ਇੰਦੌਰ ’ਚ ਇੱਕ ਫਾਰਮੇਸੀ ਕਾਲਜ ਦੀ ਪਿ੍ਰੰਸੀਪਲ ਨੂੰ ਇੱਕ ਵਿਦਿਆਰਥੀ ਵੱਲੋਂ ਅੱਗ ਲਾ ਕੇ ਮਾਰ ਦੇਣ ਦੀ ਘਟਨਾ ਬੜੀ ਦੁਖਦਾਈ ਹੈ। ਹਮਲਾਵਰ ਵਿਦਿਆਰਥੀ ਕਾਲਜ ਤੋਂ ਅੰਕ ਸੂਚੀ ਕਾਰਡ ਨਾ ਮਿਲਣ ਅਤੇ ਇੱਕ ਪ੍ਰੋਫੈਸਰ ’ਤੇ ਹਮਲਾ ਕਰਨ ’ਚ ਨਾਮਜ਼ਦ ਹੋਣ ਕਰਕੇ ਭੜਕਿਆ ਹੋਇਆ ਸੀ। ਭਾਵੇਂ ਅਜਿਹੀਆਂ ਘਟਨਾਵਾਂ ਵਿਰਲੀਆਂ ਹੁੰਦੀਆਂ ਹਨ ਪਰ ਬਹੁਤ ਖੌਫਨਾਕ ਹਨ, ਜਿਸ ਦਾ ਸਰਕਾਰਾਂ ਨੂੰ ਨੋਟਿਸ ਲੈਣਾ ਬਣਦਾ ਹੈ। ਇਸੇ ਤਰ੍ਹਾਂ ਕੁਝ ਸਮਾਂ ਪਹਿਲਾਂ ਹਰਿਆਣਾ ’ਚ ਬਾਰ੍ਹਵੀ ਜਮਾਤ ਦੇ ਇੱਕ ਵਿਦਿਅਰਥੀ ਨੇ ਸਕੂਲ ਪਿ੍ਰੰਸੀਪਲ ਨੂੰ ਸਕੂਲ ਸਮੇਂ ਦੌਰਾਨ ਹੀ ਗੋਲੀ ਮਾਰ ਦਿੱਤੀ ਸੀ। ਇਸ ਘਟਨਾ ਦੀ ਕੁਝ ਦਿਨ ਚਰਚਾ ਹੋਈ ਪਰ ਮਗਰੋਂ ਆਈ ਗਈ ਹੋ ਗਈ।
ਕਮਜ਼ੋਰ ਸਿੱਖਿਆ ਢਾਂਚੇ ਦੇ ਨਤੀਜੇ
ਹੁਣ ਇੰਦੌਰ ਵਾਲੇ ਮਾਮਲੇ ’ਚ ਵੀ ਅਜਿਹਾ ਲੱਗ ਰਿਹਾ ਹੈ ਕਿ ਸਮਾਜ ਨੂੰ ਇਸ ਘਟਨਾ ਦਾ ਬਹੁਤਾ ਚਿਰ ਚਿੱਤ-ਚੇਤਾ ਨਹੀਂ ਰਹਿਣਾ। ਅਜਿਹੀਆਂ ਘਟਨਾਵਾਂ ’ਤੇ ਗੌਰ ਕਰਕੇ ਉਨ੍ਹਾਂ ਸਾਰੇ ਕਾਰਨਾਂ ਨੂੰ ਸਮਝਣ ਤੇ ਉਨ੍ਹਾਂ ਨੂੰ ਦੂਰ ਕਰਨ ਦਾ ਯਤਨ ਕਰਨ ਲਈ ਵਿਚਾਰ ਵਟਾਂਦਰੇ, ਮੀਟਿੰਗ, ਸੈਮੀਨਾਰ ਹੋਣੇ ਚਾਹੀਦੇ ਹਨ। ਅਸਲ ’ਚ ਸਿੱਖਿਆ ਜਗਤ ’ਚ ਹਿੰਸਾ ਆਪਣੇ ਆਪ ’ਚ ਕੋਈ ਸਮੱਸਿਆ ਨਹੀਂ, ਸਗੋਂ ਕਈ ਹੋਰ ਸਮੱਸਿਆਵਾਂ ਦੀ ਉਪਜ ਹੈ। ਸਿੱਖਿਆ ਢਾਂਚੇ ਦੀਆਂ ਕਮੀਆਂ ਦੇ ਨਾਲ-ਨਾਲ ਸਮਾਜਿਕ ਅਤੇ ਸੱਭਿਆਚਾਰਕ ਖੇਤਰ ’ਚ ਬੁਰਾਈਆਂ ਪੈਦਾ ਹੋ ਗਈਆਂ ਹਨ, ਜਿਸ ਕਾਰਨ ਹਿੰਸਾ ਹੋ ਰਹੀ ਹੈ। ਅਸਲ ’ਚ ਸਿੱਖਿਆ ਤੇ ਸਮਾਜ ’ਚ ਦੂਰੀ ਵਧ ਗਈ ਹੈ।
ਵਿਦਿਆਰਥੀ ਹੁਣ ਇੱਕ ਖਪਤਕਾਰ ਵਾਂਗ ਸਕੂਲ ਜਾਂਦਾ ਹੈ ਜਦੋਂ ਕਿ ਸਿੱਖਿਆ ਸੰਸਥਾ ਨੇ ਉਸਨੂੰ ਪਾਸ ਹੀ ਨਹੀਂ ਕਰਨਾ, ਸਗੋਂ ਇੱਕ ਨੇਕ ਇਨਸਾਨ ਵੀ ਬਣਾਉਣਾ ਹੈ। ਅਧਿਆਪਕਾਂ ਨੂੰ ਵਿਦਿਆਰਥੀ ਦੇ ਸਰਵਪੱਖੀ ਵਿਕਾਸ ਵੱਲ ਧਿਆਨ ਦੇਣਾ ਹੁੰਦਾ ਹੈ ਖਾਸ ਕਰਕੇ ਚੰਗੇ ਸੰਸਕਾਰ ਦੇਣੇ ਹੰੁਦੇ ਹਨ ਪਰ ਇਹ ਚੀਜ਼ ਸਿੱਖਿਆ ਢਾਂਚੇ ਦਾ ਅੰਗ ਹੀ ਨਹੀਂ ਰਹਿ ਗਈ। ਦੂਜੇ ਪਾਸੇ ਵਿਦਿਆਰਥੀਆਂ ਦੇ ਮਾਪੇ ਵੀ ਇਸ ਖਾਮੀ ਲਈ ਜ਼ਿੰਮੇਵਾਰ ਹਨ। ਮਾਪਿਆਂ ਲਈ ਵਧੀਆ ਪੁਜ਼ੀਸ਼ਨ ਲੈ ਕੇ ਪਾਸ ਹੋਣਾ ਹੀ ਬੱਚੇ ਤੇ ਸਕੂਲ/ਕਾਲਜ ਦੀ ਉੱਤਮਤਾ ਦਾ ਸਬੂਤ ਹੈ। ਵਿਦਿਆਰਥੀ ਸਕੂਲ/ਕਾਲਜ ’ਚ ਆਪਣੇ ਅਧਿਆਪਕ ਨਾਲ ਕਿਵੇਂ ਪੇਸ਼ ਆਉਂਦੇ ਹਨ ਤੇ ਉਸ ਦਾ ਵਿਹਾਰ ਕਿਹੋ ਜਿਹਾ ਹੋਣਾ ਚਾਹੀਦਾ ਹੈ ਇਸ ਬਾਰੇ ਬਹੁਤੇ ਮਾਪੇ ਨਹੀਂ ਸੋਚਦੇ।
Education System
ਦੂਜੇ ਪਾਸੇ ਸੰਚਾਰ ਸਾਧਨਾਂ ਰਾਹੀਂ ਜਿਸ ਤਰ੍ਹਾਂ ਦਾ ਖਤਰਨਾਕ ਸੱਭਿਆਚਾਰ ਨਵੀਂ ਪੀੜ੍ਹੀ ਅੱਗੇ ਪਰੋਸਿਆ ਜਾ ਰਿਹਾ ਹੈ, ਜਿਸ ਨੇ ਨੌਜਵਾਨਾਂ ਨੂੰ ਹਿੰਸਕ ਬਣਾ ਦਿੱਤਾ ਹੈ। ਹਥਿਆਰਾਂ, ਲੜਾਈ ਭੜਾਈ ਤੇ ਮੁਕੱਦਮੇਬਾਜ਼ੀ ਦੇ ਦਿ੍ਰਸ਼ਾਂ ਵਾਲੇ ਗੀਤਾਂ, ਫਿਲਮਾਂ, ਸੀਰੀਅਲਾਂ ਦੀ ਪੇਸ਼ਕਾਰੀ ਨੌਜਵਾਨਾਂ ਨੂੰ ਬੁਰੇ ਪਾਸੇ ਲਿਜਾ ਰਹੀ ਹੈ। ਅਸਲ ’ਚ ਬੁਰਾਈ ਦੀ ਜੜ੍ਹ ਇਹ ਅਖੌਤੀ ਗੀਤ ਸੰਗੀਤ ਅਤੇ ਸਿੱਖਿਆ ਜਗਤ ਦੀਆਂ ਕਮਜ਼ੋਰੀਆਂ ਹਨ, ਜਿਸ ਵੱਲ ਤੁਰੰਤ ਗੌਰ ਹੋਣੀ ਚਾਹੀਦੀ ਹੈ। ਸਿਰਫ ਹਮਲਾਵਰ ਵਿਦਿਆਰਥੀ ਦੀ ਗਿ੍ਰਫ਼ਤਾਰੀ ਨਾਲ ਮਾਮਲਾ ਹੱਲ ਹੋਣ ਵਾਲਾ ਨਹੀਂ। ਉਸ ਮਾਹੌਲ ਨੂੰ ਬਦਲਣ ਦੀ ਲੋੜ ਹੈ ਜਿਸ ਨੇ ਮਾੜੇ ਵਿਦਿਆਰਥੀ ਪੈਦਾ ਕੀਤੇ।