ਪਾਵਰਕੌਮ ਨੂੰ ਰਾਹਤ, 3 ਹਜ਼ਾਰ ਮੈਗਾਵਾਟ ਤੋਂ ਜ਼ਿਆਦਾ ਡਿੱਗੀ ਬਿਜਲੀ ਦੀ ਮੰਗ | Government Thermals
- ਸਰਕਾਰੀ ਥਰਮਲਾਂ ਦੇ 2 ਜਦੋਂਕਿ ਪ੍ਰਾਈਵੇਟ ਥਰਮਲਾਂ ਦੇ 7 ਯੂਨਿਟ ਚਾਲੂ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਅੰਦਰ ਕਈ ਥਾਈਂ ਮੀਂਹ ਪੈਣ ਤੋਂ ਬਾਅਦ ਸਿਖਰ ਚੜ੍ਹੀ ਬਿਜਲੀ ਦੀ ਮੰਗ 3 ਹਜ਼ਾਰ ਮੈਗਾਵਾਟ ਤੋਂ ਵੱਧ ਘੱਟ ਗਈ ਹੈ, ਜਿਸ ਨਾਲ ਕਿ ਪਾਵਰਕੌਮ ਨੂੰ ਸੁੱਖ ਦਾ ਸਾਹ ਆਇਆ ਹੈ। ਬਿਜਲੀ ਦੀ ਮੰਗ ਘਟਣ ਤੋਂ ਬਾਅਦ ਪਾਵਰਕੌਮ ਵੱਲੋਂ ਆਪਣੇ ਸਰਕਾਰੀ ਥਰਮਲਾਂ ਦੇ 5 ਯੂਨਿਟ ਬੰਦ ਕਰ ਦਿੱਤੇ ਗਏ ਹਨ। ਅਗਲੇ ਦਿਨਾਂ ਦੌਰਾਨ ਹੋਰ ਮੀਂਹ ਪੈਣ ਕਾਰਨ ਬਿਜਲੀ ਦੀ ਮੰਗ ਹੋਰ ਹੇਠਾ ਆਉਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਇਕੱਤਰ ਹੋਏ ਵੇਰਵਿਆ ਮੁਤਾਬਿਕ ਅੱਜ ਬਿਜਲੀ ਦੀ ਮੰਗ 12 ਹਜ਼ਾਰ ਮੈਗਾਵਾਟ ਤੇ ਆਸ-ਪਾਸ ਹੀ ਰਹੀ ਹੈ ਜਦੋਂ ਕਿ 23 ਜੂਨ ਨੂੰ ਬਿਜਲੀ ਦੀ ਮੰਗ 15325 ਮੈਗਾਵਾਟ ਦੇ ਰਿਕਾਰਡ ਪੱਧਰ ’ਤੇ ਪੁੱਜ ਗਈ ਸੀ। ਉਂਜ ਅਜੇ ਪੰਜਾਬ ਦੇ ਕੁਝ ਹਿੱਸਿਆਂ ਅੰਦਰ ਹੀ ਮੀਂਹ ਪਿਆ ਹੈ, ਜਿਸ ਤੋਂ ਬਾਅਦ ਮੰਗ ਵਿੱਚ ਆਈ ਗਿਰਾਵਟ ਕਾਰਨ ਪਾਵਰਕੌਮ ਨੇ ਆਪਣੇ ਸਰਕਾਰੀ ਰੋੋਪੜ ਥਰਮਲ ਪਲਾਂਟ ਦੇ 3 ਯੂਨਿਟ ਬੰਦ ਕਰ ਦਿੱਤੇ ਗਏ ਹਨ ਜਦੋਂਕਿ ਇੱਕ ਯੂਨਿਟ ਤੋਂ ਸਿਰਫ਼ 165 ਮੈਗਾਵਾਟ ਹੀ ਬਿਜਲੀ ਉਤਪਾਦਨ ਹੋ ਰਿਹਾ ਹੈ।
ਇਹ ਵੀ ਪੜ੍ਹੋ : ਅਗਲੇ 24 ਘੰਟਿਆਂ ’ਚ ਭਾਰੀ ਮੀਂਹ ਦਾ ਅਲਰਟ
ਇਸ ਤੋਂ ਇਲਾਵਾ ਲਹਿਰਾ ਮਹੁੱਬਤ ਥਰਮਲ ਪਲਾਂਟ ਦੇ 2 ਯੂਨਿਟ ਬੰਦ ਕਰ ਦਿੱਤੇ ਗਏ ਹਨ, ਜਦੋਂਕਿ ਇੱਕ ਯੂਨਿਟ ਪਿਛਲੇ ਸਾਲ ਈਐੱਸਪੀ ਡਿੱਗਣ ਕਾਰਨ ਬੰਦ ਪਿਆ ਹੈ। ਇਸ ਥਮਰਲ ਪਲਾਂਟ ਦਾ ਵੀ ਇੱਕ ਯੁੂਨਿਟ ਚਾਲੂ ਹੈ, ਜਿੱਥੋਂ ਕਿ 165 ਮੈਗਾਵਾਟ ਬਿਜਲੀ ਉਤਪਦਾਨ ਹੋ ਰਿਹਾ ਹੈ। ਜੇਕਰ ਪ੍ਰਾਈਵੇਟ ਥਰਮਲ ਪਲਾਂਟਾਂ ਦੀ ਗੱਲ ਕੀਤੀ ਜਾਵੇ ਤਾ ਇਨ੍ਹਾਂ ਦੇ ਸਾਰੇ ਯੂਨਿਟ ਹੀ ਚਾਲੂ ਹਨ। ਰਾਜਪੁਰਾ ਥਰਮਲ ਪਲਾਂਟ ਦੇ ਦੋਵੇਂ ਯੂਨਿਟਾਂ ਤੋਂ 1328 ਮੈਗਾਵਾਟ ਬਿਜਲੀ ਉਤਪਦਾਨ ਹੋ ਰਿਹਾ ਹੈ, ਜਦੋਂਕਿ ਤਲਵੰਡੀ ਸਾਬੋਂ ਥਰਮਲ ਪਲਾਂਟ ਦੇ ਤਿੰਨੋਂ ਯੂਨਿਟਾਂ ਤੋਂ 1530 ਮੈਗਾਵਾਟ ਬਿਜਲੀ ਉਤਪਦਾਨ ਹੋ ਰਿਹਾ ਹੈ।
ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ ਦੋਵੇਂ ਯੂਨਿਟ ਚਾਲੂ ਹਨ, ਇੱਥੋਂ 300 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ। ਸਰਕਾਰੀ ਥਰਮਲ 327 ਮੈਗਾਵਾਟ ਹੀ ਬਿਜਲੀ ਪੈਦਾ ਕਰ ਰਹੇ ਹਨ, ਜਦੋਂਕਿ ਪ੍ਰਾਈਵੇਟ ਥਰਮਲ 3155 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ। ਪਾਵਰਕੌਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੱਦਲਵਾਈ ਅਤੇ ਕਈ ਇਲਾਕਿਆਂ ਵਿੱਚ ਮੀਂਹ ਪੈਣ ਤੋਂ ਬਾਅਦ ਡਿਮਾਂਡ ਡਿੱਗ ਗਈ, ਜਿਸ ਕਾਰਨ ਸਰਕਾਰੀ ਥਰਮਲਾਂ ਦੇ ਯੂਨਿਟ ਬੰਦ ਕਰ ਦਿੱਤੇ ਹਨ।
ਝੋਨੇ ਲਈ ਬਿਜਲੀ ਸਪਲਾਈ ਤੋਂ ਕਿਸਾਨ ਬਾਗੋ-ਬਾਗ | Government Thermals
ਇੱਧਰ ਕਿਸਾਨਾਂ ਨੂੰ ਝੋਨੇ ਲਈ ਬਿਜਲੀ ਸਪਲਾਈ ਅੱਠ ਘੰਟਿਆਂ ਤੋਂ ਵੀ ਵੱਧ ਦਿੱਤੀ ਜਾ ਰਹੀ ਹੈ। ਕਿਸਾਨਾਂ ਨੂੰ ਟਿਊਬਵੈੱਲਾਂ ਲਈ ਮਿਲ ਰਹੀ ਨਿਰਵਿਘਨ ਬਿਜਲੀ ਸਪਲਾਈ ਤੋਂ ਉਹ ਬਾਗੋ-ਬਾਗ ਹਨ। ਕਿਸਾਨਾਂ ਨੇ ਦੱਸਿਆ ਕਿ ਅੱਠ ਘੰਟੇ ਤਾਂ ਬਿਜਲੀ ਮਿਲ ਹੀ ਰਹੀ ਹੈ ਅਤੇ ਕਈ ਵਾਰ ਸਮੇਂ ਤੋਂ ਪਹਿਲਾਂ ਹੀ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਤਕਨੀਕੀ ਨੁਕਸ ਆ ਜਾਂਦਾ ਹੈ ਤਾਂ ਉਹ ਪਿਛਲਾ ਸਮਾਂ ਵੀ ਪੂਰਾ ਕੀਤਾ ਜਾ ਰਿਹਾ ਹੈ। ਕਿਸਾਨ ਰਾਜ ਸਿੰਘ ਅਤੇ ਗੁਰਦੀਪ ਸਿੰਘ ਨੇ ਦੱਸਿਆ ਕਿ ਝੋਨੇ ਲਈ ਪੂਰੀ ਬਿਜਲੀ ਮਿਲਣ ਕਾਰਨ ਪੂਸਾ ਝੋਨੇ ਦਾ ਕੰਮ ਲਗਭਗ ਮੁਕੰਮਲ ਹੋਣ ਵਾਲਾ ਹੈ ਜਦੋਂ ਕਿ ਲੇਟ ਲੱਗਣ ਵਾਲੀਆਂ ਝੋਨੇ ਦੀਆਂ ਕਿਸਮਾਂ ਦਾ ਕੰਮ ਹੀ ਬਾਕੀ ਰਹਿ ਜਾਵੇਗਾ।