ਜੰਗਲੀ ਜੀਵ ਮਹਿਕਮਾ ਅਤੇ ਆਮ ਲੋਕਾਂ ਦੇ ਸਹਿਯੋਗ ਨਾਲ ਕਾਬੂ ਕੀਤਾ | Animal News
(ਤਰੁਣ ਕੁਮਾਰ ਸ਼ਰਮਾ) ਨਾਭਾ। Animal News: ਰਿਆਸਤੀ ਸ਼ਹਿਰ ਨਾਭਾ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਜੰਗਲੀ ਜੀਵ ਨਾਭਾ ਦੇ ਸ਼ਹਿਰੀ ਖੇਤਰ ਵਿੱਚ ਦਾਖਲ ਹੋ ਗਿਆ। ਪਾੜਾ ਨਾਂਅ ਦਾ ਇਹ ਜੰਗਲੀ ਜੀਵ ਸ਼ਹਿਰੀ ਖੇਤਰ ਵਿੱਚ ਦਾਖਲ ਹੋਣ ਤੋਂ ਬਾਅਦ ਬੁਰੀ ਤਰ੍ਹਾਂ ਘਬਰਾ ਗਿਆ ਅਤੇ ਤੇਜ਼ ਰਫਤਾਰ ਨਾਲ ਇੱਧਰ-ਉੱਧਰ ਦੌੜਦਾ ਨਜ਼ਰ ਆਇਆ।
ਜੰਗਲੀ ਜੀਵ ਦੇ ਇਸੇ ਦੌੜ ਭੱਜ ਦੌਰਾਨ ਉਹ ਕਈ ਦੁਕਾਨਾਂ ਦੇ ਸ਼ੀਸ਼ਿਆਂ ਵਿੱਚ ਜਾ ਵੱਜਿਆ ਅਤੇ ਜਖਮੀ ਵੀ ਹੋ ਗਿਆ। ਦੱਸਣਯੋਗ ਹੈ ਕਿ ਰਿਆਸਤੀ ਸ਼ਹਿਰ ਨਾਭਾ ਦੇ ਦੋਨੋਂ ਪਾਸੇ ਜੰਗਲੀ ਬੀੜ ਲੱਗਦੇ ਹਨ ਜਿਨਾਂ ਵਿੱਚ ਕਈ ਕਿਸਮ ਦੇ ਹਜ਼ਾਰਾਂ ਜੰਗਲੀ ਜੀਵ ਰਹਿੰਦੇ ਹਨ। ਇਨ੍ਹਾਂ ਜੰਗਲੀ ਜੀਵਾਂ ਦੀ ਸੁਰੱਖਿਆ ਲਈ ਦੋਨੋਂ ਬੀੜਾ ਦੁਆਲੇ ਤਾਰਾਂ ਵੀ ਲਗਾਈਆਂ ਹੋਈਆਂ ਹਨ ਜਿਸ ਕਾਰਨ ਇਸ ਜੰਗਲੀ ਜੀਵ ਦੇ ਬੀੜ ’ਚੋਂ ਨਿਕਲਣਾ ਸਵਾਲਾਂ ਦੇ ਘੇਰੇ ’ਚ ਆ ਰਿਹਾ ਹੈ।
ਇਹ ਵੀ ਪੜ੍ਹੋ: ਮੰਤਰੀ ਡਾ. ਬਲਜੀਤ ਕੌਰ ਦੀ ਮੀਟਿੰਗ ਤੋਂ ਬਾਅਦ ਇਸ ਯੂਨੀਅਨ ਨੂੰ ਮਿਲਿਆ ਭਰੋਸਾ
ਪਾੜਾ ਨਾਂਅ ਦਾ ਇਹ ਜੀਵ ਵੀ ਨਾਭਾ ਨਾਲ ਲੱਗਦੇ ਬੀੜ ਵਿੱਚੋਂ ਹੀ ਨਿਕਲ ਕੇ ਸ਼ਹਿਰੀ ਖੇਤਰ ਵਿੱਚ ਆ ਗਿਆ ਸੀ ਅਤੇ ਮਨੁੱਖਾਂ ਦੀ ਹਾਜ਼ਰੀ ਨੂੰ ਦੇਖ ਕੇ ਘਬਰਾ ਗਿਆ। ਇਹ ਜੰਗਲੀ ਜੀਵ ਨਾਭਾ ਦੇ ਭੀਖੀ ਮੋੜ ਵਿਖੇ ਸਨਸਨੀ ਫੈਲਾਉਣ ਤੋਂ ਬਾਅਦ ਕੁੜੀਆਂ ਦੇ ਸਕੂਲ ਵਿੱਚ ਦਾਖਲ ਹੋ ਗਿਆ ਜਿਸ ਨੂੰ ਕਾਬੂ ਕਰਨ ਲਈ ਆਮ ਲੋਕਾਂ ਨਾਲ ਜੰਗਲੀ ਜੀਵ ਵਿਭਾਗ ਦੇ ਮੁਲਾਜ਼ਮ ਵੀ ਘੰਟਿਆਂ ਬੱਧੀ ਮਿਹਨਤ ਕਰਦੇ ਨਜ਼ਰ ਆਏ। ਸਕੂਲ ਵਿੱਚ ਦਾਖਲ ਹੋਏ ਇਸ ਜੰਗਲੀ ਜੀਵ ਨੂੰ ਆਖਰਕਾਰ ਆਮ ਜਨਤਾ ਅਤੇ ਜੰਗਲੀ ਜੀਵ ਵਿਭਾਗ ਦੇ ਮੁਲਾਜ਼ਮਾਂ ਦੇ ਸਹਿਯੋਗ ਨਾਲ ਕਾਬੂ ਕਰ ਲਿਆ ਗਿਆ ਜਿਸ ਨੂੰ ਜੰਗਲੀ ਜੀਵ ਵਿਭਾਗ ਦੇ ਮੁਲਾਜ਼ਮ ਆਪਣੇ ਨਾਲ ਲੈ ਗਏ। Animal News