ਮੰਤਰੀ ਬਲਬੀਰ ਸਿੰਘ ਸਿੱਧੂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ
ਮੁਹਾਲੀ। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਵੀ ਕੋਰੋਨਾ ਲਾਗ ਦੀ ਲਪੇਟ ‘ਚ ਆ ਗਏ ਹਨ। ਮੰਗਲਵਾਰ ਨੂੰ ਬਾਅਦ ਦੁਪਹਿਰ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਗੱਲ ਦੀ ਪੁਸ਼ਟੀ ਮੋਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਿਹਤ ਮੰਤਰੀ ਨੂੰ ਹਲਕਾ ਜਿਹਾ ਬੁਖਾਰ ਅਤੇ ਗਲਾ ਖਰਾਬ ਸੀ। ਮੰਤਰੀ ਨੇ ਖੁਦ ਹੀ ਅੱਜ ਸਵੇਰੇ ਮੁਹਾਲੀ ਦੇ ਫੇਜ਼-6 ਸਥਿਤ ਸਰਕਾਰੀ ਹਸਪਤਾਲ ‘ਚ ਕੋਰੋਨਾ ਲਈ ਸੈਂਪਲ ਦਿੱਤਾ ਅਤੇ ਬਾਅਦ ਦੁਪਹਿਰ ਮੰਤਰੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਬਲਬੀਰ ਸਿੱਧੂ ਨੂੰ ਅਗਲੇ 14 ਦਿਨਾਂ ਲਈ ਘਰ ‘ਚ ਇਕਾਂਤਵਾਸ ‘ਚ ਰਹਿਣ ਦੀ ਸਲਾਹ ਦਿੱਤੀ ਗਈ ਹੈ ਅਤੇ ਪੰਜ ਦਿਨਾਂ ਦੇ ਅੰਦਰ-ਅੰਦਰ ਉਨ੍ਹਾਂ ਦੇ ਸੰਪਰਕ ‘ਚ ਆਉਣ ਵਾਲੇ ਵਿਅਕਤੀਆਂ ਦੇ ਸੈਂਪਲ ਲਏ ਜਾਣਗੇ। ਜ਼ਿਕਰਯੋਗ ਹੈ ਕਿ ਸਿਹਤ ਮੰਤਰੀ ਨੇ ਬੀਤੇ ਦਿਨੀਂ ਸੰਗਰੂਰ ‘ਚ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਰਾਹੁਲ ਗਾਂਧੀ ਦੀ ਕਿਸਾਨ ਰੈਲੀ ‘ਚ ਸ਼ਿਰਕਤ ਕੀਤੀ ਸੀ। ਮੁੱਖ ਮੰਤਰੀ ਸਮੇਤ ਹੋਰ ਸੀਨੀਅਰ ਆਗੂਆਂ ਨਾਲ ਸਟੇਜ ਸਾਂਝੀ ਕੀਤੀ ਗਈ ਸੀ। ਇਸ ਤੋਂ ਇਲਾਵਾ ਮੋਹਾਲੀ ਹਲਕੇ ਰੋਜ਼ ਹੀ ਆਮ ਲੋਕਾਂ ਨੂੰ ਮਿਲਦੇ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.