ਪ੍ਰਸ਼ਨ ਪੱਤਰ ਫੋਟੋ ਸਟੇਟ ਕਰਵਾ ਕੇ ਲੈ ਕੇ ਜਾਣ ਕਾਰਨ ਸਕੂਲਾਂ ਦੇ ਅਧਿਆਪਕਾਂ ਦੀਆਂ ਫੋਟੋ ਸਟੇਟ ਵਾਲੀਆਂ ਦੁਕਾਨਾਂ ਤੇ ਲੱਗੀਆਂ ਭੀੜਾਂ ਅਧਿਆਪਕ ਹੋ ਰਹੇ ਨੇ ਖੱਜਲ ਖੁਆਰ

ਪ੍ਰਸ਼ਨ ਪੱਤਰ ਫੋਟੋ ਸਟੇਟ ਕਰਵਾ ਕੇ ਲੈ ਕੇ ਜਾਣ ਕਾਰਨ ਸਕੂਲਾਂ ਦੇ ਅਧਿਆਪਕਾਂ ਦੀਆਂ ਫੋਟੋ ਸਟੇਟ ਵਾਲੀਆਂ ਦੁਕਾਨਾਂ ਤੇ ਲੱਗੀਆਂ ਭੀੜਾਂ, ਅਧਿਆਪਕ ਹੋ ਰਹੇ ਨੇ ਖੱਜਲ ਖੁਆਰ

( ਸੁਭਾਸ਼ ਸ਼ਰਮਾ) ਫਰੀਦਕੋਟ।  ਪੰਜਾਬ ਦੇ ਦੂਰ ਦੁਰੇਡੇ ਪਿੰਡਾਂ ਵਿੱਚ ਸਥਿਤ ਸਰਕਾਰੀ ਸਕੂਲਾਂ ਦੀ ਅਸਲ ਸਥਿਤੀ ਜਾਣੇ ਬਿਨਾਂ ਸਿੱਖਿਆ ਸਕੱਤਰ ਪੰਜਾਬ ਸਰਕਾਰ ਵੱਲੋਂ ਹਰ ਰੋਜ਼ ਜਾਰੀ ਕੀਤੇ ਜਾ ਰਹੇ ਨਵੇਂ ਨਵੇੰ ਫੁਰਮਾਨ ਅਕਸਰ ਹੀ ਅਖਬਾਰਾਂ ਤੇ ਮੀਡੀਏ ਦੀਆਂ ਸੁਰਖੀਆਂ ਦਾ ਸ਼ਿੰਗਾਰ ਬਣੇ ਰਹਿੰਦੇ ਹਨ । ਸਿੱਖਿਆ ਸਕੱਤਰ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਮਿਤੀ 15 ਸਤੰਬਰ 2021 ਨੂੰ ਸਮੂਹ ਜਿਲਾ ਸਿੱਖਿਆ ਅਫਸਰਾਂ ਨੂੰ ਬਾਇਓ ਮੰਥਲੀ ਪ੍ਰੀਖਿਆਵਾਂ ਸਬੰਧੀ ਜਾਰੀ ਕੀਤੇ ਗਏ ਨਵੇੰ ਫਰਮਾਨ ਨੇ ਅਧਿਆਪਕਾਂ ਨੂੰ ਕਸੂਤੀ ਸਥਿਤੀ ਵਿੱਚ ਫਸਾ ਦਿੱਤਾ ਹੈ । ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਤੰਬਰ ਪ੍ਰੀਖਿਆ ਦੇ ਪ੍ਰਸਨ ਪੱਤਰ ਮੁੱਖ ਦਫਤਰ ਵੱਲੋਂ ਪ੍ਰੀਖਿਆ ਵਾਲੇ ਦਿਨ ਹੀ ਸਵੇਰ ਦੇ ਸਮੇਂ ਸਕੂਲ ਮੁਖੀਆਂ ਨੂੰ ਸਕੂਲ ਦੀ ਈ ਮੇਲ ਆਈ ਡੀ ਤੇ ਭੇਜਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ । ਬੋਰਡ ਨਾਲ ਸਬੰਧਤ ਜਮਾਤਾਂ ਦੀਆਂ ਪ੍ਰੀਖਿਆ ਦਾ ਸਮਾਂ ਸਵੇਰੇ 10 ਵਜੇ ਅਤੇ ਨਾਨ ਬੋਰਡ ਨਾਲ ਸਬੰਧਤ ਜਮਾਤਾਂ ਦੀਆਂ ਪ੍ਰੀਖਿਆਵਾਂ ਦਾ ਸਮਾਂ ਦੁਪਹਿਰ 12 ਵਜੇ ਰੱਖਿਆ ਗਿਆ ਹੈ ।

ਇਸ ਮਾਮਲੇ ਬਾਰੇ ਹੋਰ ਜਾਣਕਾਰੀ ਦਿੰਦਿਆਂ ਗੌਰਮਿੰਟ ਸਕੂਲ ਟੀਚਰਜ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ , ਜਨਰਲ ਸਕੱਤਰ ਬਲਕਾਰ ਵਲਟੋਹਾ , ਸਰਪ੍ਰਸਤ ਚਰਨ ਸਿੰਘ ਸਰਾਭਾ, ਸੀਨੀਅਰ ਮੀਤ ਪ੍ਰਧਾਨ ਪ੍ਰੇਮ ਚਾਵਲਾ , ਨਵੀਨ ਕੁਮਾਰ ਸੱਚਦੇਵਾ , ਪ੍ਰਵੀਨ ਕੁਮਾਰ ਲੁਧਿਆਣਾ , ਗੁਰਪ੍ਰੀਤ ਸਿੰਘ ਮਾੜੀ ਮੇਘਾ ,ਸ਼ਿੰਦਰਪਾਲ ਸਿੰਘ ਢਿੱਲੋਂ ਤੇ ਟਹਿਲ ਸਿੰਘ ਸਰਾਭਾ ਨੇ ਕਿਹਾ ਕਿ ਸਿੱਖਿਆ ਵਿਭਾਗ ਨਿੱਤ ਨਵੇਂ ਤਜਰਬੇ ਕਰਕੇ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਤੰਗ-ਪਰੇਸਾਨ ਕਰ ਰਿਹਾ ਹੈ ਅਤੇ ਅਜਿਹੀਆਂ ਹਦਾਇਤਾਂ ਜਾਰੀ ਕਰ ਰਿਹਾ ਹੈ ਜੋਕਿ ਵਿਵਹਾਰਿਕ ਰੂਪ ਵਿੱਚ ਲਾਗੂ ਹੋ ਸਕਣੀਆਂ ਬਹੁਤ ਕਠਿਨ ਹਨ ।

ਉਨਾਂ ਅੱਗੇ ਦੱਸਿਆ ਕਿ ਪ੍ਰਸ਼ਨ ਪੱਤਰ ਹਰ ਰੋਜ਼ ਸਵੇਰੇ 8 ਵਜੇ ਸਕੂਲ ਮੁਖੀ ਨੂੰ ਈਮੇਲ ਰਾਹੀਂ ਭੇਜੇ ਜਾਂਦੇ ਹਨ ਤੇ ਸਕੂਲ ਵਿੱਚੋਂ ਅਧਿਆਪਕ ਜਾਂ ਹੋਰ ਕਰਮਚਾਰੀ ਨੂੰ ਉਨਾਂ ਦੀ ਫੋਟੋ ਸਟੇਟ ਕਰਵਾਉਣ ਲਈ ਆਪਣੇ ਸਕੂਲ ਤੋਂ 15-20 ਕਿਲੋਮੀਟਰ ਦੂਰ ਸ਼ਹਿਰਾਂ ਵਿੱਚ ਸਥਿਤ ਫੋਟੋ ਸਟੇਟ ਵਾਲੀਆਂ ਦੁਕਾਨਾਂ ਤੇ ਜਾਣਾ ਪੈਂਦਾ ਹੈ । ਵੇਖਣ ਵਿੱਚ ਆ ਰਿਹਾ ਹੈ ਕਿ ਸਵੇਰੇ ਸਵੇਰੇ ਫੋਟੋਸਟੇਟ ਵਾਲੀਆਂ ਦੁਕਾਨਾਂ ਤੇ ਅਧਿਆਪਕਾਂ ਦੀਆਂ ਭੀੜਾਂ ਲੱਗ ਜਾਂਦੀਆਂ ਹਨ । ਜ਼ਿਕਰਯੋਗ ਹੈ ਕਿ ਅਧਿਆਪਕਾਂ ਨੂੰ ਹਰ ਰੋਜ਼ ਦੋ ਵਾਰ ਫੋਟੋਸਟੇਟ ਵਾਲੀਆਂ ਦੁਕਾਨਾਂ ਤੇ ਜਾਣਾ ਪੈਂਦਾ ਹੈ ਕਿਉਂਕਿ ਸਵੇਰ ਅਤੇ ਸ਼ਾਮ ਦੀਆਂ ਸ਼ਿਫਟਾਂ ਦੇ ਪੇਪਰ ਵਿਭਾਗ ਵੱਲੋਂ ਵੱਖਰੇ ਵੱਖਰੇ ਸਮੇਂ ਤੇ ਸਕੂਲਾਂ ਨੂੰ ਈ ਮੇਲ ਕੀਤੇ ਜਾਂਦੇ ਹਨ ।

ਸਿੱਖਿਆ ਵਿਭਾਗ ਪੰਜਾਬ ਦੇ ਅਜਿਹੇ ਫੈਸਲਿਆਂ ਨਾਲ ਅਧਿਆਪਕਾਂ ਦੀਆਂ ਮਾਨਸਿਕ ਪ੍ਰੇਸਾਨੀਆਂ ਵਿੱਚ ਵਾਧਾ ਹੋ ਰਿਹਾ ਹੈ । ਅਧਿਆਪਕ ਆਗੂਆਂ ਨੇ ਸਿੱਖਿਆ ਮੰਤਰੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਦਾ ਮਹੱਤਵਪੂਰਨ ਅੰਗ ਸਮਝਦੇ ਹੋਏ ਅਜਿਹੇ ਕੰਮਾਂ ਵਿਚੋਂ ਬੇ-ਵਜਾ ਪ੍ਰੇਸਾਨ ਕਰਨਾ ਬੰਦ ਕੀਤਾ ਜਾਵੇ। ਵਿਭਾਗ ਵੱਲੋਂ ਜੇਕਰ ਆਪਣੇ ਪੱਧਰ ਤੇ ਪ੍ਰਸ਼ਨ ਪੱਤਰ ਤਿਆਰ ਕਰਕੇ ਭੇਜੇ ਜਾਣੇ ਹਨ ਤਾਂ ਉਨਾਂ ਦੇ ਬੰਡਲ ਬਣਾ ਕੇ ਸੀਲਬੰਦ ਸਕੂਲ ਪੱਧਰ ਤੇ ਪਹੁੰਚਦੇ ਕੀਤੇ ਜਾਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ