ਬੋਲਣ ਤੇ ਸੁਣਨ ਤੋਂ ਅਸਮਰੱਥ ਵਿਦਿਆਰਥਣ ਨੇ ‘ਅੰਬੈਸਡਰਜ਼ ਆਫ਼ਹੋਪ’ ‘ਚ ਜਿੱਤਿਆ ਤੀਜਾ ਇਨਾਮ

ਸਿੱਖਿਆ ਮੰਤਰੀ ਪੰਜਾਬ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਜੇਤੂਆਂ ਨੂੰ ਵਧਾਈ

ਬਰਨਾਲਾ, (ਜਸਵੀਰ ਸਿੰਘ ਗਹਿਲ) ਸਿੱਖਿਆ ਵਿਭਾਗ ਦੁਆਰਾ ਸੋਸ਼ਲ ਮੀਡੀਆ ‘ਤੇ ਕਰਵਾਇਆ ਗਿਆ ‘ਅੰਬੈਸਡਰਜ਼ ਆਫ਼ਹੋਪ’ ਦਾ ਮੁਕਾਬਲਾ ਦੇ ਤੀਜੇ ਸਥਾਨ ਦਾ ਇਨਾਮ ਸਥਾਨਕ ਪਵਨ ਸੇਵਾ ਸਮਿਤੀ ਦੀ ਬੋਲਣ ਤੇ ਸੁਣਨ ਤੋਂ ਅਸਮਰੱਥ ਵਿਦਿਆਰਥਣ ਕਮਲਜੀਤ ਕੌਰ ਨੇ ਜਿੱਤਿਆ। ਜਦਕਿ ਇੱਕ ਹੋਰ ਵਿਦਿਆਰਥਣ ਤੇ ਇੱਕ ਵਿਦਿਆਰਥੀ ਨੇ ਕ੍ਰਮਵਾਰ ਪਹਿਲੇ ਤੇ ਦੂਜੇ ਸਥਾਨ ਦੇ ਇਨਾਮ ਜਿੱਤੇ ਹਨ। ਜਿਨ੍ਹਾਂ ਨੂੰ ਸਿੱਖਿਆ ਮੰਤਰੀ ਪੰਜਾਬ ਵਿਜੈਇੰਦਰ ਸਿੰਗਲਾ ਨੇ ਸੋਸ਼ਲ ਮੀਡੀਆ ਰਾਹੀਂ ਵਿਸ਼ੇਸ਼ ਵਧਾਈ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਕੋਵਿਡ-19 ਦੀ ਮਹਾਂਮਾਰੀ ਕਾਰਨ ਲਗਾਏ ਗਏ ਲੌਕਡਾਊਨ ਦੌਰਾਨ ਵਿਦਿਆਰਥੀਆਂ ਦੇ ਹੁਨਰ ਨੂੰ ਤਰਾਸ਼ਣ ਲਈ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਵੱਲੋਂ ‘ਅੰਬੈਸਡਰਜ਼ ਆਫ਼ਹੋਪ’ ਨਾਂਅ ਦਾ ਆਨਲਾਇਨ ਮੁਕਾਬਲਾ ਚਲਾਇਆ ਗਿਆ ਸੀ। ਜਿਸ ਨੂੰ ਪੰਜਾਬ ਭਰ ‘ਚੋਂ ਭਰਪੂਰ ਹੁੰਗਾਰਾ ਮਿਲਿਆ ਸੀ। ਇਸ ਦੇ ਪਹਿਲੇ ਮੁਕਾਬਲੇ ‘ਚ ਸਿਰਫ਼ ਅੱਠ ਦਿਨਾਂ ‘ਚ ਸੂਬੇ ‘ਚੋਂ 1 ਲੱਖ ਪੰਜ ਹਜ਼ਾਰ ਵਿਦਿਆਰਥੀਆਂ ਨੇ ਆਪਣੀ ਦਾਅਵੇਦਾਰੀ ਪੇਸ਼ ਕਰਕੇ ਇਸ ਨੂੰ ਵਿਸ਼ਵ ਰਿਕਾਰਡ ਬਣਾ ਦਿੱਤਾ ਸੀ। ਹੁਣ ਸ਼੍ਰੀ ਸਿੰਗਲਾ ਵੱਲੋਂ ਇਸ ਮੁਕਾਬਲੇ ‘ਚ ਹਰ ਜ਼ਿਲੇ ‘ਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ‘ਤੇ ਆਉਣ ਵਾਲੇ ਵਿਦਿਆਰਥੀਆਂ ਦੇ ਨਾਵਾਂ ਦੇ ਐਲਾਨ ਕੀਤੇ ਗਏ ਹਨ।

ਜਿੰਨਾਂ ‘ਚੋਂ ਬਾਰਵੀਂ ਕਲਾਸ ਦੀ ਆਸਥਾ ਨੇ ਪਹਿਲੇ ਸਥਾਨ ‘ਤੇ ਰਹਿ ਕੇ ਐਪਲ ਆਈਪੈਡ, ਆਦਰਸ ਸਕੂਲ ਕਾਲੇਕੇ ਦੀ ਦਸਵੀਂ ਕਲਾਸ ਦੇ ਰੇਸ਼ਮ ਸਿੰਘ ਨੇ ਦੂਸਰੇ ਸਥਾਨ ‘ਤੇ ਰਹਿ ਕੇ ਲੈਪਟੌਪ ਤੇ ਪਵਨ ਸੇਵਾ ਸੰਮਤੀ ਬਰਨਾਲਾ ਦੀ ਬਾਰਵੀਂ ਕਲਾਸ ਦੀ ਸਪੈਸ਼ਲ ਵਿਦਿਆਰਥਣ ਕਮਲਜੀਤ ਕੌਰ ਨੇ ਤੀਜੇ ਸਥਾਨ ਪ੍ਰਾਪਤ ਕਰਕੇ ਐਂਡਰੋਇਡ ਟੈਬਲੇਟ ਜਿੱਤੀ ਹੈ। ਜਾਣਕਾਰੀ ਮੁਤਾਬਿਕ ਕਮਲਜੀਤ ਕੌਰ ਨਾ ਤਾਂ ਸੁਣ ਸਕਦੀ ਹੈ ਅਤੇ ਨਾ ਹੀ ਬੋਲ ਸਕਦੀ ਹੈ। ਫਿਰ ਵੀ ਇਸ ਨੇ ‘ਅੰਬੈਸਡਰਜ਼ ਆਫ਼ਹੋਪ’ ਮੁਕਾਬਲੇ ਦੌਰਾਨ ਭਰੂਣ ਹੱਤਿਆ ਵਿਰੁੱਧ ਜਾਗਰੂਕ ਕਰਦੀ ਵੀਡੀਓ ਬਣਾ ਕੇ ਸ਼ੇਅਰ ਕੀਤੀ ਸੀ, ਜਿਸ ਨੂੰ ਲੋਕਾਂ ਵੱਲੋਂ ਖੂਬ ਸਲਾਹਿਆ ਗਿਆ ਸੀ। ਇਸੇ ਅਧਾਰ ‘ਤੇ ਕਮਲਜੀਤ ਕੌਰ ਤੀਜਾ ਸਥਾਨ ਜਿੱਤਣ ‘ਚ ਸਫ਼ਲ ਹੋਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ