ਯੁੱਧ ਦਾ 6ਵਾਂ ਦਿਨ: ਰੂਸ ਨੇ ਕੀਵ ’ਤੇ ਮੁੜ ਸ਼ੁਰੂ ਕੀਤਾ ਹਮਲਾ: ਯੂਕਰੇਨੀ ਫੌਜ

Russia-Ukraine War Sachkahoon

ਯੁੱਧ ਦਾ 6ਵਾਂ ਦਿਨ: ਰੂਸ ਨੇ ਕੀਵ ’ਤੇ ਮੁੜ ਸ਼ੁਰੂ ਕੀਤਾ ਹਮਲਾ: ਯੂਕਰੇਨੀ ਫੌਜ

ਕੀਵ। ਯੂਕਰੇਨ ਦੀ ਫੌਜ ਨੇ ਮੰਗਲਵਾਰ ਨੂੰ ਕਿਹਾ ਕਿ ਰੂਸੀ ਸੈਨਿਕਾਂ ਨੇ ਰਾਜਧਾਨੀ ਕੀਵ ’ਤੇ ਫਿਰ ਹਮਲਾ ਸ਼ੁਰੂ ਕਰ ਦਿੱਤਾ ਹੈ। ਯੂਕਰੇਨ ਦੇ ਆਮਰਡ ਫੋਰਸਿਜ਼ ਦੇ ਇੱਕ ਅਧਿਕਾਰੀ ਨੇ ਸੋਸ਼ਲ ਮੀਡੀਆ ’ਤੇ ਕਿਹਾ,‘ਕੀਵ ਦੇ ਆਲੇ ਦੁਆਲੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ।’ ਬੀਬੀਸੀ ਨੇ ਦੱਸਿਆ, ‘‘ਦੁਸ਼ਮਣ (ਰੂਸੀ ਫੌਜਾਂ) ਹਮਲਾਵਰ ਸਮਰੱਥਾ ਗੁਆ ਰਹੀ ਹੈ ਪਰ ਫਿਰ ਵੀ ਫੌਜ਼ੀ ਅਤੇ ਨਾਗਰਿਕ ਟਿਕਾਣਿਆਂ ’ਤੇ ਹਮਲਾ ਕਰ ਰਹੀ ਹੈ।’’ ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਰੂਸ ਬੇਲਾਰੂਸ ਦੇ ਉੱਚ ਸਿਖਲਾਈ ਪ੍ਰਾਪਤ ਫੌਜੀ ਯੂਨਿਟਾਂ ਦੀ ਮੱਦਦ ਲੈਣ ਦੀ ਯੋਜਨਾ ਬਣਾ ਰਿਹਾ ਹੈ ਅਤੇ ਆਪਣੇ ਫੌਜੀ ਹਵਾਈ ਆਵਾਜਾਈ ਲਈ ਬੇਲਾਰੂਸ ਦੇ ਹਵਾਈ ਖੇਤਰ ਦੀ ਵਰਤੋਂ ਕਰਨ ਲਈ ਵੀ ਜ਼ੋਰ ਦੇ ਰਿਹਾ ਹੈ।

ਰੂਸੀ ਫੌਜ ਨੇ ਖੇਰਸਨ ‘ਤੇ ਹਮਲਾ ਕੀਤਾ

ਯੂਕਰੇਨ ਵਿੱਚ ਚੱਲ ਰਹੀ ਰੂਸੀ ਫੌਜੀ ਕਾਰਵਾਈ ਦੇ ਵਿਚਕਾਰ ਹੁਣ ਰੂਸੀ ਫੌਜ ਨੇ ਖੇਰਸਨ ਸ਼ਹਿਰ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਕਿ ਯੂਕਰੇਨ ਦੀ ਵਿਸ਼ੇਸ਼ ਸੰਚਾਰ ਅਤੇ ਸੂਚਨਾ ਸੁਰੱਖਿਆ ਰਾਜ ਸੇਵਾ ਅਤੇ ਚਸ਼ਮਦੀਦਾਂ ਦੇ ਅਨੁਸਾਰ, ਦੁਸ਼ਮਣ (ਰੂਸੀ ਫੋਜ) ਹਵਾਈ ਅੱਡੇ ਤੋਂ ਨਿਕੋਲੇਟ ਹਾਈਵੇਅ ਅਤੇ ਕੋਲਡ ਸਟੋਰੇਜ ਪਲਾਂਟ ਦੇ ਨੇੜੇ ਇੱਕ ਰਿੰਗ ਵੱਲ ਵਧ ਰਿਹਾ ਹੈ।

ਖੇਰਸਨ ਦੇ ਸਥਾਨਕ ਪ੍ਰਸ਼ਾਸਨ ਨੇ ਸੋਸ਼ਲ ਮੀਡੀਆ ’ਤੇ ਦੱਸਿਆ ਕਿ ਸ਼ਹਿਰ ਨੂੰ ਰੂਸੀ ਸੈਨਿਕਾਂ ਨੇ ਘੇਰਾ ਪਾ ਲਿਆ ਸੀ ਪਰ ਅਜੇ ਤੱਕ ਸ਼ਹਿਰ ‘ਤੇ ਕਬਜ਼ਾ ਨਹੀਂ ਕੀਤਾ ਗਿਆ ਸੀ। ਸ਼ਹਿਰ ਦੇ ਮੇਅਰ ਨੇ ਕਿਹਾ ਕਿ ਰੂਸੀ ਫੌਜ ਨੇ ਸ਼ਹਿਰ ਦੇ ਪ੍ਰਵੇਸ਼ ਦੁਆਰ ’ਤੇ ਰੋਕ ਲਗਾ ਦਿੱਤੀ ਹੈ। ਮੇਅਰ ਇਗੋਰ ਕੋਲੀਖਾਏ ਨੇ ਫੇਸਬੁੱਕ ’ਤੇ ਲਿਖਿਆ, ‘‘ਇਹ ਕਹਿਣਾ ਮੁਸ਼ਕਲ ਹੈ ਕਿ ਭਵਿੱਖ ਵਿੱਚ ਕੀ ਹੋਵੇਗਾ। ਖੇਰਸਨ ਯੂਕਰੇਨ ਦਾ ਸੀ ਅਤੇ ਰਹੇਗਾ। ਉਹਨਾਂ ਕਿਹਾ, ਮੈਂ ਤੁਹਾਨੂੰ ਸਾਰਿਆਂ ਨੂੰ ਸ਼ਾਂਤ ਅਤੇ ਸਾਵਧਾਨ ਰਹਿਣ ਦੀ ਬੇਨਤੀ ਕਰਦਾ ਹਾਂ। ਕਰਫਿਊ ਦੌਰਾਨ ਬਾਹਰ ਨਾ ਨਿਕਲੋ। ਦੁਸ਼ਮਣ ਨੂੰ ਲੜਾਈ ਲਈ ਨਾ ਉਕਸਾਓ।’’ ਇਸ ਤੋਂ ਪਹਿਲਾਂ ਬੀਬੀਸੀ ਨੇ ਕਿਹਾ ਸੀ ਕਿ ਖੇਰਸੋਨ ਹਵਾਈ ਅੱਡੇ ਨੇੜੇ ਧਮਾਕੇ ਹੋਏ ਹਨ। ਜ਼ਿਕਰਯੋਗ ਹੈ ਕਿ ਰੂਸੀ ਫੌਜ ਨੇ 24 ਫਰਵਰੀ ਨੂੰ ਯੂਕਰੇਨ ’ਤੇ ਹਮਲਾ ਕੀਤਾ ਸੀ ਅਤੇ ਮੰਗਲਵਾਰ ਨੂੰ ਇਸ ਜੰਗ ਦਾ ਛੇਵਾਂ ਦਿਨ ਸ਼ੁਰੂ ਹੋ ਗਿਆ ਹੈ।

ਯੂਕਰੇਨ ਵਿੱਚ ਸਥਿਤੀ ਦੀ ਜਾਂਚ ਲਈ ਆਈਸੀਸੀ

ਅੰਤਰਰਾਸ਼ਟਰੀ ਅਪਰਾਧਿਕ ਅਦਾਲਤ (ਆਈਸੀਸੀ) ਨੇ ਕਿਹਾ ਹੈ ਕਿ ਉਹ ‘‘ਜਲਦੀ ਤੋਂ ਜਲਦੀ’’ ਯੂਕਰੇਨ ਦੀ ਸਥਿਤੀ ਦੀ ਜਾਂਚ ਸ਼ੁਰੂ ਕਰੇਗੀ। ਸਰਕਾਰੀ ਵਕੀਲ ਕਰੀਮ ਖ਼ਾਨ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ,‘‘ ਮੈਂ ਅੱਜ ਘੋਸ਼ਣਾ ਕਰਦਾ ਹਾਂ ਕਿ ਮੈਂ ਜਿੰਨੀ ਜਲਦੀ ਹੋ ਸਕੇ ਯੂਕਰੇਨ ਵਿੱਚ ਸਥਿਤੀ ਦੀ ਜਾਂਚ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਮੈਂ ਯੂਕਰੇਨ ਵਿੱਚ ਸਥਿਤੀ ਦੀ ਸ਼ੁਰੂਆਤੀ ਜਾਂਚ ਦੀ ਸਮੀਖਿਆ ਕੀਤੀ ਅਤੇ ਪੁਸ਼ਟੀ ਕੀਤੀ ਹੈ ਕਿ ਜਾਂਚ ਕਰਨ ਲਈ ਇਹ ਸਮਾਂ ਸਹੀ ਹੈ।’’ ਖ਼ਾਨ ਨੇ ਕਿਹਾ ਕਿ ਸਥਿਤੀ ਦੀ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਯੂਕਰੇਨ ਵਿੱਚ ਕਥਿਤ ਯੁੱਧ ਅਪਰਾਧ ਅਤੇ ਮਨੁੱਖਤਾ ਦੇ ਖਿਲਾਫ ਅਪਰਾਧ ਕੀਤੇ ਗਏ ਹਨ। ਸਰਕਾਰੀ ਵਕੀਲ ਨੇ ਦੱਸਿਆ ਕਿ ਉਸ ਨੇ ਸਾਰੇ ਉਪਲਬਧ ਸਬੂਤਾਂ ਦਾ ਪਤਾ ਲਗਾਉਣ ਲਈ ਪਹਿਲਾਂ ਹੀ ਇੱਕ ਟੀਮ ਨਿਯੁਕਤ ਕਰ ਦਿੱਤੀ ਹੈ। ਹੁਣ ਜਾਂਚ ਸ਼ੁਰੂ ਕਰਨ ਲਈ ਅਦਾਲਤ ਦੇ ਪ੍ਰੀ-ਟਰਾਇਲ ਚੈਂਬਰ ਤੋਂ ਅਧਿਕਾਰ ਮੰਗ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ