ਕੋਰੋਨਾ ਯੋਧਿਆਂ ਵੱਲੋਂ ਮੋਰਿੰਡਾ ਅਤੇ ਪਟਿਆਲਾ ਦੋਵੇਂ ਥਾਈਂ ਮੋਰਚੇ ਲਾਉਣ ਦਾ ਐਲਾਨ

Corona Warriors Protest Sachkahoon

ਕੋਰੋਨਾ ਯੋਧਿਆਂ ਵੱਲੋਂ ਮੋਰਿੰਡਾ ਅਤੇ ਪਟਿਆਲਾ ਦੋਵੇਂ ਥਾਈਂ ਮੋਰਚੇ ਲਾਉਣ ਦਾ ਐਲਾਨ

(ਸੱਚ ਕਹੂੰ ਨਿਊਜ) ਪਟਿਆਲਾ। ਸਰਕਾਰੀ ਮੈਡੀਕਲ ਕਾਲਜ ਅਤੇ ਰਜਿੰਦਰਾ ਹਸਪਤਾਲ ਦੇ ਸਮੂਹ ਕੋਰੋਨਾ ਯੋਧਿਆਂ (ਨਰਸਿੰਗ, ਪੈਰਾ-ਮੈਡੀਕਲ, ਟੈਕਨੀਕਲ ਅਤੇ ਦਰਜਾ-4) ਜੋ ਸਾਲ 2020 ਵਿੱਚ ਕੋਰੋਨਾ ਮਹਾਂਮਾਰੀ ਦੌਰਾਨ ਨਿਯੁਕਤ ਹੋਏ ਸਨ, ਜਿਨ੍ਹਾਂ ਦੀਆਂ ਸੇਵਾਵਾਂ ਸਮਾਪਤ ਕਰਨ ਲਈ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਨੇ ਪੱਤਰ ਜਾਰੀ ਕਰਦਿਆਂ ਡਾਇਰੈਕਟਰ, ਖੋਜ ਅਤੇ ਮੈਡੀਕਲ ਸਿੱਖਿਆ ਵਿਭਾਗ ਪੰਜਾਬ ਨੂੰ ਹਦਾਇਤ ਕੀਤੀ ਹੈ ਕਿ ਰੱਖੇ ਸਾਰੇ ਆਊਟ ਮੁਲਾਜਮਾਂ ( ਨਰਸਿੰਗ, ਪੈਰਾ-ਮੈਡੀਕਲ, ਟੈਕਨੀਕਲ ਅਤੇ ਦਰਜਾ-4) ਨੂੰ 30 ਸਤੰਬਰ ਨੂੰ ਫਾਰਗ ਕੀਤਾ ਜਾਵੇ। ਇਸ ਸਭ ਦੇ ਵਿਰੋਧ ਵਿੱਚ ਅੱਜ ਰਾਜਿੰਦਰਾ ਹਸਪਤਾਲ ਵਿਖੇ ਵੀ ਕੋਰੋਨਾ ਯੋਧਿਆਂ (ਨਰਸਿੰਗ, ਪੈਰਾ-ਮੈਡੀਕਲ, ਟੈਕਨੀਕਲ ਅਤੇ ਦਰਜਾ-4) ਨੇ ਜੋਰਦਾਰ ਨਾਅਰੇਬਾਜੀ ਕਰਦਿਆਂ ਕੱਲ੍ਹ ਤੋਂ ਪਟਿਆਲਾ ਵਿਖੇ ਵੀ ਪੱਕਾ ਮੋਰਚਾ ਲਾਉਣ ਦਾ ਐਲਾਨ ਕਰ ਦਿੱਤਾ ਤੇ ਕੱਲ੍ਹ ਤੋਂ ਕੋਈ ਵੀ ਆਊਟਸੋਰਸ ਕਰਮਚਾਰੀ ਕੰਮ ਨਹੀਂ ਕਰੇਗਾ।

ਇਸ ਮੌਕੇ ਆਗੂਆਂ ਨੇ ਦੱਸਿਆ ਕਿ ਜਿੱਥੇ ਕੋਰੋਨਾ ਯੋਧਿਆਂ ਨੇ ਪਿਛਲੇ ਦਿਨੀਂ ਡਾਇਰੈਕਟਰ ਪਿ੍ਰੰਸੀਪਲ ਮੈਡੀਕਲ ਕਾਲਜ ਪਟਿਆਲਾ ਡਾਕਟਰ ਅਵਿਨੀਸ ਨੂੰ ਮਿਲ ਆਪਣੀਆਂ ਸੇਵਾਵਾਂ ਕੰਟੀਨਿਊ ਰਖਣ ਲਈ ਬੇਨਤੀ ਪੱਤਰ ਦਿੱਤਾ, ਕਾਂਗਰਸ ਪਾਰਟੀ ਦੇ ਨਵ ਨਿਯੁਕਤ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਘਰ ਦਾ ਘਿਰਾਓ ਕੀਤਾ ਤੇ ਚੰਡੀਗੜ੍ਹ ਕਾਂਗਰਸ ਭਵਨ ਵਿਖੇ ਉਨ੍ਹਾਂ ਨੂੰ ਮਿਲਣ ਲਈ ਵੀ ਗਏ ਪਰੰਤੂ ਦੇਰ ਰਾਤ ਤੱਕ ਮੁਲਾਕਾਤ ਨਾ ਹੋਣ ਤੇ ਰੋਸ ਵਜੋਂ ਕਾਂਗਰਸ ਭਵਨ ਵਿਖੇ ਹੀ ਜੋਰਦਾਰ ਨਾਅਰੇਬਾਜੀ ਕਰਕੇ ਵਾਪਸ ਆ ਗਏ।

ਆਗੂਆਂ ਨੇ ਦੱਸਿਆ ਕਿ 25 ਸਤੰਬਰ ਨੂੰ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀ ਮੌਰਿੰਡਾ ਵਿਚਲੀ ਰਿਹਾਇਸ ’ਤੇ ਪਹੁੰਚ ਕੇ ਦਰਜਾ ਚਾਰ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸਾਥੀ ਰਾਮ ਕਿਸਨ, ਗਗਨਦੀਪ ਕੌਰ, ਚਰਨਜੀਤ ਕੌਰ, ਸੰਦੀਪ ਕੌਰ ਅਤੇ ਜੁਆਇੰਟ ਐਕਸਨ ਕਮੇਟੀ ਦੇ ਜਨਰਲ ਸਕੱਤਰ ਰਾਕੇਸ ਕੁਮਾਰ ਕਲਿਆਣ ਦੀ ਅਗਵਾਈ ਵਿੱਚ ਵਫਦ ਨੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਸਪੁੱਤਰ ਨੂੰ ਮਿਲ ਕੇ ਆਪਣਾ ਮੰਗ ਪੱਤਰ ਦਿੱਤਾ ਤੇ ਸਾਰੀ ਗੱਲ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀ। ਪ੍ਰਧਾਨ ਰਾਮ ਕਿਸਨ ਅਤੇ ਰਾਕੇਸ ਕੁਮਾਰ ਕਲਿਆਣ ਨੇ ਕਿਹਾ ਕਿ ਸਾਡੀ ਨਵੀਂ ਸਰਕਾਰ ਤੋਂ ਸਾਨੂੰ ਬਹੁਤ ਉਮੀਦਾਂ ਨੇ ਇਸ ਲਈ ਅਸੀਂ ਮੁੱਖ ਮੰਤਰੀ ਤੋਂ ਇਨ੍ਹਾਂ ਕੋਰੋਨਾ ਯੋਧਿਆਂ (ਨਰਸਿੰਗ, ਪੈਰਾ-ਮੈਡੀਕਲ, ਟੈਕਨੀਕਲ ਅਤੇ ਦਰਜਾ-4) ਨੂੰ ਇਨ੍ਹਾਂ ਦੀਆਂ ਮਹਾਂਮਾਰੀ ਦੌਰਾਨ ਦਿਤੀਆਂ ਗਈਆਂ ਸੇਵਾਵਾਂ ਦਾ ਮੁੱਲ ਪਾਉਂਦਿਆਂ ਵਿਸ਼ੇਸ਼ ਦਰਜੇੇ ਵਿੱਚ ਸ਼ਾਮਿਲ ਕਰਕੇ ਰੈਗੂਲਰ ਕਰਨ ਦੀ ਮੰਗ ਕਰਦੇ ਹਾਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ