ਆਮ ਲੋਕਾਂ ਵਾਸਤੇ ਕੋਰੋਨਾ ਇੱਕ ਬੁਝਾਰਤ
ਭਾਰਤ ਵਿੱਚ ਕਰੋਨਾ ਵਾਇਰਸ ਤੋਂ ਬਚਾਓ ਵਾਸਤੇ ਸ਼ੁਰੂਆਤੀ ਦਿਨਾਂ ‘ਚ ਇਸ ਨੂੰ ਸਖ਼ਤੀ ਨਾਲ ਕਾਬੂ ਕੀਤਾ ਅਤੇ ਸਖ਼ਤ ਲਾਕਡਾਊਨ ਦੇਸ਼ ਭਰ ‘ਚ ਲਾਗੂ ਕੀਤਾ ਅਤੇ ਲੋਕਾਂ ਨੇ ਕਰੋਨਾ ਤੋਂ ਬਚਣ ਵਾਸਤੇ ਸਰਕਾਰ ਦਾ ਪੂਰਾ ਸਾਥ ਦਿੱਤਾ। ਚਾਹੇ ਮਿਹਨਤ ਮਜ਼ਦੂਰੀ ਕਰਨ ਵਾਲੇ ਲੋਕ ਬੇਵੱਸ ਸਨ। ਉਹਨਾਂ ਵਾਸਤੇ ਆਪਣੇ ਘਰ ਦਾ ਖਰਚਾ ਕਰਨਾ ਬਹੁਤ ਮੁਸਕਲ ਹੋ ਚੁੱਕਾ ਸੀ ਕਿਉਂਕਿ ਕੰਮ-ਕਾਜ ਸਭ ਬੰਦ ਹੋ ਗਏ ਤੇ ਘਰ ਵਿੱਚ ਖਾਣ-ਪੀਣ ਦੇ ਖਰਚੇ ਰੋਜ਼ ਵਾਂਗ ਹੀ ਚੱਲ ਰਹੇ ਸਨ।
ਭਾਰਤ ਦੇ ਪ੍ਰਧਾਨ ਮੰਤਰੀ ਨੇ ਆਮ ਜਨਤਾ ਤੋਂ ਹੱਥ ਜੋੜ ਕੇ ਮੱਦਦ ਮੰਗੀ ਤਾਂ ਜੋ ਇਸ ਕੋਰੋਨਾ ਵਾਇਰਸ ਤੋਂ ਸਭ ਨੂੰ ਬਚਾਇਆ ਜਾ ਸਕੇ। ਇਸ ਔਖੀ ਘੜੀ ‘ਚ ਲੋਕਾਂ ਨੇ ਪ੍ਰਧਾਨ ਮੰਤਰੀ ਨੂੰ ਆਪਣਾ ਪੂਰਾ ਸਾਥ ਦਿੱਤਾ। ਮੋਦੀ ਜੀ ਦੀ ਅਪੀਲ ‘ਤੇ ਫੰਡ ਰਾਸ਼ੀ ਵੀ ਭੇਜੀ ਗਈ ਪਰ ਫਿਰ ਵੀ ਸਰਕਾਰ ਦੀ ਅਣਦੇਖੀ ਉਦੋਂ ਆਮ ਜਨਤਾ ਦੇ ਸਾਹਮਣੇ ਆਈ ਜਦੋਂ ਕੋਰੋਨਾ ਵਾਇਰਸ ਵਰਗੀ ਭਿਆਨਕ ਬਿਮਾਰੀ ਵਿੱਚ ਡਾਕਟਰੀ ਸਹੂਲਤਾਂ ਵੀ ਪੂਰੀਆਂ ਨਾ ਹੋ ਸਕੀਆਂ। ਇੱਕ ਪਾਸੇ ਕੋਰੋਨਾ ਵਰਗੀ ਬਿਮਾਰੀ ਦੇ ਬਚਾਅ ਦੇ ਆਦੇਸ਼ ਦਿੱਤੇ ਗਏ,
ਦੂਜੇ ਪਾਸੇ ਪ੍ਰਾਈਵੇਟ ਹਸਪਤਾਲਾਂ ਨੂੰ ਹੁਕਮ ਦਿੱਤਾ ਕਿ ਪ੍ਰਾਈਵੇਟ ਡਾਕਟਰ ਕੋਰੋਨਾ ਮਰੀਜ਼ ਦਾ ਇਲਾਜ ਨਹੀਂ ਕਰਨਗੇ। ਇਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ ਕਿ ਇੱਕ ਮਹਾਂਮਾਰੀ ਫੈਲਣ ਸਮੇਂ ਜਿੱਥੇ ਸਾਡੇ ਨਾਲ ਪ੍ਰਾਈਵੇਟ ਡਾਕਟਰਾਂ ਨੂੰ ਮਿਲ ਕੇ ਖੜ੍ਹਨਾ ਚਾਹੀਦਾ ਸੀ, ਉੱਥੇ ਆਮ ਜਨਤਾ ਦੀਆਂ ਸਹੂਲਤਾਂ ਉੱਤੇ ਵੀ ਪਾਬੰਦੀ ਲਾ ਦਿੱੱਤੀ ਗਈ, 10 ਰੁਪਏ ਦੇ ਮਾਸਕ ਦਾ ਰੇਟ ਦੁੱਗਣਾ ਹੋ ਗਿਆ। ਜਦੋਂਕਿ ਲੌਕਡਾਊਨ ਵਿੱਚ ਹੋਰ ਬਿਮਾਰੀ ਦੇ ਮਰੀਜ ਲਈ ਵੀ ਹਸਪਤਾਲ ਬੰਦ ਕਰ ਦਿੱਤੇ ਗਏ। ਹੋਰ ਬਿਮਾਰੀ ਦੇ ਮਰੀਜ਼ਾਂ ਲਈ ਪਹਿਲਾਂ ਕੋਰੋਨਾ ਟੈਸਟ ਜਰੂਰੀ ਕਰ ਦਿੱਤਾ ਗਿਆ। ਕੋਰੋਨਾ ਟੈਸਟ ਤੋਂ ਬਿਨਾਂ ਇਲਾਜ ਸ਼ੁਰੂ ਨਾ ਹੋਣਾ ਅਤੇ ਕੋਰੋਨਾ ਦੀ ਰਿਪੋਰਟ ਆਉਣ ਨੂੰ ਕਾਫੀ ਟਾਈਮ ਲੱਗ ਜਾਂਦਾ।
ਜਦੋਂ ਤੱਕ ਕੋਰੋਨਾ ਦੀ ਰਿਪੋਰਟ ਆਉਂਦੀ ਉਦੋਂ ਤੱਕ ਉਹ ਮਰੀਜ ਬਿਨਾਂ ਇਲਾਜ ਤੋਂ ਹੀ ਮੌਤ ਦੇ ਮੂੰਹ ਚਲਾ ਜਾਂਦਾ ਹੈ। ਉਸ ਸਮੇਂ ਪਾਜ਼ਿਟਿਵ ਮਾਮਲਿਆਂ ਦੀ ਗਿਣਤੀ ਸਿਰਫ 500 ਸੀ ਹੁਣ ਕੁੱਲ ਅੰਕੜੇ ਤਾਂ ਲੱਖਾਂ ਹੋ ਚੁੱਕੇ ਹਨ। ਦੂਜੇ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀਆਂ ਗਿਣਤੀ ‘ਤੇ ਰੋਕ ਲੱਗੀ ਪਰ ਇਸ ਦੇ ਉਲਟ ਸਾਡੇ ਭਾਰਤ ਨੇ ਸ਼ੁਰੂ ਦੀ ਗਿਣਤੀ ਤੋਂ ਲੈ ਕੇ ਅੱਜ ਤੱਕ ਦੀ ਗਿਣਤੀ ਜਾਰੀ ਰੱਖੀ ਹੈ। ਭਲਾ ਦੱਸੋ ਜਦੋਂ ਅਸੀਂ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਜੋੜੀ ਜਾਵਾਂਗੇ ਤਾਂ ਉਸ ਦੀ ਗਿਣਤੀ ਤਾਂ ਵਧਦੀ ਹੀ ਜਾਣੀ ਹੈ। ਸਾਨੂੰ ਲੋਕਾਂ ਨੂੰ ਰੋਜ਼ ਮਰਨ ਵਾਲਿਆਂ ਦੀ ਦਰ, ਰੋਜ਼ ਦੇ ਪਾਜਿਟਿਵ ਮਰੀਜਾਂ ਦੀ ਦਰ, ਚੱਲ ਰਹੇ ਇਲਾਜ ਵਾਲੇ ਮਰੀਜਾਂ ਦੀ ਦਰ ਅਤੇ ਠੀਕ ਹੋ ਚੁੱਕੇ ਮਰੀਜਾਂ ਦੀ ਖਬਰ ਦੇਣੀ ਚਾਹੀਦੀ ਹੈ।
ਨਾ ਕਿ ਪਿਛਲੀ ਗਿਣਤੀ ਨੂੰ ਸਾਂਝਾ ਕੀਤਾ ਜਾਵੇ। ਇਹੋ-ਜਿਹੀਆਂ ਖ਼ਬਰਾਂ ਲੋਕਾਂ ਦੀ ਜਿੰਦਗੀ ਵਿੱਚ ਦਹਿਸ਼ਤ ਪਾਉਂਦੀਆਂ ਹਨ। ਜਦੋਂ ਹਰ ਸਾਲ ਮਰਨ ਵਾਲਿਆਂ ਦੀ ਗਿਣਤੀ ਤੇ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਲੋਕਾਂ ਦੇ ਸਾਹਮਣੇ ਨਾ ਆਵੇ। ਉਦੋਂ ਤੱਕ ਕੋਰੋਨਾ ਵਾਇਰਸ ਨੂੰ ਲੋਕ ਦੂਜੀਆਂ ਬਿਮਾਰੀਆਂ ਨਾਲੋਂ ਭਿਆਨਕ ਨਹੀਂ ਮੰਨਦੇ। ਕਿਉਂਕਿ ਕੋਰੋਨਾ ਵਾਇਰਸ ਤੋਂ ਵੀ ਕਿਤੇ ਵੱਧ ਖਤਰਨਾਕ ਹੋਰ ਬਿਮਾਰੀਆਂ ਵੀ ਹਨ ਤੇ ਕੋਰੋਨਾ ਤੋਂ ਵੱਧ ਲੋਕਾਂ ਦੀਆਂ ਜਾਨਾਂ ਲੈ ਰਹੀਆਂ ਹਨ। ਜੇਕਰ ਲੋਕਾਂ ਦੇ ਸਾਹਮਣੇ ਕੋਰੋਨਾ ਵਾਇਰਸ ਨਾਲ ਮਰਨ ਵਾਲੇ ਲੋਕਾਂ ਦੇ ਅੰਕੜੇ ਰੱਖਣ ਤੋਂ ਬਾਅਦ ਹੋਰਨਾਂ ਬਿਮਾਰੀਆਂ ਨਾਲ ਮਰਨ ਵਾਲੇ ਲੋਕਾਂ ਦੇ ਅੰਕੜੇ ਰੱਖ ਦਿੱਤੇ ਜਾਣ ਤਾਂ ਲੋਕ ਹਾਕਮਾਂ ਦੇ ਖਿਲਾਫ ਬੋਲਣ ਸ਼ੁਰੂ ਕਰ ਦੇਣਗੇ।
ਸਾਡੇ ਵਿਧਾਇਕਾਂ ਵੱਲੋਂ ਆਮ ਲੋਕਾਂ ਨੂੰ ਸਰਕਾਰੀ ਹਸਪਤਾਲ ਜਾ ਕੇ ਇਲਾਜ਼ ਕਰਵਾਉਣ ਵਾਸਤੇ ਕਿਹਾ ਜਾਂਦਾ ਹੈ ਪਰ ਆਪ ਵਿਧਾਇਕ ਖੁਦ ਪ੍ਰਾਈਵੇਟ ਹਸਪਤਾਲਾਂ ਵਿੱਚ ਜਾਣਾ ਚਾਹੁੰਦੇ ਹਨ। ਫਿਰ ਆਮ ਜਨਤਾ ਨਾਲ ਧੱਕਾ ਕਿਉਂ? ਜੇ ਆਪ ਸਰਕਾਰ ਦਸ ਰੁਪਏ ਦਾ ਮਾਸਕ ਨਹੀਂ ਵੰਡ ਸਕਦੀ ਤਾਂ ਆਮ ਜਨਤਾ ਤੋਂ ਪੰਜ ਸੌ ਰੁਪਏ ਚਲਾਨ ਦੇ ਰੂਪ ਵਿੱਚ ਉਗਰਾਹ ਕੇ ਖਜ਼ਾਨੇ ਕਿਉਂ ਭਰੇ ਜਾਂਦੇ ਹਨ? ਕੋਰੋਨਾ ਦੀ ਆੜ ਵਿੱਚ ਇੱਕੋ ਦਿਨ ਦੀ ਕੋਰੋਨਾ ਦੀ ਰਿਪੋਰਟ ਪਾਜ਼ਿਟਿਵ ਹੈ ਦੂਜੀ ਜਗ੍ਹਾ ਦੀ ਰਿਪੋਰਟ ਨੈਗੇਟਿਵ ਆਉਣਾ ਆਮ ਲੋਕਾਂ ਲਈ ਕਈ ਸਵਾਲ ਖੜ੍ਹੇ ਕਰਦੀ ਹੈ।
ਇੱਥੋਂ ਤੱਕ ਕਿ ਪੰਜਾਬ ਵਰਗੇ ਪ੍ਰਗਤੀਸ਼ੀਲ ਸੂਬੇ ਦੇ ਪਿੰਡਾਂ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਦਾਖ਼ਲ ਹੋਣ ਤੋਂ ਮਨ੍ਹਾ ਕੀਤਾ ਜਾਂਦਾ ਹੈ। ਇੱਥੋਂ ਤੱਕ ਕਿ ਇਹ ਬੋਲ ਦਿੱਤਾ ਗਿਆ ਕਿ ਤੰਦਰੁਸਤ ਲੋਕ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਪਰ ਉਹ ਆਪਣੇ ਘਰ ਨੂੰ ਵਾਪਸ ਨਹੀਂ ਪਰਤ ਰਹੇ। ਹੁਣ ਚਾਹੇ ਡਾਕਟਰਾਂ ਵੱਲੋਂ ਇਸ ਦਾ ਸਪੱਸ਼ਟੀਕਰਨ ਵੀ ਦਿੱਤਾ ਗਿਆ ਹੈ। ਸਰਕਾਰ ਵੱਲੋਂ ਜਾਗਰੂਕ ਮੁਹਿੰਮ ਵੀ ਚੱਲ ਰਹੀ ਹੈ। ਇਸ ਦੇ ਬਾਵਜੂਦ ਅਜਿਹੇ ਲੋਕਾਂ ਦੇ ਵਿਚਾਰ ਹਨ ਜੋ ਕਿ ਲੋਕ ਕੋਰੋਨਾ ਦੀ ਬਜਾਏ ਆਪਣੇ ਕੰਮ-ਕਾਰ ਤੋਂ ਜਿਆਦਾ ਪ੍ਰਭਾਵਿਤ ਹਨ।
ਸਿਹਤ ਵਿਭਾਗ ਦਾ ਮੁੱਢਲਾ ਢਾਂਚਾ ਵੀ ਬਹੁਤਾ ਚੰਗਾ ਨਹੀਂ ਹੈ। ਕੋਰੋਨਾ ਪੀੜਤਾਂ ਨੂੰ ਆਪਣਾ ਜੀਵਨ ਗੁਆਉਣ ਦਾ ਵਧੇਰੇ ਜੋਖ਼ਿਮ ਹੈ। ਇਸ ਵਾਸਤੇ ਪਿੰਡ ਵਾਲੇ ਆਪਣੇ ਟੈਸਟ ਕਰਵਾਉਣ ਤੋਂ ਮਨ੍ਹਾ ਕਰਦੇ ਹਨ।
ਕੋਰੋਨਾ ਵਾਇਰਸ ਮਾਮਲਿਆਂ ਦੀ ਗਿਣਤੀ ‘ਚ ਕੋਈ ਕਮੀ ਨਹੀਂ ਆ ਰਹੀ ਦੂਜੀ ਗੱਲ ਇਹ ਹੈ ਕਿ ਇੱਥੇ ਅਜਿਹੀਆਂ ਵੀ ਰਿਪੋਰਟਾਂ ਹਨ ਜੋ ਕਿ ਮੌਤ ਦਾ ਕਾਰਨ ਕੋਵਿਡ ਮਾਮਲਿਆਂ ਦੀ ਜਿਆਦਾ ਗਿਣਤੀ ਨਹੀਂ ਸਗੋਂ ਹੋਰ ਬਿਮਾਰੀਆਂ ਵੀ ਹਨ ਜੋ ਕਿ ਮਰੀਜ ਪਹਿਲਾਂ ਤੋਂ ਹੀ ਭੋਗ ਰਹੇ ਹਨ। ਅਜਿਹੀ ਕੋਈ ਮੌਤ ਦੀ ਸ਼ਿਕਾਇਤ ਨਹੀਂ ਜਿੱਥੇ ਪੀੜਤਾਂ ਦੇ ਰਿਸ਼ਤੇਦਾਰਾਂ ਨੇ ਇਹ ਦੱਸਿਆ ਹੋਵੇ ਕਿ ਮਰਨ ਵਾਲੇ ਦਾ ਕੋਰੋਨਾ ਵਾਇਰਸ ਲਈ ਟੈਸਟ ਨਹੀਂ ਹੋਇਆ ਸੀ।
ਦੂਜੇ ਪਾਸੇ ਅਜੇ ਵੀ ਲੋਕ ਆਪਣੇ ਕੰਮ ਸ਼ੁਰੂ ਕਰਨ ਦੇ ਯੋਗ ਨਹੀਂ ਕਿਉਂਕਿ ਅਰਥਵਿਵਸਥਾ ‘ਚ ਲਗਾਤਾਰ ਗਿਰਾਵਟ ਜਾਰੀ ਹੈ। ਲੋਕ ਆਪਣੇ ਕੰਮਾਂ-ਕਾਜਾਂ ਲਈ ਜੱਦੋ- ਜ਼ਹਿਦ ਕਰ ਰਹੇ ਹਨ। ਦੂਜੇ ਪਾਸੇ ਕੋਵਿਡ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਇਸ ਦੇ ਸੁਧਰਨ ਦਾ ਕੋਈ ਅਸਾਰ ਨਜ਼ਰ ਨਹੀਂ ਆ ਰਿਹਾ। ਸਾਡੀ ਸਰਕਾਰ ਇੰਜ ਜਾਪਦੀ ਹੈ ਕਿ ਉਸਨੂੰ ਆਪਣੇ ਹੱਥ ਸਖ਼ਤ ਪਾਬੰਦੀਆਂ ਨੂੰ ਲਾਗੂ ਕਰਨ ਦੀ ਚਾਬੀ ਲੱਗੀ ਹੋਈ ਹੈ। ਵਾਇਰਸ ਨੂੰ ਫੈਲਣ ਤੋਂ ਰੋਕਣ ‘ਚ ਸਰਕਾਰ ਨਾਕਾਮ ਹੋਈ ਹੈ। ਫਿਰ ਸਾਡਾ ਸਭ ਦਾ ਇਹ ਫ਼ਰਜ ਬਣਦਾ ਹੈ?ਕਿ ਕੋਰੋਨਾ ਲਾਗ ਤੋਂ ਬਚਾਅ ਲਈ ਸਮਾਜਿਕ ਦੂਰੀ ਦਾ ਪਾਲਣ ਕਰੀਏ ਅਤੇ ਆਪਣੇ ਹੱਥਾਂ ਨੂੰ ਸਾਫ਼ ਰੱਖੀਏ ਅਤੇ ਇਸ ਤੋਂ?ਬਚਾਅ ਲਈ ਲੋਕਾਂ ਨੂੰ?ਜਾਗਰੂਕ ਕਰੀਏ
ਮੋ. 98555-90550
ਬਲਜੀਤ ਕੌਰ ਘੋਲੀਆ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.