ਸੱਟੇਬਾਜ਼ ਨੇ ਨਾਗਪੁਰ ਦੇ ਵਪਾਰੀ ਨੂੰ ਲਾਇਆ ਤਕੜਾ ਚੂਨਾ (Gambling)
(ਏਜੰਸੀ) ਨਾਗਪੁਰ। ਮਹਾਂਰਾਸ਼ਟਰ ’ਚ ਨਾਗਪੁਰ ਪੁਲਿਸ ਨੇ ਆਨਲਾਈਨ ਜੂਏ ’ਚ 58 ਕਰੋੜ ਰੁਪਏ ਹਾਰਨ ਵਾਲੇ ਕਾਰੋਬਾਰੀ ਨੂੰ ਧੋਖਾ ਦੇਣ ਵਾਲੇ ਸੱਟੇਬਾਜ਼ ਦੇ ਘਰੋਂ 14 ਕਿਲੋ ਸੋਨਾ ਅਤੇ 17 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। (Gambling) ਪੁਲਿਸ ਨੇ ਦੱਸਿਆ ਕਿ ਅਨੰਤ ਉਰਫ ਸੋਂਟੂ ਨਵਰਤਨ ਜੈਨ ਇੱਕ ਸੱਟੇਬਾਜ਼ ਹੈ ਜਿਸ ਨੇ ਇੱਕ ਆਨਲਾਈਨ ਗੇਮਿੰਗ ਪਲੇਟਫਾਰਮ ਬਣਾਇਆ ਸੀ। ਜੈਨ ਨੇ ਸ਼ਿਕਾਇਤਕਰਤਾ ਕਾਰੋਬਾਰੀ ਨੂੰ ਪੈਸੇ ਕਮਾਉਣ ਲਈ ਆਨਲਾਈਨ ਜੂਆ ਖੇਡਣ ਲਈ ਰਾਜ਼ੀ ਕੀਤਾ।
ਅਧਿਕਾਰੀ ਨੇ ਕਿਹਾ, ‘ਵਪਾਰੀ ਪਹਿਲਾਂ ਤਾਂ ਝਿਜਕ ਰਿਹਾ ਸੀ, ਪਰ ਬਾਅਦ ਵਿੱਚ ਉਸ ਨੂੰ ਨਿਵੇਸ਼ ਕਰਨ ਲਈ ਮਨਾ ਲਿਆ ਗਿਆ ਅਤੇ ਇੱਕ ਹਵਾਲਾ ਏਜੰਟ ਦੇ ਜ਼ਰੀਏ 8 ਲੱਖ ਰੁਪਏ ਟਰਾਂਸਫਰ ਕੀਤੇ ਗਏ’ ਉਨ੍ਹਾਂ ਨੇ ਦੱਸਿਆ ਕਿ ਜੈਨ ਨੇ ਵਟਸਐਪ ’ਤੇ ਕਾਰੋਬਾਰੀ ਨੂੰ ਆਨਲਾਈਨ ਜੂਆ ਖਾਤਾ ਖੋਲ੍ਹਣ ਲਈ ਲਿੰਕ ਭੇਜਿਆ ਸੀ। ਕਾਰੋਬਾਰੀ ਨੇ ਖਾਤੇ ’ਚ 8 ਲੱਖ ਰੁਪਏ ਜਮ੍ਹਾ ਕਰਵਾ ਕੇ ਜੂਆ ਖੇਡਣਾ ਸ਼ੁਰੂ ਕਰ ਦਿੱਤਾ। ਅਧਿਕਾਰੀ ਨੇ ਕਿਹਾ ਕਿ ਸ਼ੁਰੂਆਤੀ ਸਫਲਤਾ ਤੋਂ ਬਾਅਦ ਕਾਰੋਬਾਰੀ ਦੀ ਕਿਸਮਤ ਵਿੱਚ ਤੇਜ਼ੀ ਨਾਲ ਗਿਰਾਵਟ ਆਈ, ਕਿਉਂਕਿ ਉਸ ਨੂੰ 58 ਕਰੋੜ ਰੁਪਏ ਦਾ ਭਾਰੀ ਨੁਕਸਾਨ ਹੋਇਆ, ਜਦੋਂਕਿ ਉਹ ਸਿਰਫ 5 ਕਰੋੜ ਰੁਪਏ ਜਿੱਤਣ ਵਿੱਚ ਕਾਮਯਾਬ ਰਿਹਾ।
ਇਹ ਵੀ ਪੜ੍ਹੋ : 3 ਸਾਲਾ ਸ਼ਿਵਮ ਬੋਰਵੈੱਲ ‘ਚ ਡਿੱਗਿਆ, ਪਾਈਪ ਰਾਹੀਂ ਦਿੱਤੀ ਜਾ ਰਹੀ ਆਕਸੀਜਨ, ਬਚਾਅ ਕਾਰਜ ਜਾਰੀ
ਲਗਾਤਾਰ ਘਾਟੇ ’ਚ ਜਾਣ ਤੋਂ ਬਾਅਦ ਕਾਰੋਬਾਰੀ ਨੂੰ ਸ਼ੱਕ ਹੋ ਗਿਆ ਅਤੇ ਉਸ ਨੇ ਆਪਣੇ ਪੈਸੇ ਵਾਪਸ ਮੰਗੇ, ਪਰ ਜੈਨ ਨੇ ਇਨਕਾਰ ਕਰ ਦਿੱਤਾ। ਕਾਰੋਬਾਰੀ ਨੇ ਇਸ ਸਬੰਧੀ ਸਾਈਬਰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਭਾਰਤੀ ਦੰਡਾਵਲੀ (ਆਈਪੀਸੀ) ਦੇ ਤਹਿਤ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ। ਪੁਲਿਸ ਨੇ ਫਿਰ ਗੋਂਡੀਆ ਸਥਿਤ ਜੈਨ ਦੀ ਰਿਹਾਇਸ਼ ’ਤੇ ਛਾਪਾ ਮਾਰਿਆ ਅਤੇ ਘਰ ਤੋਂ 17 ਕਰੋੜ ਰੁਪਏ ਨਕਦ, ਸੋਨੇ ਦੇ ਬਿਸਕੁਟ ਅਤੇ ਗਹਿਣੇ, 14 ਕਿਲੋ ਸੋਨਾ ਅਤੇ 200 ਕਿਲੋ ਚਾਂਦੀ ਬਰਾਮਦ ਕੀਤੀ। ਹਾਲਾਂਕਿ ਜੈਨ ਪੁਲਿਸ ਤੋਂ ਬਚ ਗਿਆ ਹੈ ਅਤੇ ਸ਼ੱਕ ਹੈ ਕਿ ਉਹ ਦੁਬਈ ਭੱਜ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਜ਼ਬਤ ਕੀਤੀ ਗਈ ਜਾਇਦਾਦ ਦੀ ਕੁੱਲ ਕੀਮਤ ਅਜੇ ਤੈਅ ਨਹੀਂ ਕੀਤੀ ਗਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।