ਕੱਚੇ ਤੇਲ ‘ਚ ਤੇਜੀ, ਘਰੇਲੂ ਪੱਧਰ ‘ਤੇ 26ਵੇਂ ਦਿਨ ਸ਼ਾਂਤੀ
ਨਵੀਂ ਦਿੱਲੀ। ਤੇਲ ਉਤਪਾਦਕ ਦੇਸ਼ਾਂ ਦੇ ਸੰਗਠਨ ਓਪੇਕ ਵੱਲੋਂ ਉਤਪਾਦਨ ‘ਚ ਵਾਧੇ ਨੂੰ ਫਿਲਹਾਲ ਟਾਲਣ ਦੇ ਸੰਕੇਤ ਦਿੱਤੇ ਜਾਣ ਤੋਂ ਬਾਅਦ ਮੰਗਲਵਾਰ ਨੂੰ ਕੌਮਾਂਤਰੀ ਬਾਜ਼ਾਰ ‘ਚ ਕੱਚੇ ਤੇਲ ‘ਚ ਤੇਜ਼ੀ ਰਹੀ ਪਰ ਘਰੇਲੂ ਪੱਧਰ ‘ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅੱਜ ਲਗਾਤਾਰ 26ਵੇਂ ਦਿਨ ਸਥਿਰ ਰਹੀਆਂ। ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਲੈ ਕੇ ਭਾਰਤ ਅਤੇ ਅਮਰੀਕਾ ਸਮੇਤ ਜ਼ਿਆਦਾਤਰ ਪ੍ਰਮੁੱਖ ਅਰਥਚਾਰਿਆਂ ਵੱਲੋਂ ਰਣਨੀਤਕ ਤੇਲ ਭੰਡਾਰਾਂ ਤੋਂ ਤੇਲ ਛੱਡਣ ਦੇ ਐਲਾਨ ਦੇ ਨਾਲ, ਕੋਰੋਨਾ ਦੇ ਨਵੇਂ ਰੂਪਾਂ ਦੀ ਲਾਗ ਦੇ ਤੇਜ਼ੀ ਨਾਲ ਫੈਲਣ ਕਾਰਨ ਇੱਕ ਵਾਰ ਫਿਰ ਮੰਗ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਪਿਛਲੇ ਹਫ਼ਤੇ ਤੇਲ ਦੀਆਂ ਕੀਮਤਾਂ ਵਿੱਚ 12 ਫੀਸਦੀ ਤੋਂ ਵੱਧ ਦੀ ਗਿਰਾਵਟ ਆਈ ਸੀ, ਪਰ ਇਸ ਦੌਰਾਨ, ਓਪੇਕ ਦੇਸ਼ਾਂ ਨੇ ਤੇਲ ਉਤਪਾਦਨ ਵਧਾਉਣ ਨੂੰ ਤੁਰੰਤ ਮੁਅੱਤਲ ਕਰਨ ਦਾ ਸੰਕੇਤ ਦਿੱਤਾ, ਜਿਸ ਨਾਲ ਕੱਲ੍ਹ ਇਸ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ।
ਸਿੰਗਾਪੁਰ ‘ਚ ਅੱਜ ਕਾਰੋਬਾਰ ਸ਼ੁਰੂ ਹੁੰਦੇ ਹੀ ਕੱਚੇ ਤੇਲ ‘ਚ ਤੇਜ਼ੀ ਰਹੀ। ਲੰਡਨ ਬ੍ਰੈਂਟ ਕਰੂਡ 0.90 ਫੀਸਦੀ ਵਧ ਕੇ 74.10 ਡਾਲਰ ਪ੍ਰਤੀ ਬੈਰਲ ਅਤੇ ਅਮਰੀਕੀ ਕਰੂਡ 1.14 ਫੀਸਦੀ ਵਧ ਕੇ 70.75 ਡਾਲਰ ਪ੍ਰਤੀ ਬੈਰਲ *ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਕੇਂਦਰ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ‘ਤੇ ਐਕਸਾਈਜ਼ ਡਿਊਟੀ ਕ੍ਰਮਵਾਰ 5 ਰੁਪਏ ਅਤੇ 10 ਰੁਪਏ ਪ੍ਰਤੀ ਲੀਟਰ ਘਟਾਉਣ ਕਾਰਨ ਦੇਸ਼ ‘ਚ ਇਸ ਦੀਆਂ ਕੀਮਤਾਂ ‘ਚ ਕਮੀ ਆਈ ਹੈ।
ਇਸ ਤੋਂ ਬਾਅਦ ਉੱਤਰ ਪ੍ਰਦੇਸ਼, ਕਰਨਾਟਕ ਸਮੇਤ ਦੇਸ਼ ਦੇ 22 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਇਨ੍ਹਾਂ ਦੋਵਾਂ ਉਤਪਾਦਾਂ ‘ਤੇ ਵੈਲਿਊ ਐਡਿਡ ਟੈਕਸ (ਵੈਟ) ਨੂੰ ਘਟਾ ਦਿੱਤਾ ਹੈ। ਇਸ ਨਾਲ ਸਬੰਧਤ ਰਾਜਾਂ ਵਿੱਚ ਇਨ੍ਹਾਂ ਦੋਵਾਂ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿੱਚ ਹੋਰ ਕਮੀ ਆਈ ਹੈ।
26ਵੇਂ ਦਿਨ ਵੀ ਘਰੇਲੂ ਬਾਜ਼ਾਰ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਹੋਇਆ। ਰਾਜਧਾਨੀ ਦਿੱਲੀ ‘ਚ ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (ਆਈਓਸੀਐਲ) ਦੇ ਪੰਪ ‘ਤੇ ਪੈਟਰੋਲ ਦੀ ਕੀਮਤ 103.97 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 86.67 ਰੁਪਏ ਪ੍ਰਤੀ ਲੀਟਰ ਰਹੀ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਰੋਜ਼ਾਨਾ ਸਮੀਖਿਆ ਕੀਤੀ ਜਾਂਦੀ ਹੈ ਅਤੇ ਉਸ ਦੇ ਆਧਾਰ ‘ਤੇ ਹਰ ਰੋਜ਼ ਸਵੇਰੇ 6 ਵਜੇ ਤੋਂ ਨਵੀਆਂ ਕੀਮਤਾਂ ਲਾਗੂ ਕੀਤੀਆਂ ਜਾਂਦੀਆਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ