ਨਹੀਂ ਲੱਭਣੇ ਹੁਣ ਬਚਪਨ ਦੇ ਉਹ ਦਿਨ…

Days, Childhood, Anymore

ਕੁਲਵਿੰਦਰ ਵਿਰਕ

ਹੁਣ ਬੱਸ ਚੇਤੇ ਕਰ ਲਈਦੈ…. ਕਦੇ ਉਹ ਵੀ ਵੇਲੇ ਹੁੰਦੇ ਸਨ ਜਦੋਂ….

ਕੋਠੇ ‘ਤੇ ਲੱਗੇ ਅਂੈਟੀਨੇ ਨੂੰ ਘੁਮਾ-ਘੁਮਾ ਕੇ ਜਲੰਧਰ ਤੋਂ ਇਲਾਵਾ ਦਿੱਲੀ ਦੂਰਦਰਸ਼ਨ ਵੇਖਣ ਦੀ ਕੋਸ਼ਿਸ਼ ਕਰਦੇ, ਕਦੇ-ਕਦੇ ਪਾਕਿਸਤਾਨ ਦਾ ਪੰਜਾਬੀ ਚੈਨਲ ਵੀ ਖਿੱਚ ਲੈਂਦਾ ਸੀ ਟੀ.ਵੀ…. ਬੜੇ ਖੁਸ਼ ਹੁੰਦੇ…. ਆਂਢ-ਗੁਆਂਢ ‘ਚ ਦੱਸਦੇ, ਦੂਜੇ ਦਿਨ ਸਕੂਲ ਜਾ ਕੇ ਵੀ ਆੜੀਆਂ ਨੂੰ ਦੱਸਣਾ, ਪਾਡੀ ਮਾਰਨੀ

ਛੱਪੜਾਂ ਦੇ ਪਾਣੀ ਸਾਫ਼ ਹੁੰਦੇ…. ਨਹਾਉਣ ਦੇ ਬਹਾਨੇ ਮੱਝਾਂ ਛੱਡ ਲੈਣੀਆਂ…. ਮੱਝਾਂ ਦੀਆਂ ਪੂਛਾਂ ਫੜ੍ਹ ਕੇ ਖੂਬ ਤਾਰੀਆਂ ਲਾਉਣੀਆਂ…. ਸਾਰੇ ਛੱਪੜ ‘ਚ ਮੱਝ ਨੂੰ ਘੁੰਮਾਈ ਫਿਰਨਾ…. ਸਾਡੇ ਸਵੀਮਿੰਗ ਪੂਲ ਸਨ ਛੱਪੜ…. ਕਿਨਾਰੇ ‘ਤੇ ਚੀਕਣੀ ਮਿੱਟੀ ਹੁੰਦੀ…. ਪਾਣੀ ਪਾ-ਪਾ ਤਿਲ੍ਹਕਣ ਬਣਾ ਲੈਣੀ ਤੇ ਉਚਾਈ ਤੋਂ ਛੱਪੜ ‘ਚ ਰੁੜਦੇ ਜਾਣਾ

ਛੁੱਟੀਆਂ ‘ਚ ਟਿੱਬਿਆਂ ‘ਤੇ ਉਗਾਏ ਛੋਲਿਆਂ ਦੀ ਰਾਖੀ ਕਰਦੇ…. ਕਾਲੇ ਤਿੱਤਰਾਂ ਨੂੰ ‘ਭਗਵਾਨ ਤੇਰੀ ਕੁਦਰਤ, ਭਗਵਾਨ ਤੇਰੀ ਕੁਦਰਤ’ ਬੋਲਦਿਆਂ ਸੁਣਦੇ…. ਉਦੋਂ ਅੱਜ ਜਿੰਨੀ ਗਰਮੀ ਨਹੀਂ ਸੀ ਪੈਂਦੀ…. ਛੋਲੇ ਪੱਕ ਜਾਣੇ ਤਾਂ ਅੱਗ ਵਿੱਚ ਭੁੰਨ੍ਹ ਕੇ ਹੋਲ਼ਾਂ ਖਾਣੀਆਂ…. ਨਰਮਾ ਚੁਗਦੇ ਜਾਂ ਕਣਕ ਵੱਢਦੇ ਖੇਤ ਵਿੱਚ ਹੀ ਬਾਟੀ ਨਾਲ ਚੁੱਲ੍ਹਾ ਪੁੱਟ ਲੈਂਦੇ…. ਚਾਹ ਬਣਾਉਂਦੇ, ਵਿੱਚ ਕਿੱਕਰ ਦਾ ਸੱਕ ਪਾ ਲੈਣਾ…. ਲੌਂਗ-ਲਾਚੀਆਂ ਦਾ ਸੁਆਦ ਆਉਣਾ ਚਾਹ ਵਿੱਚੋਂ…. ਕੋਲ਼ਿਆਂ ‘ਤੇ ਗਰਮ ਕਰਕੇ ਖਾਧੀ ਰੋਟੀ ਦਾ ਸਵਾਦ ਅੱਜ ਵੀ ਯਾਦ ਆਉਂਦੈ…..

ਸਾਉਣ ਦੇ ਮਹੀਨੇ ਉਦੋਂ ਮੀਂਹ ਵੀ ਬੜੇ ਪੈਂਦੇ…. ਮੀਂਹ ਦੇ ਪਾਣੀ ‘ਚ ਨਹਾਉਣ ਦਾ ਬੜਾ ਚਾਅ ਹੁੰਦਾ…. ਕਈ ਵਾਰੀ ਤਿਲ੍ਹਕ ਕੇ ਡਿੱਗ ਪੈਣਾ…. ਘਰਦਿਆਂ ਤੋਂ ਕੁੱਟ ਖਾਣੀ… ਪਰ ਫੇਰ ਵੀ ਅਗਲੇ ਮੀਂਹ ਦਾ ਇੰਤਜ਼ਾਰ ਕਰਨਾ…. ਕਾਗਜ਼ ਦੀਆਂ ਕਿਸ਼ਤੀਆਂ ਬਣਾ ਕੇ ਮੀਂਹ ਦੇ ਪਾਣੀ ‘ਚ ਛੱਡਣੀਆਂ…. ਦੌੜ ਜਿਹੀ ਵੀ ਲਗਾਉਂਦੇ ਕਦੇ ਕਿਸ਼ਤੀਆਂ ਦੀ…. ਮੀਂਹ ਹਟੇ ਤੋਂ ਸ਼ਾਮ ਨੂੰ ਪਿੱਪਲ ਦੇ ਪੱਤਿਆਂ ਦੀ ਮੱਦਦ ਨਾਲ ਚੁੱਲ੍ਹੇ ‘ਤੇ ਬਣਾਏ ਬੇਬੇ ਦੇ ਪੂੜੇ ਜਦੋਂ ਖੀਰ ਨਾਲ ਖਾਂਦੇ ਤਾਂ…. ਆਹ! ਉਹ ਸੁਆਦ, ਉਹ ਨਜ਼ਾਰੇ ਤਾਂ ਅੱਜ ਵੀ ਚੇਤਿਆਂ ‘ਚ ਸਾਂਭੇ ਪਏ ਨੇ….

ਸਾਈਕਲ ਸਿੱਖਣ ਅਤੇ ਚਲਾਉਣ ਦਾ ਬੜਾ ਚਾਅ ਹੁੰਦਾ… ਕਈ-ਕਈ ਦਿਨ ਇੱਕ ਪੈਡਲ ਨਾਲ ਹੀ ਸਾਈਕਲ ਭਜਾਈ ਫਿਰਦੇ…. ਫੇਰ ‘ਕੈਂਚੀ’ ਸਿੱਖਣ ‘ਤੇ ਵੀ ਦਿਨ ਲੱਗ ਜਾਂਦੇ…. ਚੈਨ-ਕਵਰ ‘ਚ ਫਸ ਕੇ ਪਜਾਮੇ ਦੇ ਪੌਂਚੇ ਪੜਵਾ ਲੈਂਦੇ…. ਕਈ ਵਾਰ ਡਿੱਗ ਕੇ ਸੱਟਾਂ ਵੀ ਮਰਵਾ ਲੈਂਦੇ…. ਤੇ ਘਰਦਿਆਂ ਤੋਂ ਫੇਰ, ਕੁੱਟ ਖਾ ਲੈਂਦੇ ….! ਪਰ ਸਿੱਖਣ ਮਗਰੋਂ ਸਾਈਕਲ ਚਲਾਉਣ, ਭਜਾਉਣ ਤੇ ਰੇਸਾਂ ਲਾਉਣ ਦਾ ਚਾਅ ਹੋਰ ਵੀ ਵਧ ਜਾਂਦਾ…. ਉਦੋਂ ਮੋਟਰ ਸਾਈਕਲ ਅੱਜ ਜਿੰਨੇ ਨਹੀਂ ਸਨ, ਪਰ ਸਾਈਕਲ ਹਰ ਘਰ ‘ਚ ਦੋ-ਦੋ, ਤਿੰਨ-ਤਿੰਨ ਹੁੰਦੇ…. ਕਈ ਯਾਰ-ਬੇਲੀ ਤਾਂ ਸਾਈਕਲ ਨੂੰ ਦੁਲਹਨ ਵਾਂਗ ਸਜਾ, ਚਮਕਾ ਕੇ ਰੱਖਦੇ…. ਸ਼ੀਸ਼ੇ ਲਵਾ ਕੇ ਰੱਖਦੇ…. ਤੇ ਡੋਰੀਆਂ ਪਾ ਕੇ ਰੱਖਦੇ

ਇੱਕ ਯਾਦ ਹੋਰ ਵੀ ਚੇਤਿਆਂ ‘ਚ ਕਿਧਰੇ ਵੱਸੀ ਪਈ ਹੈ…. ਗਲੀ ‘ਚ ਖਸ-ਖਸ ਦੀ ਬਰਫ਼ੀ, ਬਰਫ਼ ਦੇ ਗੋਲੇ ਬਣਾ ਕੇ ਵੇਚਣ ਵਾਲੇ, ਤਮਾਸ਼ੇ ਵਿਖਾਉਣ ਵਾਲੇ, ਕਵੀਸ਼ਰੀ ਗਾਉਣ ਵਾਲੇ, ਬਾਜ਼ੀਆਂ ਪਾਉਣ ਵਾਲੇ ਤੇ ਸੱਪ ਦਿਖਾਉਣ ਵਾਲੇ ਜੋਗੀ ਵੀ ਆਉਂਦੇ ਰਹਿੰਦੇ…. ਖਾਣ-ਪੀਣ ਤੇ ਮਨੋਰੰਜਨ ਦੇ ਬੱਸ ਸੀਮਤ ਜਿਹੇ ਸਾਧਨ…. ਬਿੱਲੂ ਬਾਣੀਏ ਦੀ ਹੱਟੀ ਤੋਂ ਮਿੱਠੀਆਂ ਗੋਲ਼ੀਆਂ ਖਾਂਦੇ, ਕੇਕ, ਸ਼ੱਕਰਪਾਰੇ, ਬਾਲੂਸ਼ਾਹੀ ਖਾਂਦੇ…. ਤੇ ਪੰਜ ਰੁਪਇਆਂ ‘ਚ ਪੂਰਾ ਰੱਜ ਜਾਂਦੇ…. ਉਂਝ ਉਦੋਂ ਪੈਸੇ ਘੱਟ ਤੇ ਘਰੋਂ ਕਣਕ ਲੈ ਕੇ ਹੱਟੀ ‘ਤੇ ਵੱਧ ਜਾਂਦੇ…. ਨਰਮਾ ਵੇਚ ਕੇ ਗੱਚਕ ਵੀ ਖਾਂਦੇ….

ਤੇ ਸੱਚ ਹਾਂ- ਛੋਲਿਆਂ ਅਤੇ ਮੱਕੀ ਦੇ ਦਾਣੇ ਵੀ ਭੱਠੀ ਵਾਲੀ ਤੋਂ ਭੁਨਾਉਣ ਜਾਣੇ…. ਤੇ ਭੁੱਜੇ ਦਾਣੇ ਗੁੜ ਨਾਲ ਖਾਣੇ…. ਦਾਣੇ ਭੁੰਨ੍ਹਣ ਦੀ ਮਹਿਕ ਵੀ ਆਸ-ਪਾਸ ਦੇ ਕਈ ਘਰਾਂ ਤੱਕ ਫੈਲ ਜਾਂਦੀ…. ਸ਼ਿਵ ਦੇ ਗੀਤ ਨੂੰ ਵੱਡੇ ਹੋ ਕੇ ਜਦ ਪੜ੍ਹਿਆ ਤਾਂ ਉਸਨੇ ਆਪਣੇ ਦੁੱਖਾਂ ਦੇ ਕੀਰਨੇ ਪਾਏ…. ਕਿ ਏਸ ਜਿੰਦ ਤੋਂ ਛੇਤੀ ਖਹਿੜਾ ਛੁੱਟ ਜਾਏ…. ਸਾਨੂੰ ਤਾਂ ਪਰ ਇਹ ਗੀਤ ਅੱਜ ਵੀ ਸਾਡੀ ਭੱਠੀ ਵਾਲੀ ਤੇ ਭੁੱਜੇ ਦਾਣਿਆਂ ਦੀ ਯਾਦ ਦਿਵਾਏ…. ਨੀ ਮਾਏ! ਕਾਸ਼ ਕੋਈ ਬਚਪਨ ਦੇ ਉਹ ਦਿਨ ਮੋੜ ਲਿਆਏ…. ਭਾਵੇਂ ਸਾਥੋਂ ਦੌਲਤ, ਸ਼ੌਹਰਤ, ਜਵਾਨੀ ਲੈ ਜਾਏ ….!

ਪੁਰਾਣਾ ਸ਼ਹਿਰ, ਕੋਟਕਪੂਰਾ,
ਫਰੀਦਕੋਟ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।