ਦਿੱਲੀ ਦਾ ਹਵਾ ਪ੍ਰਦੂਸ਼ਣ ਅਤੇ ਪੰਜਾਬ!
ਜਦੋਂ ਵੀ ਸਰਦੀਆਂ ਦੌਰਾਨ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਵਧਦਾ ਹੈ ਤਾਂ ਸਾਰਾ ਨੈਸ਼ਨਲ ਮੀਡੀਆ, ਦਿੱਲੀ ਸਰਕਾਰ ਤੇ ਨੈਸ਼ਨਲ ਗ੍ਰੀਨ ਟਿ੍ਰਬਿਊਨਲ ਇਸ ਦਾ ਠ੍ਹੀਕਰਾ ਅਰਾਮ ਨਾਲ ਪੰਜਾਬ, ਹਰਿਆਣਾ ਅਤੇ ਯੂ. ਪੀ. ਦੇ ਕਿਸਾਨਾਂ ਸਿਰ ਮੜ੍ਹ ਦੇਂਦੇ ਹਨ। ਪਰਾਲੀ ਦਾ ਧੂੰਆਂ ਵੀ ਕਿੰਨੀ ਅਜੀਬ ਵਸਤੂ ਹੈ ਜੋ ਪੰਜਾਬ ਅਤੇ ਹਰਿਆਣਾ ਦੇ ਸ਼ਹਿਰਾਂ ਨੂੰ ਪ੍ਰਦੂਸ਼ਿਤ ਕਰਨ ਦੀ ਬਜਾਏ ਕਿਸੇ ਅਦਿ੍ਰਸ਼ ਬਾਈਪਾਸ ਰਾਹੀਂ ਸਿੱਧਾ ਦਿੱਲੀ ਜਾ ਪਹੁੰਚਦਾ ਹੈ।
ਸਾਡੇ ਦੇਸ਼ ਵਿੱਚ ਉਂਜ ਵੀ ਆਪਣੀਆਂ ਗਲਤੀਆਂ ਦੀ ਜ਼ਿੰਮੇਵਾਰੀ ਦੂਸਰੇ ਦੇ ਸਿਰ ਮੜ੍ਹਨ ਦਾ ਭੈੜਾ ਰਿਵਾਜ਼ ਹੈ। ਨੈਸ਼ਨਲ ਮੀਡੀਆ ਵਾਲੇ ਬਿਨਾਂ ਕਿਸੇ ਠੋਸ ਸਬੂਤ ਦੇ ਸੁਸ਼ਾਂਤ ਰਾਜਪੂਤ ਕੇਸ ਵਾਂਗ ਦਿੱਲੀ ਦੇ ਲੋਕਾਂ ਦੀਆਂ ਸਾਹ ਦੀਆਂ ਬਿਮਾਰੀਆਂ ਲਈ ਪੰਜਾਬ ਨੂੰ ਦੋਸ਼ੀ ਦੱਸਣ ਲੱਗ ਜਾਂਦੇ ਹਨ। ਕਿਸਾਨ ਅੰਦੋਲਨ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰੀ ਬੈਠੇ ਟੀ. ਵੀ. ਨਿਊਜ਼ ਚੈਨਲਾਂ ਦੀਆਂ ਟੀਮਾਂ ਆਪਣੇ ਕੈਮਰੇ ਲੈ ਕੇ ਪੰਜਾਬ ਦੇ ਖੇਤਾਂ ਵਿੱਚ ਘੁਸ ਕੇ ਪਰਾਲੀ ਦੀ ਅੱਗ ਨੂੰ ਬ੍ਰੇਕਿੰਗ ਨਿਊਜ਼ ਬਣਾ ਦੇਂਦੇ ਹਨ। ਕੋਈ ਵੀ ਇਸ ਦਾ ਵਿਗਿਆਨਕ ਜਾਂ ਪੰਜਾਬ ਦੇ ਮਾਹਿਰਾਂ ਦਾ ਪੱਖ ਸੁਣਨ ਲਈ ਤਿਆਰ ਨਹੀਂ ਹੈ।
ਪੰਜਾਬ ਵਿੱਚ 1994-95 ਤੋਂ ਬਾਅਦ ਪਰਾਲੀ ਸਾੜਨ ਕਾਰਨ ਹਵਾ ਪ੍ਰਦੂਸ਼ਣ ਦੀ ਇਹ ਸਮੱਸਿਆ ਸ਼ੁਰੂ ਹੋਈ ਸੀ ਜੋ ਹੁਣ ਲਗਾਤਾਰ ਵਧਦੀ ਜਾ ਰਹੀ ਹੈ। 25-30 ਸਾਲ ਪਹਿਲਾਂ ਪੰਜਾਬ ਵਿੱਚ ਹਾਰਵੈਸਟਰ ਕੰਬਾਈਨਾਂ ਬਹੁਤ ਘੱਟ ਹੁੰਦੀਆਂ ਸਨ ਤੇ ਝੋਨੇ ਦੀ ਕਟਾਈ ਜ਼ਿਆਦਾਤਰ ਮਜ਼ਦੂਰਾਂ ਦੁਆਰਾ ਹੱਥੀਂ ਕੀਤੀ ਜਾਂਦੀ ਸੀ। ਝੋਨਾ ਝਾੜਨ ਤੋਂ ਬਾਅਦ ਮਜ਼ਦੂਰ ਪਰਾਲੀ ਦਾ ਇੱਕ ਪਾਸੇ ਢੇਰ ਲਾ ਦੇਂਦੇ ਸਨ। ਉਹ ਪਰਾਲੀ ਜਾਂ ਤਾਂ ਕਿਸਾਨ ਪਸ਼ੂਆਂ ਦੇ ਚਾਰੇ ਵਾਸਤੇ ਜਮ੍ਹਾ ਕਰ ਲੈਂਦੇ ਸਨ ਤੇ ਜਾਂ ਵਾਧੂ ਹੋਣ ’ਤੇ ਬੇਜ਼ਮੀਨੇ ਜਾਂ ਗਰੀਬ ਲੋਕਾਂ ਨੂੰ ਪਸ਼ੂਆਂ ਦੇ ਚਾਰੇ ਜਾਂ ਬਾਲਣ ਵਾਸਤੇ ਮੁਫਤ ਹੀ ਚੁਕਵਾ ਦਿੱਤੀ ਜਾਂਦੀ ਸੀ।
ਪਰ ਹੁਣ ਕੰਬਾਇਨਾਂ ਨਾਲ ਕਟਾਈ ਹੋਣ ਕਾਰਨ ਇਹ ਪਰਾਲੀ ਸਾਰੀ ਪੈਲੀ ਵਿੱਚ ਖਿੱਲਰ ਜਾਂਦੀ ਹੈ ਤੇ ਪਸ਼ੂਆਂ ਆਦਿ ਦੇ ਖਾਣ ਦੇ ਕਾਬਲ ਨਹੀਂ ਰਹਿੰਦੀ। ਘਰ-ਘਰ ਰਸੋਈ ਗੈਸ ਆ ਜਾਣ ਕਾਰਨ ਹੁਣ ਕੋਈ ਇਸ ਨੂੰ ਬਾਲਣ ਲਈ ਵੀ ਇਕੱਠੀ ਨਹੀਂ ਕਰਦਾ। ਜਿਹੜੀਆਂ ਮਸ਼ੀਨਾਂ ਨਾਲ ਇਹ ਪਰਾਲੀ ਕੁਤਰ ਕੇ ਜ਼ਮੀਨ ਵਿੱਚ ਮਿਲਾਈ ਜਾ ਸਕਦੀ ਹੈ, ਉਹ ਐਨੀਆਂ ਮਹਿੰਗੀਆਂ ਹਨ ਕਿ ਆਮ ਕਿਸਾਨ ਉਨ੍ਹਾਂ ਨੂੰ ਖਰੀਦਣ ਦੀ ਹਿੰਮਤ ਨਹੀਂ ਕਰ ਸਕਦਾ। ਇਹ ਠੀਕ ਹੈ ਕਿ ਸਰਕਾਰ ਉਨ੍ਹਾਂ ਨੂੰ ਖਰੀਦਣ ਲਈ ਸਬਸਿਡੀ ਦੇਂਦੀ ਹੈ, ਪਰ ਉਸ ਨਾਲ ਵੀ ਕਿਸਾਨ ਨੂੰ ਜ਼ਿਆਦਾ ਫਾਇਦਾ ਨਹੀਂ ਹੁੰਦਾ। ਉਹ ਸਬਸਿਡੀ ਕਿਸਾਨਾਂ ਦੇ ਕੰਮ ਆਉਣ ਦੀ ਬਜਾਏ ਉਦਯੋਗਪਤੀਆਂ ਦੇ ਕੰਮ ਹੀ ਆਉਂਦੀ ਹੈ। ਜਿੰਨੀ ਸਬਸਿਡੀ ਮਿਲਦੀ ਹੈ, ਕਾਰਖਾਨੇਦਾਰ ਉਨਾ ਹੀ ਮਸ਼ੀਨ ਦਾ ਰੇਟ ਵਧਾ ਦੇਂਦਾ ਹੈ।
ਉਂਜ ਵੀ ਇਹ ਮਸ਼ੀਨਾਂ 60 ਹਾਰਸ ਪਾਵਰ ਦੇ ਟਰੈਕਟਰ ਤੋਂ ਘੱਟ ਤਾਕਤ ਵਾਲਾ ਟਰੈਕਟਰ ਨਹੀਂ ਖਿੱਚ ਸਕਦਾ ਜੋ ਖਰੀਦਣਾ ਛੋਟੇ ਕਿਸਾਨ ਦੇ ਵੱਸ ਦੀ ਗੱਲ ਨਹੀਂ। ਪੰਜਾਬ ਵਿੱਚ ਝੋਨੇ ਦੀ ਕਟਾਈ ਤੋਂ ਬਾਅਦ ਲਾਈਆਂ ਜਾਣ ਵਾਲੀਆਂ ਅੱਗਾਂ ਕਾਰਨ ਹਵਾ ਪ੍ਰਦੂਸ਼ਣ ਅਕਤੂਬਰ ਦੇ ਅਖੀਰ ਵਿੱਚ ਸ਼ੁਰੂ ਹੁੰਦਾ ਹੈ ਤੇ ਨਵੰਬਰ ਦੇ ਅਖੀਰ ਤੱਕ ਕਰੀਬ ਇੱਕ ਡੇਢ ਮਹੀਨਾ ਚੱਲਦਾ ਹੈ। ਇਸ ਸਮੇਂ ਦੌਰਾਨ ਦੀਵਾਲੀ ਦਾ ਤਿਉਹਾਰ ਆਉਣ ਕਾਰਨ ਇਹ ਸਿਖਰ ’ਤੇ ਪਹੁੰਚ ਜਾਂਦਾ ਹੈ। ਇਸ ਸਮੇਂ ਮਾਨਸੂਨ ਵਾਪਸ ਚਲੀ ਜਾਣ ਕਾਰਨ ਹਵਾ ਦੀ ਰਫਤਾਰ ਇੱਕਦਮ ਸੁਸਤ ਪੈ ਜਾਂਦੀ ਹੈ ਤੇ ਧੂੰਆਂ ਬੰਦ ਕਮਰੇ ਦੀ ਅੱਗ ਵਾਂਗ ਇੱਕ ਹੀ ਜਗ੍ਹਾ ’ਤੇ ਰੁਕਿਆ ਰਹਿੰਦਾ ਹੈ। ਇਹ ਧੂੰਆਂ ਇਕੱਲਾ ਪਰਾਲੀ ਦਾ ਹੀ ਨਹੀਂ, ਬਲਕਿ ਮੋਟਰ ਗੱਡੀਆਂ ਤੇ ਕਾਰਖਾਨਿਆਂ ਦੀਆਂ ਜ਼ਹਿਰ ਉਗਲਦੀਆਂ ਚਿਮਨੀਆਂ ਦਾ ਵੀ ਹੁੰਦਾ ਹੈ।
ਬਠਿੰਡਾ, ਅੰਮ੍ਰਿਤਸਰ, ਜਲੰਧਰ, ਪਟਿਆਲਾ, ਮੰਡੀ ਗੋਬਿੰਦਗੜ੍ਹ ਤੇ ਲੁਧਿਆਣੇ ਦੀ ਮਿਸਾਲ ਸਭ ਦੇ ਸਾਹਮਣੇ ਹੈ। ਮੰਡੀ ਗੋਬਿੰਦਗੜ੍ਹ ਵਿੱਚ ਤਾਂ ਸਾਰਾ ਸਾਲ ਹੀ ਵਾਤਾਵਰਣ ਵਿੱਚ ਇੱਕ ਘੁਟਣ ਜਿਹੀ ਛਾਈ ਰਹਿੰਦੀ ਜੋ ਸਿਰਫ ਬਰਸਾਤ ਦੇ ਦਿਨਾਂ ਵਿੱਚ ਸਾਫ ਹੁੰਦੀ ਹੈ। ਸਰਦੀਆਂ ਵਿੱਚ ਇਹ ਧੂੰਆਂ ਧੁੰਦ ਨਾਲ ਮਿਲ ਕੇ ਸਮੋਗ (ਗਹਿਰ) ਪੈਦਾ ਕਰਦਾ ਹੈ ਜਿਸ ਨਾਲ ਸਾਹ ਦੀਆਂ ਬਿਮਾਰੀਆਂ ਇੱਕਦਮ ਵਧ ਜਾਂਦੀਆਂ ਹਨ ਤੇ ਦਮੇ ਆਦਿ ਦੇ ਮਰੀਜ਼ਾਂ ਦੀ ਤਾਂ ਜ਼ਿੰਦਗੀ ਨਰਕ ਬਣ ਜਾਂਦੀ ਹੈ। ਸਰਦੀਆਂ ਵਿੱਚ ਠੰਢ ਵਧ ਜਾਣ ਤੇ ਹਵਾ ਦੀ ਸੁਸਤੀ ਕਾਰਨ ਪ੍ਰਦੂਸ਼ਣ ਦੇ ਕਣ ਅਸਮਾਨ ਵੱਲ ਨਹੀਂ ਜਾਂਦੇ ਤੇ ਘੱਟ ਉਚਾਈ ’ਤੇ ਲਟਕੇ ਰਹਿੰਦੇ ਹਨ।
ਸਰਵੇਖਣਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਹਰ ਸਾਲ ਪੰਜਾਬ ਵਿੱਚ ਧੁੰਦ ਅਤੇ ਸਮੋਗ ਦੇ ਦਿਨਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਪਰ ਦਿੱਲੀ ਦੇ ਹਵਾ ਪ੍ਰਦੂਸ਼ਣ ਵਿੱਚ ਪੰਜਾਬ ਦਾ ਦੋਸ਼ ਜ਼ਿਆਦਾ ਨਹੀਂ ਹੈ। ਇਸ ਦਾ ਜ਼ਿੰਮੇਵਾਰ ਖੁਦ ਦਿੱਲੀ ਦਾ ਪ੍ਰਸ਼ਾਸਨ ਹੈ। ਇਨ੍ਹਾਂ ਮਹੀਨਿਆਂ ਵਿੱਚ ਉੱਥੇ ਹਵਾ ਗੁਣਵੱਤਾ ਪੱਧਰ (ਏ.ਕਿਊ.ਆਈ.) ਦਾ ਪੱਧਰ 460 ਤੱਕ ਪਹੁੰਚ ਜਾਂਦਾ ਹੈ ਜੋ ਪ੍ਰਦੂਸ਼ਣ ਮਾਣਕਾਂ ਅਨੁਸਾਰ ਗੰਭੀਰ ਅਤੇ ਸਭ ਤੋਂ ਘਟੀਆ ਮੰਨਿਆ ਜਾਂਦਾ ਹੈ। ਦਿੱਲੀ ਦੇ ਪ੍ਰਦੂਸ਼ਣ ਦਾ ਮੁੱਖ ਕਾਰਨ ਉੱਥੇ ਕੀੜੀਆਂ ਵਾਂਗ ਫਿਰਦੇ ਵ੍ਹੀਕਲ, ਪ੍ਰਦੂਸ਼ਣ ਫੈਲਾਉਣ ਵਾਲੀਆਂ ਹਜ਼ਾਰਾਂ ਫੈਕਟਰੀਆਂ ਅਤੇ ਘੱਟ ਜਗ੍ਹਾ ਵਿੱਚ ਠੂਸ-ਠੂਸ ਕੇ ਭਰੀ ਹੋਈ ਬੇਤਹਾਸ਼ਾ ਅਬਾਦੀ ਹੈ।
ਦਿੱਲੀ ਵਿੱਚ ਟਰੈਫਿਕ ਦਾ ਹਾਲ ਇਹ ਹੈ ਕਿ ਜਿੰਨਾ ਟਾਈਮ ਚੰਡੀਗੜ੍ਹ ਤੋਂ ਕਰਨਾਲ ਬਾਈਪਾਸ ਪਹੁੰਚਣ ’ਤੇ ਲੱਗਦਾ ਹੈ, ਤਕਰੀਬਨ ਉਨਾ ਹੀ ਕਰਨਾਲ ਬਾਈਪਾਸ ਤੋਂ ਹਵਾਈ ਅੱਡੇ ਤੱਕ ਪਹੁੰਚਣ ਵਿੱਚ ਲੱਗ ਜਾਂਦਾ ਹੈ। ਸਰਦੀਆਂ ਵਿੱਚ ਹਵਾ ਦੀ ਦਿਸ਼ਾ ਦੱਖਣ ਪੂਰਬ ਤੋਂ ਪੂਰਬ ਵੱਲ ਹੁੰਦੀ ਹੈ। ਇਸ ਦਾ ਮਤਲਬ ਇਹ ਹੈ ਕਿ ਹਵਾ ਪੰਜਾਬ ਤੋਂ ਦਿੱਲੀ ਵੱਲ ਚੱਲਣ ਦੀ ਬਜਾਏ, ਦਿੱਲੀ ਤੋਂ ਪੰਜਾਬ ਵੱਲ ਚੱਲਦੀ ਹੈ। ਇਸ ਕਾਰਨ ਪੰਜਾਬ ਦੇ ਪ੍ਰਦੂਸ਼ਣ ਦਾ ਦਿੱਲੀ ਪਹੁੰਚਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਦਿੱਲੀ ਦੀ ਅਬਾਦੀ ਕਰੀਬ 3 ਕਰੋੜ ਅਤੇ ਖੇਤਰਫਲ ਸਿਰਫ 950 ਵਰਗ ਕਿ.ਮੀ. ਦੇ ਕਰੀਬ ਹੈ। ਇੱਥੇ ਅਬਾਦੀ ਦੀ ਘਣਤਾ 11312 ਵਿਅਕਤੀ ਪ੍ਰਤੀ ਵਰਗ ਕਿ. ਮੀ. ਜੋ ਸੰਸਾਰ ਦੇ ਸ਼ਹਿਰਾਂ ਵਿੱਚੋਂ 6ਵੇਂ ਨੰਬਰ ’ਤੇ ਆਉਂਦੀ ਹੈ। ਦਿੱਲੀ ਵਿੱਚ ਇਸ ਵੇਲੇ ਚਾਰ ਪਹੀਆ ਤੇ ਦੋ ਪਹੀਆ ਨੂੰ ਮਿਲਾ ਕੇ ਡੇਢ ਕਰੋੜ ਦੇ ਕਰੀਬ ਵ੍ਹੀਕਲ ਹਨ। ਇਸ ਤੋਂ ਇਲਾਵਾ ਲੱਖਾਂ ਬਾਹਰੀ ਟਰੱਕ ਤੇ ਮੋਟਰ ਗੱਡੀਆਂ ਇੱਥੋਂ ਦੀ ਰੋਜ਼ਾਨਾ ਗੁਜ਼ਰਦੇ ਹਨ।
ਐਨੇ ਵ੍ਹੀਕਲ ਰੋਜ਼ਾਨਾ ਲੱਖਾਂ ਟਨ ਧੂੰਆਂ ਤੇ ਹੋਰ ਜ਼ਹਿਰੀਲੇ ਤੱਤ ਦਿੱਲੀ ਦੇ ਵਾਤਾਵਰਣ ਵਿੱਚ ਮਿਲਾਉਂਦੇ ਹਨ। ਇਸ ਤੋਂ ਇਲਾਵਾ ਧੂੰਆਂ ਉਗਲਦੀਆਂ ਹਜ਼ਾਰਾਂ ਫੈਕਟਰੀਆਂ ਦਾ ਪ੍ਰਦੂਸ਼ਣ ਇਸ ਤੋਂ ਅਲੱਗ ਹੈ। ਉਪਰੋਕਤ ਤੋਂ ਤਾਂ ਇਹ ਲੱਗਦਾ ਹੈ ਕਿ ਦਿੱਲੀ ਨੂੰ ਗੁਆਂਢੀ ਸੂਬਿਆਂ ਤੋਂ ਨਹੀਂ, ਬਲਕਿ ਗੁਆਂਢੀ ਸੂਬਿਆਂ ਨੂੰ ਦਿੱਲੀ ਦੇ ਪ੍ਰਦੂਸ਼ਣ ਤੋਂ ਖਤਰਾ ਹੈ। ਪੰਜਾਬ ਦੀ ਅਬਾਦੀ ਕਰੀਬ ਸਾਢੇ ਤਿੰਨ ਕਰੋੜ ਅਤੇ ਖੇਤਰਫਲ 50362 ਵਰਗ ਕਿ.ਮੀ. ਹੈ ਜਿਸ ਕਾਰਨ ਪੰਜਾਬ ਦੀ ਅਬਾਦੀ ਘਣਤਾ ਦਿੱਲੀ ਨਾਲੋਂ ਬਹੁਤ ਘੱਟ ਹੈ।
ਅਬਾਦੀ ਜਿੰਨੀ ਜ਼ਿਆਦਾ ਇਲਾਕੇ ਵਿੱਚ ਖਿੱਲਰੀ ਹੋਵੇਗੀ, ਹਵਾ ਪ੍ਰਦੂਸ਼ਣ ਦੀ ਘਣਤਾ ਵੀ ਉਨੀ ਹੀ ਘੱਟ ਹੁੰਦੀ ਹੈ। ਇਸ ਤੋਂ ਇਲਾਵਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਕੀਤਾ ਗਿਆ ਇੱਕ ਸਰਵੇਖਣ ਵੀ ਸਾਹਮਣੇ ਆਇਆ ਹੈ ਜਿਸ ਤੋਂ ਪਤਾ ਚੱਲਦਾ ਹੈ ਕਿ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਦੀ ਪਰਾਲੀ ਦਾ ਧੂੰਆਂ ਜ਼ਿੰਮੇਵਾਰ ਨਹੀਂ ਹੈ ਕਿਉਂਕਿ ਪੰਜਾਬ ਦੀ ਪਰਾਲੀ ਦਾ ਧੂੰਆਂ ਦਿੱਲੀ ਪਹੁੰਚ ਹੀ ਨਹੀਂ ਸਕਦਾ। ਦਿੱਲੀ ਦੀ ਹਵਾ ਵਿੱਚ ਪ੍ਰਦੂਸ਼ਣ ਦੇ ਜੋ ਮੁੱਖ ਕਣ ਹਨ, ਉਨ੍ਹਾਂ ਦਾ ਭਾਰ 10 ਪੀ. ਐਮ. (ਮਾਈਕ੍ਰੋਨ ਪਾਰਟੀਕਲਸ) ਅਤੇ 2.5 ਪੀ.ਐਮ. ਹੈ। 10 ਪੀ.ਐਮ. ਕਣ ਬਹੁਤ ਭਾਰਾ ਹੁੰਦਾ ਹੈ ਤੇ ਇਹ 25 ਕਿ.ਮੀ. ਤੋਂ ਵੱਧ ਹਵਾ ਵਿੱਚ ਸਫਰ ਨਹੀਂ ਕਰ ਸਕਦਾ। 2.5 ਪੀ.ਐਮ. ਕਣ ਹਲਕਾ ਹੁੰਦਾ ਹੈ ਤੇ 150 ਕਿ. ਮੀ. ਤੱਕ ਸਫਰ ਕਰ ਸਕਦਾ ਹੈ
ਪਰ ਹਲਕਾ ਹੋਣ ਦੇ ਬਾਵਜੂਦ ਇਹ ਸਰਦੀਆਂ ਵਿੱਚ ਸੁਸਤ ਜਾਂ ਦਿੱਲੀ ਵੱਲੋਂ ਵਗਦੀ ਹਵਾ ਕਾਰਨ ਕਿਸੇ ਹਾਲਤ ਵਿੱਚ ਵੀ ਦਿੱਲੀ ਨਹੀਂ ਪਹੁੰਚ ਸਕਦਾ ਪਰ ਲਾਹੌਰ ਜਰੂਰ ਪਹੁੰਚ ਸਕਦਾ ਹੈ। ਪਰ ਅਜੇ ਤੱਕ ਹਰ ਛੋਟੀ-ਮੋਟੀ ਗੱਲ ’ਤੇ ਭਾਰਤ ਖਿਲਾਫ ਰੌਲਾ ਪਾਉਣ ਵਾਲੇ ਪਾਕਿਸਤਾਨ ਨੇ ਕਦੇ ਵੀ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਕੀਤੀ। ਇਸ ਤੋਂ ਸਾਫ ਲੱਗਦਾ ਹੈ ਕਿ ਜੇ ਪੰਜਾਬ ਦਾ ਪ੍ਰਦੂਸ਼ਣ ਅੰਮ੍ਰਿਤਸਰ ਤੋਂ ਸਿਰਫ 50 ਕਿ. ਮੀ. ਦੂਰ ਲਾਹੌਰ ਤੱਕ ਨਹੀਂ ਪਹੁੰਚ ਸਕਦਾ ਤਾਂ ਫਿਰ ਦਿੱਲੀ ਕਿਵੇਂ ਪਹੁੰਚ ਸਕਦਾ ਹੈ? ਪ੍ਰਦੂਸ਼ਣ ਕੰਟਰੋਲ ਬੋਰਡ ਦੇ ਬੁਲਾਰੇ ਨੇ ਅੱਗੇ ਕਿਹਾ ਕਿ ਜੇ ਦਿੱਲੀ ਦੀ ਗੱਲ ਸਹੀ ਹੁੰਦੀ ਤਾਂ ਫਿਰ ਪੰਜਾਬ ਦੀ ਹਵਾ ਦੀ ਵੀ ਦਿੱਲੀ ਵਰਗੀ ਬੁਰੀ ਹਾਲਤ ਹੋਣੀ ਸੀ।
ਵੱਡੇ ਸ਼ਹਿਰਾਂ ਨੂੰ ਛੱਡ ਕੇ ਬਾਕੀ ਪੰਜਾਬ ਦਾ ਏਅਰ ਕਵਾਲਿਟੀ ਇੰਡੈਕਸ 100-120 ਹੈ ਜੋ ਆਮ ਸਮਝਿਆ ਜਾਂਦਾ ਹੈ, ਜਦੋਂਕਿ ਦਿੱਲੀ ਦਾ ਗੰਭੀਰ ਅਵਸਥਾ ਵਿੱਚ ਪਹੁੰਚ ਚੁੱਕਾ ਹੈ। ਦਿੱਲੀ ਪ੍ਰਸ਼ਾਸਨ ਹਮੇਸ਼ਾ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ ਜੋ ਕਿ ਬਿਲਕੁਲ ਵੀ ਠੀਕ ਨਹੀਂ ਹੈ ਕਿਉਂਕਿ ਪੰਜਾਬ ਦਿੱਲੀ ਤੋਂ ਕਰੀਬ 250 ਕਿ. ਮੀ. ਦੂਰ ਹੈ। ਹੋ ਸਕਦਾ ਹੈ ਕਿ ਪੰਜਾਬ ਦਿੱਲੀ ਦੇ ਪ੍ਰਦੂਸ਼ਣ ਵਿੱਚ ਇੱਕ ਜਾਂ ਦੋ ਪ੍ਰਤੀਸ਼ਤ ਹਿੱਸਾ ਪਾਉਂਦਾ ਹੋਵੇ ਪਰ ਦਿੱਲੀ ਦੇ ਪ੍ਰਦੂਸ਼ਣ ਲਈ ਖੁਦ ਦਿੱਲੀ ਤੇ ਯੂ. ਪੀ. ਅਤੇ ਹਰਿਆਣੇ ਵਰਗੇ ਰਾਜ ਜ਼ਿੰਮੇਵਾਰ ਹੋ ਸਕਦੇ ਹਨ।
ਪੰਡੋਰੀ ਸਿੱਧਵਾਂ
ਮੋ. 95011-00062
ਲੇਖਕ ਸੀਨੀਅਰ ਪੁਲਿਸ ਅਫ਼ਸਰ ਹਨ
ਬਲਰਾਜ ਸਿੰਘ ਸਿੱਧੂ ਐਸ.ਪੀ.
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ