ਠੇਕਾ ਮੁਲਾਜ਼ਮਾਂ ਨੇ ਫੁਹਾਰਾ ਚੌਂਕ ਕੀਤਾ ਮੁਕੰਮਲ ਜਾਮ, ਸ਼ਹਿਰ ਦੀ ਆਵਾਜਾਈ ਵਿਗੜੀ

ਵਾਹਨਾਂ ਦੀਆਂ ਲੱਗੀਆਂ ਲੰਮੀਆਂ-ਲੰਮੀਆਂ ਲਾਇਨਾਂ, ਟਰੈਫਿਕ ਪੁਲਿਸ ਨੂੰ ਬਦਲਵੇਂ ਰਸਤਿਆਂ ਦਾ ਕਰਨਾ ਪਿਆ ਇਸਤੇਮਾਲ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਮੁੱਖ ਮੰਤਰੀ ਦੇ ਸ਼ਹਿਰ ਦੇ ਸੇਵਾ ਸਿੰਘ ਠੀਕਰੀਵਾਲਾ ਚੌਂਕ ’ਚ ਪੱਕਾ ਮੋਰਚਾ ਲਾ ਕੇ ਬੈਠੇ ਠੇਕਾ ਮੁਲਾਜ਼ਮਾਂ ਦੇ ਪੱਕੇ ਰੁਜ਼ਗਾਰ ਦੀ ਮੰਗ ਦਾ ਹੱਲ ਕਰਨ ਲਈ ਕੈਪਟਨ ਸਰਕਾਰ ਵੱਲੋਂ ਕੋਈ ਸਾਰ ਨਾ ਲਏ ਜਾਣ ਦੇ ਰੋਹ ’ਚ ਆਉਦਿਆਂ ਉਕਤ ਮੁਲਾਜ਼ਮਾਂ ਵੱਲੋਂ ਰੋਸ ਮਾਰਚ ਕਰਦਿਆਂ ਸਥਾਨਕ ਫੁਹਾਰਾ ਚੌਂਕ ’ਤੇ 1 ਘੰਟਾ ਮੁਕੰਮਲ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਜੰਮ ਕੇ ਕੈਪਟਨ ਸਰਕਾਰ ਦੀਆਂ ਮਾਰੂ ਨੀਤੀਆਂ ਦੀ ਅਲੋਚਨਾ ਕਰਦੇ ਹੋਏ ਨਾਅਰੇਬਾਜ਼ੀ ਕੀਤੀ ਗਈ। ਮੁਲਾਜ਼ਮਾਂ ਵੱਲੋਂ ਲਾਏ ਗਏ ਜਾਮ ਕਾਰਨ ਸ਼ਹਿਰ ਦੀ ਆਵਾਜਾਈ ਪੂਰੀ ਤਰ੍ਹਾਂ ਵਿਗੜ ਗਈ, ਸ਼ਹਿਰ ’ਚ ਵਾਹਨਾਂ ਦੀਆਂ ਲੰਮੀਆਂ-ਲੰਮੀਆਂ ਲਾਇਨਾਂ ਲੱਗ ਗਈਆਂ ਤੇ ਟਰੈਫਿਕ ਪੁਲਿਸ ਨੂੰ ਬਦਲਵੇਂ ਰਸ਼ਤਿਆਂ ਦਾ ਇਸਤੇਮਾਲ ਕਰਨਾ ਪਿਆ।

ਦੱਸਣਯੋਗ ਹੈ ਕਿ ਠੇਕਾ ਮੁਲਾਜਮਾਂ ਵਲੋਂ ਆਪਣੇ ਪਰਿਵਾਰਾਂ ਸਮੇਤ ਲਾਇਆ ‘ਪੱਕਾ ਮੋਰਚਾ’ ਅੱਜ 8ਵੇਂ ਦਿਨ ਵਿਚ ਵੀ ਲਗਾਤਾਰ ਜਾਰੀ ਹੈ। ਲਗਾਤਾਰ ਚੱਲ ਰਹੇ ਪੱਕੇ ਮੋਰਚੇ ਵਿਚ ਠੇਕਾ ਮੁਲਾਜਮ ਆਪਣੇ ਪਰਿਵਾਰਾਂ ਅਤੇ ਬੱਚਿਆ ਦੇ ਨਾਲ ਪੂਰੇ ਉਤਸ਼ਾਹ ਨਾਲ ਸ਼ਾਮਿਲ ਹੋ ਰਹੇ ਹਨ ਪਰ ਇਨ੍ਹਾਂ ਠੇਕਾ ਮੁਲਾਜਮਾਂ ਦੇ ਪੱਕੇ ਰੁਜ਼ਗਾਰ ਦਾ ਮੰਗ ਦਾ ਹੱਲ ਕਰਨ ਲਈ ਕੈਪਟਨ ਸਰਕਾਰ ਵਲੋਂ ਕੋਈ ਸਾਰ ਨਹੀਂ ਲਈ ਹੈ।

ਇਸ ਮੌਕੇ ਮੋਰਚੇ ਦੇ ਸੂਬਾਈ ਆਗੂ ਵਰਿੰਦਰ ਸਿੰਘ ਮੋਮੀ, ਜਗਰੂਪ ਸਿੰਘ, ਬਲਿਹਾਰ ਸਿੰਘ, ਗੁਰਵਿੰਦਰ ਸਿੰਘ ਪੰਨੂੰ, ਸੰਜੀਵ ਕਾਕੜਾ, ਸ਼ੇਰ ਸਿੰਘ ਖੰਨਾ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਸਮੂਹ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਤੋਂ ਭੱਜ ਰਹੀ ਹੈ ਜਦੋਂਕਿ ਕੈਪਟਨ ਸਰਕਾਰ ਸਮੂਹ ਵਿਭਾਗਾਂ ਦੇ ਹਰ ਤਰ੍ਹਾਂ ਦੇ ਠੇਕਾ ਮੁਲਾਜ਼ਮਾਂ ਨੂੰ ਆਪਣੀ ਪਹਿਲੀ ਹੀ ਕੈਬਨਿਟ ਮੀਟਿੰਗ ਵਿੱਚ ਰੈਗੂਲਰ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ ਪ੍ਰੰਤੂ ਕੈਪਟਨ ਸਰਕਾਰ ਆਪਣੇ ਸਾਢੇ ਚਾਰ ਸਾਲ ਬੀਤ ਜਾਣ ’ਤੇ ਵੀ ਖਜ਼ਾਨਾ ਖਾਲੀ ਹੋਣ ਅਤੇ ਕਾਨੂੰਨੀ ਅੜਚਨਾਂ ਦਾ ਬਹਾਨਾ ਬਣਾ ਰਹੀ ਹੈ ਅਤੇ ਪਿਛਲੇ ਲੰਮੇ ਸਮੇਂ ਤੋਂ ਠੇਕਾ ਭਰਤੀ ਦੀ ਚੱਕੀ ਵਿਚ ਪਿਸ਼ ਰਹੇ ਵੱਖ-ਵੱਖ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਤੋਂ ਭੱਜ ਰਹੀ ਹੈ, ਜਿਸਦੇ ਖਿਲਾਫ ਠੇਕਾ ਮੁਲਾਜ਼ਮਾਂ ਵੱਲੋਂ ਪਟਿਆਲਾ ਵਿੱਚ ਪੱਕਾ ਮੋਰਚਾ ਲਾਇਆ ਹੋਇਆ ਹੈ।

ਨਵੇਂ ਤਹਿ ਕੀਤੇ ਲੇਬਰ ਅਤੇ ਖੇਤੀ ਕਾਨੂੰਨ ਰੱਦ ਕੀਤੇ ਜਾਣ

ਆਗੂਆਂ ਨੇ ਕੈਪਟਨ ਸਰਕਾਰ ਤੋਂ ਮੰਗ ਕੀਤੀ ਕਿ ਵੱਖ-ਵੱਖ ਸਰਕਾਰੀ ਵਿਭਾਗਾਂ ਵਿਚ ਇੰਨਲਿਸਟਮੈਂਟ, ਆਊਟਸੋਰਸਿੰਗ, ਕੰਪਨੀਆਂ , ਸੁਸਾਇੰਟੀਆਂ, ਠੇਕੇਦਾਰਾ, ਟੈਂਪਰੇਰੀ, ਕੇਂਦਰੀ ਸਕੀਮਾਂ ਰਾਹੀਂ ਕੰਮ ਕਰਦੇ ਸਮੂਹ ਠੇਕਾ ਮੁਲਾਜ਼ਮਾਂ ਨੂੰ ਬਿਨ੍ਹਾਂ ਸ਼ਰਤ ਸਬੰਧਤ ਵਿਭਾਗਾਂ ਵਿਚ ਸਾਮਲ ਕਰਕੇ ਰੈਗੂਲਰ ਕੀਤਾ ਜਾਵੇ, ਸਰਕਾਰੀ ਵਿਭਾਗਾਂ ਦਾ ਨਿੱਜੀਕਰਨ ਅਤੇ ਮੁਦਰੀਕਰਨ ਰੱਦ ਕੀਤਾ ਜਾਵੇ, ਨਵੇਂ ਤਹਿ ਕੀਤੇ ਲੇਬਰ ਅਤੇ ਖੇਤੀ ਕਾਨੂੰਨ ਰੱਦ ਕੀਤੇ ਜਾਣ, ਬਿਜਲੀ ਕਾਨੂੰਨ 2003 ਅਤੇ 2020 ਰੱਦ ਕੀਤਾ ਜਾਵੇ, ਸਭ ਲਈ ਮੁਫਤ ਵਿਦਿਆ, ਸਸਤੇ ਰਾਸ਼ਣ, ਸਸਤੀਆਂ ਸਿਹਤ ਸਹੂਲਤਾਂ ਅਤੇ ਸਭ ਲਈ ਪੱਕੇ ਰੁਜਗਾਰ ਦਾ ਪ੍ਰਬੰਧ ਕੀਤਾ ਜਾਵੇ, ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਨਵੇਂ ਲਿਆਂਦੇ ਜਾ ਰਹੇ ਐਕਟ ਵਿਚ ਸਮੂਹ ਕੈਟਾਗਿਰੀਆ ਨੂੰ ਸ਼ਾਮਿਲ ਕੀਤਾ ਜਾਵੇ, ਸਮੂਹ ਵਿਭਾਗਾਂ ਵਿਚ ਛਾਂਟੀਆਂ ਦਾ ਅਮਲ ਬੰਦ ਕੀਤਾ ਜਾਵੇ, ਕੰਮ ਭਾਰ ਮੁਤਾਬਿਕ ਨਵੇਂ ਰੁਜਗਾਰ ਦੇ ਮੋਕੇ ਤਹਿ ਕੀਤੇ ਜਾਣ ਆਦਿ ਮੰਗਾਂ ਦਾ ਹੱਲ ਕੀਤਾ ਜਾਵੇ।

ਇਸ ਪੱਕੇ ਮੋਰਚੇ ਵਿਚ ਭਰਾਤਰੀ ਜਥੇਬੰਦੀ ਖੇਤ ਮਜਦੂਰ ਯੂਨੀਅਨ ਬਰਨਾਲਾ ਤੋਂ ਬੀਬੀ ਬਲਜੀਤ ਕੌਰ ਆਪਣੇ ਸਾਥੀਆਂ ਸਮੇਤ ਸਾਮਲ ਹੋਏ। ਇਸ ਮੌਕੇ ਖੁਸ਼ਦੀਪ ਬਠਿੰਡਾ, ਜੀਤ ਸਿੰਘ ਬਠੋਈ, ਪਰਮਿੰਦਰ ਸਿੰਘ, ਬਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਸੰਜੀਵ ਕਾਕੜਾ, ਕਪਿਲ ਦੇਵ ਸੀਵਰੇਜ ਬੋਰਡ ਦੇ ਸਾਥੀਆਂ ਨੇ ਸਬੰਧੋਨ ਕੀਤਾ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ