ਕਾਰਡ ਗੁਆਚ ਜਾਣ ‘ਤੇ ਜਾਂ ਉਸ ਦਾ ਡਾਟਾ ਕਲੋਨ ਕਰਕੇ ਖਾਤੇ ਤੋਂ ਪੈਸੇ ਕੱਢਣ ਦੀ ਸੰਭਾਵਨਾ ਲਗਭਗ ਹੋ ਜਾਵੇਗੀ ਸਮਾਪਤ
ਮੁੰਬਈ (ਏਜੰਸੀ)। ਧੋਖਾਧੜੀ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਭੁਗਤਾਨ ਸੇਵਾ ਕੰਪਨੀ ਏਟਮ ਤਕਨਾਲੋਜੀ ਨੇ ਇੱਕ ਅਜਿਹੀ ਤਕਨੀਕ ਵਿਕਸਿਤ ਕੀਤੀ ਹੈ, ਜਿਸ ਨਾਲ ਡੈਬਿਟ ਜਾਂ ਕ੍ਰੇਡਿਟ ਕਾਰਡ ਵਰਤੋਂ ਕਰਨ ਤੋਂ ਬਾਅਦ ਗਾਹਕ ਕਾਰਡ ਨੂੰ ਖੁਦ ਆਫ਼ ਕਰ ਸਕਦਾ ਹੈ ਤੇ ਫਿਰ ਵਰਤੋਂ ਤੋਂ ਪਹਿਲਾਂ ਖੁਦ ਆਨ ਕਰ ਸਕਦਾ ਹੈ। ਇਸ ਨਾਲ ਕਾਰਡ ਕਿਤੇ ਗੁਆਚ ਜਾਣ ‘ਤੇ ਜਾਂ ਉਸ ਦਾ ਡਾਟਾ ਕਲੋਨ ਕਰਕੇ ਖਾਤੇ ਤੋਂ ਪੈਸੇ ਕੱਢਣ ਦੀ ਸੰਭਾਵਨਾ ਲਗਭਗ ਸਮਾਪਤ ਹੋ ਜਾਵੇਗੀ। ਕਾਰਡ ਆਨ-ਆਫ਼ ਕਰਨ ਲਈ ਗਾਹਕ ਮੋਬਾਇਲ ਐਪ ਜਾਂ ਚੈਟ ਤੇ ਵਾਇਸ ਵਾਲੀ ਬਾਟ ਸੇਵਾ ਦੀ ਵਰਤੋਂ ਕਰ ਸਕਦਾ ਹੈ।
ਏਟਮ ਤਕਨਾਲੋਜੀ ਵੱਲੋਂ ਅੱਜ ਜਾਰੀ ਪ੍ਰੈਸ ਨੋਟ ‘ਚ ਸਰਕਾਰੀ ਅੰਕੜਿਆਂ ਦੇ ਹਵਾਲੇ ਨਾਲ ਕਿਹਾ ਗਿਆ ਕਿ 21 ਦਸੰਬਰ 2017 ਤੱਕ ਕ੍ਰੇਡਿਟ ਤੇ ਡੈਬਿਟ ਕਾਰਡ ਨਾਲ ਧੋਖਾਧੜੀ ਦੇ 25,800 ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ ‘ਚ ਗਾਹਕਾਂ ਨੂੰ 179 ਕਰੋੜ ਰੁਪਏ ਦਾ ਚੂਨਾ ਲੱਗਾ ਹੈ। ਇਸ ਡਰ ਨਾਲ ਭਾਰਤੀ ਗਾਹਕਾਂ ਦਾ ਵੱਡਾ ਤਬਕਾ ਡਿਜ਼ੀਟਲ ਭੁਗਤਾਨ ਨੂੰ ਅਪਣਾਉਣ ਤੋਂ ਕਤਰਾ ਰਿਹਾ ਹੈ। ਉਸ ਨੇ ਦੱਸਿਆ ਕਿ ਈ-ਸ਼ੀਲਡ ਨਾਂਅ ਦੀ ਇਹ ਤਕਨੀਕ ਅਸਟਰੇਲੀਆਈ ਤਕਨੀਕੀ ਕੰਪਨੀ ਦੇ ਨਾਲ ਮਿਲ ਕੇ ਤਿਆਰ ਕੀਤੀ ਗਈ ਹੈ ਤੇ ਭਾਰਤ ‘ਚ ਇਹ ਪਹਿਲੀ ਵਾਰ ਹੋਵੇਗਾ ਜਦੋਂ ਗਾਹਕਾਂ ਨੂੰ ਆਪਣੇ ਕਾਰਡ ਨੂੰ ਆਨ ਆਫ਼ ਕਰਨ ਦੀ ਅਜ਼ਾਦੀ ਮਿਲ ਜਾਵੇਗੀ।
ਇੱਕ ਵਾਰ ਕਾਰਡ ਆਫ਼ ਕਰ ਦੇਣ ‘ਤੇ ਇੰਟਰਨੈੱਟ ਬੈਂਕਿੰਗ, ਏਟੀਐਮ, ਪੀਓਐਸ ਮਸ਼ੀਨ ਜਾਂ ਹੋਰ ਕਿਸੇ ਮਾਧਿਅਮ ਨਾਲ ਵੀ ਭੁਗਤਾਨ ਨਹੀਂ ਹੋ ਸਕੇਗਾ। ਏਟਮ ਤਕਨਾਲੋਜੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਦੇਵਾਂਗ ਨੇਰੱਲਾ ਨੇ ਦੱਸਿਆ ਕਿ ਧੋਖਾਧੜੀ ਰੋਕਣ ਵਾਲੀ ਇਹ ਤਕਨੀਕ ਇੱਕ ਪਾਸੜ ਲੈਣ-ਦੇਣ ਦਾ ਫੈਸਲਾ ਗਾਹਕਾਂ ਦੇ ਹੱਥਾਂ ‘ਚ ਸੌਂਪ ਕੇ ਉਨ੍ਹਾਂ ਨੂੰ ਮਜ਼ਬੂਤ ਬਣਾਉਂਦੀ ਹੈ ਤਾਂ ਦੂਜੇ ਪਾਸੇ ਬੈਂਕਾਂ ਦੀ ਵੀ ਚਿੰਤਾ ਤੇ ਜ਼ਿੰਮੇਵਾਰੀਆਂ ਘੱਟ ਕਰਦੀ ਹੈ, ਜਿਸ ਨਾਲ ਸੁਰੱਖਿਆ ‘ਤੇ ਉਨ੍ਹਾਂ ਦੀ ਲਾਗਤ ਘੱਟ ਹੁੰਦੀ ਹੈ।