ਦੀਪਗੜ੍ਹ ਕਤਲ ਮਾਮਲਾ : ਸਾਬਕਾ ਸਰਪੰਚ ਨੇ ਕੀਤਾ ਸੀ ਆਪਣੇ ਦੋਸਤ ਨਿਰਮਲ ਦਾ ਕਤਲ

ਪੁਲੀਸ ਵੱਲੋਂ 3 ਕਾਬੂ, ਇੱਕ ਫਰਾਰ

(ਜੀਵਨ ਰਾਮਗੜ੍ਹ) ਬਰਨਾਲਾ। ਥਾਣਾ ਭਦੌੜ ਦੇ ਪਿੰਡ ਦੀਪਗੜ੍ਹ ਵਿਖੇ ਲੰਘੀ 13-14 ਦਸੰਬਰ ਦੀ ਰਾਤ ਨੂੰ ਹੋਏ ਇੱਕ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਬਰਨਾਲਾ ਪੁਲੀਸ ਨੇ ਤਿੰਨ ਮੁਲਜ਼ਮਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਜਦੋਂਕਿ ਚੌਥਾ ਮੁਲਜ਼ਮ ਅਜੇ ਪੁਲੀਸ ਦੀ ਗ੍ਰਿਫ਼ਤ ‘ਚੋਂ ਬਾਹਰ ਹੈ। ਪੁਲਿਸ ਅਨੁਸਾਰ ਕਤਲ ਦੀ ਘਟਨਾਂ ਨੂੰ ਅੰਜ਼ਾਮ ਮ੍ਰਿਤਕ ਦੇ ਦੋਸਤ ਸਾਬਕਾ ਸਰਪੰਚ ਨੇ ਆਪਣੇ ਸਾਥੀਆਂ ਦੀ ਮੱਦਦ ਨਾਲ ਦਿੱਤਾ।

ਮਾਮਲੇ ਸਬੰਧੀ ਐਸਐਸਪੀ ਬਰਨਾਲਾ ਗੁਰਸ਼ਰਨਦੀਪ ਸਿੰਘ ਨੇ ਪ੍ਰੈਸ ਕਾਨਫ਼ਰੰਸ ਕਰਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੰਘੀ 14 ਦਸੰਬਰ 2016 ਨੂੰ ਜ਼ਿਲ੍ਹੇ ਦੇ ਪਿੰਡ ਦੀਪਗੜ੍ਹ (ਭਦੌੜ) ਦੇ ਵਾਸੀ ਨਿਰਮਲ ਸਿੰਘ ਪੁੱਤਰ ਦਲੀਪ ਸਿੰਘ ਜੋ ਬਾਕੀ ਪ੍ਰੀਵਾਰ ਮੁਹਾਲੀ ਵਿਖੇ ਰਹਿਣ ਕਰਕੇ ਪਿੰਡ ਵਿਚਲੀ ਬਣੀ ਕੋਠੀ ਵਿੱਚ ਇਕੱਲਾ ਹੀ ਰਹਿ ਰਿਹਾ ਸੀ, ਜਿਸਨੂੰ ਅਣਪਛਾਤਿਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਵਾਰਦਾਤ ਉਪਰੰਤ ਘਰ ਅੰਦਰੋਂ ਇੱਕ ਐਲਸੀਡੀ, 2 ਸੋਨੇ ਦੀਆਂ ਚੈਨੀਆਂ ਤੇ ਮ੍ਰਿਤਕ ਦਾ ਮੋਬਾਇਲ ਫੋਨ ਲੈ ਕੇ ਮੁਲਜ਼ਮ ਫਰਾਰ ਹੋ ਗਏ ਸਨ।

ਇਸ ਅੰਨ੍ਹੇ ਕਤਲ ਦੀ ਗੁੱਥੀ ਸੁਲਾਝਾਉਣ ਲਈ ਐਸਪੀ (ਇੰਨਵੈਸਟੀਗੇਸ਼ਨ) ਸਵਰਨ ਸਿੰਘ ਖੰਨਾਂ ਬਰਨਾਲਾ ਦੀ ਨਿਗਰਾਨੀ ਹੇਠ ਸੀ.ਆਈ.ਏ ਸਟਾਫ ਬਰਨਾਲਾ ਦੇ ਬਲਜੀਤ ਸਿੰਘ ਅਤੇ ਮੁੱਖ ਅਫਸਰ ਥਾਣਾ ਭਦੌੜ ਨੇ ਬਾਰੀਕਬੀਨੀ ਨਾਲ ਜਾਂਚ ਆਰੰਭੀ ਹੋਈ ਸੀ। ਜਿਸ ਦੇ ਚਲਦਿਆਂ ਗੁਰਜੀਤ ਸਿੰਘ ਵਾਸੀ ਢਿੱਲਵਾਂ ਤੋਂ ਪ੍ਰਾਪਤ ਨਿਸ਼ਾਨਦੇਹੀ/ਗਵਾਹੀ ਦੇ ਆਧਾਰ ‘ਤੇ ਮ੍ਰਿਤਕ ਦੇ ਨਜ਼ਦੀਕੀ ਪਿੰਡ ਦੇ ਹੀ ਦੋਸਤ ਮੰਦਰ ਸਿੰਘ ਸਾਬਕਾ ਸਰਪੰਚ ਦੀਪਗੜ੍ਹ ਸਮੇਤ ਜਗਤਾਰ ਸਿੰਘ ਵਾਸੀ ਬੋਪਾਰਾਏ (ਥਾਣਾ ਰਾਏਕੋਟ), ਸਤਨਾਮ ਸਿੰਘ ਵਾਸੀ ਸੁੰਦਰ ਨਗਰ ਲੁਹਾਰਾ (ਥਾਣਾ ਡਾਬ੍ਹਾ, ਜ਼ਿਲ੍ਹਾ ਲੁਧਿਆਣਾ) ਨੂੰ ਵਾਰਦਾਤ ਦੇ ਮੁਲਜ਼ਮਾਂ ਵਜੋਂ ਗ੍ਰਿਫ਼ਤਾਰ ਕਰ ਲਿਆ ਗਿਆ। ਜਦਕਿ ਇਸ ਮਾਮਲੇ ਦੇ ਚੌਥੇ ਮੁਲਜ਼ਮ ਵਜੋਂ ਨਾਮਜ਼ਦ ਰਿੰਕੂ ਵਾਸੀ ਲੁਧਿਆਣਾ ਅਜੇ ਪੁਲੀਸ ਦੀ ਗ੍ਰਿਫਤ ‘ਚੋਂ ਬਾਹਰ ਹੈ। ਪੁਲਿਸ ਮੁਖੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ।

ਨੋਟਬੰਦੀ ‘ਤੇ ਮਜ਼ਾਕ ਬਣਿਆ ਮੌਤ ਦਾ ਕਾਰਨ

ਵਾਰਦਾਤ ਸਬੰਧੀ ਅਹਿਮ ਜਾਣਕਾਰੀ ਅਨੁਸਾਰ ਘਟਨਾ ਤੋਂ ਇੱਕ ਦਿਨ ਪਹਿਲਾਂ ਨਿਰਮਲ ਸਿੰਘ ਮੋਬਾਇਲ ‘ਤੇ ਆਪਣੀ ਮੁਹਾਲੀ ਰਹਿੰਦੀ ਆਪਣੀ ਧੀ ਨਾਲ ਗੱਲਬਾਤ ਕਰ ਰਿਹਾ ਸੀ। ਇਸ ਮੌਕੇ ਉਸਦੇ ਕੋਲ ਉਸਦਾ ਦੋਸਤ ਮੰਦਰ ਸਿੰਘ ਸਾਬਕਾ ਸਰਪੰਚ ਵੀ ਖੜਾ ਸੀ। ਧੀ ਨਾਲ ਗੱਲਬਾਤ ਦੌਰਾਨ ਨਿਰਮਲ ਸਿੰਘ ਨੇ ਨੋਟਬੰਦੀ ਦੇ ਸਬੰਧ ‘ਚ ਥੋੜ੍ਹਾ ਮਜ਼ਾਕ ਕਰ ਦਿੱਤਾ। ਜਿਸ ਦੌਰਾਨ ਉਸਨੇ ਆਪਣੇ ਕੋਲ ਦੀਪਗੜ੍ਹ ਰਿਹਾਇਸ਼ ਵਿਖੇ ਨੋਟਾਂ ਦੀਆਂ ਭਰੀਆਂ ਦੋ ਬੋਰੀਆਂ ਹੋਣ ਸਬੰਧੀ ਆਖ ਦਿੱਤਾ।

ਮਜ਼ਾਕੀਆ ਹਾਸਾ-ਮਾਖੌਲ ਨੂੰ ਮੌਕੇ ‘ਤੇ ਮੌਜੂਦ ਉਸਦਾ ਦੋਸਤ ਤੇ ਸਾਬਕਾ ਸਰਪੰਚ ਮੰਦਰ ਸਿੰਘ ਸੀਰੀਅਸ ਲੈ ਗਿਆ ਅਤੇ ਇਸੇ ਪੈਸੇ ਦੀ ਲਾਲਸਾ ਹਿੱਤ ਮੁਲਜ਼ਮ ਮੰਦਰ ਸਿੰਘ ਨੇ ਆਪਣੇ ਇੱਕ ਨਜ਼ਦੀਕੀ ਰਿਸ਼ਤੇਦਾਰ ਜਗਤਾਰ ਸਿੰਘ ਬੋਪਾਰਾਏ (ਰਾਏਕੋਟ) ਤੇ ਉਸਦੇ ਦੋਸਤ ਸਤਨਾਮ ਸਿੰਘ ਆਦਿ ਨਾਲ ਨਿਰਮਲ ਸਿੰਘ ਨੂੰ ਲੁੱਟਣ ਦੀ ਵਾਰਦਾਤ ਦੀ ਵਿਉਂਤ ਬਣਾ ਲਈ। ਜਿਸ ਉਪਰੰਤ 14 ਦਸੰਬਰ ਨੂੰ ਅੰਜਾਮ ਦਿੰਦਿਆਂ ਉਨ੍ਹਾਂ ਹੱਥੋਂ ਨਿਰਮਲ ਸਿੰਘ ਦੀ ਮੌਤ ਹੋ ਗਈ। ਜਿਸ ਮਾਮਲੇ ਸਬੰਧੀ ਮ੍ਰਿਤਕ ਦੇ ਲੜਕੇ ਜਗਸੀਰ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ ਥਾਣਾਂ ਭਦੌੜ ਵਿਖੇ ਆਈਪੀਸੀ ਦੀ ਧਾਰਾ 460 ਅਧੀਨ ਮੁਕੱਦਮਾਂ ਨੰਬਰ 89 ਦਰਜ ਕੀਤਾ ਗਿਆ ਸੀ।

ਮੁਲਜ਼ਮਾਂ ‘ਚ ਇੱਕ +2 ਪਾਸ ਡਾਕਟਰ ਵੀ

ਦੀਪਗੜ੍ਹ ਵਿਖੇ ਹੋਈ ਕਤਲ ਦੀ ਵਾਰਦਾਤ ‘ਚ ਪਿੰਡ ਦੇ ਹੀ ਸਾਬਕਾ ਸਰਪੰਚ ਦਾ ਰਿਸਤੇਦਾਰ ਜਗਤਾਰ ਸਿੰਘ ਵੀ ਸ਼ਾਮਲ ਸੀ। ਜੋਕਿ +2 ਪਾਸ ਹੈ ਅਤੇ ਆਪਣੇ ਪਿੰਡ ਬੋਪਾਰਾਏ ਵਿਖੇ ਹੀ ਮੈਡੀਕਲ ਪ੍ਰੈਕਟੀਸ਼ਨਰ ਵਜੋਂ ਲੋਕਾਂ ਦੀਆਂ ਬਿਮਾਰੀਆਂ ਦਾ ਇਲਾਜ ਵੀ ਕਰਦਾ ਹੈ। ਪੱਤਰਕਾਰਾਂ ਨਾਲ ਉਕਤ ਵਾਰਦਾਤ ਸਬੰਧੀ ਉਸਨੇ ਦੱਸਿਆ ਕਿ ਉਨ੍ਹਾਂ ਨੂੰ ‘ਮੰਦਰ ਸਾਹਬ’ ਨੇ ਹੀ ਫੋਨ ਕਰਕੇ ਘਟਨਾ ਲਈ ਤਿਆਰ ਕੀਤਾ ਸੀ। ਮੁਲਜ਼ਮ ਜਗਤਾਰ ਸਿੰਘ ਨੇ ਕਿਹਾ ਕਿ ‘ਮੇਰਾ ਤਾਂ ਵਧੀਆ ਟਾਈਮ ਪਾਸ ਹੋ ਰਿਹਾ ਸੀ ਡਾਕਟਰੀ ਨਾਲ ਪ੍ਰੰਤੂ ਹੁਣ ਪਛਾਤਾਵਾ ਵੀ ਬਹੁਤ ਹੈ।’