ਵਿਸ਼ੇਸ ਜਾਚ ਟੀਮ ਬਣਾ ਕੇ ਦੋਸ਼ੀਆਂ ਨੂੰ ਕੀਤਾ ਜਾਵੇ ਗਿ੍ਰਫਤਾਰ: ਡੀਟੀਐੱਫ
ਇਲਾਜ਼ ਦਾ ਖਰਚਾ ਅਤੇ ਪਰਿਵਾਰ ਨੂੰ ਮਾਲੀ ਸਹਾਇਤਾ ਦੇਣ ਦੀ ਵੀ ਕੀਤੀ ਮੰਗ
(ਸੱਚ ਕਹੂੰ ਨਿਊਜ) ਪਟਿਆਲਾ। ਬੀਤੀ 10 ਫਰਵਰੀ ਨੂੰ ਆਦਰਸ ਸੀਨੀਅਰ ਸੈਕੰਡਰੀ ਸਕੂਲ ਬਾਲਦ ਖੁੁਰਦ, ਭਵਾਨੀਗੜ੍ਹ ਦੇ ਸਰੀਰਕ ਸਿੱਖਿਆ ਅਧਿਆਪਕ ਪ੍ਰਦੀਪ ਸਿੰਘ ਉਪਰ ਪਟਿਆਲੇ ਜ਼ਿਲ੍ਹੇ ਦੇ ਪਿੰਡ ਫਤਹਿਗਡ੍ਹ ਛੰਨਾ ਨੇੜੇ ਗੁੰਡਾ ਤੇ ਸ਼ਰਾਰਤੀ ਕਿਸਮ ਦੇ ਗਰੁੱਪ, ਜਿਸ ਵਿੱਚ ਸਬੰਧਿਤ ਸਕੂਲ ਦੇ ਹੀ ਕੁੱਝ ਵਿਦਿਆਰਥੀ ਵੀ ਸ਼ਾਮਲ ਸੀ, ਵੱਲੋਂ ਬੇਰਹਿਮੀ ਨਾਲ ਜਾਨਲੇਵਾ ਹਮਲਾ (Attack on Teacher) ਕਰਕੇ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਸੀ, ਜੋ ਕਿ ਸਥਾਨਕ ਅਮਰ ਹਸਪਤਾਲ ਵਿਖੇ ਬਹੁਤ ਗੰਭੀਰ ਹਾਲਤ ਵਿੱਚ ਜੇਰੇ ਇਲਾਜ ਹੈ। ਡੈਮੋਕ੍ਰੈਟਿਕ ਟੀਚਰਜ਼ ਫਰੰਟ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਉਠਾਣ ਪਿੱਛੋਂ ਜਿਥੇ ਦੋਸ਼ੀਆਂ ਖਿਲਾਫ ਇਰਾਦਾ ਕਤਲ ਦਾ ਮੁਕੱਦਮਾ ਤਾਂ ਦਰਜ ਹੋ ਗਿਆ ਹੈ, ਪ੍ਰੰਤੂ ਹਾਲੇ ਵੀ ਪੁਲਿਸ ਪ੍ਰਸ਼ਾਸ਼ਨ ਵਲੋਂ ਦੋਸ਼ੀਆਂ ਨੂੰ ਗਿ੍ਰਫਤਾਰ ਕਰਨ ਵਿੱਚ ਕੀਤੀ ਜਾ ਰਹੀ ਢਿੱਲ ਮੱਠ ਸਵਾਲਾਂ ਦੇ ਘੇਰੇ ਵਿੱਚ ਹੈ।
ਡੈਮੋਕ੍ਰੈਟਿਕ ਟੀਚਰਜ਼ ਫਰੰਟ ਵੱਲੋਂ ਮਾਮਲੇ ਦੀ ਅਗਲੇਰੀ ਕਾਰਵਾਈ ਹਿੱਤ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਿਲ੍ਹਾ ਪ੍ਰਧਾਨ ਅਤਿੰਦਰਪਾਲ ਘੱਗਾ ਅਤੇ ਆਦਰਸ਼ ਸਕੂਲ ਅਧਿਆਪਕਾਂ ਦੇ ਆਗੂ ਵਰਿੰਦਰਜੀਤ ਸਿੰਘ ਤੇ ਲਵਪ੍ਰੀਤ ਸ਼ਰਮਾ ਦੀ ਅਗਵਾਈ ਵਿੱਚ ਪਟਿਆਲਾ ਪ੍ਰਸ਼ਾਸ਼ਨ ਨੂੰ ਏ.ਡੀ.ਸੀ. ਗੁਰਪ੍ਰੀਤ ਸਿੰਘ ਥਿੰਦ ਅਤੇ ਐੱਸ.ਪੀ.ਸਿਟੀ ਪਟਿਆਲਾ ਹਰਪਾਲ ਸਿੰਘ ਰਾਹੀਂ ਮੰਗ ਪੱਤਰ ਦਿੰਦੇ ਹੋਏ, ਦੋਸ਼ੀਆਂ ਨੂੰ ਫੌਰੀ ਗਿ੍ਰਫਤਾਰ ਕਰਨ ਅਤੇ ਹਮਲੇ ਵਿੱਚ ਸਿੱਧੇ ਤੇ ਅਸਿੱਧੇ ਤੌਰ ’ਤੇ ਸ਼ਾਮਲ ਸਮੂਹ ਵਿਅਕਤੀਆਂ ’ਤੇ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣ ਲਈ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰਨ ਦੀ ਮੰਗ ਕੀਤੀ ਗਈ।
ਇਸ ਤੋਂ ਇਲਾਵਾ ਅਧਿਆਪਕ ਪ੍ਰਦੀਪ ਸਿੰਘ ਦੇ ਇਲਾਜ ’ਤੇ ਹੋਣ ਵਾਲਾ ਸਾਰਾ ਖਰਚ ਪੰਜਾਬ ਸਰਕਾਰ ਅਤੇ ਪਟਿਆਲਾ ਪ੍ਰਸ਼ਾਸ਼ਨ ਵੱਲੋਂ ਹੀ ਕਰਨ ਅਤੇ ਪੀੜਤ ਪਰਿਵਾਰ ਨੂੰ ਆਰਥਿਕ ਪੱਖੋ ਢੁੱਕਵੀਂ ਸਹਾਇਤਾ ਰਾਸ਼ੀ ਵੀ ਜਾਰੀ ਕਰਨ ਦੀ ਮੰਗ ਨੂੰ ਠੋਸ ਢੰਗ ਨਾਲ ਉਠਾਇਆ ਗਿਆ। ਮੰਗ ਪੱਤਰ ਦੇਣ ਉਪਰੰਤ ਜਥੇਬੰਦੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਸ ਮਾਮਲੇ ਵਿੱਚ ਇਨਸਾਫ ਨਾ ਮਿਲਿਆ ਤਾਂ ਜਲਦ ਇਸ ਮਾਮਲੇ ਨੂੰ ਲੈ ਕੇ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਕੰਪਿਊਟਰ ਅਧਿਆਪਕ ਕਮੇਟੀ ਦੇ ਸੂਬਾ ਆਗੂ ਪਰਮਵੀਰ ਸਿੰਘ, ਯਾਦਵਿੰਦਰ ਸਿੰਘ, ਸਲੀਮ ਮੁਹੰਮਦ, ਸੰਦੀਪ ਸਿੰਘ, ਭਗਵੰਤ ਸਿੰਘ, ਰਣਦੀਪ ਸਿੰਘ, ਓਂਕਾਰ ਸਿੰਘ, ਅਜੀਤ ਪਾਲ ਸਿੰਘ ਅਤੇ ਗਗਨਦੀਪ ਸਿੰਘ ਵੀ ਮੌਜ਼ੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ