‘ਸ਼ਹਿਰ ’ਤੇ ਵਰ੍ਹ ਰਿਹੈ ਕੋਰੋਨਾ ਦਾ ਕਹਿਰ, ਸੱਤਾਧਾਰੀਆਂ ਨੂੰ ਪਈ ਸ਼ਹਿਰ ਸਜਾਉਣ ਦੀ’

ਸ਼ਹਿਰ ਦੀਆਂ ਚਾਰੇ ਦਿਸ਼ਾਵਾਂ ’ਤੇ ਪੌਣੇ ਤਿੰਨ ਕਰੋੜ ਖਰਚ ਕੇ ਵੱਡੇ-ਵੱਡੇ ਗੇਟ ਬਣਾਉਣ ਦੀ ਯੋਜਨਾ

  • ਕੋਰੋਨਾ ਦੇ ਦੌਰ ’ਚ ਸ਼ਹਿਰ ਵਾਸੀ ਸਿਹਤ ਸਹੂਲਤਾਂ ਨੂੰ ਤਰਸੇ

  • ਬੁੱਧੀਜੀਵੀ ਵਰਗ ਵੱਲੋਂ ਸੱਤਾਧਾਰੀਆਂ ਦੀ ਇਸ ਯੋਜਨਾ ਦੀ ਕਰੜੀ ਅਲੋਚਨਾ

ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ/ਸੰਗਰੂਰ। ਸੰਗਰੂਰ ਸ਼ਹਿਰ ਨੂੰ ਮੁੜ ਤੋਂ ਰਿਆਸਤੀ ਦਿੱਖ ਦੇਣ ਲਈ ਸੱਤਾਧਾਰੀ ਪਾਰਟੀ ਵੱਲੋਂ ਸੰਗਰੂਰ ਦੇ ਚਾਰੇ ਮੁੱਖ ਗੇਟਾਂ ਧੂਰੀ, ਨਾਭਾ, ਪਟਿਆਲਾ ਤੇ ਸੁਨਾਮੀ ਗੇਟਾਂ ਨੂੰ ਪੌਣੇ ਤਿੰਨ ਕਰੋੜ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਅਗਲੇ ਛੇ ਮਹੀਨਿਆਂ ਤੱਕ ਸੰਗਰੂਰ ਦੇ ਇਨ੍ਹਾਂ ਗੇਟਾਂ ਦੀ ਉਸਾਰੀ ਮੁਕੰਮਲ ਹੋ ਜਾਵੇਗੀ, ਪਰ ਸੰਗਰੂਰ ਦੇ ਬੁੱਧਜੀਵੀ ਵਰਗ ਵੱਲੋਂ ਸੱਤਾਧਾਰੀਆਂ ਦੇ ਇਸ ਕਦਮ ਨੂੰ ‘ਫ਼ਜੂਲ’ ਕਿਹਾ ਜਾ ਰਿਹਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਪੁਰਾਣੇ ਸਮੇਂ ਵਿੱਚ ਚਾਰੇ ਦਿਸ਼ਾਵਾਂ ’ਤੇ ਦਰਵਾਜ਼ੇ ਲਾਉਣ ਦਾ ਮਕਸਦ ਇਨ੍ਹਾਂ ਨੂੰ ਚਾਰੇ ਪਾਸਿਓਂ ਸੁਰੱਖਿਅਤ ਰੱਖਣਾ ਸੀ, ਪਰ ਅੱਜ ਦੇ ਹਾਲਾਤ ਇਹ ਹੈ ਕਿ ਪੁਲਿਸ ਥਾਣੇ ਦੇ ਨੇੜਿਓਂ ਦਰਜ਼ਨਾਂ ਦੀ ਗਿਣਤੀ ਵਿੱਚ ਚੋਰੀਆਂ ਹੋ ਚੁੱਕੀਆਂ ਹਨ।

ਫਿਰ ਅਜਿਹੇ ਹਾਲਾਤਾਂ ’ਚ ਸਿਰਫ਼ ਗੇਟਾਂ ’ਤੇ ਕਰੋੜਾਂ ਰੁਪਏ ਲਾਉਣ ਦਾ ਕੀ ਮਕਸਦ? ਅੱਜ ਸੰਗਰੂਰ ਦੇ ਸਿਵਲ ਹਸਪਤਾਲ ਕੋਲ 1 ਵੀ ਵੈਂਟੀਲੇਟਰ ਨਹੀਂ, ਜਿਸ ਕਾਰਨ ਕੋਰੋਨਾ ਵਾਇਰਸ ਦੇ ਗੰਭੀਰ ਮਰੀਜ਼ਾਂ ਨੂੰ ਲੁਧਿਆਣਾ ਤੇ ਪਟਿਆਲਾ ਦੇ ਹਸਪਤਾਲਾਂ ’ਚ ਭੇਜਿਆ ਜਾ ਰਿਹਾ ਹੈ, ਜਿਸ ਕਾਰਨ ਮੌਤਾਂ ਦੀ ਗਿਣਤੀ ਵਧ ਰਹੀ ਹੈ। ਸ਼ਹਿਰ ਦੇ ਬੁੱਧਜੀਵੀ ਵਰਗ ਵੱਲੋਂ ਸੱਤਾਧਾਰੀਆਂ ਦੇ ਇਸ ਕਦਮ ਦੀ ਆਪੋ-ਆਪਣੇ ਪੱਧਰ ’ਤੇ ਆਲੋਚਨਾ ਵੀ ਹੋਣੀ ਆਰੰਭ ਹੋ ਗਈ ਹੈ। ਸ਼ਹਿਰ ਦੇ ਨੌਜਵਾਨ ਵੀ ਇਸ ਸਕੀਮ ਨੂੰ ਲੋਕਾਂ ਦੇ ਪੈਸੇ ਦੀ ਬਰਬਾਦੀ ਕਿਹਾ ਜਾਣ ਲੱਗਿਆ ਹੈ। ਲੋਕਾਂ ਦਾ ਮੰਨਣਾ ਹੈ ਕਿ ਸ਼ਹਿਰ ਵਾਸੀਆਂ ਨੂੰ ਹਾਲੇ ਵੀ ਸੁਵਿਧਾਵਾਂ ਦੀ ਵੱਡੀ ਲੋੜ ਹੈ, ਉਨ੍ਹਾਂ ਵੱਲ ਧਿਆਨ ਦੇਣ ਦੀ ਵੱਡੀ ਲੋੜ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਲੋਕ ਹਾਲੇ ਵੀ ਬੁਨਿਆਦੀ ਸਹੂਲਤਾਂ ਸਿਹਤ, ਸਿੱਖਿਆ ਵਰਗੀਆਂ ਸਹੂਲਤਾਂ ਤੋਂ ਵਿਰਵੇ ਹਨ ਵੱਡੀ ਗਿਣਤੀ ਵਾਰਡਾਂ ’ਚ ਪਾਣੀ ਦੀ ਨਿਕਾਸੀ ਦੀ ਵੱਡੀ ਸਮੱਸਿਆ ਹੈ। ਕੂੜੇ ਕਰਕਟ ਦਾ ਕੋਈ ਪ੍ਰਬੰਧ ਨਹੀਂ ਹੋ ਰਿਹੈ। ਅਜਿਹੇ ਹਾਲਾਤਾਂ ਵਿੱਚ ਸਿਰਫ਼ ਦਰਵਾਜ਼ੇ ਖੜ੍ਹੇ ਕਰਕੇ ਲੋਕਾਂ ਨੂੰ ਕੀ ਸੁਨੇਹਾ ਦਿੱਤਾ ਜਾ ਰਿਹਾ ਹੈ। ਇਸ ਮਾਮਲੇ ਸਬੰਧੀ ਸੰਗਰੂਰ ਦੇ ਵੱਖ-ਵੱਖ ਬੁੱਧਜੀਵੀ ਵਰਗਾਂ ਦੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਸੱਤਾਧਾਰੀ ਪਾਰਟੀ ਦੇ ਇਸ ਕਦਮ ਦੀ ਵੱਡੀ ਅਲੋਚਨਾ ਕੀਤੀ ਹੈ।

ਦਰਵਾਜ਼ੇ ਬਣਾਉਣ ਕਾਰਨ ਖੜ੍ਹੀ ਹੋ ਸਕਦੀ ਹੈ ਟਰੈਫਿਕ ਦੀ ਵੱਡੀ ਸਮੱਸਿਆ : ਸਰਜੀਵਨ ਜਿੰਦਲ

ਸਾਬਕਾ ਨਗਰ ਕੌਂਸਲਰ ਸਰਜੀਵਨ ਜਿੰਦਲ ਨੇ ‘ਸੱਚ ਕਹੂੰ’ ਨਾਲ ਇਸ ਮਾਮਲੇ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਸੰਗਰੂਰ ਦੇ ਚਾਰੇ ਦਿਸ਼ਾਵਾਂ ’ਤੇ ਜਿਹੜੇ ਕਰੋੜਾਂ ਰੁਪਏ ਖਰਚ ਕੇ ਗੇਟ ਬਣਾਉਣ ਦੀ ਯੋਜਨਾ ਉਲੀਕੀ ਜਾ ਰਹੀ ਹੈ, ਨਿਰੀ ਲੋਕਾਂ ਦੇ ਪੈਸਿਆਂ ਦੀ ਦੁਰਵਰਤੋਂ ਹੀ ਹੈ। ਇਸ ਤੋਂ ਇਲਾਵਾ ਗੇਟ ਬਣਨ ਕਾਰਨ ਟਰੈਫਿਕ ਦੀ ਸਮੱਸਿਆ ਹੋਰ ਡੂੰਘੀ ਹੋ ਜਾਵੇਗੀ, ਸ਼ਹਿਰ ਵਾਸੀਆਂ ਨੂੰ ਇਸ ਬਾਰੇ ਵੱਡੀਆਂ ਦਿੱਕਤਾਂ ਖੜ੍ਹੀਆਂ ਹੋਣਗੀਆਂ। ਜੇਕਰ ਰਿਆਸਤ ਸ਼ਹਿਰ ਦੀ ਦਿੱਖ ਨੂੰ ਬਰਕਰਾਰ ਰੱਖਣ ਦੀ ਯੋਜਨਾ ਹੈ ਤਾਂ ਅਜਾਇਬ ਘਰ, ਬਨਾਸਰ ਬਾਗ, ਸ਼ਾਹੀ ਸਮਾਧਾਂ, ਵੱਡੀ ਗਿਣਤੀ ਥਾਵਾਂ ਹਨ, ਜਿਨ੍ਹਾਂ ’ਤੇ ਕੰਮ ਹੋ ਸਕਦਾ ਹੈ। ਮੌਜ਼ੂਦਾ ਹਾਲਾਤਾਂ ’ਤੇ ਸ਼ਹਿਰ ’ਤੇ ਗੇਟ ਬਣਾਉਣੇ ਕੋਈ ਚੰਗੀ ਸੋਚ ਨਹੀਂ।

ਹਸਪਤਾਲਾਂ ਨੂੰ ਚੰਗਾ ਬਣਾਉਣ ਦੀ ਸਭ ਤੋਂ ਵੱਡੀ ਲੋੜ : ਐਡਵੋਕੇਟ ਡੱਲੀ

ਸ਼ਹਿਰ ਦੇ ਉੱਘੇ ਵਕੀਲ ਦਸਵੀਰ ਸਿੰਘ ਡੱਲ੍ਹੀ ਨੇ ਕਿਹਾ ਕਿ ਇਹ ਸਿਰਫ਼ ਮੋਟਾ ਕਮਿਸ਼ਨ ਖਾਣ ਦਾ ਸੌਦਾ ਹੈ, ਹੋਰ ਕੁਝ ਨਹੀਂ ਉਨ੍ਹਾਂ ਕਿਹਾ ਕਿ ਸੰਗਰੂਰ ’ਚ ਪਿਛਲੇ ਲੰਮੇ ਸਮੇਂ ਤੋਂ ਕਾਂਗਰਸੀਆਂ ਵੱਲੋਂ ਸ਼ਹਿਰ ਵਿੱਚ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਸਿਰਫ਼ ਉਸਾਰੀ ਦੇ ਕੰਮਾਂ ਨੂੰ ਹੀ ਵਿਕਾਸ ਮੰਨਿਆ ਜਾ ਰਿਹਾ ਹੈ। ਇਹ ਸਿਰਫ਼ ਇਸ ਕਰਕੇ ਹੈ, ਕਿਉਂਕਿ ਉਸਾਰੀ ਦੇ ਕੰਮਾਂ ’ਚੋਂ ਕਮਿਸ਼ਨ ਮਿਲਦਾ ਹੈ। ਹੁਣ ਕੋਰੋਨਾ ਦੇ ਦੌਰ ’ਚ ਸਭ ਤੋਂ ਜ਼ਿਆਦਾ ਲੋੜ ਹਸਪਤਾਲਾਂ ਦੀ ਹੈ, ਪਰ ਸੰਗਰੂਰ ਦਾ ਸਿਵਲ ਹਸਪਤਾਲ ਮਾੜੇ ਹਾਲਾਤਾਂ ’ਚੋਂ ਲੰਘ ਰਿਹਾ ਹੈ।

ਮੌਜ਼ੂਦਾ ਸਮੇਂ ਲੋਕਾਂ ਨੂੰ ਕੋਰੋਨਾ ਤੋਂ ਬਚਾਇਆ ਜਾਵੇ, ਗੇਟ ਫੇਰ ਕਦੇ ਬਣ ਜਾਣਗੇ : ਗੁਪਤਾ

ਇਸ ਸਬੰਧੀ ਗੱਲਬਾਤ ਕਰਦਿਆਂ ਤਾਲਮੇਲ ਸੁਸਾਇਟੀ ਸੰਗਰੂਰ ਦੇ ਪ੍ਰਧਾਨ ਸੁਆਮੀ ਰਵਿੰਦਰ ਗੁਪਤਾ ਨੇ ਕਿਹਾ ਕਿ ਸ਼ਹਿਰ ’ਚ ਚਾਰੇ ਪਾਸੇ ਗੇਟ ਬਣ ਜਾਣ ਸਮੇਂ ਅਨੁਸਾਰ ਚੰਗੀ ਲੱਗਦੀ ਹੈ, ਪਰ ਅੱਜ ਤਾਂ ਜ਼ਿਲ੍ਹੇ ਦੇ ਸੈਂਕੜੇ ਲੋਕ ਕੋਰੋਨਾ ਦੀ ਭੇਂਟ ਚੜ੍ਹ ਰਹੇ ਹਨ। ਸਾਡੇ ਕੋਲ ਉਨ੍ਹਾਂ ਨੂੰ ਬਚਾਉਣ ਲਈ ਢੁਕਵੇਂ ਪ੍ਰਬੰਧਾਂ ਦੀ ਵੱਡੀ ਘਾਟ ਹੈ। ਅੱਜ ਸਾਨੂੰ ਇੱਧਰ ਧਿਆਨ ਦੇਣ ਦੀ ਲੋੜ ਹੈ। ਸਾਡੇ ਸਰਕਾਰੀ ਕੋਵਿਡ ਸੈਂਟਰ ’ਚ ਸੁਵਿਧਾ ਮੁਹੱਈਆ ਕਰਵਾਈਆਂ ਜਾਣ, ਗੇਟ ਫੇਰ ਕਦੇ ਬਣ ਜਾਣਗੇ। ਅੱਜ ਸਾਨੂੰ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਦੀ ਲੋੜ ਹੈ। ਸੱਤਾਧਾਰੀਆਂ ਨੂੰ ਤੁਰੰਤ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ।

ਮੌਜ਼ੂਦਾ ਸਮੇਂ ’ਚ ਸਿਹਤ ਨੂੰ ਛੱਡ ਸਜਾਵਟ ਦੀਆਂ ਗੱਲਾਂ ਕਰਨੀਆਂ ਬੇਤੁਕੀਆਂ : ਮਿਲਖੀ

ਸੰਗਰੂਰ ਵਿੱਚ ਸਸਤੀਆਂ ਦਵਾਈਆਂ ਦੀ ਦੁਕਾਨ ‘ਮੋਦੀਖਾਨਾ’ ਚਲਾਉਣ ਵਾਲੇ ਨੌਜਵਾਨ ਆਗੂ ਚਮਨਦੀਪ ਸਿੰਘ ਮਿਲਖੀ ਨੇ ਕਿਹਾ ਕਿ ਮੌਜ਼ੂਦਾ ਸਮੇਂ ’ਚ ਸ਼ਹਿਰ ਵਿੱਚ ਮੁੱਖ ਗੇਟ ਬਣਾਉਣ ਦੀ ਗੱਲ ਕਰਨਾ ਬੇਮਾਇਨੇ ਹੈ। ਕਿਉਂਕਿ ਸਮੁੱਚਾ ਦੇਸ਼ ਕੋਰੋਨਾ ਵਰਗੀ ਭਿਆਨਕ ਬਿਮਾਰੀ ਨਾਲ ਲੜ ਰਿਹਾ ਹੈ। ਅਜਿਹੇ ਸਮੇਂ ਸਾਨੂੰ ਲੋਕਾਂ ਨੂੰ ਵੱਧ ਤੋਂ ਵੱਧ ਸਿਹਤ ਸਹੂਲਤਾਂ ਦੇਣ ਦੀ ਗੱਲ ਕਰਨੀ ਚਾਹੀਦੀ ਹੈ। ਮਿਲਖੀ ਨੇ ਇਹ ਵੀ ਕਿਹਾ ਕਿ ਸ਼ਹਿਰ ’ਚ ਟਰੈਫਿਕ ਦੀ ਸਮੱਸਿਆ ਪਹਿਲਾਂ ਤੋਂ ਹੈ ਉਪਰੋਂ ਗੇਟ ਬਣਾ ਕੇ ਇਸ ਸਮੱਸਿਆ ਨੂੰ ਹੋਰ ਵਧਾ ਦਿੱਤਾ ਜਾਵੇਗਾ। ਸੱਤਾਧਾਰੀਆਂ ਵੱਲੋਂ ਗੇਟ ਬਣਾਉਣ ਸਿਰਫ਼ ਤੇ ਸਿਰਫ਼ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਤੋਂ ਬਿਨਾਂ ਕੁਝ ਨਹੀਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।