ਕੋਰੋਨਾ ਵਾਇਰਸ: ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ‘ਚ ਬਣਿਆ ਸੂਬੇ ਦਾ ਸਭ ਤੋਂ ਵੱਡਾ ਆਈਸੋਲੇਸ਼ਨ ਸੈਂਟਰ
ਮੋਹਾਲੀ,(ਕੁਲਵੰਤ ਕੋਟਲੀ) ਜ਼ਿਲ੍ਹਾ ਪ੍ਰਸ਼ਾਸਨ ਤੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ ਕੋਰੋਨਾ ਵਾਇਰਸ ਵਿਰੁੱਧ ਇਸ ਵਿਸ਼ਵ ਵਿਆਪੀ ਜੰਗ ‘ਚ ਆਪਣਾ ਯੋਗਦਾਨ ਪਾਉਣ ਲਈ ‘ਸੀ.ਯੂ ਏਡ’ ਤਹਿਤ ਘੜੂੰਆਂ ਵਿਖੇ ਸੂਬੇ ਦਾ ਸਭ ਤੋਂ ਵੱਡਾ ਅਤਿ-ਆਧੁਨਿਕ ਮੈਡੀਕਲ ਸੈਂਟਰ ਸਥਾਪਿਤ ਕੀਤਾ ਗਿਆ ਹੈ ਜਿਸ ਵਿੱਚ ਲੋਕਾਂ ਨੂੰ ਕੁਆਰਨਟਾਈਨ ਕਰਨ ਲਈ 1000 ਬੈਡ ਅਤੇ ਪੀੜਤਾਂ ਦੇ ਇਲਾਜ ਲਈ 200 ਬੈਡ ਲਗਾਏ ਗਏ ਹਨ
ਡਿਪਟੀ ਕਮਿਸ਼ਨਰ ਮੁਹਾਲੀ ਗਿਰੀਸ਼ ਦਿਆਲਨ ਨੇ ਕਿਹਾ ਕਿ ਪੰਜਾਬ ਸਰਕਾਰ ਕੋਵਿਡ-19 ਨਾਲ ਨਜਿੱਠਣ ਲਈ ਮੁਕੰਮਲ ਸਾਵਧਾਨੀ ਵਰਤ ਰਹੀ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਦੇ ਸਹਿਯੋਗ ਨਾਲ ਤਿਆਰੀ ਤਹਿਤ ਭਵਿੱਖ ‘ਚ ਕਿਸੇ ਵੀ ਐਮਰਜੈਂਸੀ ਸਥਿਤੀ ਦਾ ਸਾਹਮਣਾ ਕਰਨ ਲਈ ਆਈਸੋਲੇਸ਼ਨ ਸਹੂਲਤ ਦਾ ਪ੍ਰਬੰਧ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਸੀ.ਯੂ ਆਈਸੋਲੇਸ਼ਨ ਸਹੂਲਤ ਰਾਜ ਸਰਕਾਰ ਦੀ ਭਵਿੱਖ ‘ਚ ਸੰਕਟਕਾਲੀਨ ਯੋਜਨਾ ਦਾ ਹਿੱਸਾ ਸੀ, ਤਾਂ ਜੋ ਸੰਕਰਮਿਤ ਮਾਮਲਿਆਂ ਦੀ ਗਿਣਤੀ ਵੱਧਣ ਦੀ ਸੂਰਤ ਵਿੱਚ ਪ੍ਰਸ਼ਾਸਨ ਉਨ੍ਹਾਂ ਨੂੰ ਜਲਦ ਤੋਂ ਜਲਦ ਕਰ ਆਈਸੋਲੇਟ ਕਰ ਸਕੇ
ਦਿਆਲਨ ਨੇ ਕਿਹਾ ਕਿ ਅਸੀਂ ਚੰਡੀਗੜ੍ਹ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਸਟਾਫ਼ ਦੇ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਬਹੁਤ ਦੀ ਘੱਟ ਸਮੇਂ ਵਿੱਚ ਇਹ ਵੱਡੀ ਸਹੂਲਤ ਤਿਆਰ ਕੀਤੀ ਹੈ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਮੋਹਾਲੀ ਅਤੇ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਖਰੜ ਅਤੇ ਨੇੜਲੇ ਪਿੰਡਾਂ ਵਿੱਚ ਸੀਯੂ-ਏਡ ਮੁਹਿੰਮ ਚਲਾਈ ਜਾ ਰਹੀ ਹੈ ਜਿਥੇ ਯੂਨੀਵਰਸਿਟੀ ਦੇ ਵਲੰਟੀਅਰ 2000 ਤੋਂ ਵੱਧ ਲੋੜਵੰਦਾਂ ਨੂੰ ਦੋ ਵਕਤ ਦਾ ਪਕਾਇਆ ਭੋਜਨ ਵੰਡ ਰਹੀ ਹੈ
ਜਦਕਿ ਗਰੀਬਾਂ ਤੇ ਲੋੜਵੰਦਾਂ ਨੂੰ ‘ਵਰਸਿਟੀ ਵੱਲੋਂ ਮੁਫ਼ਤ ਹੈਂਡ ਸੈਨੇਟਾਈਜ਼ਰਾਂ ਅਤੇ ਮਾਸਕਾਂ ਦੀ ਵੰਡ ਨਿਰੰਤਰ ਜਾਰੀ ਹੈ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਵਾਂਗ ਅਸੀਂ ਹੋਰ ਵਿਦਿਅਕ ਅਦਾਰਿਆਂ ਅਤੇ ਸੰਸਥਾਵਾਂ ਨੂੰ ਇਸ ਸੰਕਟ ਦੇ ਸਮੇਂ ਅੱਗੇ ਆਉਣ ਅਤੇ ਪ੍ਰਸ਼ਾਸਨ ਅਤੇ ਸਰਕਾਰ ਨੂੰ ਆਪਣੀ ਸਹਾਇਤਾ ਦੇਣ ਦੀ ਬੇਨਤੀ ਕਰਦੇ ਹਾਂ ਇਸ ਮੌਕੇ ਐਸ.ਡੀ.ਐਮ ਖਰੜ ਹਿਮਾਂਸ਼ੂ ਜੈਨ ਨੇ ਆਪਣੀ ਟੀਮ ਸਮੇਤ ਚੰਡੀਗੜ੍ਹ ਯੂਨੀਵਰਸਿਟੀ ਦੀ ਆਈਸੋਲੇਸ਼ਨ ਸਹੂਲਤ ਦਾ ਮੁਆਇਨਾ ਕੀਤਾ ਅਤੇ ‘ਵਰਸਿਟੀ ਵੱਲੋਂ ਕੀਤੀਆਂ ਤਿਆਰੀਆਂ ਦਾ ਜਾਇਜ਼ਾ ਲਿਆ
ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਦੱਸਿਆ ਕਿ ‘ਵਰਸਿਟੀ ਵੱਲੋਂ ਸਥਾਪਿਤ ਕੀਤੇ ਮੈਡੀਕਲ ਸੈਂਟਰ ‘ਚ ਮਰੀਜ਼ਾਂ ਦੀ ਦੇਖ-ਰੇਖ ਲਈ ਯੋਗ ਡਾਕਟਰਾਂ ਅਤੇ 50 ਦੇ ਕਰੀਬ ਪੈਰਾ ਮੈਡੀਕਲ ਸਟਾਫ਼ ਨੂੰ ਤੈਨਾਤ ਕੀਤਾ ਗਿਆ ਹੈ ਜਦਕਿ ਐਮਰਜੈਂਸੀ ਦੀ ਸਥਿਤੀ ਨਾਲ ਨਜਿੱਠਣ ਲਈ ਪੀ.ਪੀ.ਟੀ ਕਿੱਟਾਂ ਸਮੇਤ ਸੰਪੂਰਨ ਮੈਡੀਕਲ ਉਪਕਰਨਾਂ ਨਾਲ ਲੈਸ ਓ.ਪੀ.ਡੀ. ਸੈਂਟਰ ਵਿਖੇ ਸਥਾਪਿਤ ਕੀਤਾ ਗਿਆ ਹੈ
ਉਨ੍ਹਾਂ ਦੱਸਿਆ ਕਿ ‘ਵਰਸਿਟੀ ਵੱਲੋਂ ਕੋਰੋਨਾ ਵਾਇਰਸ ਦੇ ਇਲਾਜ ਲਈ ਸਹਾਇਕ ਹੋਣ ਵਾਲੀਆਂ ਦਵਾਈਆਂ, ਆਕਸੀਜਨ ਸਿਲੰਡਰਾਂ ਅਤੇ ਬਾਈਓਮੈਡੀਕਲ ਉਪਕਰਨਾਂ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ ਜਦਕਿ ਜੇ ਭਵਿੱਖ ‘ਚ ਲੋੜ ਪਈ ਤਾਂ ਇਸ ਸਹੂਲਤ ਨੂੰ 5000 ਬੈਡਾਂ ਦੀ ਸਮਰੱਥਾ ਤੱਕ ਵਧਾਇਆ ਜਾ ਸਕਦਾ ਹੈ ਉਨ੍ਹਾਂ ਦੱਸਿਆ ਕਿ ‘ਵਰਸਿਟੀ ਪ੍ਰਸ਼ਾਸਨ ਵੱਲੋਂ ਮਰੀਜ਼ਾਂ ਲਈ ਜਿਥੇ 24 ਘੰਟੇ ਐਂਬੂਲੈਂਸ ਸੇਵਾਵਾਂ ਦਾ ਮੁਕੰਮਲ ਪ੍ਰਬੰਧ ਕੀਤਾ ਗਿਆ ਹੈ ਉਥੇ ਹੀ ਵਿਸ਼ੇਸ਼ ਹੈਲਪਲਾਈਨ ਨੰਬਰ ਵੀ ‘ਵਰਸਿਟੀ ਵੱਲੋਂ ਜਾਰੀ ਕੀਤੇ ਗਏ ਹਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।