ਹਾਈਬ੍ਰਿਡ ਸਫੈਦੇ ਦੀ ਖੇਤੀ
ਪੰਜਾਬ ਦੇ ਕਿਸਾਨ ਵੱਲੋਂ ਕਣਕ ਅਤੇ ਝੋਨੇ ਹੇਠ ਰਕਬਾ ਘਟਾ ਕੇ ਹਾਈਬ੍ਰਿਡ ਸਫੈਦੇ ਦੀ ਖੇਤੀ ਕਰਨ ਵੱਲ ਆਪਣਾ ਧਿਆਨ ਮੋੜਿਆ ਹੈ। ਸਫੈਦੇ ਦੀ ਖੇਤੀ ਕਰਨ ਲਈ ਕੋਈ ਬਹੁਤ ਮਿਹਨਤ ਵੀ ਨਹੀਂ ਕਰਨੀ ਪੈਂਦੀ। ਕਮਾਈ ਆਮ ਫਸਲਾਂ ਨਾਲੋਂ ਜਿਆਦਾ ਹੈ। ਜੰਗਲਾਤ ਵਿਭਾਗ ਵੀ ਇਸ ਮਾਮਲੇ ਵਿੱਚ ਕਿਸਾਨਾਂ ਦੀ ਖੂਬ ਮੱਦਦ ਕਰ ਰਿਹਾ ਹੈ ਤਾਂ ਕਿ ਕਿਸਾਨਾਂ ਦੀ ਆਮਦਨ ’ਚ ਵਾਧਾ ਹੋਣ ਦੇ ਨਾਲ ਹੀ ਜੰਗਲਾਤ ਹੇਠ ਆਉਣ ਵਾਲੀਆਂ ਜਮੀਨਾਂ ਹੇਠਲਾ ਰਕਬਾ ਵੀ ਵਧ ਸਕੇ। ਮਾਹਿਰਾਂ ਦਾ ਕਹਿਣਾ ਹੈ ਕਿ ਹਾਈਬ੍ਰਿਡ ਸਫੈਦੇ ਦਾ ਬੂਟਾ 10 ਰੁਪਏ ਦਾ ਤੇ ਕਾਲੋਨ ਵਾਲਾ ਬੂਟਾ ਤਕਰੀਬਨ 12 ਰੁਪਏ ਦਾ ਮਿਲ ਜਾਂਦਾ ਹੈ। ਜੇਕਰ ਕਿਸਾਨ ਇਸ ਨੂੰ ਏਕੜਾਂ ’ਚ ਨਾ ਵੀ ਲਾਉਣਾ ਚਾਹੁਣ ਤਾਂ ਛੋਟੇ ਅਤੇ ਦਰਮਿਆਨੇ ਕਿਸਾਨ ਆਪਣੇ ਖੇਤ ਦੀਆਂ ਵੱਟਾਂ ’ਤੇ ਵੀ ਲਾ ਸਕਦੇ ਹਨ ਕਿਉਂਕਿ ਹਾਈਬ੍ਰਿਡ ਸਫੈਦੇ ਦੀ ਲੰਬਾਈ ਜਿਆਦਾ ਹੋਣ ਕਾਰਨ ਫਸਲ ’ਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ।
ਇੱਕ ਏਕੜ ’ਚ ਤਕਰੀਬਨ 800 ਬੂਟਾ ਸਫੈਦੇ ਦਾ ਲਾਇਆ ਜਾ ਸਕਦਾ ਹੈ। ਜਿਹੜਾ ਪੰਜਵੇਂ ਸਾਲ ਵਿੱਚ ਕਿਸਾਨਾਂ ਨੂੰ ਆਮਦਨ ਦੇ ਦਿੰਦਾ ਹੈ। ਹਾੜੀ ਦੀਆਂ ਫਸਲਾਂ ਦੌਰਾਨ ਸਫੈਦੇ ’ਚ ਕਣਕ ਦੀ ਫਸਲ ਵੀ ਬੀਜੀ ਜਾ ਸਕਦੀ ਹੈ। ਕਿਉਂਕਿ ਸਰਦੀ ਵਿੱਚ ਇਸ ਦੇ ਸਾਰੇ ਪੱਤੇ ਝੜ ਜਾਂਦੇ ਹਨ। ਜੰਗਲਾਤ ਵਿਭਾਗ ਵੱਲੋਂ ਸਫੈਦੇ ਦੀ ਕਾਸ਼ਤ ਕਰਨ ਲਈ ਕਿਸਾਨਾਂ ਨੂੰ ਪਹਿਲੇ ਦੋ ਸਾਲ ਪ੍ਰਤੀ ਬੂਟਾ 14 ਰੁਪਏ ਅਤੇ ਤੀਸਰੇ ਸਾਲ ਪ੍ਰਤੀ ਬੂਟਾ 7 ਰੁਪਏ ਖਰਚੇ ਦੇ ਤੌਰ ’ਤੇ ਦਿੱਤੇ ਜਾਂਦੇ ਹਨ।
ਵਿਭਾਗ ਕੋਲੋਂ ਇਹ ਖਰਚਾ ਲੈਣ ਲਈ ਕਿਸਾਨਾਂ ਨੂੰ ਜਮੀਨ ਦੀ ਫਰਦ ਦੇਣੀ ਹੁੰਦੀ ਹੈ। ਪੰਜ ਸਾਲ ਦਾ ਬੂਟਾ ਵੇਚਣ ਯੋਗ ਹੋ ਜਾਂਦਾ ਹੈ। ਜਿਹੜਾ 1800 ਤੋਂ ਲੈ ਕੇ 2000 ਰੁਪਏ ਪ੍ਰਤੀ ਬੂਟੇ ਤੱਕ ਵਿਕ ਜਾਂਦਾ ਹੈ। ਬਾਕੀ ਮੰਡੀ ਦੇ ਉਤਰਾਅ-ਚੜ੍ਹਾਅ ਕਾਰਨ ਭਾਅ ਘੱਟ-ਵੱਧ ਵੀ ਹੋ ਸਕਦਾ ਹੈ। ਜੇਕਰ ਪੰਜਾਬ ਦੇ ਕਿਸਾਨ ਆਪਣੀ ਜਮੀਨ ਦਾ ਕੁਝ ਰਕਬਾ ਸਫੈਦੇ ਦੀ ਕਾਸ਼ਤ ਕਰਨ ਜਾਂ ਫਿਰ ਵੱਟਾਂ ’ਤੇ ਸਫੈਦੇ ਲਾਉਣ ਤਾਂ ਆਮਦਨੀ ਦਾ ਵਧੀਆ ਸਾਧਨ ਹੋ ਸਕਦਾ ਹੈ।
ਕੌੜਤੁੰਮੇ ਤੋਂ ਬਾਇਓ ਡੀਜ਼ਲ ਤਿਆਰ ਕੀਤਾ:
ਰਤਨ ਜੋਤ ਦੇ ਬੂਟੇ ਤੋਂ ਬਾਅਦ ਟਿੱਬਿਆਂ ਵਿੱਚ ਪੈਦਾ ਹੋਣ ਵਾਲੇ ਕੌੜਤੁੰਮੇ ਤੋਂ ਬਾਇਉ ਡੀਜਲ ਤਿਆਰ ਕੀਤਾ ਗਿਆ ਹੈ। ਕੇਂਦਰੀ ਖੁਸ਼ਕ ਖੋਜ ਸੰਸਥਾ ਦੇ ਵਿਗਿਆਨੀਆਂ ਨੇ ਰਾਜਸਥਾਨ ਦੇ ਮਾਰੂਥਲ ਇਲਾਕਿਆਂ ਵਿੱਚ ਪੈਦਾ ਹੋਣ ਵਾਲੇ ਕੌੜਤੁੰਮੇ ਤੋਂ ਬਾਇਉ ਡੀਜਲ ਅਤੇ ਹੋਰ ਸਮੱਗਰੀ ਪੈਦਾ ਕਰਨ ਦਾ ਦਾਅਵਾ ਕੀਤਾ ਹੈ। ਪੱਛਮੀ ਰਾਜਸਥਾਨ ਦੇ ਖੁਸ਼ਕ ਮੌਸਮ ’ਚ ਸਾਉਣੀ ਦੀ ਫਸਲ ਸਮੇਂ ਨਦੀਨ ਦੇ ਤੌਰ ’ਤੇ ਬਹੁਤ ਜਿਆਦਾ ਮਾਤਰਾ ਵਿੱਚ ਪੈਦਾ ਹੋਣ ਵਾਲੇ ਕੌੜਤੁੰਮੇ ਦਾ ਸਵਾਦ ਕੌੜਾ ਹੋਣ ਕਾਰਨ ਇਸ ਨੂੰ ਬੇਕਾਰ ਅਤੇ ਬੇਲੋੜਾ ਮੰਨਿਆ ਜਾਂਦਾ ਰਿਹਾ ਹੈ। ਬੇਸ਼ੱਕ ਇਸ ਦੀ ਵਰਤੋਂ ਥੋੜ੍ਹੀ-ਬਹੁਤ ਮਾਤਰਾ ਵਿੱਚ ਦੇਸੀ ਦਵਾਈ ਦੇ ਤੌਰ ’ਤੇ ਕੀਤੀ ਜਾਂਦੀ ਹੈ ਪਰ ਜਿਆਦਾਤਰ ਇਸ ਨੂੰ ਵਾਧੂ ਹੀ ਸਮਝਿਆ ਜਾਂਦਾ ਰਿਹਾ ਹੈ। ਪਰ ਕਈ ਇਲਾਕਿਆਂ ਵਿੱਚ ਅਜੇ ਵੀ ਕੌੜਤੁੰਮੇ ਦਾ ਚੂਰਨ ਪੇਟ ਦੀ ਸਫਾਈ ਅਤੇ ਕਬਜੀ ਦੂਰ ਕਰਨ ਲਈ ਵਰਤਿਆ ਜਾਂਦਾ ਹੈ ਅਤੇ ਇਹ ਚੂਰਨ ਅੰਗਰੇਜੀ ਦਵਾਈਆਂ ਦੇ ਬਦਲੇ ਕਾਰਗਾਰ ਸਿੱਧ ਹੁੰਦਾ ਹੈ।
ਕਾਜਰੀ ਦੇ ਵਿਗਿਆਨੀਆਂ ਨੇ ਖੋਜ਼ ਕਰਕੇ ਕੌੜਤੁੰਮੇ ਦੇ ਬੀਜ਼ ਤੋਂ ਬਾਇਉ ਡੀਜਲ ਤਿਆਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਇੰਨਾ ਹੀ ਨਹੀਂ ਸਗੋਂ ਇਸ ਤੋਂ ਤਿਆਰ ਡੀਜਲ ’ਤੇ ਸਿਰਫ਼ ਪੰਜ ਤੋਂ ਸੱਤ ਰੁਪਏ ਪ੍ਰਤੀ ਲੀਟਰ ਦਾ ਖਰਚ ਆਉਂਦਾ ਹੈ। ਕੌੜਤੁੰਮੇ ਤੋਂ ਤਿਆਰ ਡੀਜਲ ਵਿੱਚ 80 ਫੀਸਦੀ ਡੀਜਲ ਰਲਾ ਕੇ ਤਕਰੀਬਨ ਡੇਢ ਘੰਟੇ ਤੱਕ ਟਰੈਕਟਰ ਚਲਾਇਆ ਅਤੇ ਟਰੈਕਟਰ ਨੂੰ ਚੱਲਣ ਵਿੱਚ ਕੋਈ ਮੁਸ਼ਕਲ ਨਹੀਂ ਆਈ। ਆਮ ਡੀਜਲ ਦੇ ਮੁਕਾਬਲੇ ਇਸ ਨਾਲ ਪ੍ਰਦੂਸ਼ਣ ਵੀ ਘੱਟ ਫੈਲਿਆ। ਇਹ ਪ੍ਰੋਜੈਕਟ ਅਜੇ ਚੱਲ ਰਿਹਾ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਖੋਜ ਹੋ ਰਹੀ ਹੈ।
ਬਰਸਾਤਾਂ ਦੇ ਮੌਸਮ ਦੌਰਾਨ ਕੌੜਤੁੰਮਾ ਭਾਰੀ ਮਾਤਰਾ ਵਿੱਚ ਮਿਲ ਜਾਂਦਾ ਹੈ। ਫਿਰ ਵੀ ਬਾਇਉ ਡੀਜਲ ਵਾਲੀ ਖੋਜ ਪੂਰੀ ਹੋਣ ’ਤੇ ਇਸ ਦੀ ਪੈਦਾਵਾਰ ਵਧਾੳਣ ਵੱਲ ਧਿਆਨ ਦਿੱਤਾ ਜਾ ਸਕਦਾ ਹੈ। ਇਜਰਾਈਲ ਵਿੱਚ ਕੌੜਤੁੰਮੇ ਦੇ ਉੱਤਮ ਕਿਸਮ ਦੇ ਬੀਜ ਮਿਲਦੇ ਹਨ ਅਤੇ ਉੱਥੋਂ ਦੀ ਇੱਕ ਰਿਪੋਰਟ ਅਨੁਸਾਰ ਪ੍ਰਤੀ ਹੈਕਟੇਅਰ ਉੱਥੇ 400 ਲੀਟਰ ਦਾ ਉਤਪਾਦਨ ਕੀਤਾ ਜਾ ਰਿਹਾ ਹੈ। ਇੱਕ ਸੁੱਕੇ ਕੌੜਤੁੰਮੇ ਵਿੱਚ ਬੀਜਾਂ ਦੀ ਮਾਤਰਾ 50 ਫੀਸਦੀ ਹੁੰਦੀ ਹੈ। ਬੀਜਾਂ ਤੋਂ ਤੇਲ ਕੱਢਣ ਉਪਰੰਤ ਬਚੀ ਹੋਈ ਖਲ਼ ਨੂੰ ਪਸ਼ੂਆਂ ਲਈ ਵਰਤ ਲਿਆ ਜਾਂਦਾ ਹੈ।
ਬਜਾਰ ਵਿੱਚ ਲੀਚੀ ਦੇ ਜੂਸ ਦੀ ਭਾਰੀ ਮੰਗ
ਲੀਚੀ ਦੇ ਜੂਸ ਨੂੰ ਗਰਮੀ ਦੇ ਮੌਸਮ ਵਿੱਚ ਸਭ ਤੋਂ ਜਿਆਦਾ ਪਸੰਦ ਕੀਤਾ ਜਾਂਦਾ ਹੈ। ਲਖਨਊ ਦੀ ਇੱਕ ਸੰਸਥਾ ਨੇ ਲੀਚੀ ਦਾ ਜੂਸ ਤਿਆਰ ਕਰਨ ਦੀ ਤਕਨੀਕ ਤਿਆਰ ਕੀਤੀ ਹੈ। ਲੀਚੀ ਉਤਪਾਦਕ ਅਤੇ ਛੋਟੇ ਕਿਸਾਨ ਜੂਸ ਤਿਆਰ ਕਰਕੇ ਵਧੀਆ ਪੈਸਾ ਕਮਾ ਸਕਦੇ ਹਨ। ਆਮ ਲੋਕਾਂ ਦੀ ਆਮਦਨ ਵਧਣ ਦੇ ਨਾਲ ਹੀ ਸਿਹਤ ਪ੍ਰਤੀ ਵੀ ਜਾਗਰੂਕਤਾ ਪੈਦਾ ਹੋਈ ਹੈ। ਜਿਸ ਕਰਕੇ ਦੂਸਰੇ ਫਲਾਂ ਦੇ ਜੂਸ ਦੀ ਮੰਗ ਵੀ ਵਧਦੀ ਜਾ ਰਹੀ ਹੈ। ਲੀਚੀ ਦੀ ਕਾਸ਼ਤ ਕਰਨ ਵਾਲੇ ਕਿਸਾਨ ਜੂਸ ਦੀ ਪੈਕਿੰਗ ਕਰਕੇ ਬਜਾਰ ਵਿੱਚ ਵੇਚ ਸਕਦੇ ਹਨ। ਲਖਨਊ ਦੇ ਕੇਂਦਰੀ ਬਾਗਬਾਨੀ ਵਿਭਾਗ ਨੇ ਲੀਚੀ ਦਾ ਜੂਸ ਤਿਆਰ ਕਰਨ ਦਾ ਸੌਖਾ ਢੰਗ ਤਿਆਰ ਕੀਤਾ ਹੈ।
ਜਿਸ ਨਾਲ ਜੂਸ ਤਿਆਰ ਕਰਕੇ ਬਜਾਰ ਵਿੱਚ ਵੇਚਿਆ ਜਾ ਸਕਦਾ ਹੈ। ਲੀਚੀ ਦੇ ਜੂਸ ਨੂੰ ਛੇ ਮਹੀਨੇ ਤੱਕ ਸਾਂਭ ਕੇ ਰੱਖਿਆ ਜਾ ਸਕਦਾ ਹੈ ਅਤੇ ਸਵਾਦ ਵਿੱਚ ਕੋਈ ਫਰਕ ਨਹੀਂ ਪੈਂਦਾ। ਗਰਮੀਆਂ ਦੇ ਮੌਸਮ ਵਿੱਚ ਤਾਂ ਜੂਸ ਦੀ ਮੰਗ ਬਹੁਤ ਵਧ ਜਾਦੀ ਹੈ। ਅੰਬ, ਸੰਤਰਾ, ਮੌਸੰਮੀ ਦੇ ਨਾਲ ਹੀ ਲੀਚੀ ਦੇ ਜੂਸ ਦੀ ਮੰਗ ਵਧਦੀ ਜਾ ਰਹੀ ਹੈ। ਬੋਤਲ ਬੰਦ ਲੀਚੀ ਦਾ ਜੂਸ ਵੱਧ ਆਮਦਨ ਦੇ ਸਕਦਾ ਹੈ। ਵਿਦੇਸਾਂ ਵਿੱਚ ਇਸ ਦੀ ਮੰਗ ਵਧ ਰਹੀ ਹੈ।
ਲੀਚੀ ਉੱਤਰ ਭਾਰਤ ਵਿੱਚ ਪੈਦਾ ਹੋਣ ਵਾਲਾ ਇੱਕ ਮਹੱਤਵਪੂਰਨ ਫਲ ਹੈ। ਸਮੁੱਚੇ ਦੇਸ਼ ਵਿੱਚ ਤਕਰੀਬਨ 70 ਹਜ਼ਾਰ ਹੈਕਟੇਅਰ ਵਿੱਚ ਲੀਚੀ ਦੀ ਖੇਤੀ ਹੋ ਰਹੀ ਹੈ। ਹਰ ਸਾਲ 160 ਟਨ ਲੀਚੀ ਨਿਰਯਾਤ ਕੀਤੀ ਜਾ ਰਹੀ ਹੈ। ਘਰੇਲੂ ਬਜਾਰ ਵਿੱਚ ਲੀਚੀ ਦਾ ਜੂਸ ਸਿਰਫ 10 ਫੀਸਦੀ ਤਿਆਰ ਕੀਤਾ ਜਾ ਰਿਹਾ ਹੈ। ਜਿਸ ਕਰਕੇ ਲੀਚੀ ਦੇ ਜੂਸ ਦੀਆਂ ਬਜਾਰ ਵਿੱਚ ਬਹੁਤ ਸੰਭਾਨਾਵਾਂ ਹਨ। ਲਘੂ ਉਦਯੋਗ ਦੇ ਰੂਪ ਵਿੱਚ ਲੀਚੀ ਦਾ ਜੂਸ ਤਿਆਰ ਕਰਨ ਦੀ ਇਕਾਈ ਲਾਈ ਜਾ ਸਕਦੀ ਹੈ। ਜੂਸ ਤਿਆਰ ਕਰਨ ਲਈ ਲੀਚੀ ਦਾ ਬੀਜ ਵੱਖਰਾ ਕਰਕੇ ਗੁੱਦੇ ਨੂੰ ਚੰਗੀ ਤਰਾਂ ਪੀਸ ਲਿਆ ਜਾਂਦਾ ਹੈ ਅਤੇ ਹੋਰ ਬਰੀਕ ਕਰਨ ਲਈ ਮਸ਼ੀਨ ਦਾ ਪ੍ਰਯੋਗ ਕੀਤਾ ਜਾਂਦਾ ਹੈ। ਲੀਚੀ ਦਾ 50 ਲੀਟਰ ਜੂਸ ਤਿਆਰ ਕਰਨ ਲਈ 2 ਹਜਾਰ ਰੁਪਏ ਦੀ ਲਾਗਤ ਆਉਂਦੀ ਹੈ। 200 ਮਿ.ਲੀ. ਦਾ ਪੈਕਟ ਬਜਾਰ ਵਿੱਚ 10 ਤੋਂ 12 ਰੁਪਏ ਦਾ ਵਿਕਦਾ ਹੈ।
ਬ੍ਰਿਸ਼ਭਾਨ ਬੁਜਰਕ,
ਕਾਹਨਗੜ੍ਹ ਰੋਡ, ਪਾਤੜਾਂ, ਪਟਿਆਲਾ
ਮੋ. 98761-01698
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.