ਅਕਤੂਬਰ ‘ਚ ਨਹੀਂ ਹੋ ਸਕਣਗੀਆਂ ਕੌਂਸਲ ਤੇ ਨਿਗਮ ਚੋਣਾਂ, ਸਰਕਾਰ ਨਹੀਂ ਕਰ ਪਾ ਸਕੀ ਤਿਆਰੀ

ਨਵੰਬਰ ਮਹੀਨੇ ਵਿੱਚ ਤਿਉਹਾਰਾਂ ਦੇ ਚਲਦੇ ਨਹੀਂ ਹੋ ਸਕਦੀਆਂ ਹਨ ਚੋਣਾਂ, ਦਸੰਬਰ ਜਾਂ ਫਿਰ ਅਗਲੇ ਸਾਲ ਤੱਕ ਲਟਕਣ ਦੀ ਉਮੀਦ

ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਕੀਤਾ ਗਿਆ ਸੀ ਐਲਾਨ, ਅਕਤੂਬਰ ਦੇ ਦੂਜੇ ਹਫ਼ਤੇ ਕਰਵਾਉਣੀਆਂ ਸਨ ਚੋਣਾਂ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਦੀਆਂ 117 ਨਗਰ ਕੌਸਲਾਂ ਅਤੇ 9 ਨਗਰ ਨਿਗਮਾਂ ਦੀਆਂ ਚੋਣਾਂ ਅਕਤੂਬਰ ਦੇ ਮਹੀਨੇ ਵਿੱਚ ਨਹੀਂ ਹੋਣਗੀਆ ਹੀ , ਕਿਉਂਕਿ ਇਨਾਂ ਚੋਣਾਂ ਨੂੰ ਕਰਵਾਉਣ ਲਈ ਸਥਾਨਕ ਸਰਕਾਰਾਂ ਵਿਭਾਗ ਵਲੋਂ ਜਰੂਰੀ ਕਾਰਵਾਈ ਹੀ ਹੁਣ ਤਾਂ ਮੁਕੰਮਲ ਨਹੀਂ ਕੀਤੀ ਗਈ ਹੈ। ਪੰਜਾਬ ਵਿੱਚ ਕਈ ਨਗਰ ਕੌਸਲਾਂ ਦੀ ਵਾਰਡ ਅੱਧ-ਵਿਚਾਲੇ ਪਈ ਹੈ ਤੇ ਚੋਣ ਕਮਿਸ਼ਨ ਨੂੰ ਚੋਣਾਂ ਕਰਵਾਉਣ ਲਈ ਹੁਣ ਤੱਕ ਪੱਤਰ ਵੀ ਨਹੀਂ ਲਿਖਿਆ ਗਿਆ ਹੈ, ਜਿਸ ਕਾਰਨ ਇਸ ਮਹੀਨੇ ਅਕਤੂਬਰ ਵਿੱਚ ਤਾਂ ਦੂਰ, ਅਗਲੇ ਮਹੀਨੇ ਨਵੰਬਰ ਵਿੱਚ ਵੀ ਨਹੀਂ ਹੋ ਸਕਦੀਆਂ ਹਨ। ਜਾਣਕਾਰੀ ਅਨੁਸਾਰ ਪੰਜਾਬ ਵਿੱਚ 117 ਨਗਰ ਕੌਂਸਲਾਂ ਅਤੇ 9 ਨਗਰ ਨਿਗਮਾਂ ਦਾ ਕਾਰਜਕਾਲ ਇਸ ਸਾਲ ਮਾਰਚ 2020 ਤੋਂ ਲੈ ਕੇ ਜੂਨ 2020 ਤੱਕ ਖ਼ਤਮ ਹੋ ਗਿਆ ਸੀ,

ਜ਼ਿਆਦਾਤਰ ਨਗਰ ਕੌਂਸਲਾਂ ਦਾ ਸਮਾਂ ਮਾਰਚ ਦੇ ਅੰਤ ਖ਼ਤਮ ਹੋਇਆ ਸੀ ਪਰ ਕੁਝ ਥਾਂਵਾਂ ‘ਤੇ ਲੇਟ ਨਤੀਜੇ ਆਉਣ ਕਰਕੇ ਉਨਾਂ ਦਾ ਕਾਰਜਕਾਲ ਜੁਲਾਈ ਤੱਕ ਖ਼ਤਮ ਹੋਇਆ ਸੀ।  ਇਨ੍ਹਾਂ ਨਗਰ ਕੌਂਸਲਾਂ ਅਤੇ ਨਿਗਮਾਂ ਵਿੱਚ ਅਧਿਕਾਰੀ ਹੀ ਕੰਮ ਚਲਾ ਰਹੇ ਹਨ। ਇਨਾਂ ਨਗਰ ਕੌਂਸਲਾਂ ਅਤੇ ਨਿਗਮਾਂ ਦੀਆਂ ਚੋਣਾ ਨੂੰ ਕਰਵਾਉਣ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਜੁਲਾਈ ਮਹੀਨੇ ਵਿੱਚ ਐਲਾਨ ਕੀਤਾ ਗਿਆ ਸੀ ਕਿ ਅਕਤੂਬਰ ਦੇ ਦੂਜੇ ਹਫ਼ਤੇ ਤੱਕ ਚੋਣਾਂ ਕਰਵਾ ਦਿੱਤੀ ਜਾਣਗੀਆਂ ਅਤੇ ਇਸ ਸਬੰਧੀ ਨਗਰ ਕੌਂਸਲਾਂ ਅਤੇ ਨਿਗਮਾਂ ਵਲੋਂ ਵਾਰਡ ਬੰਦੀ ਤੋਂ ਲੈ ਕੇ ਹਰ ਜਰੂਰੀ ਕਾਰਵਾਈ ਜਲਦ ਹੀ ਸ਼ੁਰੂ ਕਰ ਦਿੱਤੀ ਜਾਏਗੀ।

Congress, Akali-BJP, Vote, Notta

ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਇਸ ਐਲਾਨ ਤੋਂ ਬਾਅਦ ਵੀ ਪੰਜਾਬ ਵਿੱਚ ਹੁਣ ਤੱਕ ਇਨਾਂ ਚੋਣਾਂ ਨੂੰ ਕਰਵਾਉਣ ਸਬੰਧੀ ਕੋਈ ਵੀ ਕਾਰਵਾਈ ਪੰਜਾਬ ਸਰਕਾਰ ਜਾਂ ਫਿਰ ਸਥਾਨਕ ਸਰਕਾਰਾਂ ਵਿਭਾਗ ਵਲੋਂ ਨਹੀਂ ਕੀਤੀ ਗਈ ਹੈ। ਪੰਜਾਬ ਦੇ ਚੋਣ ਕਮਿਸ਼ਨ ਨੂੰ ਵੀ ਚੋਣ ਕਰਵਾਉਣ ਲਈ 4 ਹਫ਼ਤੇ ਦਾ ਸਮਾਂ ਚਾਹੀਦਾ ਹੈ ਪਰ ਅਕਤੂਬਰ ਦਾ ਦੂਜਾ ਹਫ਼ਤਾ ਆਉਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਨੇ ਇਨਾਂ ਚੋਣਾਂ ਨੂੰ ਕਰਵਾਉਣ ਦੀ ਸਿਫ਼ਾਰਸ਼ ਚੋਣ ਕਮਿਸ਼ਨ ਕੋਲ ਨਹੀਂ ਕੀਤੀ ਗਈ

ਸਥਾਨਕ ਸਰਕਾਰਾਂ ਵਿਭਾਗ ਦੇ ਸੂਤਰਾ ਅਨੁਸਾਰ ਵਿਭਾਗ ਵਲੋਂ ਚੋਣਾਂ ਨੂੰ ਕਰਵਾਉਣ ਸਬੰਧੀ ਫਾਈਲ ਮੁੱਖ ਮੰਤਰੀ ਦਫ਼ਤਰ ਨੂੰ ਭੇਜੀ ਗਈ ਹੈ, ਜਿਸ ਦੇ ਪਾਸ ਹੋ ਕੇ ਵਾਪਸ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਏਗੀ। ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਫਾਈਲ ਅਗਲੇ ਹਫ਼ਤੇ ਤੱਕ ਵੀ ਵਾਪਸ ਆਈ ਤਾਂ ਵੀ ਚੋਣਾਂ ਕਰਵਾਉਣ ਲਈ 4 ਤੋਂ 6 ਹਫ਼ਤਿਆਂੇ ਦਾ ਸਮਾਂ ਚਾਹੀਦਾ ਹੈ, ਨਵੰਬਰ ਮਹੀਨੇ ਵਿੱਚ ਵੀ ਤਿਉਹਾਰ ਹੁੰਦੇ ਤੇ ਦਸੰਬਰ ਤੋਂ ਪਹਿਲਾਂ ਪੰਜਾਬ ਵਿੱਚ ਇਨਾਂ ਨਗਰ ਕੌਂਸਲਾਂ ਅਤੇ ਨਿਗਮਾਂ ਦੀਆਂ ਚੋਣਾਂ ਨਹੀਂ ਹੋ ਸਕਦੀਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.