ਚੀਨ ਨੂੰ ਸਹੀ ਜਵਾਬ ਦਾ ਢੰਗ

China
China

ਜੰਗ ਕਿਸੇ ਚੀਜ਼ ਦਾ ਹੱਲ ਨਹੀਂ ਹੈ ਤੇ ਵਿਰੋਧੀ ਨੂੰ ਉਸ ਦੀ ਭਾਸ਼ਾ ’ਚ ਜਵਾਬ ਦੇਣਾ ਹੀ ਸਿਆਣਪ ਹੈ। ਜੋਸ਼ ਦੇ ਨਾਲ-ਨਾਲ ਹੋਸ਼ ਵੀ ਜ਼ਰੂਰੀ ਹੈ। ਵਿਰੋਧੀ ਦੀ ਰਣਨੀਤੀ ਤੇ ਇਰਾਦਿਆਂ ਨੂੰ ਭਾਂਪ ਲੈਣਾ ਤੇ ਉਸ ਦੇ ਮੁਤਾਬਿਕ ਰਣਨੀਤੀ ਬਣਾਉਣੀ ਹੀ, ਸਫ਼ਲਤਾ ਦੀ ਪਹਿਲੀ ਸ਼ਰਤ ਹੈ। ਇਸ ਹਕੀਕਤ ਨੂੰ ਭਾਰਤ ਨੇ ਚੀਨ ਦੇ ਮਾਮਲੇ ’ਚ ਚੰਗੀ ਤਰ੍ਹਾਂ ਸਮਝ ਲਿਆ ਹੈ। ਚੀਨ ਨੇ ਲਾਈਨ ਆਫ਼ ਐਕਚੁਅਲ ਕੰਟਰੋਲ ਦੇ ਨੇੜੇ 600 ਤੋਂ ਵੱਧ ਪਿੰਡ ਵਸਾਏ ਦੱਸੇ ਜਾ ਰਹੇ ਹਨ।

ਭਾਰਤ ਸਰਕਾਰ ਨੇ ਵੀ ਇਸ ਦਾ ਤੋੜ ਲੱਭ ਲਿਆ ਹੈ ਅਤੇ ਆਪਣੇ ਵਾਲੇ ਪਾਸੇ ‘ਵਾਈਬ੍ਰੈਂਟ ਵਿਲੇਜਸ’ ਮੁਹਿੰਮ ਚਲਾ ਦਿੱਤੀ ਹੈ ਜਿਸ ਤਹਿਤ ਪਿੰਡਾਂ ਦਾ ਵਿਕਾਸ ਹੋਵੇਗਾ। ਸਰਹੱਦ ਦੇ ਨੇੜੇ ਭਾਰਤੀ ਪਿੰਡਾਂ ਦੀ ਰੌਣਕ ਆਪਣੇ-ਆਪ ’ਚ ਭਾਰਤ ਦੇ ਸਿਧਾਂਤਾਂ ਤੇ ਵਿਚਾਰਧਾਰਾ ਦੀ ਮਜ਼ਬੂਤੀ ਦਾ ਸੰਕੇਤ ਹੈ। ਕੇਂਦਰੀ ਗ੍ਰਹਿ ਮੰਤਰੀ ਅੰਮਿਤ ਸ਼ਾਹ ਨੇ ਅਰੁਣਾਚਲ ਪ੍ਰਦੇਸ਼ ਦੇ ਪਿੰਡ ਕਿਬਿਥੂ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਹ ਉਹ ਇਤਿਹਾਸਕ ਪਿੰਡ ਹੈ ਜਿੱਥੇ 1962 ਦੀ ਜੰਗ ਵੇਲੇ ਭਾਰਤੀ ਫੌਜੀਆਂ ਨੇ ਚੀਨੀ ਫੌਜੀਆਂ ਦੇ ਹਮਲੇ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਸੀ।

ਚੀਨ (China) ਵੱਲ ਇਸ਼ਾਰਾ

ਭਾਰਤ ਨੇ ਅਰੁਣਾਚਲ ਪ੍ਰਦੇਸ਼ ਬਾਰੇ ਆਪਣਾ ਸਟੈਂਡ ਬੜੀ ਬਹਾਦਰੀ, ਨਿੱਡਰਤਾ ਤੇ ਸਪੱਸ਼ਟਤਾ ਨਾਲ ਪੇਸ਼ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਰੁਣਾਚਲ ਦਾ ਸਿਰਫ਼ ਦੌਰਾ ਹੀ ਨਹੀਂ ਕੀਤਾ ਸਗੋਂ ਬਿਨਾਂ ਨਾਂਅ ਲਏ ਚੀਨ ਵੱਲ ਇਸ਼ਾਰਾ ਕਰਦਿਆਂ ਕਿਹਾ ਹੈ ਕਿ ਕੋਈ ਵੀ ਤਾਕਤ ਭਾਰਤ ਦੀ ਸੂਈ ਦੇ ਨੱਕੇ ਜਿੰਨੀ ਜ਼ਮੀਨ ’ਤੇ ਵੀ ਕਬਜ਼ਾ ਨਹੀਂ ਕਰ ਸਕਦੀ। ਚੀਨ ਦੇ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ ਦੇ ਦੌਰੇ ’ਤੇ ਇਤਰਾਜ਼ ਜਾਹਿਰ ਕੀਤਾ ਸੀ ਤੇ ਇਹ ਪਹਿਲਾਂ ਹੀ ਕਿਆਸ ਲਾਏ ਜਾ ਰਹੇ ਸਨ ਕਿ ਚੀਨ ਚੁੱਪ ਨਹੀਂ ਬੈਠੇਗਾ ਪਰ ਭਾਰਤ ਸਰਕਾਰ ਨੇ ਇਸ ਗੱਲ ਦੀ ਪ੍ਰਵਾਹ ਕੀਤੇ ਬਿਨਾਂ ਅਰੁਣਾਚਲ ਨੂੰ ਭਾਰਤ ਦਾ ਅਟੁੱਟ ਅੰਗ ਦੱਸਿਆ ਹੈ। ਦਰਅਸਲ ਚੀਨ ਦੋਗਲੀ ਨੀਤੀ ਨਾਲ ਕੰਮ ਕਰ ਰਿਹਾ ਹੈ।

ਇੱਕ ਪਾਸੇ ਚੀਨ ਭਾਰਤ ਨਾਲ ਵਪਾਰਕ ਰਿਸ਼ਤੇ ਵਧਾਉਣ ਲਈ ਯਤਨਸ਼ੀਲ ਹੈ ਦੂਜੇ ਪਾਸੇ ਸਰਹੱਦੀ ਵਿਵਾਦਾਂ ਦੇ ਮਾਮਲੇ ’ਚ ਕੋਈ ਵੀ ਮੌਕਾ ਛੱਡਣਾ ਨਹੀਂ ਚਾਹੁੰਦਾ। ਭਾਰਤ ਦੇ ਮੌਜੂਦਾ ਰੁਖ ਤੇ ਸਰਗਰਮੀਆਂ ਤੋਂ ਚੀਨ ਨੂੰ ਇਸ ਗੱਲ ਦਾ ਅਹਿਸਾਸ ਹੋ ਜਾਣਾ ਚਾਹੀਦਾ ਹੈ ਕਿ ਸਿੱਕਿਮ, ਅਰੁਣਾਚਲ ਪ੍ਰਦੇਸ਼ ਸਮੇਤ ਹੋਰ ਸਰਹੱਦੀ ਭਾਰਤੀ ਖੇਤਰਾਂ ’ਤੇ ਦਾਅਵੇ ਕਰਨ ਦੀ ਸਮਰਾਜਵਾਦੀ ਨੀਤੀ ਨੂੰ ਫਲ ਪੈਣਾ ਸੰਭਵ ਨਹੀਂ। ਤਿੱਬਤ ਤੇ ਤਾਈਵਾਨ ਦੇ ਮਾਮਲੇ ’ਚ ਚੀਨ ਦੀਆਂ ਵਿਸਤਾਰਵਾਦੀ ਨੀਤੀਆਂ ਦਾ ਪਹਿਲਾਂ ਹੀ ਪਰਦਾਫਾਸ਼ ਹੋ ਚੁੱਕਾ ਹੈ।

ਚੀਨ ਦੀਆਂ ਪਿਛਲੇ ਸਮੇਂ ’ਚ ਕਾਰਵਾਈਆਂ ਦਾ ਭਾਰਤ ਸਰਕਾਰ ਨੇ ਸਖਤ ਨੋਟਿਸ ਲਿਆ ਹੈ। ਹੁਣ ਸਰਕਾਰ ਨੂੰ ਕਿਸੇ ਵੀ ਤਰ੍ਹਾਂ ਢਿੱਲ ਨਹੀਂ ਕਰਨੀ ਚਾਹੀਦੀ ਹੈ। ਉਂਜ ਵੀ ਪੂਰਬ ਉੱਤਰ ਦੇ ਲੋਕ ਭਾਰਤ ’ਚ ਖੁਸ਼ ਤੇ ਸੰਤੁਸ਼ਟ ਹਨ। ਚੀਨ ਆਪਣੀਆਂ ਕਾਰਵਾਈਆਂ ਨਾਲ ਪੂਰਬ ਉੱਤਰੀ ਜਨਤਾ ਨੂੰ ਭਰਮਾਉਣ ’ਚ ਬੁਰੀ ਤਰ੍ਹਾਂ ਨਾਕਾਮ ਰਿਹਾ। ਭਾਰਤ ਸਰਕਾਰ ਪੂਰਬ ਉੱਤਰ ਦੇ ਵਿਕਾਸ ’ਚ ਸਰਗਰਮੀਆਂ ’ਤੇ ਇਸੇ ਤਰ੍ਹਾਂ ਜ਼ੋਰ ਦਿੰਦੀ ਰਹੇ ਤਾਂ ਕੋਈ ਵਿਦੇਸ਼ੀ ਤਾਕਤ ਆਪਣੇ ਮਨਸੂਬਿਆਂ ’ਚ ਕਾਮਯਾਬ ਨਹੀਂ ਹੋ ਸਕਦੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ