ਗ੍ਰਿਫ਼ਤਾਰ 3 ਮੁਲਜ਼ਮਾਂ ਦਾ ਪੁਲਿਸ ਨੂੰ ਮਿਲਿਆ 5 ਦਿਨ ਦਾ ਰਿਮਾਂਡ
ਕੋਟਕਪੂਰਾ, (ਅਜੈ ਮਨਚੰਦਾ)। ਕੋਟਕਪੂਰਾ ‘ਚ ਡੇਰਾ ਪ੍ਰੇਮੀ ਦੇ ਕਤਲ ਦੇ ਮਾਮਲੇ ‘ਚ ਗ੍ਰਿਫ਼ਤਾਰ ਮਨਪ੍ਰੀਤ ਮਨੀ, ਭੁਪਿੰਦਰ ਗੋਲਡੀ ਅਤੇ ਬਲਜੀਤ ਮੰਨਾ ਨੂੰ ਪੁਲਿਸ ਨੇ ਫਰੀਦਕੋਟ ਦੀ ਅਦਾਲਤ ‘ਚ ਪੇਸ਼ ਕੀਤਾ। ਅਦਾਲਤ ਨੇ ਮੁਲਜ਼ਮ ਨੂੰ 5 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜਣ ਦਾ ਹੁਕਮ ਦਿੱਤਾ ਹੈ। ਦੱਸ ਦੇਈਏ ਕਿ ਹੁਸ਼ਿਆਰਪੁਰ ਪੁਲਿਸ ਅਤੇ ਫਰੀਦਕੋਟ ਪੁਲਿਸ ਨੇ ਸਾਂਝੇ ਆਪਰੇਸ਼ਨ ਦੌਰਾਨ ਇਹਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ।
ਜਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਦਿਨ ਚੜ੍ਹਦਿਆਂ ਹੀ ਕੋਟਕਪੂਰਾ ’ਚ 5-6 ਅਣਪਛਾਤੇ ਵਿਅਕਤੀਆਂ ਨੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਪ੍ਰਦੀਪ ਸਿੰਘ ਇੰਸਾਂ ਵਾਸੀ ਕੋਟਕਪੂਰਾ ਦਾ ਤਾਬੜਤੋੜ ਗੋਲੀਆਂ ਚਲਾ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਕਾਰਨ ਸਾਧ-ਸੰਗਤ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਹਾਸਿਲ ਹੋਏ ਵੇਰਵਿਆਂ ਮੁਤਾਬਿਕ ਘੁੱਗ ਵਸਦੇ ਪੰਜਾਬ ਦੀ ਅਮਨ ਸ਼ਾਂਤੀ ਅਤੇ ਡੇਰਾ ਸੱਚਾ ਸੌਦਾ ਵੱਲੋਂ ਲਗਾਤਾਰ ਕੀਤੇ ਜਾਂਦੇ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਨਾ ਪਚਾ ਸਕਣ ਵਾਲੀਆਂ ਕੁੱਝ ਧਿਰਾਂ ਨੇ ਪਿਛਲੇ ਸਮੇਂ ਦੌਰਾਨ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਸਿਰ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਨਘੜਤ ਦੋਸ਼ ਲਾਏ ਸਨ। ਪੁਲਿਸ ਵੱਲੋਂ ਇਨਾਂ ਮਾਮਲਿਆਂ ’ਚ ਕੁੱਝ ਡੇਰਾ ਸ਼ਰਧਾਲੂਆਂ ਨੂੰ ਨਾਮਜ਼ਦ ਕੀਤਾ ਗਿਆ ਤਾਂ ਉਸ ’ਚ ਪ੍ਰਦੀਪ ਸਿੰਘ ਇੰਸਾਂ ਵਾਸੀ ਕੋਟਕਪੂਰਾ ਨੂੰ ਵੀ ਸ਼ਾਮਿਲ ਕਰ ਲਿਆ। ਮਾਮਲੇ ਦੀ ਤਫਤੀਸ਼ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਨੇ ਕੀਤੀ ਤਾਂ ਬੇਅਦਬੀ ਜਿਹੇ ਘਿਨੌਣੇ ਕੰਮ ’ਚ ਡੇਰਾ ਸੱਚਾ ਸੌਦਾ ਦੀ ਕੋਈ ਸ਼ਮੂਲੀਅਤ ਸਾਹਮਣੇ ਨਹੀਂ ਆਈ। ਇਸ ਮਾਮਲੇ ’ਚ ਕਾਨੂੰਨੀ ਪ੍ਰਕਿਰਿਆ ਲਗਾਤਾਰ ਜਾਰੀ ਹੈ ਪਰ ਇਸਦੇ ਬਾਵਜ਼ੂਦ ਅੱਜ ਕੁੱਝ ਅਣਪਛਾਤੇ ਵਿਅਕਤੀਆਂ ਨੇ ਪ੍ਰਦੀਪ ਸਿੰਘ ਇੰਸਾਂ ਦਾ ਅੱਜ ਸਵੇਰੇ ਉਸ ਵੇਲੇ ਕਤਲ ਕਰ ਦਿੱਤਾ ਜਦੋਂ ਉਹ ਰੋਜ਼ਾਨਾ ਦੀ ਤਰਾਂ ਦੀ ਆਪਣੀ ਦੁਕਾਨ ’ਤੇ ਮੌਜੂਦ ਸੀ।
ਹਮਲਾਵਰਾਂ ਵੱਲੋਂ ਚਲਾਈਆਂ ਗੋਈਆਂ ਗੋਲੀਆਂ ਨਾਲ ਮੌਕੇ ’ਤੇ ਪ੍ਰਦੀਪ ਸਿੰਘ ਨਾਲ ਮੌਜੂਦ ਸੁਰੱਖਿਆ ਕਰਮਚਾਰੀ ਸਮੇਤ ਦੋ ਜਣੇ ਜ਼ਖਮੀ ਹੋ ਗਏ, ਜਿੰਨਾਂ ਨੂੰ ਬਾਬਾ ਫਰੀਦ ਮੈਡੀਕਲ ਇੰਸਟੀਚਿਊਟੀ ਫਰੀਦਕੋਟ ’ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਪ੍ਰਦੀਪ ਸਿੰਘ ਨੂੰ ਮਿ੍ਰਤਕ ਐਲਾਨ ਦਿੱਤਾ। ਹਮਲਾਵਰ ਹਮਲੇ ਤੋਂ ਬਾਅਦ ਇੱਕ ਮੋਟਰਸਾਈਕਲ ਨੂੰ ਘਟਨਾ ਸਥਾਨ ’ਤੇ ਹੀ ਛੱਡਕੇ ਫਰਾਰ ਹੋ ਗਏ। ਥਾਣਾ ਸਿਟੀ ਕੋਟਕਪੂਰਾ ਦੀ ਪੁਲਿਸ ਵੱਲੋਂ ਇਸ ਮਾਮਲੇ ’ਚ ਮਿ੍ਰਤਕ ਪ੍ਰਦੀਪ ਸਿੰਘ ਇੰਸਾਂ ਦੀ ਪਤਨੀ ਸਿਮਰਨ ਦੇ ਬਿਆਨਾਂ ਦੇ ਆਧਾਰ ’ਤੇ 6 ਅਣਪਛਾਤੇ ਵਿਅਕਤੀਆਂ ਖਿਲਾਫ਼ ਮੁਕੱਦਮਾ ਨੰਬਰ 228, ਧਾਰਾ 302, 307, 148, 149, 120 ਬੀ, 25 ਆਰਮਜ਼ ਐਕਟ ਤਹਿਤ ਦਰਜ਼ ਕਰ ਲਿਆ। ਇਸ ਮਾਮਲੇ ’ਚ ਹੁਣ ਤੱਕ ਪੁਲਿਸ ਵੱਲੋਂ ਕੋਈ ਵੀ ਗਿ੍ਰਫ਼ਤਾਰੀ ਨਹੀਂ ਕੀਤੀ ਗਈ। ਪੋਸਟਮਾਰਟਮ ਉਪਰੰਤ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ। ਇਸ ਮਾਮਲੇ ’ਚ ਨਿਆਂ ਲੈਣ ਲਈ ਪਰਿਵਾਰਕ ਮੈਂਬਰਾਂ ਵੱਲੋਂ ਅਗਲਾ ਕੀ ਰੁਖ ਅਪਣਾਇਆ ਜਾਵੇਗਾ ਇਸ ਸਬੰਧੀ ਹਾਲੇ ਕੋਈ ਜਾਣਕਾਰੀ ਨਹੀਂ ਮਿਲ ਸਕੀ।
ਪੰਜਾਬ ਦੇ ਹਾਲਾਤਾਂ ਨੂੰ ਖਰਾਬ ਕਰਨ ਲਈ ਕੀਤਾ ਗਿਆ ਕਤਲ : ਸਿਮਰਨ ਇੰਸਾਂ
ਮ੍ਰਿਤਕ ਪ੍ਰਦੀਪ ਇੰਸਾਂ ਦੀ ਪਤਨੀ ਸਿਮਰਨ ਇੰਸਾਂ ਦਾ ਕਹਿਣਾ ਹੈ ਕਿ ਉਸਦੇ ਪਤੀ ਦਾ ਕਤਲ ਪੰਜਾਬ ਦੇ ਹਾਲਾਤਾਂ ਨੂੰ ਖਰਾਬ ਕਰਨ ਲਈ ਜਾਣ-ਬੁੱਝ ਕੇ ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਉਸ ਨੇ ਦੱਸਿਆ ਕਿ ਸਰਕਾਰਾਂ ਨੇ ਡੇਰਾ ਪ੍ਰੇਮੀਆਂ ਨੂੰ ਝੂਠੇ ਕੇਸਾਂ ’ਚ ਫਸਾਇਆ ਹੈ ਅਤੇ ਮੀਡੀਆ ਦੀ ਵਰਤੋਂ ਕਰਕੇ ਡੇਰਾ ਪ੍ਰੇਮੀਆਂ ਖਿਲਾਫ ਭੜਕਾਊ ਤੇ ਕੂੜਾ ਪ੍ਰਚਾਰ ਕੀਤਾ ਜਿਸ ਕਰਕੇ ਇਹ ਘਟਨਾਵਾਂ ਵਾਪਰ ਰਹੀਆਂ ਹਨ ਉਨਾਂ ਕਿਹਾ ਕਿ ਸਾਡਾ ਦੋਵਾਂ ਦਾ ਵਿਆਹ ਵੀ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ’ਚ ਹੀ ਹੋਇਆ ਸੀ। ਅਸੀਂ ਸਭ ਧਰਮਾਂ ਦਾ ਸਤਿਕਾਰ ਕਰਦੇ ਹਾਂ ਕਿਉਂਕਿ ਡੇਰਾ ਸੱਚਾ ਸੌਦਾ ਵੱਲੋਂ ਸਭ ਦੇ ਸਤਿਕਾਰ ਦੀ ਹੀ ਸਿੱਖਿਆ ਦਿੱਤੀ ਜਾਂਦੀ ਹੈ।
ਮੇਰੇ ਪੰਜ ਬੱਚਿਆਂ ਦਾ ਵਿਆਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਹੋਇਆ ਸੀ : ਮ੍ਰਿਤਕ ਦੇ ਪਿਤਾ
ਪ੍ਰਦੀਪ ਸਿੰਘ ਇੰਸਾਂ ਦੇ ਪਿਤਾ ਜਸਪਾਲ ਸਿੰਘ ਇੰਸਾਂ ਦਾ ਕਹਿਣਾ ਹੈ ਕਿ ਉਨਾਂ ਵੱਲੋਂ ਤਾਂ ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਹਮੇਸ਼ਾ ਲੋੜਵੰਦਾਂ ਦੀ ਮੱਦਦ ਕੀਤੀ ਜਾਂਦੀ ਹੈ ਅਤੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਮੁੱਚਾ ਪਰਿਵਾਰ ਸਤਿਕਾਰ ਕਰਦਾ ਹੈ। ਉਨਾਂ ਦੱਸਿਆ ਕਿ ਮੈਂ ਆਪਣੇ 5 ਬੱਚਿਆਂ ਦਾ ਵਿਆਹ ਕੀਤਾ ਤਾਂ ਸਾਰਿਆਂ ਦੇ ਹੀ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਆਨੰਦ ਕਾਰਜ ਹੋਏ ।
ਉੱਚ ਪੱਧਰੀ ਨਿਰਪੱਖ ਜਾਂਚ ਹੋਵੇ
ਪੰਜਾਬ ਵਿੱਚ ਅੱਜ ਪ੍ਰਦੀਪ ਸਿੰਘ ਦੀ ਸ਼ਰੇਆਮ ਹੱਤਿਆ ਹੋਈ ਹੈ, ਡੇਰਾ ਸੱਚਾ ਸੌਦਾ ਉਸ ਦੀ ਸਖ਼ਤ ਨਿੰਦਾ ਕਰਦਾ ਹੈ ਅਤੇ ਮਿ੍ਰਤਕ ਪਰਿਵਾਰ ਦੇ ਪ੍ਰਤੀ ਹਮਦਰਦੀ ਪ੍ਰਗਟ ਕਰਦਾ ਹੈ ਡੇਰਾ ਸੱਚਾ ਸੌਦਾ ’ਚ ਸਾਰੇ ਧਰਮਾਂ ਦਾ ਆਦਰ ਸਤਿਕਾਰ ਕੀਤਾ ਜਾਂਦਾ ਹੈ ਕਿਸੇ ਵੀ ਧਰਮ ਦੀ ਬੇਅਦਬੀ ਕਰਨਾ ਤਾਂ ਦੂਰ ਸਾਧ-ਸੰੰਗਤ ਅਜਿਹਾ ਸੋਚ ਵੀ ਨਹੀਂ ਸਕਦੀ ਅਸੀਂ ਇਹ ਅਪੀਲ ਕਰਦੇ ਹਾਂ ਕਿ ਇਸ ਮਾਮਲੇ ਦੀ ਉੱਚ ਪੱਧਰੀ ਨਿਰਪੱਖ ਜਾਂਚ ਜਲਦ ਤੋਂ ਜਲਦ ਕਰਵਾਈ ਜਾਵੇ ਅਤੇ ਦੋਸ਼ੀਆਂ ’ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਡੇਰਾ ਸੱਚਾ ਸੌਦਾ ਸਾਧ-ਸੰਗਤ ਨੂੰ ਅਪੀਲ ਕਰਦਾ ਹੈ ਕਿ ਉਹਨਾਂ ਨੇ ਅਮਲ ਅਤੇ ਸ਼ਾਂਤੀ ਕਾਇਮ ਰੱਖਣੀ ਹੈ
ਐਡਵੋਕੇਟ ਜਤਿੰਦਰ ਖੁਰਾਣਾ ਇੰਸਾਂ, ਸੰਦੀਪ ਕੌਰ ਇੰਸਾਂ
ਬੁਲਾਰਾ, ਡੇਰਾ ਸੱਚਾ ਸੌਦਾ ਸਰਸਾ
ਲੋਕਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣਾ ਸਰਕਾਰ ਦਾ ਫਰਜ ਹੈ। ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਦੋਸ਼ੀਆਂ ਨੂੰ ਜਲਦ ਕਾਬੂ ਕਰਕੇ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ। ਪੁਲਿਸ ਵੱਲੋਂ ਆਪਣੀ ਕਾਰਵਾਈ ਸਖਤੀ ਨਾਲ ਕੀਤੀ ਜਾ ਰਹੀ ਹੈ
-ਵਿੱਤ ਮੰਤਰੀ ਹਰਪਾਲ ਸਿੰਘ ਚੀਮਾ
ਸੂਬੇ ਅੰਦਰ ਸਰਕਾਰ ਨਾਂਅ ਦੀ ਕੋਈ ਚੀਜ਼ ਨਹੀਂ ਹੈ। ਸੂਬੇ ’ਚ ਨਿਰਦੋਸ਼ਾਂ ਦੇ ਕਤਲ ਹੋ ਰਹੇ ਹਨ। ਜੇਕਰ ਕਿਸੇ ’ਤੇ ਦੋਸ਼ ਲੱਗਦਾ ਹੈ ਤਾਂ ਉਸ ਦਾ ਫ਼ੈਸਲਾ ਅਦਾਲਤ ਕਰਦੀ ਹੈ ਕਿ ਉਹ ਗੁਨਾਹਗਾਰ ਹੈ ਜਾਂ ਨਹੀਂ। ਇਸਦਾ ਇਹ ਮਤਲਬ ਨਹੀਂ ਕਿ ਕੋਈ ਵੀ ਸ਼ਰਾਰਤੀ ਅਨਸਰ ਹੱਥ ਵਿੱਚ ਪਸਤੌਲ ਫੜ ਕੇ ਖ਼ੁਦ ਹੀ ਜੱਜ ਬਣ ਜਾਵੇ। ਇਸ ਘਟਨਾ ਤੋਂ ਪਤਾ ਚੱਲਦਾ ਹੈ ਕਿ ਪੰਜਾਬ ’ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਨਾਲ ਫੇਲ੍ਹ ਹੋ ਚੁੱਕੀ ਹੈ ਸਰਕਾਰ ਕੋਟਕਪੂਰਾ ਵਾਲੀ ਘਟਨਾ ਦੀ ਡੂੰਘਾਈ ਨਾਲ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਏ।
–ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ
ਪੰਜਾਬ ਦੇ ਹਾਲਾਂਤ ਦਿਨ ਬ ਦਿਨ ਵਿਗੜਦੇ ਜਾ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਉਹ ਆਪਣਾ ਫਰਜ਼ ਹੀ ਨਹੀਂ ਨਿਭਾ ਸਕੇ। ਰੋਜ਼ ਰੋਜ਼ ਇਨਾਂ ਤੋਂ ਅਸਤੀਫ਼ਾ ਮੰਗਣ ਵਿੱਚ ਸਾਨੂੰ ਵੀ ਸ਼ਰਮ ਆਉਣੀ ਸ਼ੁਰੂ ਹੋ ਗਈ ਹੈ ਪਰ ਇਹ ਕੁਝ ਵੀ ਨਹੀਂ ਕਰ ਰਹੇ। ਇਨਾਂ ਨੂੰ ਤੁਰੰਤ ਕਾਰਵਾਈ ਕਰਦੇ ਹੋਏ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ ਜਾਂ ਫਿਰ ਸਰਕਾਰ ਨੂੰ ਛੱਡ ਕੇ ਪਿੱਛੇ ਹਟ ਜਾਣਾ ਚਾਹੀਦਾ ਹੈ।
-ਅਕਾਲੀ ਲੀਡਰ ਅਤੇ ਸਾਬਕਾ ਕੈਬੁਨਿਟ ਮੰਤਰੀ ਦਲਜੀਤ ਸਿੰਘ ਚੀਮਾ
ਪੰਜਾਬ ’ਚ ਅਰਾਜਕਤਾ ਫੈਲ ਚੁੱਕੀ ਹੈ। ਲੋਕਾਂ ਨੇ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਕਤਲ ਕਰਨੇ ਸੁਰੂ ਕਰ ਦਿੱਤੇ ਹਨ, ਜੋ ਸੂਬੇ ਲਈ ਖਤਰੇ ਦੀ ਨਿਸ਼ਾਨੀ ਹੈ। ਅੱਜ ਕੋਟਕਪੂਰਾ ਸ਼ਹਿਰ ਵਿੱਚ ਇੱਕ ਡੇਰਾ ਸੱਚਾ ਸੌਦਾ ਪ੍ਰੇਮੀ ਦੇ ਹੋਏ ਕਤਲ ਦਾ ਜ਼ਿਕਰ ਕਰਦਿਆਂ, ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਿਸੇ ਵੀ ਕਤਲ ਨੂੰ ਜਾਇਜ ਨਹੀਂ ਠਹਿਰਾਇਆ ਜਾ ਸਕਦਾ ਅਤੇ ਨਾ ਹੀ ਕਿਸੇ ਨੂੰ ਕਾਨੂੰਨ ਆਪਣੇ ਹੱਥ ਵਿੱਚ ਲੈਣ ਦਿੱਤਾ ਜਾਣਾ ਚਾਹੀਦਾ ਹੈ। ਲੋਕ ਹਰ ਕੀਮਤ ’ਤੇ ਸਾਂਤੀ ਬਣਾਈ ਰੱਖਣ ਕਿਉਂਕਿ ਹਿੰਸਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ।
ਵੜਿੰਗ ਨੇ ਕਿਹਾ ਕਿ ਲੋਕ ਆਪਣੇ ਆਪ ਨੂੰ ਠੱਗਿਆ ਅਤੇ ਨਿਰਾਸ਼ ਮਹਿਸੂਸ ਕਰ ਰਹੇ ਹਨ, ਜਿਸਦਾ ਨਤੀਜਾ ਅੱਜ ਕੋਟਕਪੂਰਾ ਵਿੱਚ ਜੋ ਵਾਪਰਿਆ ਹੈ, ਉਹ ਸਭ ਦੇ ਸਾਹਮਣੇ ਹੈ ਅਤੇ ਇਹ ਸੂਬੇ ਲਈ ਚੰਗਾ ਨਹੀਂ ਹੈ। ਉਹਨਾਂ ਨੇ ਸਥਿਤੀ ਨੂੰ ਅਜਿਹੀ ਸਥਿਤੀ ਤੱਕ ਨਾ ਪਹੁੰਚਾਉਣ ਦੀ ਚੇਤਾਵਨੀ ਦਿੱਤੀ ਹੈ ਜਿੱਥੇ ਕੋਈ ਵਾਪਸੀ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਵੀ ਦੁੱਖ ਝੱਲ ਚੁੱਕੇ ਹਾਂ ਅਤੇ ਕਈ ਕੀਮਤੀ ਜਾਨਾਂ ਗਵਾਈਆਂ ਹਨ, ਅਜਿਹੇ ‘ਚ ਅਜਿਹੇ ਹਾਲਾਤ ਦੁਬਾਰਾ ਨਹੀਂ ਆਉਣ ਦਿੱਤੇ ਜਾਣੇ ਚਾਹੀਦੇ। ਪਰ ਜਿਸ ਤਰ੍ਹਾਂ ‘ਆਪ‘ ਸਰਕਾਰ ਸਥਿਤੀ ਨੂੰ ਸੰਭਾਲਣ ‘ਚ ਗਲਤੀ ਕਰ ਰਹੀ ਹੈ, ਉਸ ਨਾਲ ਅਸੀਂ ਇਕ ਵਾਰ ਫਿਰ ਖਤਰੇ ‘ਚ ਹਾਂ।
-ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ
ਸਾਡਾ ਵਿਆਹ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੋਇਆ ਸੀ : ਪਤਨੀ
- ਸ਼ਰਾਰਤੀ ਅਨਸਰਾਂ ਨੇ ਮੇਰੇ ਪਤੀ ਦਾ ਕਤਲ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਵੱਡੀ ਸਾਜਿਸ਼ ਰਚੀ
- ਸਾਡਾ ਬਚਪਨ ਤੋਂ ਹੀ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬੇਹੱਦ ਆਸਥਾ : ਪਤਨੀ
ਕੋਟਕਪੂਰਾ (ਸੱਚ ਕਹੂੰ ਨਿਊਜ਼)। ਕੋਟਕਪੂਰਾ (Kotkapura) ਵਿੱਚ ਡੇਰਾ ਸ਼ਰਧਾਲੂ ਪ੍ਰਦੀਪ ਸਿੰਘ ਦਾ ਕਤਲ ਪੰਜਾਬ ਦੇ ਰਾਜਨੀਤਿਕਾਂ ਦੀ ਡੇਰਾ ਸ਼ਰਧਾਲੂਆਂ ਦੇ ਪ੍ਰਤੀ ਰੰਜਿਸ਼ ਤੇ ਭੜਕਾਊ ਬਿਆਨਬਾਜ਼ੀ ਦਾ ਨਤੀਜਾ ਹੈ। ਇਨ੍ਹਾਂ ਰਾਜਨੀਤਿਕਾਂ ਦੀ ਬਿਆਨਬਾਜ਼ੀ ਦਾ ਫਾਇਦਾ ਉਠਾਉਂਦਿਆਂ ਸ਼ਰਾਰਤੀ ਅਨਸਰ ਨਿਰਦੋਸ਼ ਡੇਰਾ ਪ੍ਰੇਮੀਆਂ ਨੂੰ ਨਿਸ਼ਾਨ ਬਣਾ ਰਹੇ ਹਨ। ਪੰਜਾਬੀ ਦੀ ਰਾਜਨੀਤਿਕ ਆਗੂ ਆਪਣੀ ਕੁਰਸੀ ਲਈ ਸੂਬੇ ’ਚ ਆਮਨ-ਸ਼ਾਂਤੀ ਤੇ ਭਾਈਚਾਰੇ ਨੂੰ ਵੀ ਦਾਅ ’ਚੇ ਲਾਉਣ ਤੋਂ ਪਰਹੇਜ਼ ਨਹੀਂ ਕਰ ਰਹੇ ਹਨ। ਰਾਜਨੀਤਿਕ ਆਗੂਆਂ ਨੇ ਆਪਣੀ ਨਾਕਾਮੀ ਦਾ ਠੀਕਰਾ ਡੇਰਾ ਸ਼ਰਧਾਲੂਆਂ ’ਤੇ ਭੰਨ੍ਹਦਿਆਂ ਡੇਰਾ ਸ਼ਰਧਾਲੂਆਂ ਖਿਲਾਫ ਅਜਿਹੇ ਬਿਆਨ ਦਿੱਤੇ, ਜਿਸ ਨਾਲ ਪੰਜਾਬ ਦੀ ਸਿਆਸੀ ਫਿਜਾ ’ਚ ਨਫ਼ਰਤ ਦਾ ਜ਼ਹਿਰ ਘੁਲ ਗਿਆ। ਹੈਰਾਨੀ ਦਾ ਗੱਲ ਇਹ ਹੈ ਕਿ ਇਸ ਤਰ੍ਹਾਂ ਦੇ ਰਾਜਨੀਤਿਕ ਆਗੂ ਡੇਰਾ ਸ਼ਰਧਾਲੂਆਂ ਦੇ ਕਤਲ ਤੋਂ ਬਾਅਦ ਵੀ ਭੜਕਾਊ ਬਿਆਨਬਾਜ਼ੀ ਕਰ ਰਹੇ ਹਨ।
ਹੈਰਾਨੀ ਦੀ ਗੱਲ ਇਹ ਹੈ ਕਿ ਜਿਨ੍ਹਾਂ ਡੇਰਾ ਸ਼ਰਧਾਲੂਆਂ ਖਿਲ਼ਾਫ ਬੇਅਦਬੀ ਦਾ ਇੱਕ ਵੀ ਸੂਬਤ ਨਹੀ ਹੈ ਉਨ੍ਹਾਂ ਨੂੰ ਝੂਠੇ ਕੇਸਾਂ ’ਚ ਫਸਾਇਆ ਜਾ ਰਿਹਾ ਹੈ। ਡੇਰਾ ਸ਼ਰਧਾਲੂ ਪਰਦੀਪ ਸਿੰਘ ਦੀ ਪਤਨੀ ਸਿਮਰਨ ਇੰਸਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡਾ ਵਿਆਹ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਹੋਇਆ ਸੀ। ਅਸੀਂ ਸਦਾ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ। ਸਾਡੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਹਮੇਸ਼ਾਂ ਸਾਨੂੰ ਮਾਨਵਤਾ ਭਲਾਈ ਦੀ ਸੇਵਾ ਕਰਨਾ ਤੇ ਸਾਰੇ ਧਰਮਾਂ ਦਾ ਸਤਿਕਾਰ ਕਰਨ ਦਾ ਪਾਠ ਪੜ੍ਹਾਇਆ ਹੈ। ਮੇਰੇ ਪਤੀ ਦਾ ਕਤਲ ਕਰਕੇ ਸ਼ਰਾਰਤੀ ਅਨਸਰਾਂ ਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਗੰਦੀ ਸਾਜਿਸ਼ ਘੜੀ ਹੈ।
CBI ਦੀ ਜਾਂਚ ’ਚ ਡੇਰਾ ਸ਼ਰਧਾਲੂ ਬੇਕਸੂਰ
ਫਰੀਦਕੋਟ। ਡੇਰਾ ਸ਼ਰਧਾਲੂਆਂ ਦਾ 2015 ’ਚ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ’ਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਨਾਲ ਕੋਈ ਸਬੰਧ ਨਹੀਂ ਹੈ। ਸੀਬੀਆਈ ਵੱਲੋਂ ਇਸ ਮਾਮਲੇ ਦੀ ਤਿੰਨ ਸਾਲ ਤੱਕ ਡੂੰਘੀ ਤੇ ਲੰਮੀ-ਚੌੜੀ ਜਾਂਚ ਕੀਤੀ ਗਈ। ਜਿਸ ਵਿੱਚ ਜਾਂਚ ਏਜੰਸੀ ਨੇ ਮਾਮਲੇ ਦੀ ਜਾਂਚ ਕਰਦਿਆਂ ਪਿੰਡ ਬੁਰਜ ਜਵਾਹਰ ਸਿੰਘ ਵਾਲਾ, ਬਰਗਾੜੀ ਤੇ ਹੋਰ ਆਸ-ਪਾਸ ਦੇ ਪਿੰਡਾਂ ’ਚ ਸੈਂਕੜੇ ਲੋਕਾਂ ਦੇ ਬਿਆਨ ਦਰਜ ਕੀਤੇ। ਗ੍ਰਿਫ਼ਤਾਰ ਕੀਤੇ ਤਿੰਨ ਡੇਰਾ ਸ਼ਰਧਾਲੂਆਂ ਦੀ ਬ੍ਰੇਨ ਮੈਪਿੰਗ, ਪੋਲੀਗ੍ਰਾਫ਼, ਫਿੰਗਰ ਪ੍ਰਿੰਟ, ਲਾਈਡਿਟੈਕਟਰ ਸਮੇਤ ਸਾਰੇ ਵਿਗਿਆਨਕ ਟੈਸਟ ਕੀਤੇ। ਇਲਾਕੇ ’ਚ ਮੋਬਾਇਲ ਫੋਨਾਂ ਦੀਆਂ ਕਾਲਾਂ ਦੀ ਵੀ ਫਰੋਲਾ-ਫਰਾਲੀ ਕੀਤੀ ਗਈ। ਡੇਰਾ ਸ਼ਰਧਾਲੂਆਂ ਦੀ ਲਿਖਾਈ ਵੀ ਵਿਵਾਦਤ ਪੋਸਟਰਾਂ ਨਾਲ ਮਿਲਾਈ ਗਈ। ਇਸ ਜਾਂਚ ਵਿੱਚ ਡੇਰਾ ਸ਼ਰਧਾਲੂ ਨਿਰਦੋਸ਼ ਸਾਬਤ ਹੋਏ।
ਸੀਬੀਆਈ ਨੇ ਮੋਹਾਲੀ ਅਦਾਲਤ ’ਚ ਕਲੋਜਰ ਰਿਪੋਰਟ ਸੌਂਪਦਿਆਂ ਸਪੱਸ਼ਟ ਕਰ ਦਿੱਤਾ ਕਿ ਡੇਰਾ ਸ਼ਰਧਾਲੂਆਂ ਦੀ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਨਹੀਂ ਹੈ। ਪਰ ਸੂਬੇ ’ਚ 2017 ’ਚ ਸਰਕਾਰ ਬਦਲਦਿਆਂ ਹੀ ਪੁਲਿਸ ਨੇ ਸਿਆਸੀ ਇਸ਼ਾਰੇ ’ਤੇ ਪ੍ਰੇਮੀਆਂ ਖਿਲਾਫ਼ ਸ਼ਿਕੰਜਾ ਕਸਣ ਲਈ ਸਾਰੀ ਕਹਾਣੀ ਨਵੇਂ ਸਿਰਿਓਂ ਘੜੀ ਗਈ। ਬੇਕਸੂਰ ਡੇਰਾ ਸ਼ਰਧਾਲੂਆਂ ਨੂੰ ਇਸ ਮਾਮਲੇ ’ਚ ਨਾਮਜ਼ਦ ਕਰਕੇ ਉਨ੍ਹਾਂ ’ਤੇ ਅਣਗਿਣਤ ਅੰਨ੍ਹੇ ਤਸ਼ੱਦਦ ਢਾਹੇ ਗਏ। ਮਹਿੰਦਰਪਾਲ ਬਿੱਟੂ ਦੇ ਨਾਭਾ ਜ਼ੇਲ੍ਹ ’ਚ ਕਤਲ ਤੋਂ ਬਾਅਦ ਉਸ ਵੱਲੋਂ ਲਿਖੀ ਗਈ ਡਾਇਰੀ ਇਸ ਗੱਲ ਦੀ ਗਵਾਹ ਹੈ ਕਿ ਡੇਰਾ ਸ਼ਰਧਾਲੂਆਂ ਨੂੰ ਝੂਠੇ ਕੇਸਾਂ ’ਚ ਫਸਾਉਣ ਲਈ ਪੰਜਾਬ ਪੁਲਿਸ ਨੇ ਥਰਡ ਡਿਗਰੀ ਦੇ ਤਸ਼ੱਦਦ ਨੂੰ ਵੀ ਮਾਤ ਪਾ ਦਿੱਤੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਹੋਏ ਸਨ ਅਨੰਦ ਕਾਰਜ
ਕੋਟਕਪੂਰਾ (ਸੱਚ ਕਹੂੰ ਨਿਊਜ਼)। ਕੋਟਕਪੂਰਾ ’ਚ ਅੱਜ ਕਤਲ ਕੀਤਾ ਗਿਆ ਡੇਰਾ ਸ਼ਰਧਾਲੂ ਪ੍ਰਦੀਪ ਸਿੰਘ ਸਿੱਖ ਧਰਮ ’ਚ ਅਥਾਹ ਸ਼ਰਧਾ ਰੱਖਦਾ ਸੀ। ਇਸ ਦੇ ਬਾਵਜ਼ੂਦ ਪੰਜਾਬ ਪੁਲਿਸ ਨੇ ਸਿਆਸੀ ਇਸ਼ਾਰੇ ’ਤੇ ਉਸ ਦੇ ਖਿਲਾਫ਼ ਬੇਅਦਬੀ ਦਾ ਝੂਠਾ ਮੁਕੱਦਮਾ ਦਰਜ਼ ਕਰ ਦਿੱਤਾ। ਸੱਚਾਈ ਇਹ ਹੈ ਕਿ ਪ੍ਰਦੀਪ ਸਿੰਘ ਦਾ ਵਿਆਹ ਵੀ ਪਵਿੱਤਰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਹੋਇਆ ਸੀ।
ਉਸ ਨੇ ਤਾਂ ਆਪਣੇ ਵਿਆਹ ਦੀਆਂ ਤਸਵੀਰਾਂ ਵਾਲੀ ਐਲਬਮ ਨੂੰ ਸਜਾਉਣ ਲਈ ਵੀ ਆਪਣੀ ਸ਼ਰਧਾ ਅਨੁਸਾਰ ਪਵਿੱਤਰ ਧਾਰਮਿਕ ਸਥਾਨ ਸ੍ਰੀ ਹਰਿਮੰਦਰ ਸਾਹਿਬ ਦੀ ਸੁੰਦਰ ਤਸਵੀਰ ਨੂੰ ਚੁਣਿਆ ਪਰ ਉਸ ਨੂੰ ਇਸ ਗੱਲ ਦਾ ਕਦੇ ਚਿੱਤ-ਚੇਤਾ ਵੀ ਨਹੀਂ ਸੀ ਕਿ ਜਿਸ ਸਿੱਖ ਧਰਮ ਅਤੇ ਪਵਿੱਤਰ ਗੁਰਬਾਣੀ ’ਚ ਉਸ ਦੀ ਸ਼ਰਧਾ ਹੈ, ਪੰਜਾਬ ਪੁਲਿਸ ਉਸੇ ਧਰਮ ਦੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ ਉਸ ’ਤੇ ਮੜ੍ਹ ਦੇਵੇਗੀ ਤੇ ਉਸ ਨੂੰ ਆਪਣੀ ਜਾਨ ਗਵਾਉਣੀ ਪਵੇਗੀ। ਪ੍ਰਦੀਪ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪ੍ਰਦੀਪ ਸਿੰਘ ਸਮੇਤ ਸਾਰਾ ਪਰਿਵਾਰ ਹੀ ਸਿੱਖ ਧਰਮ ਸਮੇਤ ਸਾਰੇ ਧਰਮਾਂ ਦਾ ਆਦਰ-ਸਤਿਕਾਰ ਕਰਦਾ ਸੀ।
ਉਨ੍ਹਾਂ ਦੇ ਵਿਆਹ-ਸ਼ਾਦੀ ਤੇ ਦੁੱਖ-ਸੁਖ ਦੇ ਹੋਰ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਨਾਲ ਹੀ ਸੰਪੂਰਨ ਹੁੰਦੇ ਸਨ। ਉਨ੍ਹਾਂ ਦੱਸਿਆ ਕਿ ਪ੍ਰਦੀਪ ਦਾ ਵਿਆਹ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਅਨੰਦ ਕਾਰਜਾਂ ਨਾਲ ਹੋਇਆ ਉਸ ਦਾ ਵਿਆਹ 26 ਸਤੰਬਰ 2003, ਪਿੰਡ ਮੌੜ ਜਿਲ੍ਹਾ ਫਰੀਦਕੋਟ ਵਿੱਚ ਹੋਇਆ ਜਿੱਥੇ ਪਿੰਡ ਦੇ ਗੁਰਦੁਆਰਾ ਸਾਹਿਬ ’ਚ ਉਸ ਦੇ ਅਨੰਦ ਕਾਰਜ ਹੋਏ। ਉਨ੍ਹਾਂ ਦੱਸਿਆ ਕਿ ਪ੍ਰਦੀਪ ਦੀ ਸਿੱਖ ਧਰਮ ’ਚ ਅਥਾਹ ਸ਼ਰਧਾ ਹੈ ਉਸ ਨੇ ਇਸੇ ਸ਼ਰਧਾ ਸਦਕਾ ਹੀ ਆਪਣੇ ਵਿਆਹ ਦੀਆਂ ਤਸਵੀਰਾਂ ਦੀ ਐਲਬਮ ਦੀ ਸ਼ੁਰੂਆਤ ’ਚ ਗੁਰੂ ਸਾਹਿਬਾਨਾਂ ਅਤੇ ਸ੍ਰੀ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ ਸਜਾਈਆਂ ਸਨ। ਉਨ੍ਹਾਂ ਇਹ ਵੀ ਦੱਸਿਆ ਕਿ ਜਦੋਂ ਵੀ ਗੁਰਦੁਆਰਾ ਸਾਹਿਬ ਦੀ ਸੇਵਾ ਦਾ ਮੌਕਾ ਮਿਲਦਾ ਹੈ ਤਾਂ ਉਨ੍ਹਾਂ ਦਾ ਪਰਿਵਾਰ ਕਦੇ ਵੀ ਪਿੱਛੇ ਨਹੀਂ ਹਟਦਾ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ