ਸਾਡੇ ਨਾਲ ਸ਼ਾਮਲ

Follow us

13.9 C
Chandigarh
Saturday, January 31, 2026
More
    Home ਸਾਹਿਤ ਦਿੱਤੇ ਪੱਟ ਪਿਆ...

    ਦਿੱਤੇ ਪੱਟ ਪਿਆਲੀ ਨੇ… ‘ਨਸ਼ੇ ਨਾਲ ਬਰਬਾਦ ਹੋਏ ਵਿਅਕਤੀ ਦੀ ਹੱਡਬੀਤੀ’

    Depth Campaign

    Depth Campaign : ਸ਼ਰਾਬ ਰਾਹੀਂ ਬਰਬਾਦ ਹੋਇਆ ਇੱਕ ਇਨਸਾਨ ਆਪਣੀ ਸਾਰੀ ਵਾਰਤਾ ਕਵਿਤਾ ਰਾਹੀਂ ਇਸ ਤਰ੍ਹਾਂ ਦੱਸਦਾ ਹੈ ਕਿ ਕਿਵੇਂ ਅਸੀਂ ਪਹਿਲਾਂ ਬੜੇ ਆਰਾਮ ਦੀ ਜ਼ਿੰਦਗੀ ਗੁਜ਼ਾਰ ਰਹੇ ਸਾਂ, ਪਰ ਸ਼ਰਾਬ ਦੀ ਇੱਕ ਪਿਆਲੀ ਨੇ ਹੁਣ ਸਾਡਾ ਇਹ ਹਾਲ ਕਰ ਦਿੱਤਾ ਹੈ ਕਿ ਸਾਨੂੰ ਹਰ ਪਾਸਿਓਂ ਲਾਚਾਰ ਤੇ ਬੇਜ਼ਾਰ ਬਣਾ ਦਿੱਤਾ ਹੈ। Depth Campaign

    ਮੈਂ ਆਪਣੇ ਘਰ ਦੇ ਸੁਆਰਥ ਲਈ ਇੱਕ ਰਸਤੇ ਤੁਰਿਆ ਜਾਂਦਾ ਸੀ।
    ਨਜ਼ਰ ਚੁਫੇਰੇ ਪਾਂਦਾ ਸੀ ਤੇ ਆਪਣਾ ਜੀਅ ਬਹਿਲਾਂਦਾ ਸੀ।
    ਉਧਰੋਂ ਮੇਰੀ ਨਜ਼ਰ ਪਈ ਕਿ ਆਉਂਦੇ ਸੀ ਦੋ ਬੱਗੇ ਜੇ।
    ਲਿਸੜਾ ਜਿਹਾ ਹਾਲੀ ਸੀ ਤੇ ਲਿਸੜੇ ਜਿਹੇ ਦੋ ਢੱਗੇ ਸੇ।
    ਟੁੱਟੇ ਹੋਏ ਛਿੱਤਰ ਸੀ ਤੇ ਪਾਟੀ ਹੋਈ ਪਗੜੀ ਸੀ।
    ਅੱਧੀ ਗਲ ਵਿੱਚ ਪਾਈ ਸੀ ਤੇ ਅੱਧੀ ਸਿਰ ਤੇ ਵਗਲੀ ਸੀ।
    ਮੈਂ ਉਸਨੂੰ ਪਿਆ ਪੁੱਛਨਾਂ ਹੁਣ ਤੇ ਵਕਤ ਕੁਵੇਲਾ ਹੈ।
    ਤੂੰ ਖੇਤਰ ਨੂੰ ਜਾਨੈਂ ਹੁਣ ਮੁੜਨੇ ਦਾ ਵੇਲਾ ਹੈ।।

    ਉਹ ਮੈਨੂੰ ਪਿਆ ਆਂਹਦਾ ਕਿ ਮੇਰੀ ਅਜ਼ਬ ਕਹਾਣੀ ਹੈ।
    ਜੇ ਤੂੰ ਦਿਲ ਨਾਲ ਸੁਣਨੀ ਹੈ ਤਾਂ ਮੈਂ ਸਾਰੀ ਖੋਲ੍ਹ ਸੁਨਾਣੀ ਹੈ।
    ਦੋ ਸੌ ਬਿਘੇ ਪੱਕੇ ਸੀ ਤੇ ਪੱਤੀ ਦੀ ਉਹ ਪੱਤੀ ਸੀ।
    ਥੋੜ੍ਹੀ ਜਿਹੀ ਬਰਾਨੀ ਸੀ ਸਾਰੀ ਨੂੰ ਲੱਗਦੀ ਕੱਸੀ ਸੀ।
    ਮੁੰਡੇ ਮੇਰੇ ਚਾਰੇ ਸਨ ਤੇ ਗੱਡਾ ਬਲਦ ਵੀ ਘਰਦੇ ਸਨ।
    ਪਿੰਡ ਵਿੱਚ ਤੜੀ ਜਮਾਈ ਸੀ ਤੇ ਸਾਰੇ ਸਾਥੋਂ ਡਰਦੇ ਸਨ।

    ਮੁੰਡਿਆਂ ਦੀ ਜਿਹੜੀ ਮਾਈ ਸੀ ਕੁਝ ਦਿਨ ਪਹਿਲਾਂ ਮਰ ਗਈ ਸੀ।
    ਮਰਦੀ ਮਰਦੀ ਇਕ ਭੈਣ ਦਾ ਉਹ ਇਸ਼ਾਰਾ ਕਰ ਗਈ ਸੀ।
    ਮੈਂ ਵੀ ਘੱਤ ਸੁਨੇਹੇ ਨੂੰ ਮਿਲਣੇ ਖਾਤਰ ਸੱਦੀ ਸੀ।
    ਮਿਲਣਸਾਰ ਸੁਨੇਹੇ ਨੂੰ ਉਹ ਫਿੜਕੇ ਵਾਂਙੂੰ ਵੱਜੀ ਸੀ।
    ਜਿਹੜੀ ਘਰ ਵਿੱਚ ਆਈ ਸੀ ਉਸ ਨੇ ਕੀਤੀ ਹਾਸੀ ਸੀ।
    ਗੱਲ ਉਸ ਦੀ ਕਿਵੇਂ ਨਾ ਮੰਨਣ ਮੁੰਡਿਆਂ ਦੀ ਉਹ ਮਾਸੀ ਸੀ।

    ਮੁੰਡਿਓ! ਅੱਜ ਹੈ ਦਿਨ ਦਿਵਾਲੀ ਦਾ ਤੁਸੀਂ ਰਲ ਮਿਲ ਮੰਗਲ ਗਾਲੋ ਗਾਂ।
    ਪੀ ਕੇ ਘੁੱਟ ਕੁ ਦਾਰੁੂ ਦੀ ਤੁਸੀਂ ਦਿਲ ਦੀ ਖੁਸ਼ੀ ਮਨਾਲੋ ਗਾਂ।
    ਬੱਸ! ਦੇਰ ਸੀ ਏਨਾ ਆਖਣ ਦੀ ਮੁੰਡਿਆਂ ਨੇ ਉਦੋਂ ਚੱਕ ਲਈ।
    ਘਰ ਦੀ ਕੱਢੀ ਦਾਰੂ ਦੀ ਇੱਕ ਪੀਪੀ ਉਹਨਾਂ ਪੱਟ ਲਈ।
    ਭਰ ਭਰ ਬਾਟੇ ਪੀਤੀ ਸੀ ਤੇ ਨੇੜੇ ਲਾ ਤੀ ਪੀਪੀ ਸੀ।
    ਐਵੇਂ ਬੈਠੇ-ਬੈਠੇ ਨੇ ਮੈਂ ਵੀ ਘੁੱਟ ਕੁ ਪੀਤੀ ਸੀ।

    ਬਣਦਾ ਤਣਦਾ ਮੁੰਡਾ ਸੀ ਇੱਕ ਬੂਹੇ ਅੱਗੋਂ ਲੰਘ ਗਿਆ।
    ਕਿਸਮਤ ਸਾਡੀ ਖੋਟੀ ਸੀ ਉਹ ਜਾਂਦਾ-ਜਾਂਦਾ ਖੰਘ ਗਿਆ।
    ਮੁੰਡਿਆਂ ਦੀ ਦਾਰੂ ਪੀਤੀ ਸੀ ਆ ਗਏ ਵਿੱਚ ਤਰਾਰੇ ਦੇ।
    ਟੋਟੇ-ਟੋਟੇ ਵੱਢ ਬਣਾਏ ਉਸ ਕਰਮਾਂ ਦੇ ਮਾਰੇ ਦੇ।
    ਮੁੰਡਾ ਉੱਥੇ ਮਰ ਗਿਆ ਸੀ ਤੇ ਪਿੰਡ ਵਿੱਚ ਮੱਚੀ ਦੁਹਾਈ ਸੀ।
    ਨੇੜੇ ਹੱਟ ਇੱਕ ਲਾਲੇ ਦੀ ਸੀ ਉਸ ਨੇ ਭਰੀ ਗਵਾਹੀ ਸੀ।

    ਮੁੰਡੇ ਚਾਰੇ ਬੱਝੇ ਸਨ ਤੇ ਮੈਂ ਸਾਂ ਵਿੱਚ ਇਸ਼ਾਰੇ ਦੇ।
    ਕੋਈ ਨਾ ਨੇੜੇ ਆਉਂਦਾ ਸੀ ਮੈਂ ਕਰਮਾਂ ਦੇ ਮਾਰੇ ਦੇ।
    ਦੇ ਕੇ ਨਾਵਾਂ ਤੱਕੜਾ ਜਾ ਸੈਸ਼ਨ ਜੱਜ ਨੂੰ ਦੱਬ ਲਿਆ।
    ਤਿੰਨੇ ਵੀਹ-ਵੀਹ ਸਾਲੇ ਸੀ ਚੌਥਾ ਮੁੰਡਾ ਕੱਢ ਲਿਆ।
    ਸਾਰੀ ਕੀ ਮੈਂ ਕਥਾ ਸੁਣਾਵਾਂ ਆਪਣੇ ਘਰ ਦੇ ਚਾਲੇ ਦੀ।
    ਜੀਹਨੇ ਭਰੀ ਗਵਾਹੀ ਸੀ ਟੰਗ ਉਡਾਤੀ ਲਾਲੇ ਦੀ।
    ਤਿੰਨੇ ਜਿੱਥੇ ਬੱਝੇ ਸੀ ਚੌਥਾ ਵੀ ਮੁੜਕੇ ਬੱਝ ਗਿਆ।
    ਪਾਲੀ ਇੱਕ ਰਲਾਇਆ ਸੀ ਉਹ ਵੀ ਮਗਰੋਂ ਭੱਜ ਗਿਆ।

    ਮੁੰਡਿਆਂ ਦੀ ਮਾਸੀ ਨੂੰ ਪੁੱਛਿਆ ਮੈਂ ਨਾਵੇਂ ਦੀ ਕੁਝ ਲੋੜ ਪਈ।
    ਨਾਵਾਂ ਤਾਂ ਕਿੱਥੋਂ ਮਿਲਣਾ ਸੀ ਉਹ ਵੀ ਪੱਤੇ ਤੋੜ ਗਈ।
    ਨਾ ਕੋਈ ਪਸ਼ੂ-ਪਸਾਰਾ ਹੈ ਨਾ ਕੋਈ ਬੱਕਰੀ ਲੇਲਾ ਹੈ।
    ਇਹ ਦੋਵੇਂ ਢੱਗੇ ਮੰਗੇ ਨੇ ਇਸ ਵਿਧ ਹੋਇਆ ਕੁਵੇਲਾ ਹੈ।
    ਜੋ ਘਰ ਦੇ ਵਿੱਚ ਬੀਤੀ ਹੈ ਸਾਰੀ ਤੈਨੂੰ ਦੱਸਨਾਂ।
    ਆਪੇ ਹੀ ਆਟਾ ਪੀਹਨਾਂ ਆਪੇ ਹੀ ਰੋਟੀ ਥੱਪਨਾਂ।

    ਅੱਖੀਆਂ ਵਿੱਚੋਂ ਅੱਥਰੂ ਆਂਦੇ ਨੇ ਰੁਕ-ਰੁਕ ਜੀਭਾ ਕਹਿੰਦੀ ਹੈ।
    ਓੜਾ ਓੜਾ ਵੇਚ ਲਈ ਐਵੇਂ ਡੂੜ੍ਹ ਕੁ ਬਿਘਾ ਰਹਿੰਦੀ ਹੈ।
    ਨਾ ਕੋਈ ਮੇਰਾ ਜੀਵਨ ਹੈ ਨਾ ਕੋਈ ਮੇਰਾ ਮਰਨਾ ਹੈ।
    ਨੱਕ ਨਾਲ ਲਕੀਰਾਂ ਕੱਢ ਗਿਆ ਮੁੜ ਕੇ ਇਹ ਕੰਮ ਨਹੀਂ ਕਰਨਾ ਹੈ।
    ਘਰ ਵਿੱਚ ਪੈਰ ਜਾਂ ਪਾਇਆ ਸੀ, ਕੰਗਾਲ ਬਨਾਣੇ ਵਾਲੀ ਨੇ।
    ਅਸੀਂ ਰੰਗੀਂ-ਰਾਗੀਂ ਵਸਦੇ ਸਾਂ ਦਿੱਤੇ ਪੱਟ ਪਿਆਲੀ ਨੇ।।

    ਨੋਟ : ਇਹ ਕਵਿਤਾ ਪਵਿੱਤਰ ਗਰੰਥ ‘ਬੰਦੇ ਤੋਂ ਰੱਬ’ ਭਾਗ-ਪਹਿਲਾ ’ਚੋਂ ਲਈ ਗਈ ਹੈ। Depth Campaign

    Also Read : ਡੇਰਾ ਸ਼ਰਧਾਲੂਆਂ ਨੇ ਮੰਦਬੁੱਧੀ ਨੌਜਵਾਨ ਨੂੰ ਪਰਿਵਾਰ ਨਾਲ ਮਿਲਵਾਇਆ

    LEAVE A REPLY

    Please enter your comment!
    Please enter your name here