ਹੀਰ (Story of Heer-Ranjha) ਦੇ ਕਿੱਸੇ ਨੂੰ ਸਭ ਤੋਂ ਵੱਧ ਪ੍ਰਸਿੱਧੀ ਭਾਵੇਂ ਵਾਰਿਸ ਸ਼ਾਹ ਨੇ ਦਿਵਾਈ ਹੈ, ਪਰ ਅਸਲੀਅਤ ਇਹ ਹੈ ਕਿ ਇਸ ਪ੍ਰੇਮ ਕਹਾਣੀ ਨੂੰ ਸਭ ਤੋਂ ਪਹਿਲਾਂ ਕਲਮਬੰਦ ਦਮੋਦਰ ਦਾਸ ਗੁਲਾਟੀ ਨੇ ਕੀਤਾ ਸੀ। ਦਮੋਦਰ ਦੀ ਹੀਰ ਸੁਖਾਂਤਕ ਹੈ ਪਰ ਵਾਰਿਸ ਸ਼ਾਹ ਦੀ ਦੁਖਾਂਤਕ। ਦਮੋਦਰ ਦੇ ਕਿੱਸੇ ਵਿੱਚ ਅਖੀਰ ਹੀਰ-ਰਾਂਝੇ ਦਾ ਮਿਲਾਪ ਹੋ ਜਾਂਦਾ ਹੈ ਪਰ ਵਾਰਿਸ ਸ਼ਾਹ ਦੇ ਕਿੱਸੇ ਮੁਤਾਬਕ ਦੋਵੇਂ ਮਾਰੇ ਜਾਂਦੇ ਹਨ। ਪੰਜਾਬ ਦੀਆਂ ਸਭ ਤੋਂ ਮਕਬੂਲ ਪ੍ਰੇਮ ਕਹਾਣੀਆਂ ਹੀਰ-ਰਾਂਝਾ, ਮਿਰਜ਼ਾ-ਸਾਹਿਬਾਂ, ਸੋਹਣੀ-ਮਹੀਵਾਲ, ਸ਼ੀਰੀ-ਫਰਿਹਾਦ ਅਤੇ ਸੱਸੀ-ਪੁੰਨੂ ਵਿੱਚੋਂ ਹੀਰ-ਰਾਂਝਾ ਸਭ ਤੋਂ ਜ਼ਿਆਦਾ ਹਰਮਨਪਿਆਰੀ ਹੈ।
ਇਹ ਕਹਾਣੀ ਲੋਧੀ ਵੰਸ਼ ਦੇ ਰਾਜ-ਪਾਟ ਦੌਰਾਨ 1451 ਤੋਂ 1471 ਈਸਵੀ ਦੇ ਦਰਮਿਆਨ ਕਿਸੇ ਸਮੇਂ ਵਾਪਰੀ ਸੀ। ਝੰਗ ਸ਼ਹਿਰ ਵਿੱਚ ਬਣੀ ਹੀਰ-ਰਾਂਝੇ ਦੀ ਕਬਰ ’ਤੇ ਉਹਨਾਂ ਦੇ ਸਵਰਗ ਸਿਧਾਰਨ ਦੀ ਮਿਤੀ ਸੰਨ 876 ਹਿਜ਼ਰੀ (1471 ਈਸਵੀ) ਲਿਖੀ ਹੋਈ ਹੈ। ਦਮੋਦਰ ਇਸ ਕਿੱਸੇ ਵਿੱਚ ਵਾਰ-ਵਾਰ ਦਾਅਵਾ ਕਰਦਾ ਹੈ ਕਿ ਉਸ ਨੇ ਸਭ ਕੁਝ ਆਪਣੀ ਅੱਖੀਂ ਵੇਖਿਆ ਹੈ ਕਿਉਂਕਿ ਹੀਰ ਦੇ ਪਿੰਡ ਝੰਗ ਵਿੱਚ ਉਸ ਦੀ ਲੂਣ-ਤੇਲ ਦੀ ਦੁਕਾਨ ਸੀ। ਪਰ ਹੀਰ-ਰਾਂਝੇ ਦੀ ਪ੍ਰੇਮ ਕਹਾਣੀ ਦੇ ਵਾਕਿਆਤ ਦੇ ਪ੍ਰਵਾਹ ਨੂੰ ਜੇ ਬਰੀਕੀ ਨਾਲ ਵਾਚਿਆ ਜਾਵੇ ਤਾਂ ਮਰਨ ਸਮੇਂ ਹੀਰ ਦੀ ਉਮਰ ਕਰੀਬ 23-24 ਸਾਲ ਸੀ ਤੇ ਦਮੋਦਰ ਹੀਰ ਨਾਲੋਂ ਜੇ 20-22 ਸਾਲ ਵੀ ਵੱਡਾ ਹੋਵੇ ਤਾਂ ਉਸ ਦੀ ਜਨਮ ਮਿਤੀ 1430 ਈਸਵੀ ਦੇ ਲਾਗੇ-ਤਾਗੇ ਦੀ ਹੋਣੀ ਚਾਹੀਦੀ ਸੀ।
ਇੱਕ ਵਿਵਾਦ (Story of Heer-Ranjha)
ਉਸ ਦੀ ਜਨਮ ਤਾਰੀਖ ਬਾਰੇ ਵੀ ਵਿਵਾਦ ਹੈ, ਪਰ ਇਤਿਹਾਸਕਾਰਾਂ ਦੀ ਆਮ ਰਾਏ ਹੈ ਕਿ ਉਹ ਅਕਬਰ ਦਾ ਸਮਕਾਲੀ ਸੀ। 1471 ਈਸਵੀ ਵਿੱਚ ਦਿੱਲੀ ਵਿਖੇ ਲੋਧੀ ਵੰਸ਼ ਦੇ ਸੁਲਤਾਨ ਬਹਿਲੋਲ ਲੋਧੀ ਦਾ ਰਾਜ ਸੀ ਤੇ ਪੰਜਾਬ ਉਸ ਦੇ ਅਧੀਨ ਆਉਂਦਾ ਸੀ। ਦਮੋਦਰ ਦੀ ਲਿਖਤ ਹੀਰ ਵਿੱਚ ਵਾਰ-ਵਾਰ ਅਕਬਰ ਦਾ ਨਾਂਅ ਆਉਂਦਾ ਹੈ ਜੋ 11 ਫਰਵਰੀ 1556 ਈਸਵੀ ਨੂੰ ਭਾਰਤ ਦਾ ਸਮਰਾਟ ਬਣਿਆ ਸੀ ਤੇ ਉਸ ਦਾ ਰਾਜ 1576 ਈਸਵੀ ਤੱਕ ਪੂਰੇ ਜਲਾਲ ’ਤੇ ਪਹੁੰਚ ਚੁੱਕਾ ਸੀ। ਇਸ ਲਈ ਇਹ ਦਾਅਵੇ ਨਾਲ ਕਿਹਾ ਜਾ ਸਕਦਾ ਹੈ ਕਿ ਦਮੋਦਰ ਹੀਰ-ਰਾਂਝੇ ਦਾ ਨਹੀਂ, ਸਗੋਂ ਅਕਬਰ ਦਾ ਸਮਕਾਲੀ ਸੀ।
ਦਮੋਦਰ ਦਾ ਪੂਰਾ ਨਾਂਅ ਦਮੋਦਰ ਦਾਸ ਗੁਲਾਟੀ ਸੀ ਤੇ ਉਹ ਜਾਤ ਦਾ ਖੱਤਰੀ ਸੀ। ਨਵੀਆਂ ਸਾਹਿਤਕ ਖੋਜਾਂ ਅਨੁਸਾਰ ਉਸ ਦਾ ਜਨਮ 1550 ਈਸਵੀ ਦੇ ਕਰੀਬ ਝੰਗ ਦੇ ਨਜ਼ਦੀਕ ਕਿਸੇ ਪਿੰਡ ਵਿੱਚ ਹੋਣਾ ਅਤੇ ਮੌਤ 1610 ਈਸਵੀ ਦੇ ਕਰੀਬ ਝੰਗ ਵਿਖੇ ਹੋਈ ਮੰਨੀ ਜਾਂਦੀ ਹੈ। ਅਸਲ ਵਿੱਚ ਦਮੋਦਰ ਦੇ ਸਮੇਂ ਤੱਕ ਹੀਰ-ਰਾਂਝੇ ਦੀ ਕਹਾਣੀ ਸੀਨਾ-ਬਸੀਨਾ ਚੱਲਦੀ ਹੋਈ ਲੋਕ-ਕਥਾ ਦਾ ਰੂਪ ਧਾਰਨ ਕਰ ਚੁੱਕੀ ਸੀ। ਸ਼ਾਹ ਹੁਸੈਨ, ਜੋ ਦਮੋਦਰ ਤੋਂ ਪਹਿਲਾਂ ਹੋਇਆ ਹੈ (ਜਨਮ 1539 ਤੇ ਮੌਤ 1599 ਈਸਵੀ) ਨੇ ਵੀ ਆਪਣੀਆਂ ਕਈ ਕਾਫੀਆਂ ਵਿੱਚ ਹੀਰ-ਰਾਂਝੇ ਨਾਲ ਸਬੰਧਿਤ ਅਲੰਕਾਰਾਂ ਅਤੇ ਬਿੰਬਾਂ ਦੀ ਵਰਤੋਂ ਕੀਤੀ ਹੈ।
ਭਾਸ਼ਾ ਦੀ ਵਰਤੋਂ (Story of Heer-Ranjha)
ਦਮੋਦਰ ਨੇ ਕਿੱਸਾ ਲਿਖਣ ਵਾਸਤੇ ਸਾਂਦਲ ਬਾਰ ਦੀ ਲਹਿੰਦੀ ਪੰਜਾਬੀ ਭਾਸ਼ਾ ਵਰਤੀ ਹੈ ਤੇ ਉਸ ’ਤੇ ਝਾਂਗੀ, ਮੁਲਤਾਨੀ, ਪੋਠੋਹਾਰੀ, ਫਾਰਸੀ ਅਤੇ ਸੂਫੀ ਸ਼ਬਦਾਵਲੀ ਦਾ ਵੀ ਕਾਫੀ ਪ੍ਰਭਾਵ ਹੈ। 500 ਸਾਲ ਦੇ ਕਰੀਬ ਪਹਿਲਾਂ ਲਿਖੇ ਗਏ ੳੇਸ ਦੇ ਕਿੱਸੇ ਦੀ ਬੋਲੀ ਬਹੁਤ ਹੱਦ ਤੱਕ ਅਜੋਕੀ ਮਾਝੀ (ਲਾਹੌਰ ਅਤੇ ਅੰਮਿ੍ਰਤਸਰ ਵਿੱਚ ਬੋਲੀ ਜਾਣ ਵਾਲੀ ਪੰਜਾਬੀ) ਨਾਲ ਮੇਲ ਖਾਂਦੀ ਹੈ। ਦਮੋਦਰ ਦੇ ਮਾਂ-ਬਾਪ ਅਤੇ ਵਾਰਸਾਂ ਬਾਰੇ ਬਹੁਤ ਘੱਟ ਪਤਾ ਲੱਗਦਾ ਹੈ। ਉਸ ਬਾਰੇ ਜੋ ਵੀ ਥੋੜ੍ਹਾ-ਬਹੁਤਾ ਮਾਲੂਮ ਹੋਇਆ ਹੈ, ਉਹ ਉਸ ਦੁਆਰਾ ਲਿਖਤ ਇਸ ਕਿੱਸੇ ਅਤੇ ਕੁਝ ਹੋਰ ਲਿਖਾਰੀਆਂ ਦੀਆਂ ਲਿਖਤਾਂ ਤੋਂ ਹੀ ਹੋਇਆ ਹੈ।
ਉਸ ਦੀ ਲਿਖੀ ਹੀਰ ਨੇ ਵਾਰਸ ਸ਼ਾਹ ਦੀ ਹੀਰ ਤੋਂ ਬਹੁਤ ਪਹਿਲਾਂ ਹੀ ਇਸ ਕਿੱਸੇ ਨੂੰ ਪੰਜਾਬੀਆਂ ਅਤੇ ਗੈਰ-ਪੰਜਾਬੀਆਂ ਵਿੱਚ ਬੇਹੱਦ ਮਕਬੂਲ ਕਰ ਦਿੱਤਾ ਸੀ। ਕਿੱਸੇ ਦੀ ਸ਼ੁਰੂਆਤ ਵਿੱਚ ਉਹ ਆਪਣੇ ਬਾਰੇ ਦੱਸਦਾ ਹੈ ਕਿ ਦਮੋਦਰ ਮੇਰਾ ਨਾਂਅ ਹੈ ਤੇ ਗੁਲਾਟੀ ਮੇਰੀ ਗੋਤਰ ਹੈ। ਮੇਰਾ ਦਿਲ ਮੈਨੂੰ ਖਿੱਚ ਕੇ ਸਿਆਲਾਂ ਵੱਲ ਲੈ ਆਇਆ ਹੈ। ਦਮੋਦਰ ਬਾਰੇ ਇਹ ਵੀ ਬਹਿਸ ਚੱਲਦੀ ਹੈ ਕਿ ਸ਼ਾਇਦ ਉਹ ਸਿੱਖ ਸੀ। ਭਾਈ ਗੁਰਦਾਸ ਦੇ ਇੱਕ ਸ਼ਬਦ ਵਿੱਚ ਕੁਝ ਮੁੱਢਲੇ ਸਿੱਖਾਂ ਦੇ ਨਾਂਅ ਆਉਂਦੇ ਹਨ ਜਿਨ੍ਹਾਂ ਵਿੱਚ ਇੱਕ ਨਾਂਅ ਦਮੋਦਰ ਵੀ ਹੈ ਜੋ ਝੰਗ ਦੇ ਨਜ਼ਦੀਕ ਸੁਲਤਾਨਪੁਰ ਪਿੰਡ ਦਾ ਰਹਿਣ ਵਾਲਾ ਸੀ।
ਗੁੰਝਲਦਾਰ ਪਰਿਵਾਰਕ ਬਣਤਰ
ਦਮੋਦਰ ਨੂੰ ਇਹ ਮਾਣ ਹਾਸਲ ਹੈ ਕਿ ਉਹ ਪਹਿਲਾ ਕਵੀ ਹੈ ਜਿਸ ਨੇ ਮੱਧਕਾਲੀ ਸਮਾਜ ਦੀਆਂ ਗੁੰਝਲਾਂ, ਕਮੀਆਂ, ਕੁਰੀਤੀਆਂ ਅਤੇ ਮਨੁੱਖੀ ਰਿਸ਼ਤਿਆਂ ਤੇ ਪਿਆਰ ਤੇ ਜਿਨਸੀ ਸਬੰਧਾਂ ਬਾਰੇ ਲਿਖਣ ਦੀ ਹਿੰਮਤ ਕੀਤੀ ਸੀ। ਉਸ ਦੇ ਕਿੱਸੇ ਦੁਆਰਾ ਪੰਜਾਬ ਦੇ ਉਸ ਸਮੇਂ ਦੇ ਸਮਾਜਿਕ, ਕਬੀਲਾਈ, ਰਾਜਨੀਤਕ ਅਤੇ ਗੁੰਝਲਦਾਰ ਪਰਿਵਾਰਕ ਬਣਤਰਾਂ ਬਾਰੇ ਗਿਆਨ ਹਾਸਲ ਹੁੰਦਾ ਹੈ। ਇਹ ਪੰਜਾਬ ਦਾ ਪਹਿਲਾ ਕਿੱਸਾ ਹੈ ਜਿਸ ਵਿਚ ਮਨੁੱਖੀ ਭਾਵਨਾਵਾਂ ਤੇ ਸਮਾਜ ਦਾ ਟਕਰਾਅ ਵਿਖਾਇਆ ਗਿਆ ਹੈ ਨਾਇਕਾ ਮਾਪਿਆਂ ਤੇ ਸਮਾਜ ਦੇ ਖਿਲਾਫ਼ ਬਗਾਵਤ ਕਰਦੀ ਹੈ।
ਇਹ ਪੰਜਾਬੀ ਦਾ ਇਸ਼ਕ ਸਬੰਧੀ ਲਿਖਿਆ ਗਿਆ ਪਹਿਲਾ ਮਹਾਂ-ਕਾਵਿ ਵੀ ਹੈ ਜਿਸ ਨੇ ਸਦੀਆਂ ਤੱਕ ਪੰਜਾਬੀ, ਹਿੰਦੀ ਅਤੇ ਫਾਰਸੀ ਆਦਿ ਦੇ ਅਣਗਿਣਤ ਲਿਖਾਰੀਆਂ, ਕਵੀਆਂ ਅਤੇ ਸ਼ਾਇਰਾਂ ਨੂੰ ਸੇਧ ਅਤੇ ਪ੍ਰੇਰਣਾ ਦਿੱਤੀ ਹੈ। ਉਸ ਦੀ ਹੀਰ ਕਾਰਨ ਹੀ ਪੀਲੂ ਨੂੰ ਮਿਰਜ਼ਾ-ਸਾਹਿਬਾਂ, ਹਾਸ਼ਮ ਸ਼ਾਹ ਨੂੰ ਸੋਹਣੀ-ਮਹੀਵਾਲ, ਸ਼ੀਰੀ-ਫਰਿਹਾਦ ਅਤੇ ਸੱਸੀ-ਪੁੰਨੂ ਲਿਖਣ ਦੀ ਪ੍ਰੇਰਣਾ ਮਿਲੀ ਸੀ। ਮਕਬੂਲ, ਚਿਰਾਗ ਅਵਾਨ ਅਤੇ ਵਾਰਿਸ ਸ਼ਾਹ ਦੀ ਲਿਖੀ ਹੀਰ ਦਾ ਅੰਦਾਜ਼ ਅਤੇ ਸ਼ੈਲੀ ਭਾਵੇਂ ਵੱਖਰੀ ਹੈ, ਪਰ ਕਹਾਣੀ ਅਤੇ ਆਤਮਾ ਦਮੋਦਰ ਕਿ੍ਰਤ ਹੀਰ ਵਾਲੀ ਹੀ ਹੈ। ਉਹਨਾਂ ਨੇ ਆਪਣੇ ਸਮੇਂ ਅਤੇ ਸਮਾਜਿਕ ਹਾਲਾਤ ਦੇ ਮੁਤਾਬਕ ਇਸ ਵਿੱਚ ਕੁਝ ਜਰੂਰੀ ਤਬਦੀਲੀਆਂ ਕੀਤੀਆਂ ਹਨ।
ਘਟਨਾਵਾਂ ਨੂੰ ਬਿਆਨ ਕਰਨਾ
ਇਸ ਕਿੱਸੇ ਦਾ ਸਭ ਤੋਂ ਦਿਲਚਸਪ ਪੱਖ ਇਹ ਹੈ ਕਿ ਇਸ ਵਿਚਲੇ ਸਭ ਤੋਂ ਪਹਿਲੇ ਪਾਤਰ, ਜਿਸ ਨੂੰ ਦਮੋਦਰ ਪੇਸ਼ ਕਰਦਾ ਹੈ, ਉਹ ਦਮੋਦਰ ਖੁਦ ਹੀ ਹੈ। ਉਹ ਇਹ ਦੱਸਦਾ ਹੈ ਕਿ ਕਿੱਸੇ ਦੀ ਹਰ ਘਟਨਾ ਉਸ ਦੀਆਂ ਅੱਖਾਂ ਸਾਹਮਣੇ ਵਾਪਰੀ ਹੈ, ਜਿਸ ਨੂੰ ਉਸ ਨੇ ਲਿਖ ਕੇ ਹੂਬਹੂ ਸਰੋਤਿਆਂ ਸਾਹਮਣੇ ਪੇਸ਼ ਕੀਤਾ ਹੈ। ਕਿੱਸਾ ਪੜ੍ਹਨ ਵੇਲੇ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਉਹ ਇਸ ਦੇ ਹਰ ਮਹੱਤਵਪੂਰਨ ਮੋੜ ’ਤੇ ਹਾਜ਼ਰ ਹੈ। ਇਸ ਤਰ੍ਹਾਂ ਉਹ ਕਿੱਸੇ ਦਾ ਅਨਿੱਖੜਵਾਂ ਅੰਗ ਬਣ ਜਾਂਦਾ ਹੈ। ਪਰ ਉਹ ਘਟਨਾਵਾਂ ਨੂੰ ਸਿਰਫ ਬਿਆਨ ਕਰਦਾ ਹੈ, ਕਿਤੇ ਵੀ ਇਹਨਾਂ ਵਿੱਚ ਦਖਲਅੰਦਾਜ਼ੀ ਨਹੀਂ ਕਰਦਾ। ਉਸ ਦੇ ਇਸ ਨਵੀਨ ਅਤੇ ਨਿਵੇਕਲੇ ਅੰਦਾਜ਼ ਨੇ ਸਦੀਆਂ ਤੱਕ ਸਰੋਤਿਆਂ ਅਤੇ ਵਿਦਵਾਨਾਂ ਨੂੰ ਇਸ ਭੰਬਲਭੂਸੇ ਵਿੱਚ ਪਾਈ ਰੱਖਿਆ ਕਿ ਸ਼ਾਇਦ ਇਹ ਕਿੱਸਾ ਦਮੋਦਰ ਦੇ ਸਮੇਂ ਵਿੱਚ ਹੀ ਵਾਪਰਿਆ ਸੀ।
ਅਸਲ ਗੱਲ ਉਹਨਾਂ ਨੂੰ ਬਹੁਤ ਬਾਅਦ ਵਿੱਚ ਸਮਝ ਆਈ ਕਿ ਇਹ ਇੱਕ ਬਹੁਤ ਹੀ ਅਕਲਮੰਦ ਅਤੇ ਚਤੁਰ ਕਵੀ ਦੀ ਆਪਣੀ ਲਿਖਤ ਨੂੰ ਵਜ਼ਨ ਦੇਣ ਦੀ ਇੱਕ ਸ਼ੈਲੀ ਅਤੇ ਮੌਲਿਕ ਤੇ ਨਵੀਨ ਅੰਦਾਜ਼ ਹੈ। ਲੱਗਦਾ ਹੈ ਕਿ ਇਸ ਲਿਖਣ ਸ਼ੈਲੀ ਦੀ ਪ੍ਰੇਰਣਾ ਦਮੋਦਰ ਨੇ ਮਹਾਂਭਾਰਤ ਦੇ ਯੁੱਧ ਤੋਂ ਲਈ ਹੈ। ਮਹਾਂਭਾਰਤ ਵਿੱਚ ਜਿਵੇਂ ਸੰਜੇ ਆਪਣੀ ਦਿੱਬ ਦਿ੍ਰਸ਼ਟੀ ਨਾਲ ਧਿ੍ਰਤਰਾਸ਼ਟਰ ਨੂੰ ਜੰਗ ਦਾ ਸਾਰਾ ਹਾਲ ਸੁਣਾਉਂਦਾ ਹੈ, ਉਸੇ ਤਰ੍ਹਾਂ ਦਮੋਦਰ ਸਰੋਤਿਆਂ ਨੂੰ ਹੀਰ-ਰਾਂਝੇ ਦੀ ਪ੍ਰੇਮ ਕਹਾਣੀ ਦਾ ਹਾਲ ਸੁਣਾਉਂਦਾ ਹੋਇਆ ਉਸ ਨਾਲ ਇੱਕ-ਮਿੱਕ ਹੋ ਜਾਂਦਾ ਹੈ। ਇਸ ਅਲੋਕਾਰ ਸ਼ੈਲੀ ਦੀ ਵਰਤੋਂ ਦਮੋਦਰ ਤੋਂ ਪਹਿਲਾਂ ਪੰਜਾਬੀ ਸਾਹਿਤ ਦੇ ਕਿਸੇ ਸਾਹਿਤਕਾਰ ਨੇ ਨਹੀਂ ਸੀ ਕੀਤੀ।
ਬਲਰਾਜ ਸਿੰਘ ਸਿੱਧੂ
ਕਮਾਂਡੈਂਟ, ਪੰਡੋਰੀ ਸਿੱਧਵਾਂ
ਮੋ. 95011-00062