ਕਿਹਾ, ਕਈ ਸਾਲਾਂ ਦੇ ਦੇਣੋਂ ਰਹਿੰਦੇ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਵੀ ਜਲਦ ਪ੍ਰਦਾਨ ਕੀਤੇ ਜਾਣਗੇ
ਪਟਿਆਲਾ, (ਨਰਿੰਦਰ ਸਿੰਘ ਚੌਹਾਨ)। ਪੰਜਾਬ ਦੇ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਐਲਾਨ ਕੀਤਾ ਹੈ ਕਿ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਸਥਾਪਤ ਅਦਾਰਿਆਂ, ਭਾਸ਼ਾ ਵਿਭਾਗ, ਪੰਜਾਬੀ ਯੂਨੀਵਰਸਿਟੀ ਅਤੇ ਪਟਿਆਲਾ ਦੀ ਸੈਂਟਰਲ ਸਟੇਟ ਲਾਇਬ੍ਰੇਰੀ ਨੂੰ ਮੁੜ ਪੱਕੇ ਪੈਰੀਂ ਕੀਤਾ ਜਾਵੇਗਾ। ਅੱਜ ਇੱਥੇ ਭਾਸ਼ਾ ਵਿਭਾਗ, ਪੰਜਾਬ ਦੇ ਮੁੱਖ ਦਫ਼ਤਰ ਵਿਖੇ ਪੰਜਾਬੀ ਭਾਸ਼ਾ ਸਪਤਾਹ-2020 ਦੇ ਵਿਦਾਇਗੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਬਾਜਵਾ ਨੇ ਕਿਹਾ ਕਿ ਕਈ ਸਾਲਾਂ ਤੋਂ ਨਾ ਦਿੱਤੇ ਜਾ ਸਕਣ ਵਾਲੇ ਸ਼੍ਰੋਮਣੀ ਸਾਹਿਤਕਾਰ ਪੁਰਸਕਾਰਾਂ ਦਾ ਫੈਸਲਾ ਵੀ ਅਗਲੇ ਕੁਝ ਦਿਨਾਂ ‘ਚ ਕਰ ਦਿੱਤਾ ਜਾਵੇਗਾ।
ਇਸ ਮੌਕੇ ਉਨ੍ਹਾਂ ਸਮੂਹ ਪੰਜਾਬੀਆਂ ਨੂੰ ਪੁਰਜ਼ੋਰ ਸੱਦਾ ਵੀ ਦਿੱਤਾ ਕਿ ਉਹ ਪੰਜਾਬੀ ਨੂੰ ਬਚਾਉਣ ਲਈ ਆਪਣਾ ਫ਼ਰਜ਼ ਪਛਾਣਦੇ ਹੋਏ ਆਪਣੇ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ, ਆਪਣੇ ਅਮੀਰ ਵਿਰਸੇ, ਸੱਭਿਆਚਾਰ ਅਤੇ ਵਡਮੁੱਲੇ ਇਤਿਹਾਸ ਨਾਲ ਜਰੂਰ ਜੋੜਨ। ਪੇਂਡੂ ਵਿਕਾਸ ਤੇ ਪੰਚਾਇਤ, ਪਸ਼ੂ ਪਾਲਣ ਅਤੇ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਪੰਜਾਬੀ ਭਾਸ਼ਾ ਦੇ ਪ੍ਰਚਾਰ, ਪ੍ਰਸਾਰ ਤੇ ਪ੍ਰਫੁੱਲਤਾ ਲਈ ਸਥਾਪਤ ਤਿੰਨੇ ਅਦਾਰਿਆਂ ਨੂੰ ਹਰ ਹੀਲੇ ਕਾਮਯਾਬ ਕਰਨ ਦੀ ਆਪਣੀ ਵਚਨਬੱਧਤਾ ਪੂਰੀ ਤਰ੍ਹਾਂ ਨਿਭਾਏਗੀ। ਉਨ੍ਹਾਂ ਦੱਸਿਆ ਕਿ ਇਹ ਤਿੰਨੇ ਅਦਾਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਵੱਲੋਂ ਸਥਾਪਤ ਕੀਤੇ ਗਏ ਸਨ ਅਤੇ ਹੁਣ ਇਨ੍ਹਾਂ ਨੂੰ ਪੱਕੇ ਪੈਰੀਂ ਵੀ ਕੈਪਟਨ ਸਰਕਾਰ ਹੀ ਕਰੇਗੀ।
ਸਮਾਗਮ ਮੌਕੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਭਾਸ਼ਾ ਵਿਭਾਗ, ਪੰਜਾਬ ਵੱਲੋਂ ਸਾਲ 2015 ਅਤੇ 2016 ਲਈ ‘ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰ’ ਵੀ ਤਕਸੀਮ ਕੀਤੇ, ਜਿਨ੍ਹਾਂ ‘ਚ ਪੰਜਾਬੀ, ਹਿੰਦੀ ਅਤੇ ਉਰਦੂ ਦੀਆਂ ਦੋ ਦਰਜਨ ਤੋਂ ਵਧੇਰੇ ਪੁਸਤਕਾਂ ਸ਼ਾਮਲ ਸਨ।ਇਸ ਮੌਕੇ ਭਾਸ਼ਾ ਵਿਭਾਗ ਵੱਲੋਂ ਕਈ ਪੁਸਤਕਾਂ ਵੀ ਜਾਰੀ ਕਰਵਾਈਆਂ ਗਈਆਂ । ਇਸ ਦੌਰਾਨ ਉਨ੍ਹਾਂ ਪੁਸਤਕ ਪ੍ਰਦਰਸ਼ਨੀ ਦਾ ਵੀ ਉਦਘਾਟਨ ਕੀਤਾ। ਇਸ ਤੋਂ ਪਹਿਲਾਂ ਕੂੰਜੀਵਤ ਭਾਸ਼ਣ ਦਿੰਦਿਆਂ ਸ਼੍ਰੋਮਣੀ ਪੰਜਾਬੀ ਅਲੋਚਕ ਡਾ. ਸੁਰਜੀਤ ਸਿੰਘ ਭੱਟੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪੰਜਾਬੀ ਭਾਸ਼ਾ ਦੀ ਬਿਹਤਰੀ ਲਈ ਕੰਮ ਰਹੇ ਭਾਸ਼ਾ ਵਿਭਾਗ ਤੇ ਪੰਜਾਬੀ ਯੂਨੀਵਰਸਿਟੀ ਤੋਂ ਇਲਾਵਾ ਹੋਰ ਯੂਨੀਵਰਸਿਟੀਆਂ ਤੇ ਸੰਸਥਾਵਾਂ ਦੇ ਆਪਸੀ ਤਾਲਮੇਲ ਨਾਲ ਇੱਕ ਕੇਂਦਰ ਬਣਾਇਆ ਜਾਵੇ।
ਜਦੋਂਕਿ ਭਾਸ਼ਾ ਵਿਭਾਗ ਦੀ ਡਾਇਰੈਕਟਰ ਕਰਮਜੀਤ ਕੌਰ ਨੇ ਦੱਸਿਆ ਕਿ ਭਾਸ਼ਾ ਵਿਭਾਗ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਹਿਲਕਦਮੀ ਅਤੇ ਭਾਸ਼ਾ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਦੀ ਸਰਪ੍ਰਸਤੀ ਹੇਠਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਨਮੁੱਖ ਹੋਏ ਸਮਾਗਮਾਂ ਦੌਰਾਨ ਪੁਸਤਕਾਂ ਪ੍ਰਕਾਸ਼ਤ ਕਰਨ ਸਮੇਤ ਹੋਰ ਵੀ ਵਿਸ਼ੇਸ਼ ਸਮਾਗਮ ਕੀਤੇ। ਇਸ ਮੌਕੇ ਆਈ.ਜੀ. ਪੀਏਪੀ ਐਮ.ਐਫ. ਫਾਰੂਕੀ, ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਐਸ.ਐਸ.ਪੀ. ਵਿਕਰਮਜੀਤ ਦੁੱਗਲ, ਏਡੀਸੀ (ਡੀ) ਡਾ. ਪ੍ਰੀਤੀ ਯਾਦਵ, ਬਾਜਵਾ ਦੇ ਓ.ਐਸ.ਡੀ. ਗੁਰਦਰਸ਼ਨ ਸਿੰਘ ਬਾਹੀਆ, ਡਾ. ਦੀਪਕ ਮਨਮੋਹਨ ਸਿੰਘ, ਪੰਮੀ ਬਾਈ, ਡਾ. ਤੇਜਵੰਤ ਮਾਨ, ਡਾ. ਕੁਲਵੰਤ ਗਰੇਵਾਲ, ਡਾ. ਦਰਸ਼ਨ ਸਿੰਘ ਆਸ਼ਟ ਸਣੇ ਵੱਡੀ ਗਿਣਤੀ ਹੋਰ ਸਾਹਿਤਕਾਰ ਮੌਜੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.