ਪਟਿਆਲਾ ਵਿਖੇ ਸੰਘਰਸ਼ ਭਖਾ ਰਹੇ ਚਾਰ ਅਧਿਆਪਕ ਆਗੂਆਂ ਦੀਆਂ ਕੀਤੀਆਂ ਬਦਲੀਆਂ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਸਿੱਖਿਆ ਵਿਭਾਗ ਵੱਲੋਂ ਸਾਂਝਾ ਅਧਿਆਪਕ ਮੋਰਚਾ ਦੇ 4 ਹੋਰ ਅਧਿਆਪਕ ਆਗੂਆਂ ਦੀਆਂ ਜਬਰੀ ਬਦਲੀਆਂ ਕਰ ਦਿੱਤੀਆਂ ਹਨ। ਇਨ੍ਹਾਂ ਵਿੱਚ ਦੋ ਉਹ ਅਧਿਆਪਕ ਆਗੂ ਹਨ ਜੋ ਕਿ ਪਟਿਆਲਾ ਵਿਖੇ ਮੋਰਚੇ ਨੂੰ ਭਖਾਉਣ ‘ਚ ਅਹਿਮ ਯੋਗਦਾਨ ਦੇ ਰਹੇ ਹਨ, ਜਦਕਿ ਦੋ ਮਹਿਲਾ ਅਧਿਆਪਕਾਂ ਸ਼ਾਮਲ ਹਨ। ਇੱਧਰ ਅੱਜ ਇਨ੍ਹਾਂ ਬਦਲੀਆਂ ਦੇ ਵਿਰੋਧ ‘ਚ ਸਾਂਝਾ ਅਧਿਅਪਕ ਮੋਰਚਾ ਵੱਲੋਂ ਮਾਰਚ ਕਰਦਿਆਂ ਦੁਪਹਿਰ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਅਫਸਰ ਤੇ ਦਫ਼ਤਰ ਅੱਗੇ ਬਦਲੀਆਂ ਦੇ ਆਡਰਾਂ ਦੀ ਅਰਥੀ ਫੂਕ ਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ ਤੇ ਡੀਈਓ, ਡਿਪਟੀ ਡੀਈਓ ਸਮੇਤ ਸਟਾਫ਼ ਦਫ਼ਤਰ ਅੰਦਰ ਹੀ ਬੰਦ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਤਨਖਾਹ ਕਟੌਤੀ ਦੇ ਮਾਮਲੇ ਨੂੰ ਲੈ ਕੇ ਸਿੱਖਿਆ ਵਿਭਾਗ ਤੇ ਅਧਿਆਪਕਾਂ ਵਿਚਾਲੇ ਆਪਸੀ ਕਲੇਸ਼ ਵਧਦਾ ਜਾ ਰਿਹਾ ਹੈ। ਸਿੱਖਿਆ ਵਿਭਾਗ ਵੱਲੋਂ ਅੱਜ ਅਧਿਆਪਕ ਆਗੂ ਅਤਿੰਦਰਪਾਲ ਸਿੰਘ ਘੱਗਾ ਜੋ ਕਿ ਸਰਕਾਰੀ ਹਾਈ ਸਕੂਲ ਕਲਵਾਣੂ ਵਿਖੇ ਮੈਥ ਦੇ ਮਾਸਟਰ ਵਜੋਂ ਪੜ੍ਹਾ ਰਹੇ ਹਨ ਦੀ ਬਦਲੀ ਪਟਿਆਲਾ ਜ਼ਿਲ੍ਹੇ ਤੋਂ ਸਰਕਾਰੀ ਸਕੂਲ ਈਸਪੁਰ ਮਖਸੂਸਪੁਰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਕਰ ਦਿੱਤੀ ਗਈ ਹੈ। ਸਿੱਖਿਆ ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਅਤਿੰਦਪਾਲ ਸਿੰਘ ਵੱਲੋਂ ਸਾਇੰਸ ਅਧਿਆਪਕਾਂ ਦੀਆਂ ਚੱਲ ਰਹੀਆਂ ਟ੍ਰੇਨਿੰਗਾਂ ਦੌਰਾਨ ਅਧਿਆਪਕਾਂ ਨੂੰ ਟ੍ਰੇਨਿੰਗਾਂ ਦਾ ਬਾਈਕਾਟ ਕਰਨ ਲਈ ਉਕਸਾਇਆ ਤੇ ਹੁੱਲੜਬਾਜੀ ਕੀਤੀ ਗਈ।
ਅਤਿੰਦਰਪਾਲ ਘੱਗਾ ਡੀਟੀਐੱਫ ਯੂਨੀਅਨ ਦਾ ਮੁੱਖ ਆਗੂ ਹੈ ਜੋ ਕਿ ਸਾਂਝਾ ਮੋਰਚਾ ‘ਚ ਸੰਘਰਸ਼ ‘ਤੇ ਜੁਟਿਆ ਹੋਇਆ ਹੈ। ਇਸ ਤੋਂ ਇਲਾਵਾ ਸਾਂਝਾ ਅਧਿਆਪਕ ਮੋਰਚਾ ਦੇ ਹੀ ਜ਼ਿਲ੍ਹਾ ਕੋ ਕਨਵੀਨਰ ਬਿਕਰਮਦੇਵ ਸਿੰਘ ਜੋ ਕਿ ਮਟਰੋੜਾ ਸਕੂਲ ਵਿਖੇ ਸਾਇੰਸ ਮਾਸਟਰ ਹਨ ਦੀ ਬਦਲੀ ਵੀ ਸਰਕਾਰੀ ਸਕੂਲ ਹੀਲ੍ਹਾਂ ਬੱਜੂ ਜ਼ਿਲ੍ਹਾ ਗੁਰਦਾਸਪੁਰ ਵਿਖੇ ਕਰ ਦਿੱਤੀ ਗਈ ਹੈ। ਇਸ ‘ਤੇ ਵੀ ਅਧਿਆਪਕਾਂ ਨੂੰ ਭੜਕਾਉਣ ਦਾ ਕਥਿਤ ਦੋਸ਼ ਲਗਾਇਆ ਗਿਆ ਹੈ। ਅੰਗਰੇਜ਼ੀ ਲੈਕਚਰਾਰ ਅਮਨ ਸ਼ਰਮਾ ਜਿਸ ਦੀ ਬਦਲੀ ਸਰਕਾਰੀ ਸਕੂਲ ਮਹਿਲ ਜੰਡਿਆਲਾ ਅੰਮ੍ਰਿਤਸਰ ਤੋਂ ਸਰਕਾਰੀ ਸਕੂਲ ਘੁੰਮਣ ਕਲਾਂ ਬਠਿੰਡਾ ਵਿਖੇ ਕਰ ਦਿੱਤੀ ਗਈ ਹੈ।
ਇਸ ਦੇ ਨਾਲ ਹੀ ਅਮਨਦੀਪ ਕੌਰ ਜੋ ਕਿ ਮੋਰਚੇ ਦੀ ਸਰਗਰਮ ਮੈਂਬਰ ਹੈ ਦੀ ਬਦਲੀ ਪਟਿਆਲਾ ਜ਼ਿਲ੍ਹੇ ਦੇ ਹੀ ਅਰਨੋ ਸਕੂਲ ਵਿਖੇ ਤੁਰੰਤ ਪ੍ਰਭਾਵ ਨਾਲ ਕਰ ਦਿੱਤੀ ਗਈ ਹੈ। ਇੱਧਰ ਅਧਿਆਪਕ ਆਗੂਆਂ ਦੀਆਂ ਬਦਲੀਆਂ ਤੋਂ ਬਾਅਦ ਸਾਂਝਾ ਅਧਿਆਪਕ ਮੋਰਚਾ ਦੇ ਪਟਿਆਲਾ ਵਿਖੇ ਲੱਗੇ ਪੱਕੇ ਧਰਨੇ ‘ਚ ਗਰਮੀ ਆ ਗਈ ਤੇ ਉਨ੍ਹਾਂ ਵੱਲੋਂ ਅੱਜ ਦੁਪਹਿਰ ਤੋਂ ਬਾਅਦ ਇਨ੍ਹਾਂ ਬਦਲੀਆਂ ਵਿਰੁੱਧ ਜ਼ਿਲ੍ਹਾ ਸਿੱਖਿਆ ਅਫਸਰ ਦੇ ਦਫ਼ਤਰ ਅੱਗੇ ਧਰਨਾ ਠੋਕ ਦਿੱਤਾ ਗਿਆ ਤੇ ਦਫ਼ਤਰ ਨੂੰ ਬੰਦ ਕਰ ਦਿੱਤਾ ਗਿਆ।
ਇਸ ਦੌਰਾਨ ਅਧਿਆਪਕਾਂ ਨੇ ਕਿਹਾ ਕਿ ਸਰਕਾਰ ਇੱਕ ਪਾਸੇ ਅਧਿਆਪਕਾਂ ਦੀਆਂ ਤਨਖਾਹਾਂ ਘਟਾ ਕੇ ਗਲਾ ਘੁਟ ਰਹੀ ਹੈ ਜਦਕਿ ਦੂਜੇ ਪਾਸੇ ਆਪਣੇ ਹੱਕਾਂ ਲਈ ਬੈਠੇ ਅਧਿਆਪਕਾਂ ਦੀਆਂ ਬਦਲੀਆਂ ਕਰ ਰਹੀ ਹੈ। ਇਸ ਮੌਕੇ ਅਧਿਆਪਕਾਂ ਨੇ ਵਿਰੋਧ ਵਜੋਂ ਬਦਲੀਆਂ ਦੇ ਆਡਰਾਂ ਦੀਆਂ ਕਾਪੀਆਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਰਥੀ ਉੱਪਰ ਰੱਖ ਕੇ ਫੂਕੀਆਂ ਗਈਆਂ। ਅਧਿਆਪਕਾਂ ਵੱਲੋਂ ਡੀਈਓ ਕਲਭੂਸ਼ਨ ਬਾਜਵਾ ਤੇ ਡਿਪਟੀ ਡੀਈਓ ਸੰਜੀਵ ਬਾਂਸਲ ਸਮੇਤ ਸਟਾਫ਼ ਨੂੰ ਅੰਦਰ ਹੀ ਨਜਰਬੰਦ ਕਰ ਦਿੱਤਾ ਗਿਆ। ਸ਼ਾਮ 6 ਵਜੇ ਖਬਰ ਲਿਖੇ ਜਾਣ ਤੱਕ ਅਧਿਆਪਕ ਉੱਥੇ ਹੀ ਧਰਨੇ ‘ਤੇ ਡਟੇ ਹੋਏ ਸਨ ਜਦਕਿ ਅਧਿਕਾਰੀ ਅੰਦਰ ਤਾੜੇ ਹੋਏ ਸਨ।
ਚੱਕਰੀਆਂ ਦਾ ਤਿਉਹਾਰ ਸੜਕਾਂ ‘ਤੇ ਮਨਾਉਣਗੀਆਂ ਅਧਿਆਪਕਾਵਾਂ
ਮਹਿਲਾ ਅਧਿਆਪਕਾਂ ਵੱਲੋਂ ਕੱਲ੍ਹ 31 ਅਕਤੂਬਰ ਨੂੰ ਚੱਕਰੀਆਂ ਦਾ ਤਿਉਹਾਰ ਵੀ ਸਾਂਝੇ ਮੋਰਚੇ ਦੇ ਸੰਘਰਸ਼ ‘ਚ ਭੁੱਖ ਹੜਤਾਲ ਰੱਖ ਕੇ ਮਨਾਉਣਗੀਆਂ। ਪੰਜਾਬ ਅੰਦਰ ਔਰਤਾਂ ਚੱਕਰੀਆਂ ਦਾ ਤਿਉਹਾਰ ਆਪਣੇ ਬੇਟੇ ਲਈ ਰੱਖਦੀਆਂ ਹਨ। ਅਧਿਆਪਕਾਵਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਉਨ੍ਹਾਂ ਦੀਆਂ ਖੁਸ਼ੀਆਂ ਨੂੰ ਗ੍ਰਹਿਣ ਲਗਾ ਦਿੱਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।