ਮਾਣਯੋਗ ਅਦਾਲਤ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਦੌਰਾਨ ਬਚਾਅ ਪੱਖ ਦੀਆਂ ਦਲੀਲਾਂ ਅੱਗੇ ਘਿਰੀ ਸਿਟ
- ਮਾਣਯੋਗ ਅਦਾਲਤ ਨੇ 4 ਜੂਨ ਤੱਕ ਪੇਸ਼ ਕਰਨ ਦੇ ਮੁੜ ਕੀਤੇ ਹੁਕਮ
ਸੱਚ ਕਹੂੰ ਨਿਊਜ਼, ਫਰੀਦਕੋਟ। ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਦੀ ਜਾਂਚ ਲਈ ਬਣੀ ਸਿਟ ਮਾਣਯੋਗ ਅਦਾਲਤ ’ਚ ਆਪਣੇ ਹੀ ਬਿਆਨਾਂ ’ਤੇ ਘਿਰਦੀ ਜਾ ਰਹੀ ਹੈ। ਸਿਟ ਵੱਲੋਂ ਮਾਣਯੋਗ ਅਦਾਲਤ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਦਾ ਇਸ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਡੇਰਾ ਸ਼ਰਧਾਲੂਆਂ ਦੇ ਵਕੀਲਾਂ ਵੱਲੋਂ ਜੋਰਦਾਰ ਦਲੀਲਾਂ ਨਾਲ ਵਿਰੋਧ ਦਰਜ਼ ਕਰਵਾਇਆ ਗਿਆ। ਸਿਟ ਅਦਾਲਤੀ ਹੁਕਮਾਂ ਦੇ ਬਾਵਜ਼ੂਦ ਅੱਜ ਥਾਣਾ ਬਾਜਾਖਾਨਾ ਦੀ ਸੀਸੀਟੀਵੀ ਫੁਟੇਜ ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦਾ ਰਿਕਾਰਡ ਵੀ ਪੇਸ਼ ਨਹੀਂ ਕਰ ਸਕੀ।
ਬਚਾਅ ਪੱਖ ਦੇ ਵਕੀਲਾਂ ਐਡਵੋਕੇਟ ਵਿਨੋਦ ਮੋਂਗਾ, ਬਸੰਤ ਸਿੰਘ ਸਿੱਧੂ ਤੇ ਵਿਵੇਕ ਗੁਲਬਧਰ ਨੇ ਦੱਸਿਆ ਕਿ ਸਿਟ ਵੱਲੋਂ ਕੋਰੋਨਾ ਪਾਜਿਟਿਵ ਹੋਣ ਕਾਰਨ ਇਲਾਜ ਅਧੀਨ ਸੁਖਜਿੰਦਰ ਸਿੰਘ ਸੰਨੀ ਅਤੇ ਬਲਜੀਤ ਸਿੰਘ ਨੂੰ 28 ਮਈ ਦੇਰ ਸ਼ਾਮ ਨੂੰ ਬਿਨ੍ਹਾਂ ਕਿਸੇ ਪ੍ਰੋਡਕਸ਼ਨ ਵਾਰੰਟ ਦੇ ਹਸਪਤਾਲ ’ਚੋਂ ਥਾਣੇ ਲਿਜਾਣ ਦੇ ਮਾਮਲੇ ’ਚ ਮਾਣਯੋਗ ਅਦਾਲਤ ਵੱਲੋਂ ਥਾਣੇ ਦੀ ਸੀਸੀਟੀਵੀ ਫੁਟੇਜ ਅਤੇ ਹਸਪਤਾਲ ਦਾ ਰਿਕਾਰਡ ਪੇਸ਼ ਕਰਨ ਲਈ ਕਿਹਾ ਸੀ ਜੋ ਅੱਜ ਸਿਟ ਨੇ ਪੇਸ਼ ਨਹੀਂ ਕੀਤਾ। ਮਾਣਯੋਗ ਅਦਾਲਤ ਨੇ ਹੁਣ ਸਿਟ ਨੂੰ ਹੁਕਮ ਕੀਤੇ ਹਨ ਕਿ 4 ਜੂਨ ਨੂੰ ਰਿਕਾਰਡ ਪੇਸ਼ ਕੀਤਾ ਜਾਵੇ । ਸਿਟ ਟੀਮ ਨੇ ਮਾਣਯੋਗ ਅਦਾਲਤ ’ਚ ਆਪਣਾ ਪੱਖ ਰੱਖਿਆ ਕਿ ਜਦੋਂ ਉਹ ਸੁਖਜਿੰਦਰ ਸਿੰਘ ਸੰਨੀ ਅਤੇ ਬਲਜੀਤ ਸਿੰਘ ਨੂੰ ਹਸਪਤਾਲ ’ਚੋਂ ਲੈ ਕੇ ਗਏ ਤਾਂ ਅੱਗੇ ਮਾਨਸਾ ਜ਼ੇਲ੍ਹ ਲਿਜਾਣਾ ਸੀ ਪਰ ਰਾਤ ਹੋਣ ਕਾਰਨ ਬਾਜਾਖਾਨਾ ਥਾਣਾ ’ਚ ਰੱਖ ਲਿਆ ਗਿਆ ਸੀ।
ਸਿਟ ਦੇ ਇਸ ਜਵਾਬ ’ਤੇ ਬਚਾਅ ਪੱਖ ਦੇ ਵਕੀਲਾਂ ਨੇ ਦਲੀਲ ਪੇਸ਼ ਕੀਤੀ ਕਿ ਸਿਟ ਵੱਲੋਂ ਮਾਣਯੋਗ ਅਦਾਲਤ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਜੇਕਰ ਮੁਲਜ਼ਮਾਂ ਨੂੰ ਮਾਨਸਾ ਜ਼ੇਲ੍ਹ ਲਿਜਾਣਾ ਸੀ ਤਾਂ ਫਿਰ ਉਨ੍ਹਾਂ ਦੀ ਅਗਲੇ ਦਿਨ ਸਵੇਰ ਸ੍ਰੀ ਮੁਕਤਸਰ ਸਾਹਿਬ ਜ਼ੇਲ੍ਹ ’ਚ ਹਾਜ਼ਰੀ ਕਿਵੇਂ ਲੱਗ ਗਈ।
ਸਿਟ ਵੱਲੋਂ ਜਦੋਂ ਸੰਨੀ ਅਤੇ ਬਲਜੀਤ ਸਿੰਘ ਦਾ 4 ਦਿਨ ਦਾ ਰਿਮਾਂਡ ਇਹ ਦਲੀਲ ਦੇ ਕੇ ਮੰਗਣ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਨੇ ਇਸ ਘਟਨਾਕ੍ਰਮ ਦੌਰਾਨ ਵਰਤੇ ਗਏ ਮੋਟਰਸਾਈਕਲ ਨੂੰ ਬਰਾਮਦ ਕਰਵਾਉਣਾ ਹੈ ਤਾਂ ਬਚਾਅ ਪੱਖ ਦੇ ਵਕੀਲਾਂ ਨੇ ਫਿਰ ਸਿਟ ਦੀ ਇਸ ਦਲੀਲ ਨੂੰ ਨਾਕਾਮ ਕਰਦਿਆਂ ਆਖਿਆ ਕਿ ਜਿਸ ਮੋਟਰਸਾਈਕਲ ਨੂੰ ਬਰਾਮਦ ਕਰਵਾਉਣ ਦੀ ਗੱਲ ਆਖੀ ਜਾ ਰਹੀ ਹੈ ਉਹ ਮੋਟਰਸਾਈਕਲ ਤਾਂ ਪਹਿਲਾਂ ਹੀ ਮੋਗਾ ਵਿਖੇ ਦਰਜ਼ ਮੁਕੱਦਮਾ ਨੰਬਰ 33 ਤਹਿਤ ਪੁਲਿਸ ਕੋਲ ਮੌਜੂਦ ਹੈ, ਜਿਸਨੂੰ ਬਰਾਮਦ ਕਰਵਾਉਣ ਦਾ ਤਾਂ ਕੋਈ ਮਸਲਾ ਹੀ ਨਹੀਂ। ਮਾਣਯੋਗ ਅਦਾਲਤ ਨੇ ਹੁਣ ਸੁਖਜਿੰਦਰ ਸਿੰਘ ਸੰਨੀ ਤੇ ਬਲਜੀਤ ਸਿੰਘ ਦਾ ਦੋ ਦਿਨ ਦਾ ਹੋਰ ਰਿਮਾਂਡ ਦੇ ਦਿੱਤਾ ਜਿੰਨ੍ਹਾਂ ਨੂੰ ਹੁਣ 4 ਜੂਨ ਨੂੰ ਮੁੜ ਪੇਸ਼ ਕੀਤਾ ਜਾਵੇਗਾ।
ਬਚਾਅ ਪੱਖ ਵੱਲੋਂ ਇੱਕ ਹੋਰ ਅਰਜੀ ਦਾਇਰ
ਬਚਾਅ ਪੱਖ ਦੇ ਵਕੀਲਾਂ ਨੇ ਅੱਜ ਮਾਣਯੋਗ ਅਦਾਲਤ ’ਚ ਅਰਜੀ ਦਾਇਰ ਕਰਕੇ ਆਖਿਆ ਹੈ ਕਿ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ’ਚ ਸਿਟ ਜਿਹੜੇ ਸਬੂਤਾਂ ਨੂੰ ਇਕੱਠੇ ਕਰਨ ਦੀ ਗੱਲ ਆਖ ਰਹੀ ਹੈ ਉਹ ਸੀਬੀਆਈ ਪਹਿਲਾਂ ਹੀ ਕਰ ਚੁੱਕੀ ਹੈ। ਇਸ ਅਰਜੀ ’ਤੇ ਅਦਾਲਤ ਨੇ ਅਗਲੀ ਸੁਣਵਾਈ 4 ਜੂਨ ’ਤੇ ਪਾ ਦਿੱਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।