ਜਦੋਂ ਨਰਸਾਂ ਨੂੰ ਮਨਾਉਣ ਖੁਦ ਛੱਤ ‘ਤੇ ਚੜ੍ਹੇ ਡੀਸੀ ਤੇ ਐੱਸਐੱਸਪੀ

DC, SSP, Roof, Celebrate, Nurses

ਨਰਸਾਂ ਤੇ ਹੋਰ ਸਟਾਫ਼ ਨੇ ਕੀਤਾ ਸੰਗਰੂਰ-ਪਟਿਆਲਾ ਮੁੱਖ ਮਾਰਗ ਜਾਮ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਆਪਣੀ ਰੈਗੂਲਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਨਰਸਾਂ, ਦਰਜਾਚਾਰ ਕਰਮਚਾਰੀ, ਐਨਸਿਲਰੀ ਸਟਾਫ ਵੱਲੋਂ ਅੱਜ ਸੰਗਰੂਰ ਪਟਿਆਲਾ ਮੁੱਖ ਮਾਰਗ ‘ਤੇ ਜਾਮ ਲਾ ਕੇ ਆਵਾਜਾਈ ਠੱਪ ਕਰ ਦਿੱਤੀ। ਇੱਧਰ ਨਰਸਾਂ ਦੀ ਪ੍ਰਧਾਨ ਕਰਮਜੀਤ ਕੌਰ ਔਲਖ ਵੱਲੋਂ ਅੱਜ ਹੇਠਾਂ ਛਾਲ ਮਾਰਨ ਦੇ ਦਿੱਤੇ ਅਲਟੀਮੇਟਮ ਨੂੰ ਦੇਖਦਿਆਂ ਪਟਿਆਲਾ ਦੀ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਖੁੱਦ ਹਸਪਤਾਲ ਦੀ ਛੱਤ ‘ਤੇ ਜਾ ਕੇ ਪ੍ਰਧਾਨ ਨਾਲ ਗੱਲਬਾਤ ਕਰਦਿਆਂ ਹੇਠਾ ਉਤਾਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਰੈਗੂਲਰ ਕਰਨ ਦੇ ਨੋਟੀਫਿਕੇਸ਼ਨ ਦੀ ਮੰਗ ‘ਤੇ ਅੜ ਗਈਆਂ। ਇਧਰ ਜਾਮ ਲੱਗਣ ਕਰਕੇ ਆਉਣ ਜਾਣ ਵਾਲੇ ਰਾਹੀਗਰਾਂ ਵੱਲੋਂ ਨਰਸਾਂ ਨਾਲ ਖੁੱਲ ਕੇ ਭੜਾਸ ਕੱਢੀ ਗਈ ਕਿ ਉਨ੍ਹਾਂ ਵੱਲੋਂ ਰੋਜ਼ਾਨਾ ਹੀ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਕੱਲ ਲੰਘੀ ਕੈਬਨਿਟ ਦੀ ਮੀਟਿੰਗ ਵਿੱਚ ਨਰਸਾਂ ਨੂੰ ਆਸ ਸੀ ਕਿ ਉਨ੍ਹਾਂ ਨੂੰ ਪੱਕਾ ਕਰ ਦਿੱਤਾ ਜਾਵੇਗਾ, ਪਰ ਮੀਟਿੰਗ ਵਿੱਚ ਨਰਸਾ ਬਾਰੇ ਕੋਈ ਗੱਲ ਨਹੀਂ ਹੋਈ। ਅੱਜ ਨਰਸਾਂ ਵੱਲੋਂ ਸਵੇਰੇ ਪਹਿਲਾ ਮੋਤੀ ਮਹਿਲ ਵੱਲ ਚਾਲੇ ਪਾ ਦਿੱਤੇ ਗਏ। ਪਰ ਭਾਰੀ ਗਿਣਤੀ ਪੁਲਿਸ ਫੋਰਸ ਵੱਲੋਂ ਉਨ੍ਹਾਂ ਨੂੰ ਪੋਲੋ ਗਰਾਉਡ ਕੋਲ ਰੋਕ ਲਿਆ ਅਤੇ ਅੱਗੇ ਨਾ ਜਾਣ ਦਿੱਤਾ ਗਿਆ। ਪੁਲਿਸ ਵੱਲੋਂ ਪਾਣੀ ਵਾਲੀ ਗੱਡੀ ਵੀ ਬੁਲਾ ਲਈ ਗਈ। ਇਸ ਤੋਂ ਬਾਅਦ ਨਰਸਾਂ ਵੱਲੋਂ ਮੁੜ ਵਾਪਸੀ ਕਰਦਿਆਂ ਹਸਪਤਾਲ ਦੇ ਸਾਹਮਣੇ ਮੁੱਖ ਮਾਰਗ ‘ਤੇ ਧਰਨਾ ਲਗਾ ਦਿੱਤਾ ਅਤੇ ਸਰਕਾਰ ਖਿਲਾਫ ਪਿੱਟ ਸਿਆਪਾ ਕਰਨ ਲੱਗੀਆਂ।

ਇਸ ਦੌਰਾਨ ਚਾਰੇ ਪਾਸੇ ਵਾਹਨਾਂ ਦੀਆਂ ਲੰਮੀਆਂ ਲਾਇਨਾਂ ਲੱਗ ਗਈਆਂ। ਦੂਰ ਦੁਰਾਡੇ ਜਾਣ ਵਾਲੇ ਲੋਕਾਂ ਵੱਲੋਂ ਗੁੱਸੇ ‘ਚ ਆਉਦਿਆਂ ਨਰਸਾਂ ਨੂੰ ਬੁਰਾ-ਭਲਾ ਕਿਹਾ ਅਤੇ ਕਈਆਂ ਦੀ ਖਹਿਬਾਜੀ ਵੀ ਹੋਈ। ਬੱਸਾਂ ਵਿੱਚੋਂ ਲੋਕ ਉੱਤਰ ਕੇ ਪੈਦਲ ਹੀ ਅੱਗੇ ਗਏ ਜਿਸ ਕਾਰਨ ਉਨ੍ਹਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ। ਨਰਸਾਂ ਦੀ ਪ੍ਰਧਾਨ ਕਰਮਜੀਤ ਕੌਰ ਔਲਖ ਤੇ ਬਲਜੀਤ ਕੌਰ ਖਾਲਸਾ ਜੋ ਪਿਛਲੇ ਲਗਭਗ 2 ਹਫਤਿਆਂ ਤੋਂ ਹਸਪਤਾਲ ਦੀ ਛੱਤ ‘ਤੇ ਚੜੀਆਂ ਹੋਈਆਂ ਹਨ। ਔਲਖ ਵੱਲੋਂ ਅੱਜ ਮੰਗ ਪੁਰੀ ਨਾ ਹੋਣ ‘ਤੇ ਹੇਠਾਂ ਛਾਲ ਮਾਰਨ ਦੀ ਚੇਤਾਵਨੀ ਦਿੱਤੀ ਹੋਈ ਸੀ। DC

ਡਿਪਟੀ ਕਮਿਸ਼ਨਰ ਕੁਮਾਰ ਅਮਿਤ ਤੇ ਐਸਐਸਪੀ ਮਨਦੀਪ ਸਿੰਘ ਸਿੱਧੂ ਸਮੇਤ ਹੋਰ ਅਧਿਕਾਰੀ ਆਰਜੀ ਪੋੜੀ ਰਾਹੀਂ ਉਨ੍ਹਾਂ ਕੋਲ ਛੱਤ ‘ਤੇ ਪੁੱਜੇ ਅਤੇ ਉਨ੍ਹਾਂ ਨੂੰ ਸਮਝਾਉਣ ਦਾ ਯਤਨ ਕੀਤਾ। ਡੀਸੀ ਨੇ ਕਿਹਾ ਕਿ ਉਨ੍ਹਾਂ ਦੀ ਰੈਗੂਲਰ ਸਬੰਧੀ ਕਾਰਵਾਈ ਜਾਰੀ ਹੈ। ਇਸ ਲਈ ਉਹ ਹੇਠਾ ਉੱਤਰ ਜਾਣ, ਪਰ ਉੱਕਤ ਨਰਸਾਂ ਨੇ ਨੋਟੀਫਿਕੇਸਨ ਤੱਕ ਹੇਠਾਂ ਨਾ ਉੱਤਰਨ ਦੀ ਗੱਲ ਆਖੀ। ਜਿਸ ਤੋਂ ਬਾਅਦ ਡੀਸੀ ਅਤੇ ਐਸਐਸਪੀ ਨੂੰ ਬੇਰੰਗ ਹੀ ਹੇਠਾਂ ਪਰਤਨਾ ਪਿਆ। ਉਂਜ ਡਿਪਟੀ ਕਮਿਸ਼ਨਰ ਦੇ ਵਿਸ਼ਵਾਸ ਤੋਂ ਬਾਅਦ ਮੁੱਖ ਮਾਰਗ ‘ਤੇ ਲਾਇਆ ਗਿਆ ਨਰਸਾਂ ਵੱਲੋਂ ਚੁੱਕ ਲਿਆ ਗਿਆ ਤੇ ਲੋਕਾਂ ਨੇ ਸੁਖ ਦਾ ਸਾਹ ਲਿਆ। DC

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।