40 ਫੀਸਦੀ ਤਨਖਾਹ ਕਟੌਤੀ ਦਾ ਫੈਸਲਾ ਸਰਕਾਰ ਦਾ ਨਹੀਂ, ਪਾਵਰਕੌਮ ਦੇ ਚੇਅਰਮੈਨ ਦਾ
ਪਟਿਆਲਾ,(ਖੁਸ਼ਵੀਰ ਸਿੰਘ ਤੂਰ) ਬਿਜਲੀ ਮੁਲਾਜ਼ਮਾਂ ਦੀਆਂ 40 ਫੀਸਦੀ ਤਨਖਾਹਾਂ ‘ਚ ਘਟੌਤੀ ਕਰਨ ਦੇ ਮਾਮਲੇ ਵਿੱਚ ਮੁਲਾਜ਼ਮ ਪਾਵਰਕੌਮ ਦੇ ਚੇਅਰਮੈਂਨ ਨਾਲ ਲੋਹੇ-ਲਾਖੇ ਹਨ। ਮੁਲਾਜ਼ਮ ਜਥੇਬੰਦੀਆਂ ਦਾ ਕਹਿਣਾ ਹੈ ਕਿ ਇੱਕ ਪਾਸੇ ਖਜ਼ਾਨਾ ਮੰਤਰੀ ਕੁਝ ਕਹਿ ਰਹੇ ਹਨ ਜਦਕਿ ਦੂਜੇ ਪਾਸੇ ਪਾਵਰਕੌਮ ਦੇ ਚੇਅਰਮੈਂਨ ਆਪਣੇ ਕੋਲੋਂ ਹੀ ਬਿਜਲੀ ਮੁਲਾਜਮਾਂ ‘ਤੇ ਫੈਸਲੇ ਥੋਪ ਰਹੇ ਹਨ। ਇੰਝ ਲੱਗ ਰਿਹਾ ਹੈ ਜਿਵੇਂ ਪਾਵਰਕੌਮ ਦੇ ਚੇਅਰਮੈਂਨ ਅਤੇ ਸਰਕਾਰ ਵਿਚਕਾਰ ਆਪਸੀ ਤਾਲਮੇਲ ਦੀ ਘਾਟ ਹੈ। ਤਨਖਾਹ ਕਟੌਤੀ ਦੇ ਮਾਮਲੇ ਵਿੱਚ ਮੁਲਾਜ਼ਮ ਜਥੇਬੰਦੀਆਂ ਐਨੀਆਂ ਔਖੀਆਂ ਹਨ ਕਿ ਚੇਅਰਮੈਂਨ ਬਲਦੇਵ ਸਿੰਘ ਸਰਾਂ ਦੇ ਅਸਤੀਫ਼ੇ ਦੀ ਮੰਗ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਕੋਰੋਨਾ ਅਤੇ ਕਰਫਿਊ ਦੇ ਚੱਲਦਿਆਂ ਪਾਵਰਕੌਮ ਵੱਲੋਂ ਪਿਛਲੇ ਦਿਨਾਂ ਦੌਰਾਨ ਪੱਤਰ ਜਾਰੀ ਕਰਦਿਆਂ ਬਿਜਲੀ ਮੁਲਾਜਮਾਂ ਦੀਆਂ 40 ਫੀਸਦੀ ਤਨਖਾਹਾਂ ‘ਚ ਕਟੌਤੀ ਦਾ ਐਲਾਨ ਕੀਤਾ ਗਿਆ ਸੀ। ਜਿਸ ਤੋਂ ਬਾਅਦ ਮੁਲਾਜ਼ਮ ਭੜਕੇ ਹੋਏ ਹਨ। ਮੁਲਾਜ਼ਮ ਆਗੂਆਂ ਦਾ ਕਹਿਣਾ ਹੈ ਕਿ ਪਿਛਲੇ ਦਿਨੀਂ ਹੀ ਖ਼ਜਾਨਾ ਮੰਤਰੀ ਵੱਲੋਂ ਕਿਹਾ ਗਿਆ ਸੀ ਕਿ ਕੋਰੋਨਾ ਸੰਕਟ ਦੇ ਬਾਵਜੂਦ ਪੰਜਾਬ ਸਰਕਾਰ, ਰਾਜ ਦੇ ਸਾਰੇ ਕਰਮਚਾਰੀਆਂ ਨੂੰ ਪੂਰੀ ਤਨਖਾਹ ਜਾਰੀ ਕਰੇਗੀ ਤੇ ਰਾਜ ਦੇ ਲੋਕਾਂ ਨੂੰ ਵੀ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਆਉਣ ਦੇਵੇਗੀ। ਸਰਕਾਰ ਨੇ ਹੁਣ ਤੱਕ 150 ਕਰੋੜ ਰੁਪਏ ਰਾਹਤ ਕਾਰਜਾਂ ਲਈ ਜ਼ਾਰੀ ਕਰ ਦਿੱਤੇ ਹਨ ।
ਟੀ.ਐਸ.ਯੂ. ਭੰਗਲ ਗਰੁਪ ਦੇ ਪ੍ਰਧਾਨ ਮਲਕੀਤ ਸਿੰਘ ਬਹਿਬਲ ਅਤੇ ਸਬਸਟੇਸ਼ਨ ਸਟਾਫ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਵਿਰਦੀ ਮੋਗਾ ਨੇ ਕਿਹਾ ਕਿ ਖਜਾਨਾ ਮੰਤਰੀ ਦੇ ਬਿਆਨ ਤੋਂ ਸਪੱਸਟ ਹੋ ਗਿਆ ਹੈ ਕਿ ਪਾਵਰਕੌਮ ਦੇ ਚੇਅਰਮੈਨ ਵੱਲੋਂ ਸਾਡੀਆਂ 40 ਫੀਸਦੀ ਤਨਖਾਹਾ ਕੱਟ ਕੇ ਸਿਰਫ ਆਪਣੀ ਕੁਰਸੀ ਹੀ ਬਚਾਈ ਹੈ ਜੋ ਕਿ ਆਉਣ ਵਾਲੇ ਸਮੇਂ ਵਿੱਚ ਬਚੀ ਰਹਿਣੀ ਮੁਸ਼ਕਿਲ ਹੈ। ਪੰਜਾਬ ਸਰਕਾਰ ਇਸ ਚੇਅਰਮੈਨ ਤੋਂ ਆਪਣਾ ਪੱਲਾ ਛੁਡਵਾਉਣਾ ਚਾਹੁੰਦੀ ਹੈ।
ਉਨ੍ਹਾਂ ਕਿਹਾ ਕਿ ਚੇਅਰਮੈਨ ਵੱਲੋਂ ਬਿਜਲੀ ਕਰਮਚਾਰੀਆਂ ਦੀਆਂ 40 ਫੀਸਦੀ ਤਨਖਾਹਾ ਕੱਟ ਕੇ ਪੰਜਾਬ ਸਰਕਾਰ ਦਾ ਅਕਸ ਖਰਾਬ ਕਰਨ ਦੀ ਕਾਰਵਾਈ ਕੀਤੀ ਹੈ, ਜਦਕਿ ਵਿੱਤ ਮੰਤਰੀ ਪੰਜਾਬ ਆਪਣੇ ਬਿਆਨਾ ਵਿੱਚ ਕਹਿ ਰਹੇ ਹਨ ਕਿ ਸਾਡੇ ਕੋਲ ਖਜ਼ਾਨਾ ਭਰਭੂਰ ਹੈ , ਫਿਰ ਚੇਅਰਮੈਨ ਕਿਉ ਭੁੱਖਮਰੀ ਦਾ ਡਮਰੂ ਖੜਕਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਹੋਰ ਮਹਿਕਮਿਆਂ ਨੂੰ ਕਹਿ ਰਹੀ ਹੈ ਤੁਹਾਨੂੰ ਘਰ ਬੈਠਿਆਂ ਨੂੰ ਪੂਰੀਆਂ ਤਨਖਾਹਾਂ ਦਿੱਤੀਆਂ ਜਾਣਗੀਆਂ, ਪਰੰਤੂ ਦੂਜੇ ਪਾਸੇ ਜਿਹੜੇ ਬਿਜਲੀ ਮੁਲਾਜ਼ਮ ਫੀਲਡ ਅਤੇ ਬਿਜਲੀ ਘਰਾਂ ਵਿੱਚ ਆਪਣੀ ਤੇ ਆਪਣੇ ਪਰਿਵਾਰ ਦੀ ਸਿਹਤ ਦੀ ਪ੍ਰਵਾਹ ਕੀਤੇ ਬਿਨ੍ਹਾਂ ਦਿਨ ਰਾਤ ਨਿਰਵਿਘਨ ਸਪਲਾਈ ਚਾਲੂ ਰੱਖਣ ਲਈ ਲੱਗੇ ਹੋਏ ਹਨ ਉਹਨਾਂ ਨਾਲ ਚੇਅਰਮੈਨ ਪਾਵਰਕੌਮ ਵੱਲੋਂ ਮਤਰੇਈ ਮਾਂ ਵਾਲਾ ਸਲੂਕ ਕਰਕੇ ਤਨਖਾਹਾ ਕੱਟਣ ਦਾ ਤੁਗਲਕੀ ਫੁਰਮਾਨ ਜਾਰੀ ਕੀਤਾ ਜਾ ਰਿਹਾ ਹੈ।
ਇਸ ਲਈ ਭਰਾਤਰੀ ਜੱਥੇਬੰਦੀਆਂ ਮੰਗ ਕਰਦੀਆਂ ਹਨ ਕਿ ਬਦਲੇਵ ਸਿੰਘ ਸਰਾਂ ਚੇਅਰਮੈਨੀ ਦੇ ਅਹੁਦੇ ਤੋਂ ਤੁਰੰਤ ਅਸਤੀਫਾ ਦੇਵੇ, ਆਗੂਆਂ ਨੇ ਕਿਹਾ ਕਿ ਚੇਅਰਮੈਨ ਤੇ ਪੰਜਾਬ ਸਰਕਾਰ ਵਿਚਾਲੇ ਸਭ ਅੱਛਾ ਨਹੀਂ ਹੈ, ਕਿਉਂਕਿ ਇੱਕ ਪਾਸੇ ਸਰਕਾਰ ਦੱਸ ਹਜ਼ਾਰ ਤੱਕ ਦੇ ਲੋਕਾਂ ਦੇ ਬਿਜਲੀ ਬਿੱਲਾਂ ਨੂੰ ਤਾਰਨ ਤੋਂ ਛੋਟ ਦੇ ਰਹੀ ਹੈ ਜਦਕਿ ਦੂਜੇ ਪਾਸੇ ਬਜਲੀ ਮੁਲਾਜ਼ਮਾਂ ਦੀ ਤਨਖਾਹ ਕੱਟੀ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਚੇਅਰਮੈਨ ਦੇ ਇਸ ਫੈਸਲੇ ਖਿਲਾਫ਼ ਸੰਘਰਸ ਵਿੱਢਿਆ ਜਾਵੇਗਾ।
ਕੀ ਫਿਰ ਖ਼ਜਾਨਾ ਮੰਤਰੀ ਗਲਤ ਨੇ…
ਆਗੂਆਂ ਨੇ ਕਿਹਾ ਕਿ ਖਜ਼ਾਨਾ ਮੰਤਰੀ ਨੇ ਵਿਧਾਨ ਸਭਾ ਦੇ ਬਜ਼ਟ ਸੈਸ਼ਨ ਵਿੱਚ ਕਿਹਾ ਸੀ ਕਿ ਬਿਜਲੀ ਬੋਰਡ ਦੀਆਂ ਬਕਾਇਆ ਪਈਆਂ ਸਬਸਿਡੀਆਂ ਦੇ ਸਾਰੇ ਪੈਸੇ ਜਾਰੀ ਕਰ ਚੁੱਕੇ ਹਾਂ ਸਿਰਫ ਹੁਣ ਵਾਲੀ ਤਾਜ਼ੀ ਕਿਸ਼ਤ ਹੀ ਬਕਾਇਆ ਹੈ। ਰਾਜ ਦੇ ਕਰਮਚਾਰੀਆਂ ਦੀ ਰਿਟਾਇਰ ਦੀ ਉਮਰ ਵਾਲੀ ਹੱਦ 60 ਸਾਲ ਤੋਂ ਘਟਾ ਕੇ 58 ਸਾਲ ਕਰ ਦਿੱਤੀ ਹੈ ਤੇ ਉਹਨਾਂ ਦੇ ਸਾਰੇ ਬਣਦੇ ਬਕਾਏ ਦੇਣ ਦਾ ਇੰਤਜ਼ਾਮ ਵੀ ਅਸੀਂ ਕਰ ਚੁੱਕੇ ਹਾਂ ਅਤੇ ਕਿਸੇ ਵੀ ਤਰਾਂ ਦੇ ਫੰਡਾਂ ਦੀ ਘਾਟ ਨਹੀਂ ਹੈ। ਉਨ੍ਹਾਂ ਕਿਹਾ ਕਿ ਫਿਰ ਤਨਖਾਹ ਕਟੌਤੀ ਕਿਸ ਕਾਰਨ ਕੀਤੀ ਗਈ ਹੈ।
ਚੇਅਰਮੈਨ ਵੱਲੋਂ ਕੁਝ ਵੀ ਕਹਿਣ ਤੋਂ ਇਨਕਾਰ
ਇਸ ਮਾਮਲੇ ਜਦੋਂ ਪਾਵਰਕੌਮ ਦੇ ਚੇਅਰਮੈਂਨ ਕਮ ਸੀਐਮਡੀ ਬਲਦੇਵ ਸਿੰਘ ਸਰਾਂ ਨਾਲ ਗੱਲ ਕਰਨੀ ਚਾਹੀ ਤਾ ਉਨ੍ਹਾਂ ਇਸ ਮਾਮਲੇ ਵਿੱਚ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।