ਜ਼ਿਲਾ ਪ੍ਰਬੰਧਕੀ ਕੰਪਲੈਕਸ ’ਚ ਲਗਾਈ ਸਟੇਜ; ਕੈਬਨਿਟ ਮੰਤਰੀ ਨੂੰ ਮੰਗਾਂ ਦੇ ਹੱਲ ਲੲਂ 2 ਵਜੇ ਤੱਕ ਦਾ ਦਿੱਤਾ ਅਲਟੀਮੇਟਮ
- ਸੰਘਰਸ਼ੀ ਅਧਿਆਪਕਾਂ ਦੇ ਕਈ ਸਾਲਾਂ ਤੋਂ ਰੋਕੇ ਪੈਡਿੰਗ ਰੈਗੂਲਰ ਪੱਤਰ ਜਾਰੀ ਕਰਨ ਅਤੇ ਪੁਲਿਸ ਕੇਸ ਰੱਦ ਕਰਨ ਦੀ ਕੀਤੀ ਮੰਗ
(ਜਸਵੀਰ ਸਿੰਘ ਗਹਿਲ/ਰਜਿੰਦਰ ਸ਼ਰਮਾ) ਬਰਨਾਲਾ। ਦੋ ਅਧਿਆਪਕਾਂ ਦੇ ਰੋਕੇ ਗਏ ਰੈਗੂਲਰ ਆਰਡਰ ਜਾਰੀ ਕਰਵਾਉਣ ਅਤੇ 59 ਅਧਿਆਪਕਾਂ ’ਤੇ ਦਰਜ ਪੁਲਿਸ ਕੇਸ ਰੱਦ ਕਰਵਾਉਣ ਸਮੇਤ ਹੋਰ ਮੰਗਾਂ ਨੂੰ ਲੈ ਕੇ ਸੂਬੇ ਭਰ ਦੇ ਅਧਿਆਪਕਾਂ ਨੇ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਸੂਬਾ ਪੱਧਰੀ ‘ਇਨਸਾਫ਼ ਕਰੋ ਰੈਲੀ’ ਕੀਤੀ ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ 2 ਵਜੇ ਤੱਕ ਦਾ ਅਲਟੀਮੇਟਮ ਦੇ ਕੇ ਮੰਗਾਂ ਦਾ ਹੱਲ ਕਰਨ ਦੀ ਚੇਤਾਵਨੀ ਦਿੱਤੀ।
ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਮੁਕੇਸ ਕੁਮਾਰ ਅਤੇ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਜਿੱਥੇ ਸਾਲ 2012 ’ਚ ਅਕਾਲੀ ਸਰਕਾਰ ਨੇ ਪੱਕੇ ਰੁਜਗਾਰ ਦੀ ਮੰਗ ਕਰ ਰਹੇ ਅਧਿਆਪਕਾਂ ’ਤੇ ਪੁਲਿਸ ਅਤੇ ਗੁੰਡਿਆਂ ਵੱਲੋਂ ਕੋਠਾ ਗੁਰੂ ਵਿਖੇ ਲਾਠੀਚਾਰਜ ਕਰਵਾ ਕੇ 59 ਅਧਿਆਪਕਾਂ ਉੱਪਰ ਝੂਠਾ ਪੁਲਿਸ ਕੇਸ ਦਰਜ ਕੀਤਾ ਗਿਆ, ਉੱਥੇ ਹੀ ਇਸ ਭਿਆਨਕ ਕਾਰੇ ਦੀ ਨਿਖੇਧੀ ਕਰਨ ਵਾਲੀ ਕਾਂਗਰਸ ਪਾਰਟੀ ਨੇ ਨਾ ਸਿਰਫ ਆਪਣੇ ਪੰਜ ਸਾਲ ਦੇ ਕਾਰਜਕਾਲ ਦੌਰਾਨ ਇਹਨਾਂ ਅਧਿਆਪਕਾਂ ਨੂੰ ਪਰਚਿਆਂ ਤੋਂ ਮੁਕਤ ਕਰਨ ਤੋਂ ਪਾਸਾ ਵੱਟੀ ਰੱਖਿਆ, ਸਗੋਂ ਇਨਾਂ ’ਚੋਂ ਦੋ ਸੰਘਰਸ਼ੀ ਅਧਿਆਪਕਾਂ ਦੇ ਰੈਗੂਲਰ ਆਰਡਰ ਗਿਣੀ ਮਿੱਥੀ ਸਾਜ਼ਿਸ਼ ਤਹਿਤ ਰੋਕ ਲਏ ਗਏ ਤੇ ਹਰਿੰਦਰ ਸਿੰਘ ਨੂੰ 8886 ਅਧਿਆਪਕਾਂ ਦੀ ਸਾਲ 2018 ’ਚ ਹੋਈ ਤਨਖਾਹ ਕਟੌਤੀ ਉਪਰੰਤ ਮਿਲਦੀ ਨਿਗੂਣੀ ਤਨਖਾਹ ਵੀ ਪਿਛਲੇ 14 ਮਹੀਨਿਆਂ ਤੋਂ ਨਹੀਂ ਦਿੱਤੀ।
ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਜਗਪਾਲ ਬੰਗੀ ਅਤੇ ਬੇਅੰਤ ਸਿੰਘ ਫੂਲੇਵਾਲ ਨੇ ਕਿਹਾ ਕਿ ਸਿੱਖਿਆ ਦੇ ਖੇਤਰ ’ਚ ਸੁਧਾਰ ਦੇ ਦਾਅਵੇ ਨਾਲ ਸੱਤਾ ’ਚ ਆਈ ‘ਆਪ‘ ਸਰਕਾਰ ਵੱਲੋਂ ਵੀ ਨਾ ਅਧਿਆਪਕ ਆਗੂ ਹਰਿੰਦਰ ਪਟਿਆਲਾ ਅਤੇ ਮੈਡਮ ਨਵਲਦੀਪ ਸ਼ਰਮਾ ਨੂੰ ਇਨਸਾਫ ਦਿੱਤਾ ਗਿਆ ਅਤੇ ਨਾ ਹੀ ਪਿਛਲੀਆਂ ਸਰਕਾਰਾਂ ਦੁਆਰਾ ਸੰਘਰਸ਼ਾਂ ਦੌਰਾਨ ਕੀਤੀਆਂ ਅਧਿਆਪਕਾਂ ਦੀਆਂ ਹੋਰ ਵਿਕਟੇਮਾਈਜੇਸਨਾਂ ਰੱਦ ਕਰਨ ਵੱਲ ਕੋਈ ਕਦਮ ਪੁੱਟਿਆ ਹੈ ਜਦੋਂਕਿ ਕਿ ਸਿੱਖਿਆ ਮੰਤਰੀ ਤੱਕ ਕਈ ਵਾਰੀ ਪਹੁੰਚ ਵੀ ਕੀਤੀ ਗਈ।
ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਅਧਿਆਪਕਾਂ ਨੂੰ ਪੁਲਿਸ ਨੇ ਰੋਕਿਆ
ਆਗੂਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਾਂਗ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਲਾਰੇਹੱਥੀ ਸਾਬਤ ਹੋਈ ਹੈ। ਜਿਸ ਨੂੰ ਅਧਿਆਪਕਾਂ ਦੀਆਂ ਮੰਗਾਂ ਨੂੂੰ ਲੈ ਕੇ ਕੋਈ ਵੀ ਦਿਲਚਸਪੀ ਨਹੀਂ ਦਿਖਾਈ। ਜਦੋਂਕਿ ਉਨਾਂ ਵੱਲੋਂ ਪਹਿਲਾਂ ਹੀ ਡੀਟੀਐੱਫ ਦੀ ਅਗਵਾਈ ਹੇਠ ਸਿੱਖਿਆ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਨੂੰ ਚੇਤਾਵਨੀ ਦਾ ਨੋਟਿਸ ਦਿੱਤਾ ਜਾ ਚੁੱਕਿਆ ਹੈ। ਆਗੂਆਂ ਵੱਲੋਂ ਸਿੱਖਿਆ ਮੰਤਰੀ ਨੂੰ 2 ਵਜੇ ਤੱਕ ਦਾ ਸਮਾਂ ਦੇ ਕੇ ਅਧਿਆਪਕ ਮੰਗਾਂ ਦਾ ਹੱਲ ਕਰਨ ਦਾ ਅਲਟੀਮੇਟਮ ਦਿੱਤਾ ਗਿਆ ਸੀ। ਪਰ ਮਿੱਥੇ ਸਮੇਂ ਤੱਕ ਹੱਲ ਨਾ ਹੋਣ ’ਤੇ ਅਧਿਆਪਕਾਂ ਨੇ ਸਿੱਖਿਆ ਮੰਤਰੀ ਦੀ ਰਿਹਾਇਸ ਵੱਲ ਕੂਚ ਕੀਤਾ ਤੇ ਸਿੱਖਿਆ ਮੰਤਰੀ ਦੀ ਰਿਹਾਇਸ਼ ਨੇੜੇ ਪੁਲਿਸ ਵੱਲੋਂ ਰੋਕੇ ਜਾਣ ’ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਖ਼ਬਰ ਲਿਖੇ ਜਾਣ ਤੱਕ ਅਧਿਆਪਕਾਂ ਵੱਲੋਂ ਪ੍ਰਬੰਧਕੀ ਕੰਪਲੈਕਸ ਵਿਖੇ ਹੀ ਰੋਸ ਜਤਾਇਆ ਜਾ ਰਿਹਾ ਸੀ। ਇਸ ਮੌਕੇ ਉਕਤ ਤੋਂ ਇਲਾਵਾ ਡੀਐਮਐਫ਼ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਤੇ ਹਰਦੀਪ ਟੋਡਰਪੁਰ, ਦਿੱਲੀ ਕਿਸਾਨ ਮੋਰਚੇ ਦੇ ਨਿਰਭੈ ਸਿੰਘ ਢੁੱਡੀਕੇ (ਕਿਰਤੀ ਕਿਸਾਨ ਯੂਨੀਅਨ), ਮਨਜੀਤ ਸਿੰਘ ਧਨੇਰ (ਭਾਕਿਯੂ ਡਕੌਂਦਾ), ਹਰਭਜਨ ਸਿੰਘ ਬੁੱਟਰ (ਕ੍ਰਾਂਤੀਕਾਰੀ ਕਿਸਾਨ ਯੂਨੀਅਨ) ਅਤੇ ਗੁਰਜੰਟ ਸਿੰਘ ਮਾਨਸਾ (ਪੰਜਾਬ ਕਿਸਾਨ ਯੂਨੀਅਨ) ਤੋਂ ਇਲਾਵਾ ਈਜੀਐੱਸ ਵਲੰਟੀਅਰ ਟੀਚਰਜ ਯੂਨੀਅਨ ਦੇ ਗੁਰਜੀਤ ਉੱਗੋਕੇ, ਮਜਦੂਰ ਅਧਿਕਾਰ ਅੰਦੋਲਨ ਦੇ ਆਗੂ ਅੰਤਰਜਾਮੀ ਸਿੰਘ, ਰਘਬੀਰ ਸਿੰਘ ਭਵਾਨੀਗੜ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਕੁਲਵਿੰਦਰ ਜੋਸਨ, ਪਵਨ ਕੁਮਾਰ ਮੁਕਤਸਰ, ਰੁਪਿੰਦਰ ਸਿੰਘ ਗਿੱਲ, ਸੁਖਦੇਵ ਡਾਨਸੀਵਾਲ ਨੇ ਵੀ ਸੰਬੋਧਨ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ