ਕਾਸਟੇਬਲਾਂ ਦੀ ਭਰਤੀ ਪ੍ਰੀਖਿਆ ਲਈ ਲੜਕੇ ਲੜਕੀਆਂ ਦਾ ਹਜੂਮ ਉਮੜਿਆ

Constable Recruitment Sachkahoon

ਬੱਸ ਅੱਡਿਆਂ ਤੇ ਬੱਸਾਂ ਵਿੱਚ ਜੁੜੀ ਭੀੜ

ਪਟਿਆਲਾ ਜ਼ਿਲ੍ਹੇ ’ਚ 19 ਕੇਂਦਰਾਂ ’ਤੇ ਹੋਈ ਪ੍ਰੀਖਿਆ

ਖੁਸ਼ਵੀਰ ਸਿੰਘ ਤੂਰ, ਪਟਿਆਲਾ। ਪੰਜਾਬ ਪੁਲਿਸ ’ਚ ਕਾਸਟੇਬਲਾਂ ਦੀ ਭਰਤੀ ਲਈ ਅੱਜ ਹੋਈ ਲਿਖਤੀ ਪ੍ਰੀਖਿਆ ਵਿੱਚ ਲੱਖਾਂ ਦੀ ਗਿਣਤੀ ’ਚ ਲੜਕੇ ਲੜਕੀਆਂ ਵੱਲੋਂ ਪ੍ਰੀਖਿਆ ਦਿੱਤੀ ਗਈ। ਇਸ ਪ੍ਰੀਖਿਆ ਲਈ ਸੂਬੇ ਭਰ ਅੰਦਰ ਸੈਂਕੜੇ ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਕਾਸਟੇਬਲਾਂ ਦੀ ਪ੍ਰੀਖਿਆ ਕਾਰਨ ਅੱਜ ਪੀਆਰਟੀਸੀ ਸਮੇਤ ਪ੍ਰਾਈਵੇਟ ਬੱਸਾਂ ਨੱਕੋਂ ਨੱਕ ਭਰੀਆਂ ਦਿਖਾਈਆਂ ਦਿੱਤੀਆਂ ਅਤੇ ਬੱਸ ਅੱਡਿਆਂ ਦੇ ਪੇਪਰ ਦੇਣ ਵਾਲੇ ਲੜਕੇ ਲੜਕੀਆਂ ਦੀਆਂ ਭੀੜਾਂ ਜੁੜੀਆਂ ਰਹੀਆਂ।

ਜਾਣਕਾਰੀ ਅਨੁਸਾਰ ਪਟਿਆਲਾ ਅੰਦਰ ਵੀ ਵੱਖ-ਵੱਖ ਥਾਈ 19 ਥਾਵਾਂ ’ਤੇ ਪ੍ਰੀਖਿਆ ਕੇਂਦਰ ਬਣਾਏ ਗਏ ਸਨ। ਇੱਥੇ ਵੀ ਮਾਨਸਾ, ਸੰਗਰੂਰ ਆਦਿ ਜ਼ਿਲ੍ਹਿਆ ਦੇ ਲੜਕੇ ਲੜਕੀਆਂ ਪੁੱਜੇ ਹੋਏ ਸਨ। 4300 ਦੇ ਕਰੀਬ ਕਾਸਟੇਬਲਾਂ ਦੀਆਂ ਪੋਸਟਾਂ ਲਈ ਪੌਣੇ ਪੰਜ ਲੱਖ ਦੇ ਕਰੀਬ ਲੜਕੇ ਲੜਕੀਆਂ ਵੱਲੋਂ ਕਾਸਟੇਬਲਾਂ ਦੀ ਲਿਖਤੀ ਪ੍ਰੀਖਿਆ ਦੇਣ ਦਾ ਅੰਦਾਜ਼ਾ ਹੈ। ਇਹ ਪ੍ਰੀਖਿਆ ਅੱਜ ਅਤੇ ਕੱਲ੍ਹ ਐਤਵਾਰ ਨੂੰ ਦੋ ਦਿਨ ਹੋਵੇਗੀ। ਸਵੇਰੇ 10 ਤੋਂ 12 ਅਤੇ ਸ਼ਾਮ ਨੂੰ 3-5 ਵਜੇ ਤੱਕ ਅੱਜ ਦੋ ਸਿਫ਼ਟਾਂ ਵਿੱਚ ਵਿਦਿਆਥੀਆਂ ਦੇ ਪੇਪਰ ਹੋਏ। ਪਟਿਆਲਾ ਜ਼ਿਲ੍ਹੇ ਦੇ ਕੇਂਦਰਾਂ ਵਿੱਚ ਹੀ ਲਗਭਗ 10 ਹਜਾਰ ਵਿਦਿਆਰਥੀਆਂ ਵੱਲੋਂ ਆਪਣੀ ਪ੍ਰੀਖਿਆ ਦਿੱਤੀ ਗਈ ਹੈ। ਇਨ੍ਹਾਂ ਕੇਂਦਰਾਂ ਵਿੱਚ ਪੁਲਿਸ ਵੱਲੋਂ ਸੁਰੱਖਿਆ ਦੇ ਤਕੜੇ ਪ੍ਰਬੰਧ ਕੀਤੇ ਹੋਏ ਸਨ।

ਮਾਨਸਾ ਤੋਂ ਪੁੱਜੀ ਨਵਰੀਤ ਅਤੇ ਕੁਲਦੀਪ ਸਿੰਘ ਨਾਮ ਦੇ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਕੋਚਿੰਗ ਵੀ ਲਈ ਗਈ ਹੈ ਅਤੇ ਪੇਪਰ ਚੰਗਾ ਹੋਇਆ ਹੈ। ਦੱਸਣਯੋਗ ਹੈ ਕਿ ਇਸ ਪ੍ਰੀਖਿਆ ਦੇ ਰਿਜਲਟ ਤੋਂ ਬਾਅਦ ਹੀ ਵਿਦਿਆਥੀਆਂ ਨੂੰ ਚੁਣਿਆ ਜਾਵੇਗਾ ਅਤੇ ਉਨ੍ਹਾਂ ਦਾ ਫਿਜੀਕਲ ਆਦਿ ਟੈਸਟ ਲਿਆ ਜਾਵੇਗਾ।

ਪ੍ਰੀਖਿਆ ਸਾਂਤੀ ਪੂਰਵਕ ਹੋਈ

ਇਸ ਸਬੰਧੀ ਜਦੋਂ ਡੀਐਸਪੀ ਹੈਡਕੁਆਟਰ ਗੁਰਦੇਵ ਸਿੰਘ ਧਾਲੀਵਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅੱਜ ਦੀ ਪ੍ਰੀਖਿਆ ਸੁੱਖੀ ਸਾਂਦੀ ਨਿੱਬੜ ਗਈ ਹੈ। ਉਨ੍ਹਾਂ ਕਿਹਾ ਕਿ 19 ਕੇਂਦਰਾਂ ਵਿੱਚ ਹਜ਼ਾਰਾਂ ਦੇ ਕਰੀਬ ਪੇਪਰ ਦੇਣ ਵਾਲੇ ਪੁੱਜੇ ਸਨ ਅਤੇ ਕੱਲ੍ਹ ਵੀ ਇਹ ਪ੍ਰੀਖਿਆ ਹੋਵੇਗੀ। ਉਨ੍ਹਾਂ ਕਿਹਾ ਕਿ ਸਾਰੇ ਕੇਂਦਰਾਂ ਵਿੱਚ ਸੁਰੱਖਿਆ ਦੇ ਪੂਰੇ ਪ੍ਰਬੰਧ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵਿੱਚ ਪ੍ਰੀਖਿਆ ਦੇਣ ਲਈ ਭਾਰੀ ਉਤਸਾਹ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ