈ ਗਈ ਹੈ। ਜਿਸ ਦਾ ਮੁੱਖ ਉਦੇਸ਼ ਦਾਜ-ਦਹੇਜ ਅਤੇ ਨਸ਼ਿਆਂ ਖ਼ਿਲਾਫ਼ ਮੁਹਿੰਮ ਨੂੰ ਜ਼ੋਰ-ਸ਼ੋਰ ਨਾਲ ਚਲਾਉਣਾ ਹੈ। ਉਨ੍ਹਾਂ ਲੜਕੇ,ਲੜਕੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਦਾਜ-ਦਹੇਜ ਨਾਂ ਹੀ ਲੈਣ ਅਤੇ ਨਾਂ ਹੀ ਦੇਣ ਦਾ ਪ੍ਰਣ ਕਰਨ ਅਤੇ ਇਸ ਕੈਂਸਰ ਰੂਪੀ ਸਮਾਜਿਕ ਬੁਰਾਈ ਨੂੰ ਸਮਾਜ ਵਿਚੋਂ ਖ਼ਤਮ ਕਰਨ ਲਈ ਅੱਗੇ ਆਉਣ ਤਾਂ ਕਿ ਲੜਕੀਆਂ ਦੇ ਮਾਪੇ ਜੋ ਕੇ ਉਨ੍ਹਾਂ ਦੇ ਪਾਲਨ ਪੋਸ਼ਣ ਅਤੇ ਪੜ੍ਹਾਈ ਤੇ ਲੱਖਾਂ ਰੁਪਏ ਖ਼ਰਚ ਕਰਦੇ ਹਨ,ਉਨ੍ਹਾਂ ਨੂੰ ਵਿਆਹ ਮੌਕੇ ਦਿੱਤੇ ਜਾਣ ਵਾਲੇ ਦਹੇਜ ਦੀ ਚਿੰਤਾ ਨਾ ਹੋਵੇ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਜੋ ਨੌਜਵਾਨ ਲੜਕੇ,ਲੜਕੀਆਂ ਬਿਨਾਂ ਦਾਜ-ਦਹੇਜ ਤੋ ਵਿਆਹ ਕਰਵਾਉਂਦੇ ਹਨ। ਉਨ੍ਹਾਂ ਨੂੰ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਵਿਚ ਤਰਜੀਹ ਜਾਂ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਬੈਂਕਾਂ ਤੋਂ ਘੱਟ ਰੇਟ ਤੇ ਕਰਜ਼ਾ ਮੁਹੱਈਆ ਕਰਵਾਇਆ ਜਾਣਾ ਚਾਹੀਦਾ ਹੈ ਤਾਂ ਜੋ ਵੱਧ ਤੋਂ ਵੱਧ ਨੌਜਵਾਨ ਬਿਨਾਂ ਦਾਜ-ਦਹੇਜ ਤੋਂ ਵਿਆਹ ਕਰਵਾਉਣ ਲਈ ਉਤਸ਼ਾਹਿਤ ਹੋਣ।
ਕੀ ਕਹਿਣਾ ਹੈ ਜੁਆਇੰਟ ਸਕੱਤਰ ਮੈਡਮ ਹਰਪ੍ਰੀਤ ਕੌਰ ਪ੍ਰਿੰਸੀਪਲ ਦਾ:
ਇਸ ਸਬੰਧੀ ਗੱਲਬਾਤ ਕਰਨ ਤੇ ਜੁਆਇੰਟ ਸਕੱਤਰ ਮੈਡਮ ਹਰਪ੍ਰੀਤ ਕੌਰ ਪ੍ਰਿੰਸੀਪਲ ਨੇ ਕਿਹਾ ਸਰਪੰਚ ਚਮਕੌਰ ਸਿੰਘ ਸਮਾਜ ਲਈ ਇੱਕ ਰੋਲ ਮਾਡਲ ਹਨ। ਜਿਨ੍ਹਾਂ ਨੇ ਆਪਣੇ ਬੇਟੇ ਦਾ ਵਿਆਹ ਬਿਨਾ ਕਿਸੇ ਦਾਜ-ਦਹੇਜ ਤੋਂ ਕੀਤਾ ਜਿਸ ਨਾਲ ਕਿ ਸਮਾਜ ਨੂੰ ਬਹੁਤ ਹੀ ਵਧੀਆ ਸੁਨੇਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲੜਕੇ ਅਤੇ ਲੜਕੀਆਂ ਦੀ ਪੜ੍ਹਾਈ ਤੇ ਬਰਾਬਰ ਖਰਚਾ ਆਉਂਦਾ ਹੈ ਅਤੇ ਲੜਕੀਆਂ ਆਪਣੇ ਘਰ ਦੀ ਤਰੱਕੀ ਲਈ ਬਰਾਬਰ ਦਾ ਸਹਿਯੋਗ ਕਰਦੀਆਂ ਹਨ। ਇਸ ਲਈ ਦਹੇਜ ਲੈਣ ਵਾਰੇ ਤਾਂ ਮਨ ਦੇ ਵਿਚ ਖ਼ਿਆਲ ਆਉਣਾ ਹੀ ਨਹੀਂ ਚਾਹੀਦਾ। ਸਰਪੰਚ ਵੱਲੋਂ ਕੀਤੇ ਇਸ ਉਪਰਾਲੇ ਦੀ ਉਹ ਸ਼ਲਾਘਾ ਕਰਦੇ ਹਨ।
ਕੀ ਕਹਿਣਾ ਸਰਪੰਚ ਚਮਕੌਰ ਸਿੰਘ ਇੰਸਾਂ ਦਾ:
ਇਸ ਸਬੰਧੀ ਗੱਲਬਾਤ ਕਰਨ ਤੇ ਸਰਪੰਚ ਚਮਕੌਰ ਸਿੰਘ ਇੰਸਾਂ ਨੇ ਦੱਸਿਆ ਕਿ ਉਹ ਡੇਰਾ ਸੱਚਾ ਸੌਦਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜਿਆ ਹੋਇਆ ਹੈ ਅਤੇ ਡੇਰਾ ਸੱਚਾ ਸੌਦਾ ਵੱਲੋਂ 135 ਤਰ੍ਹਾਂ ਦੇ ਮਾਨਵਤਾ ਭਲਾਈ ਦੇ ਕਾਰਜ ਲਗਾਤਾਰ ਕੀਤੇ ਜਾ ਰਹੇ ਹਨ। ਬਿਨਾ ਦਾਜ –ਦਹੇਜ ਤੋ ਵਿਆਹ ਕਰਨਾ ਵੀ ਉਨ੍ਹਾਂ 135 ਮਾਨਵਤਾ ਭਲਾਈ ਦੇ ਕਾਰਜਾਂ ਵਿਚੋਂ ਇੱਕ ਹੈ ਅਤੇ ਇਸ ਦੀ ਪ੍ਰੇਰਨਾ ਉਨ੍ਹਾਂ ਨੂੰ ਡੇਰਾ ਸੱਚਾ ਸੌਦਾ ਦੇ ਮੌਜੂਦਾ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਜੀ ਤੋਂ ਮਿਲੀ। ਚਮਕੌਰ ਸਿੰਘ ਇੰਸਾਂ ਨੇ ਕਿਹਾ ਕਿ ਉਹ ‘ਉਜਾਲੇ ਕੀ ਔਰ’ ਸੰਸਥਾ ਵੱਲੋਂ ਉਨ੍ਹਾਂ ਨੂੰ ਦਿੱਤੇ ਸਨਮਾਨ ਅਤੇ ਸੰਸਥਾ ਵੱਲੋਂ ਚਲਾਏ ਜਾ ਨਸ਼ਿਆਂ ਅਤੇ ਦਾਜ ਦਹੇਜ ਦੇ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕੀਤੇ ਜਾਣ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਤਹਿਦਿਲੋ ਧੰਨਵਾਦ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ