Shikhar Dhawan: ਕ੍ਰਿਕੇਟ ਦੇ ‘ਗੱਬਰ’ ਨੇ ਕੀਤਾ ਇਹ ਵੱਡਾ ਐਲਾਨ!

Shikhar Dhawan

ਸ਼ਿਖਰ ਧਵਨ ਨੇ ਅੰਤਰਰਾਸ਼ਟਰੀ ਕ੍ਰਿਕੇਟ ਤੋਂ ਲਿਆ ਸੰਨਿਆਸ | Shikhar Dhawan

  • 2022 ’ਚ ਖੇਡਿਆ ਸੀ ਆਖਿਰੀ ਕੌਮਾਂਤਰੀ ਟੂਰਨਾਮੈਂਟ

ਸਪੋਰਟਸ ਡੈਸਕ। Shikhar Dhawan: ਟੀਮ ਇੰਡੀਆ ਦੇ ਓਪਨਰ ਰਹੇ ਬੱਲੇਬਾਜ਼ ਸ਼ਿਖਰ ਧਵਨ ਨੇ ਅੱਜ ਸ਼ਨਿੱਚਰਵਾਰ ਸਵੇਰੇ ਅੰਤਰਰਾਸ਼ਟਰੀ ਕ੍ਰਿਕੇਟ ਦੇ ਤਿੰਨਾਂ ਫਾਰਮੈਟਾਂ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਸੋਸ਼ਲ ਮੀਡੀਆ ’ਤੇ ਵੀਡੀਓ ਪੋਸ਼ਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਸ਼ਿਖਰ (Shikhar Dhawan) ਪਹਿਲੀ ਵਾਰ 2010 ’ਚ ਅਸਟਰੇਲੀਆ ਖਿਲਾਫ ਇੱਕਰੋਜ਼ਾ ਟੀਮ ’ਚ ਸ਼ਾਮਲ ਹੋਏ ਸਨ। 2022 ’ਚ ਬੰਗਲਾਦੇਸ਼ ਖਿਲਾਫ ਉਨ੍ਹਾਂ ਨੇ ਆਪਣਾ ਆਖਿਰੀ ਇੱਕਰੋਜ਼ਾ ਮੈਚ ਖੇਡਿਆ ਸੀ। ਉਸ ਤੋਂ ਬਾਅਦ ਉਨ੍ਹਾਂ ਨੂੰ ਟੀਮ ਇੰਡੀਆ ’ਚ ਜਗ੍ਹਾ ਨਹੀਂ ਮਿਲੀ ਸੀ।

ਇੱਕ ਮਿੰਟ 17 ਸੈਕਿੰਡ ਦੀ ਵੀਡੀਓ ’ਚ ਬਚਪਨ ਦੇ 2 ਕੋਚਾਂ ਦਾ ਨਾਂਅ ਲਿਆ

ਸ਼ਿਖਰ ਧਵਨ ਨੇ ਇੱਕ ਮਿੰਟ ਤੇ 17 ਸੈਕਿੰਡ ਦੀ ਵੀਡੀਓ ਪੋਸਟ ਕੀਤੀ। ਇਸ ਵਿੱਚ ਉਨ੍ਹਾਂ ਕਿਹਾ-ਨਮਸ਼ਕਾਰ! ਅੱਜ ਮੈਂ ਇੱਕ ਅਜਿਹੇ ਮੋੜ ’ਤੇ ਖੜ੍ਹਾ ਹਾਂ, ਜਿੱਥੋਂ ਪਿੱਛੇ ਵੇਖਣ ’ਚ ਸਿਰਫ ਯਾਦਾਂ ਵੀ ਨਜ਼ਰ ਆਉਂਦੀਆਂ ਹਨ ਤੇ ਅੱਗੇ ਵੇਖਣ ’ਤੇ ਪੂਰੀ ਦੁਨੀਆ। ਮੇਰੀ ਹਮੇਸ਼ਾ ਤੋਂ ਇੱਕ ਹੀ ਮੰਜਿਲ ਸੀ, ਭਾਰਤੀ ਟੀਮ ਲਈ ਖੇਡਣਾ। ਉਹ ਪੂਰੀ ਵੀ ਹੋਈ। ਇਸ ਲਈ ਮੈਂ ਕਈ ਲੋਕਾਂ ਦਾ ਧੰਨਵਾਦ ਕਰਦਾ ਹਾਂ, ਸਭ ਤੋਂ ਪਹਿਲਾਂ ਮੇਰਾ ਪਰਿਵਾਰ, ਮੇਰੇ ਬਚਪਨ ਦੇ ਕੋਚ ਤਾਰਕ ਸਿਨਹਾ ਜੀ… ਮਦਨ ਸ਼ਰਮਾ ਜੀ, ਜਿਨ੍ਹਾਂ ਦੇ ਅਧੀਨ ਮੈਂ ਕ੍ਰਿਕੇਟ ਸਿੱਖੀ।

ਟੀਮ ਇੰਡੀਆ ’ਚ ਖੇਡਣ ਤੋਂ ਬਾਅਦ ਮੈਨੂੰ ਪ੍ਰਸ਼ੰਸਕਾਂ ਦਾ ਪਿਆਰ ਮਿਲਿਆ। ਪਰ ਉਹ ਕਹਿੰਦੇ ਹਨ ਨਾ ਕਹਾਣੀ ’ਚ ਅੱਗੇ ਵਧਣ ਲਈ ਪੰਨੇ ਪਲਟਨਾ ਜ਼ਰੂਰੀ ਹੈ। ਬਸ ਮੈਂ ਵੀ ਅਜਿਹਾ ਹੀ ਕਰਨ ਜਾ ਰਿਹਾ ਹਾਂ। ਮੈਂ ਆਪਣੇ ਕ੍ਰਿਕੇਟ ਦੇ ਸਫ਼ਰ ਦੇ ਇਸ ਅਧਿਆਏ ਨੂੰ ਬੰਦ ਕਰ ਰਿਹਾ ਹਾਂ, ਮੈਂ ਆਪਣੇ ਨਾਲ ਅਣਗਿਣਤ ਯਾਦਾਂ ਤੇ ਸ਼ੁਕਰਗੁਜ਼ਾਰ ਲੈ ਕੇ ਜਾ ਰਿਹਾ ਹਾਂ। ਪਿਆਰ ਦੇ ਸਮਰਥਨ ਲਈ ਧੰਨਵਾਦ! ਜੈ ਹਿੰਦ….

ਸ਼ਿਖਰ ਧਵਨ ਦਾ ਕੌਮਾਂਤਰੀ ਕਰੀਅਰ | Shikhar Dhawan

ਟੈਸਟ ਕਰੀਅਰ

ਸ਼ਿਖਰ ਧਵਨ ਨੇ ਆਪਣੇ ਕੌਮਾਂਤਰੀ ਟੈਸਟ ਕਰੀਅਰ ’ਚ 34 ਟੈਸਟ ਮੈਚ ਖੇਡੇ ਹਨ। ਜਿਸ ਵਿੱਚ ਉਨ੍ਹਾਂ ਨੇ 2315 ਦੌੜਾਂ ਬਣਾਈਆਂ ਹਨ। ਟੈਸਟ ਕ੍ਰਿਕੇਟ ’ਚ ਧਵਨ ਦਾ ਸਟ੍ਰਾਈਕ ਰੇਟ 66.95 ਦਾ ਰਿਹਾ ਹੈ। ਉਨ੍ਹਾਂ ਨੇ ਆਪਣੇ ਟੈਸਟ ਕਰੀਅਰ ’ਚ 7 ਸੈਂਕੜੇ ਜੜੇ ਹਨ ਤੇ 5 ਅਰਧਸੈਂਕੜੇ ਜੜੇ ਹਨ।

ਟੀ20 ਕਰੀਅਰ

ਸ਼ਿਖਰ ਨੇ ਆਪਣੇ ਟੀ20 ਕਰੀਅਰ ’ਚ 68 ਟੀ20 ਕੌਮਾਂਤਰੀ ਕ੍ਰਿਕੇਟ ਮੈਚ ਖੇਡੇ ਹਨ। ਜਿਸ ਵਿੱਚ ਉਨ੍ਹਾਂ ਨੇ 1759 ਦੌੜਾਂ ਬਣਾਈਆਂ ਹਨ। ਇਹ ਮੈਚਾਂ ’ਚ ਉਨ੍ਹਾਂ ਦਾ ਸਟ੍ਰਾਈਕ ਰੇਟ 126.36 ਦਾ ਰਿਹਾ ਹੈ। ਸ਼ਿਖਰ ਨੇ ਟੀ20 ’ਚ ਕੋਈ ਸੈਂਕੜਾ ਨਹੀਂ ਜੜਿਆ ਹੈ, ਉਨ੍ਹਾਂ ਨੇ ਸਿਰਫ 11 ਅਰਧਸੈਂਕੜੇ ਜੜੇ ਹਨ।

ਇੱਕਰੋਜ਼ਾ ਕਰੀਅਰ

ਸ਼ਿਖਰ ਧਵਨ ਨੇ ਇੱਕਰੋਜ਼ਾ ਕਰੀਅਰ ’ਚ 167 ਵਨਡੇ ਮੈਚ ਖੇਡੇ ਹਨ। ਜਿਸ ਵਿੱਚ ਉਨ੍ਹਾਂ ਨੇ 6793 ਦੌੜਾਂ ਬਣਾਈਆਂ ਹਨ। ਵਨਡੇ ’ਚ ਸ਼ਿਖਰ ਧਵਨ ਦਾ ਸਟ੍ਰਾਈਕ ਰੇਟ 91.35 ਦਾ ਰਿਹਾ ਹੈ। ਇੱਕਰੋਜ਼ਾ ’ਚ ਧਵਨ ਨੇ 17 ਸੈਂਕੜੇ ਜੜੇ ਹਨ, ਜਦਕਿ 39 ਅਰਧਸੈਂਕੜਾ ਵਾਲਿਆਂ ਪਾਰੀਆਂ ਖੇਡੀਆਂ ਹਨ।

2010 ’ਚ ਵਨਡੇ ਟੀਮ, 2013 ’ਚ ਟੈਸਟ ਟੀਮ ’ਚ ਮਿਲੀ ਜਗ੍ਹਾ

ਸ਼ਿਖਰ ਨੇ ਆਪਣਾ ਟੀ-20 ਡੈਬਿਊ 2011 ’ਚ ਸ਼੍ਰੀਲੰਕਾ ਖਿਲਾਫ ਕੀਤਾ ਸੀ। ਉਨ੍ਹਾਂ ਨੂੰ 2013 ’ਚ ਟੈਸਟ ਟੀਮ ’ਚ ਜਗ੍ਹਾ ਮਿਲੀ ਸੀ। ਧਵਨ ਨੇ 34 ਟੈਸਟਾਂ ’ਚ 40.61 ਦੀ ਔਸਤ ਨਾਲ 2315 ਦੌੜਾਂ ਬਣਾਈਆਂ। 167 ਵਨਡੇ ਮੈਚਾਂ ’ਚ 44.11 ਦੀ ਔਸਤ ਨਾਲ 7436 ਦੌੜਾਂ ਬਣਾਈਆਂ। ਇਸ ਦੇ ਨਾਲ ਹੀ 68 ਟੀ-20 ਮੈਚਾਂ ’ਚ ਉਨ੍ਹਾਂ ਨੇ 27.92 ਦੀ ਔਸਤ ਨਾਲ 1759 ਦੌੜਾਂ ਬਣਾਈਆਂ ਹਨ।

2014 ’ਚ ਪੰਜਾਬ ਕਿੰਗਜ ਲਈ ਖੇਡੇ ਸਨ ਧਵਨ | Shikhar Dhawan

ਸ਼ਿਖਰ ਪਹਿਲੇ ਸੀਜਨ ਤੋਂ ਆਈਪੀਐਲ ਨਾਲ ਜੁੜੇ ਹੋਏ ਹਨ। ਸੰਨਿਆਸ ਦਾ ਐਲਾਨ ਕਰਦੇ ਹੋਏ ਉਨ੍ਹਾਂ ਨੇ ਆਈਪੀਐਲ ਖੇਡਣ ਜਾਂ ਨਾ ਖੇਡਣ ਬਾਰੇ ਕੁਝ ਨਹੀਂ ਕਿਹਾ, ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਆਈਪੀਐਲ ਖੇਡਣਾ ਜਾਰੀ ਰੱਖ ਸਕਦੇ ਹੈ। 2008 ’ਚ ਪਹਿਲੇ ਸੀਜਨ ’ਚ, ਉਨ੍ਹਾਂ ਰਾਜਸਥਾਨ ਰਾਇਲਜ ਦੇ ਖਿਲਾਫ ਦਿੱਲੀ ਲਈ ਆਪਣਾ ਪਹਿਲਾ ਮੈਚ ਖੇਡਿਆ। ਆਖਰੀ ਮੈਚ ਪੰਜਾਬ ਕਿੰਗਜ ਨੇ 2024 ’ਚ ਸਨਰਾਈਜਰਜ ਹੈਦਰਾਬਾਦ ਖਿਲਾਫ਼ ਖੇਡਿਆ ਸੀ। ਇਸ ਸੀਜਨ ’ਚ ਉਹ ਸੱਟ ਕਾਰਨ ਕਈ ਮੈਚ ਨਹੀਂ ਖੇਡ ਸਕੇ।

2012 ’ਚ ਵਿਆਹ, 2023 ’ਚ ਤਲਾਕ | Shikhar Dhawan

ਸ਼ਿਖਰ ਧਵਨ (Shikhar Dhawan) ਨੇ 2012 ’ਚ ਤਲਾਕਸ਼ੁਦਾ ਆਇਸ਼ਾ ਮੁਖਰਜੀ ਨਾਲ ਵਿਆਹ ਕੀਤਾ ਸੀ, ਜੋ ਉਨ੍ਹਾਂ ਤੋਂ 10 ਸਾਲ ਵੱਡੀ ਸੀ। ਆਇਸ਼ਾ ਦੀਆਂ ਪਹਿਲਾਂ ਹੀ ਦੋ ਬੇਟੀਆਂ ਸਨ। ਦੋਵਾਂ ਦੀ ਫੇਸਬੁੱਕ ’ਤੇ ਦੋਸਤੀ ਹੋਈ ਸੀ, ਜੋ ਪਿਆਰ ’ਚ ਬਦਲ ਗਈ। 2014 ’ਚ ਉਨ੍ਹਾਂ ਦੇ ਘਰ ਬੇਟੇ ਜੋਰਾਵਰ ਦਾ ਜਨਮ ਹੋਇਆ। ਸ਼ਿਖਰ ਤੇ ਆਇਸ਼ਾ 2021 ’ਚ ਵੱਖ ਹੋ ਗਏ ਸਨ। ਆਇਸ਼ਾ ਨੇ ਸੋਸ਼ਲ ਮੀਡੀਆ ’ਤੇ ਇੱਕ ਪੋਸ਼ਟ ’ਚ ਸ਼ਿਖਰ ਤੋਂ ਆਪਣੇ ਤਲਾਕ ਬਾਰੇ ਲਿਖਿਆ ਸੀ। 4 ਅਕਤੂਬਰ 2023 ਨੂੰ ਦਿੱਲੀ ਦੀ ਫੈਮਿਲੀ ਕੋਰਟ ਨੇ ਤਲਾਕ ਨੂੰ ਮਨਜੂਰੀ ਦੇ ਦਿੱਤੀ। ਅਦਾਲਤ ਨੇ ਸਵੀਕਾਰ ਕੀਤਾ ਕਿ ਆਇਸ਼ਾ ਨੇ ਸ਼ਿਖਰ ਨੂੰ ਮਾਨਸਿਕ ਤੌਰ ’ਤੇ ਜੁਲਮ ਕੀਤਾ ਸੀ। ਅਦਾਲਤ ਨੇ ਤਲਾਕ ਦੀ ਪਟੀਸ਼ਨ ’ਚ ਧਵਨ ਦੇ ਦੋਸ਼ਾਂ ਨੂੰ ਇਸ ਆਧਾਰ ’ਤੇ ਮਨਜੂਰ ਕਰ ਲਿਆ ਕਿ ਆਇਸ਼ਾ ਨੇ ਜਾਂ ਤਾਂ ਉਨ੍ਹਾਂ ਦਾ ਵਿਰੋਧ ਨਹੀਂ ਕੀਤਾ ਜਾਂ ਆਪਣਾ ਬਚਾਅ ਕਰਨ ’ਚ ਅਸਫਲ ਰਹੀ।

Read This : ਜੇਕਰ ਅਸੀਂ ਆਪਣੀਆਂ ਯੋਜਨਾਵਾਂ ਸਬੰਧੀ ਸਪਸ਼ਟ ਰਹੇ ਤਾਂ ਜਿੱਤ ਪੱਕੀ : ਸ਼ਿਖਰ

ਸ਼ਿਖਰ ਧਵਨ ਦੀਆਂ ਕੁੱਝ ਯਾਦਗਾਰ ਪਾਰੀਆਂ…

ਟੈਸਟ ਡੈਬਿਊ ’ਚ 187 ਦੌੜਾਂ ਦੀ ਪਾਰੀ

ਸ਼ਿਖਰ ਨੂੰ ਕੌਮਾਂਤਰੀ ਕ੍ਰਿਕੇਟ ’ਚ ਡੈਬਿਊ ਕਰਨ ਦੇ ਤਿੰਨ ਸਾਲਾਂ ਬਾਅਦ 2013 ’ਚ ਟੈਸਟ ਟੀਮ ’ਚ ਖੇਡਣ ਦਾ ਮੌਕਾ ਮਿਲਿਆ। ਉਨ੍ਹਾਂ ਨੇ ਆਪਣੇ ਪਹਿਲੇ ਹੀ ਟੈਸਟ ਮੈਚ ’ਚ ਅਸਟਰੇਲੀਆਈ ਟੀਮ ਖਿਲਾਫ ਮੋਹਾਲੀ ’ਚ 174 ਗੇਂਦਾਂ ’ਚ 187 ਦੌੜਾਂ ਦੀ ਪਾਰੀ ਖੇਡੀ ਸੀ ਤੇ ਇਹ ਉਨ੍ਹਾਂ ਦਾ ਪਹਿਲਾ ਹੀ ਟੈਸਟ ਮੈਚ ਸੀ।

ਚੈਂਪੀਅਨਜ਼ ਟਰਾਫੀ ਦੇ ਪਹਿਲੇ ਹੀ ਮੈਚ ’ਚ ਸੈਂਕੜਾ

2013 ’ਚ ਸ਼ਿਖਰ ਧਵਨ ਨੇ ਚੈਂਪੀਅਨਜ਼ ਟਰਾਫੀ ਦੇ ਪਹਿਲੇ ਹੀ ਮੈਚ ’ਚ ਦੱਖਣੀ ਅਫਰੀਕਾ ਖਿਲਾਫ ਸੈਂਕੜਾ ਬਣਾਇਆ ਸੀ। ਇਹ ਉਨ੍ਹਾਂ ਦਾ ਪਹਿਲਾ ਆਈਸੀਸੀ ਟੂਰਨਾਮੈਂਟ ਸੀ। ਜਿਸ ਵਿੱਚ ਧਵਨ ਨੇ 94 ਗੇਂਦਾਂ ਦਾ ਸਾਹਮਣਾ ਕਰਦੇ ਹੋਏ 114 ਦੌੜਾਂ ਦੀ ਪਾਰੀ ਖੇਡੀ ਸੀ।

ਆਖਿਰੀ ਵਿਸ਼ਵ ਕੱਪ ’ਚ ਜਖਮੀ ਹੁੰਦੇ ਹੋਏ ਵੀ ਸੈਂਕੜਾ ਜੜਿਆ

ਸ਼ਿਖਰ ਧਵਨ ਨੇ 2019 ’ਚ ਆਪਣਾ ਆਖਿਰੀ ਵਨਡੇ ਵਿਸ਼ਵ ਕੱਪ ਖੇਡਿਆ ਸੀ। ਅਸਟਰੇਲੀਆ ਖਿਲਾਫ ਜਦੋਂ ਉਹ ਖੇਡਣ ਆਏ ਤਾਂ ਉਨ੍ਹਾਂ ਦਾ ਅੰਗੂਠਾ ਜਖਮੀ ਹੋ ਗਿਆ ਸੀ। ਪਰ ਫਿਰ ਵੀ ਧਵਨ ਨੇ 109 ਗੇਂਦਾਂ ਦਾ ਸਾਹਮਣਾ ਕਰਦੇ ਹੋਏ 117 ਦੌੜਾਂ ਦੀ ਪਾਰੀ ਖੇਡੀ ਸੀ।

LEAVE A REPLY

Please enter your comment!
Please enter your name here