ਡੈਲਟਾ ਅਤੇ ਸਾਵਧਾਨੀਆਂ

ਡੈਲਟਾ ਅਤੇ ਸਾਵਧਾਨੀਆਂ

ਦੇਸ਼ ਦੇ 10 ਸੂਬਿਆਂ ’ਚ ਕੋਰੋਨਾ ਵਾਇਰਸ ਦਾ ਡੈਲਟਾ ਵੈਰੀਅੰਟ ਮਿਲਣ ਕਾਰਨ ਸਥਿਤੀ ਚਿੰਤਾ ਵਾਲੀ ਬਣ ਗਈ ਹੈ ਭਾਵੇਂ ਦੇਸ਼ ਮਹਾਂਮਾਰੀ ਦੀ ਦੂਜੀ ਲਹਿਰ ਦੇ ਸਿਖ਼ਰ ਤੋਂ ਬਾਅਦ ਅਨਲਾਕ ਵੱਲ ਵਧ ਰਿਹਾ ਹੈ ਪਰ ਇਸ ਦੌਰਾਨ ਡੈਲਟਾ ਦੀ ਪੁਸ਼ਟੀ ਗੰਭੀਰਤਾ ਵਰਤਣ ਦਾ ਸੰਦੇਸ਼ ਦੇ ਰਹੀ ਹੈ ਕੇਂਦਰ ਸਰਕਾਰ ਨੇ ਸਬੰਧਿਤ ਸੂਬਿਆਂ ਨੂੰ ਨਵੀਆਂ ਸੇਧਾਂ ਜਾਰੀ ਕਰ ਦਿੱਤੀਆਂ ਹਨ ਡੈਲਟਾ ਵਾਇਰਸ ਦੇ ਤੇਜ਼ੀ ਨਾਲ ਫੈਲਣ ਦੇ ਖੁਲਾਸਿਆਂ ਕਾਰਨ ਸਰਕਾਰਾਂ ਦੇ ਨਾਲ-ਨਾਲ ਆਮ ਜਨਤਾ ਨੂੰ ਸੁਚੇਤ ਹੋਣਾ ਪਵੇਗਾ

ਜਿਨ੍ਹਾਂ ਸੂਬਿਆਂ ’ਚ ਡੈਲਟਾ ਮਿਲਿਆ ਹੈ ਉਹਨਾਂ ’ਚ ਸਭ ਤੋਂ ਵੱਧ ਪ੍ਰਭਾਵਿਤ ਮਹਾਂਰਾਸ਼ਟਰ ਤੇ ਪੰਜਾਬ ਵੀ ਸ਼ਾਮਲ ਹਨ ਖਾਸ ਕਰਕੇ ਪੰਜਾਬ ਮੌਤ ਦਰ ਲਈ ਪੂਰੇ ਦੇਸ਼ ਵਿੱਚ ਸਿਖ਼ਰ ’ਤੇ ਰਹਿ ਚੁੱਕਾ ਹੈ ਅਜਿਹੇ ਹਾਲਾਤਾਂ ’ਚ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਖ਼ਤਰਨਾਕ ਸਾਬਤ ਹੋ ਸਕਦੀ ਹੈ ਦਰਅਸਲ ਸਰਕਾਰਾਂ ਦੇ ਨਾਲ-ਨਾਲ ਆਮ ਲੋਕਾਂ ਦੀ ਮਾਨਸਿਕਤਾ ਲਾਪਰਵਾਹੀ ਭਰੀ ਹੈ

ਦੂਜੀ ਲਹਿਰ ਇਸੇ ਲਾਪ੍ਰਵਾਹੀ ਦਾ ਹੀ ਨਤੀਜਾ ਹੈ ਜਨਵਰੀ-ਫਰਵਰੀ ’ਚ ਕੇਸਾਂ ’ਚ ਗਿਰਾਵਟ ਆਉਣ ਤੋਂ ਬਾਅਦ ਸਰਕਾਰਾਂ, ਸਿਆਸੀ ਪਾਰਟੀਆਂ ਤੇ ਆਮ ਜਨਤਾ ਨੇ ਲਾਪ੍ਰਵਾਹੀ ਦੀ ਕੋਈ ਕਸਰ ਨਹੀਂ ਛੱਡੀ ਸੀ ਚੋਣ ਰੈਲੀਆਂ ਤੋਂ ਲੈ ਕੇ ਬਾਜ਼ਾਰ ’ਚ ਭੀੜ-ਭੜੱਕਾ ਤੇ ਮਾਸਕ ਨਾ ਪਹਿਨਣ ਵਰਗੀਆਂ ਲਾਪ੍ਰਵਾਹੀਆਂ ਕਾਰਨ ਕੋਰੋਨਾ ਦੀ ਦੂਜੀ ਲਹਿਰ ਅਜਿਹੀ ਆਈ ਕਿ ਹਸਪਤਾਲਾਂ ’ਚ ਆਕਸੀਜਨ ਤੇ ਵੈਂਟੀਲੇਟਰਾਂ ਦੀ ਭਾਰੀ ਕਮੀ ਪੈ ਗਈ

ਮਰੀਜ਼ਾਂ ਦੀਆਂ ਧੜਾਧੜ ਮੌਤਾਂ ਹੋਈਆਂ ਮਰੀਜ਼ਾਂ ਦਾ ਰੋਜ਼ਾਨਾ ਦਾ ਅੰਕੜਾ ਚਾਰ ਲੱਖ ਨੂੰ ਪਾਰ ਕਰ ਗਿਆ ਸੀ ਪੂਰੀ ਦੁਨੀਆਂ ’ਚ ਇਹਨਾਂ ਲਾਪ੍ਰਵਾਹੀਆਂ ਕਾਰਨ ਦੇਸ਼ ਦੀ ਬਦਨਾਮੀ ਹੋਈ ਤੇ ਜਿਹੜੇ ਦੇਸ਼ਾਂ ਦੀ ਅਸੀਂ ਮੱਦਦ ਕਰਦੇ ਰਹੇ ਸਾਂ ਉਹਨਾਂ ਦੇਸ਼ਾਂ ਨੇ ਸਾਨੂੰ ਮੱਦਦ ਦੇਣੀ ਸ਼ੁਰੂ ਕੀਤੀ ਜਿੱਥੋਂ ਤੱਕ ਤੀਜੀ ਲਹਿਰ ਦਾ ਸਬੰਧ ਹੈ ਇਸ ਬਾਰੇ ਅਜੇ ਕੁਝ ਵੀ ਕਹਿਣਾ ਮੁਸ਼ਕਲ ਹੈ ਪਰ ਲੋੜ ਇਸੇ ਗੱਲ ਦੀ ਹੈ ਕਿ ਤੀਜੀ ਲਹਿਰ ਦੀ ਉਡੀਕ ਕਰਨ ਦੀ ਬਜਾਇ ਸਾਵਧਾਨੀਆਂ ਨੂੰ ਆਪਣੀ ਜ਼ਿੰਦਗੀ ਦਾ ਅਟੁੱਟ ਹਿੱਸਾ ਬਣਾਈਏ ਸਰਕਾਰਾਂ ਨੂੰ ਟੈਸਟਿੰੰਗ ਬਰਕਰਾਰ ਰੱਖਣੀ ਪਵੇਗੀ

ਦੂਜੀ ਲਹਿਰ ਕਮਜ਼ੋਰ ਪੈਣ ਤੋਂ ਬਾਦ ਕਈ ਸੂਬਿਆਂ ਨੇ ਟੈਸਟਿੰਗ ਬਹੁਤ ਘਟਾ ਦਿੱਤੀ ਸੀ ਦੂਜੀ ਲਹਿਰ ਗਿਰਾਵਟ ਵੱਲ ਹੈ ਪਰ ਆਪਣੇ ਇਸ ਦੌਰ ਵਿੱਚ ਵੀ ਵਾਇਰਸ ਆਪਣਾ ਕਹਿਰ ਢਾਹ ਰਿਹਾ ਹੈ ਦੂਜੇ ਪਾਸੇ ਅਜੇ ਵੀ ਆਬਾਦੀ ਦੇ ਮੁਤਾਬਕ ਇੱਕਦਮ ਸਾਰਿਆਂ ਨੂੰ ਟੀਕੇ ਲਾਉਣ ਦਾ ਪ੍ਰਬੰਧ ਨਹੀਂ ਹੈ ਇਸ ਹਾਲਤ ’ਚ ਸਾਵਧਾਨੀ ਅਜੇ ਵੀ ਵੱਡਾ ਹਥਿਆਰ ਹੈ ਅਸਲ ’ਚ ਬਿਮਾਰੀ ਘਟੀ ਹੈ, ਬਿਲਕੁਲ ਖ਼ਤਮ ਨਹੀਂ ਹੋਈ ਜ਼ਿੰਦਗੀ ਤੋਂ ਵੱਧ ਕੁਝ ਵੀ ਨਹੀਂ ਜ਼ਿੰਦਗੀ ਤੇ ਕੰਮਕਾਰ ਲਈ ਪਾਬੰਦੀਆਂ ਹਟ ਰਹੀਆਂ ਹਨ ਪਰ ਇਸ ਦੌਰਾਨ ਵੀ ਜ਼ਿੰਦਗੀ ਨੂੰ ਅਹਿਮੀਅਤ ਹੀ ਦੇਣੀ ਪਵੇਗੀ ਟੀਕਾਕਰਨ ਮੁਹਿੰਮ ਨੂੰ ਅੱਗੇ ਵਧਾਉਣ ਲਈ ਪ੍ਰਚਾਰ ਲਗਾਤਾਰ ਕੀਤਾ ਜਾਣਾ ਚਾਹੀਦਾ ਹੈ ਕੋਰੋਨਾ ਖਿਲਾਫ਼ ਲੜਾਈ ਜਿੱਤਣ ਲਈ ਸਭ ਦਾ ਸਹਿਯੋਗ ਜ਼ਰੂਰੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।