ਕੋਰੋਨਾ ਕਾਲ ’ਚ ਔਖੇ ਸਮੇਂ ਕੰਮ ਲੈ ਕੇ ਦੁੱਧ ਚੋਂ ਮੱਖੀ ਵਾਂਗ ਕੱਢਿਆ: ਆਗੂ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੈਰਾ ਮੈਡੀਕਲ ਸਟਾਫ਼ ਅਤੇ ਕੋਰੋਨਾ ਵਲੰਟੀਅਰਾਂ ਵੱਲੋਂ ਅੱਜ ਇੱਥੇ ਬੱਸ ਸਟੈਂਡ ਵਿਖੇ ਬੱਤੀਆਂ ਵਾਲੇ ਚੌਂਕ ਆਪਣੀਆਂ ਮੰਗਾਂ ਸਬੰਧੀ ਆਵਜਾਈ ਠੱਪ ਕਰ ਦਿੱਤੀ ਗਈ। ਸੜਕ ’ਤੇ ਬੈਠੇ ਇਨ੍ਹਾਂ ਵਲੰਟੀਅਰਾਂ ਕਾਰਨ ਚਾਰੇ ਪਾਸੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਕਾਫ਼ੀ ਸਮਾਂ ਆਵਾਜਾਈ ਠੱਪ ਰਹਿਣ ਕਾਰਨ ਪੁਲਿਸ ਵੱਲੋਂ ਇਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਦੱਸਣਯੋਗ ਹੈ ਕਿ ਇਨ੍ਹਾਂ ਕੋਰੋਨਾ ਵਲੰਟੀਅਰਾਂ ਵੱਲੋਂ ਕੋਰੋਨਾ ਕਾਲ ਵਿੱਚ ਵੱਖ-ਵੱਖ ਹਸਪਤਾਲਾਂ ਵਿੱਚ ਆਪਣੀ ਡਿਊਟੀ ਨਿਭਾਈ ਸੀ ਅਤੇ ਕੁਝ ਮਹੀਨੇ ਪਹਿਲਾਂ ਕੋਰੋਨਾ ਘਟਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਇਨ੍ਹਾਂ ਦੀ ਛੁੱਟੀ ਕਰ ਦਿੱਤੀ ਗਈ ਸੀ।
ਇਸ ਤੋਂ ਬਾਅਦ ਉਕਤ ਸਟਾਫ਼ ਲਗਾਤਾਰ ਧਰਨਿਆਂ ਦੇ ਰਾਹ ਪਿਆ ਹੋਇਆ ਹੈ। ਅੱਜ ਵੀ ਇਨ੍ਹਾਂ ਵੱਡੀ ਗਿਣਤੀ ਕੋਰੋਨਾ ਵਲੰਟੀਅਰਾਂ ਵੱਲੋਂ ਬੱਸ ਸਟੈਂਡ ਵਿਖੇ ਬੱਤੀਆਂ ਵਾਲੇ ਚੌਂਕ ਵਿੱਚ ਧਰਨਾ ਠੋਕ ਦਿੱਤਾ ਗਿਆ। ਪੁਲਿਸ ਵੱਲੋਂ ਇਨ੍ਹਾਂ ਨੂੰ ਧਰਨੇ ਤੋਂ ਉਠਾਉਣ ਦਾ ਯਤਨ ਕੀਤਾ ਗਿਆ ਤਾਂ ਜੋ ਆਵਾਜਾਈ ਬਹਾਲ ਹੋ ਸਕੇ। ਲਗਭਗ ਘੰਟਾ ਭਰ ਦਿੱਤੇ ਧਰਨੇ ਤੋਂ ਬਾਅਦ ਪੁਲਿਸ ਵੱਲੋਂ ਇਨ੍ਹਾਂ ਦੇ ਸਖਤੀ ਵਰਤਦਿਆਂ ਇਨ੍ਹਾਂ ਨੂੰ ਜਬਰੀ ਫੜ੍ਹ ਕੇ ਬੱਸ ਵਿੱਚ ਬਿਠਾਇਆ ਗਿਆ।
ਇਸ ਦੌਰਾਨ ਇਨ੍ਹਾਂ ਵਲੰਟੀਅਰਾਂ ਵੱਲੋਂ ਨਾਅਰੇਬਾਜੀ ਜਾਰੀ ਰੱਖੀ ਅਤੇ ਪੁਲਿਸ ਦਾ ਵਿਰੋਧ ਵੀ ਕੀਤਾ ਗਿਆ। ਪੁਲਿਸ ਇਨ੍ਹਾਂ ਨੂੰ ਬੱਸਾਂ ਵਿੱਚ ਬਿਠਾ ਕੇ ਭੁਨਰਹੇੜੀ ਥਾਣੇ ਲੈ ਗਈ ਅਤੇ ਉਥੇ ਹੀ ਬੱਸ ਵਿੱਚ ਬਿਠਾਈ ਰੱਖਿਆ।ਜਥੇਬੰਦੀ ਦੇ ਸੂਬਾ ਪ੍ਰਧਾਨ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਸੈਂਕੜੇ ਕੋਰੋਨਾ ਵਲੰਟੀਅਰਾਂ ਤੋਂ ਸਰਕਾਰ ਵੱਲੋਂ ਔਖੇ ਸਮੇਂ ਦਾ ਕੰਮ ਲੈ ਲਿਆ ਗਿਆ, ਪਰ ਉਸ ਤੋਂ ਬਾਅਦ ਉਨ੍ਹਾਂ ਨੂੰ ਦੁੱਧ ਚੋਂ ਮੱਖੀ ਵਾਂਗ ਬਾਹਰ ਕੱਢ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅਨੇਕਾਂ ਹਸਪਤਾਲਾਂ ਵਿੱਚ ਪੈਰਾਮੈਡੀਕਲ ਸਟਾਫ਼ ਦੀਆਂ ਅਨੇਕਾਂ ਅਸਾਮੀਆਂ ਖਾਲੀ ਪਈਆਂ ਹਨ।
ਉਨ੍ਹਾਂ ਕੋਲ ਕੰਮ ਦਾ ਵੀ ਪੂਰਾ ਤਜ਼ਰਬਾ ਹੈ, ਇਸ ਲਈ ਸਾਡੇ ਵੱਲੋਂ ਕਈ ਵਾਰ ਪੱਤਰ ਭੇਜਦਿਆਂ ਸਰਕਾਰ ਕੋਲੋਂ ਮੰਗ ਕੀਤੀ ਗਈ ਹੈ ਕਿ ਉਨ੍ਹਾਂ ਨੂੰ ਅਡਸਜਟ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਦੇ ਛੁੱੱਟੀ ਕਰਨ ਦੇ ਫੈਸਲੇ ਤੋਂ ਬਾਅਦ ਉਹ ਬੇਰੁਜ਼ਗਾਰ ਹੋ ਗਏ ਹਨ, ਜਿਸ ਕਾਰਨ ਉਨ੍ਹਾਂ ਦੇ ਪਰਿਵਾਰਾਂ ਅੰਦਰ ਬੈਚੇਨੀ ਦਾ ਮਹੌਲ ਹੈ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਵੱਲੋਂ ਮੁੜ ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਨੂੰ ਜਗਾਉਣ ਲਈ ਧਰਨਾ ਦਿੱਤਾ ਗਿਆ ਸੀ, ਪਰ ਪੁਲਿਸ ਪ੍ਰਸ਼ਾਸਨ ਨੇ ਉਨ੍ਹਾਂ ਨਾਲ ਧੱਕਾ ਮੁੱਕੀ ਕਰਕੇ ਹਿਰਾਸਤ ਵਿੱਚ ਲੈ ਗਿਆ ਗਿਆ। ਉਨ੍ਹਾਂ ਕਿਹਾ ਕਿ ਉਹ ਆਪਣਾ ਵਿਰੋਧ ਪ੍ਰਦਰਸ਼ਨ ਜਾਰੀ ਰੱਖਣਗੇ। ਇਸ ਮੌਕੇ ਚਮਕੌਰ ਸਿੰਘ, ਹਰਦੀਪ ਸਿੰਘ, ਗੁਰਵੀਰ ਸਿੰਘ, ਗੁਰਪ੍ਰੀਤ ਸਿੰਘ ਸਮੇਤ ਅਨੇਕਾ ਵਲੰਟੀਅਰ ਮੌਜੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.