ਰੇਡ ਦੀ ਧਮਕੀ ਤੋਂ ਕਾਂਗਰਸ ਡਰਨ ਵਾਲੀ ਨਹੀਂ : ਸੂਰਜੇਵਾਲਾ
ਜੈਪੁਰ। ਕਾਂਗਰਸ ਦੇ ਕੌਮੀ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਕੇਂਦਰ ਦੀ ਮੋਦੀ ਸਰਕਾਰ ‘ਤੇ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਰੇਡ ਦੀ ਧਮਕੀ ਨਾਲ ਕਾਂਗਰਸ ਡਰਨ ਵਾਲੀ ਨਹੀਂ ਹੈ।
ਸੂਰਜੇਵਾਲਾ ਨੇ ਅੱਜ ਇੱਕ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਕੇਂਦਰ ਸਰਕਾਰ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਡ ਰਾਜ ਪੈਦਾ ਕੀਤਾ ਹੋਇਆ ਹੈ। ਪਰ ਇਸ ਨਾਲ ਕਾਂਗਰਸ ਡਰਨ ਵਾਲੀ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਇਸ ਸਮੇਂ ਬੌਖਲਾਅ ਗਈ ਹੈ ਤੇ ਉਹ ਡਰ ਬਿਠਾਉਣ ਲਈ ਈਡੀ ਦੀ ਕਾਰਵਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵਿਧਾਇਕ ਕ੍ਰਿਸ਼ਨ ਪੂਨੀਆਂ ਤੋਂ ਸੀਬੀਆਈ ਵੱਲੋਂ ਪੁੱਛਗਿੱਛ ਕਰਵਾਈ ਗਈ ਤੇ ਹੁਣ ਅੱਜ ਜੋਧਪੁਰ ‘ਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਵੱਡੇ ਭਰਾ ਅਗ੍ਰਸੇਨ ਗਹਿਲੋਤ ਦੇ ਘਰ ‘ਚ ਈਡੀ ਦੀ ਰੇਡ ਪੈ ਗਈ ਹੈ। ਉਨ੍ਹਾਂ ਕਿਹਾ ਕਿ ਅਗ੍ਰਸੇਨ ਗਹਿਲੋਤ ਦਾ ਕਸੂਰ ਇੰਨਾ ਹੀ ਸੀ ਕਿ ਉਹ ਮੁੱਖ ਮੰਤਰੀ ਦਾ ਭਰਾ ਹੈ। ਉਹ ਨਾ ਤਾਂ ਸਿਆਸਤ ‘ਚ ਹਨ ਤੇ ਨਾ ਹੀ ਉਨ੍ਹਾਂ ਦਾ ਸਿਆਸਤ ਨਾਲ ਕੋਈ ਲੈਣਾ-ਦੇਣਾ ਹੈ। ਉਨ੍ਹਾਂ ਕਿਹਾ ਕਿ ਉਨਾਂ ਦੇ ਘਰ ‘ਤੇ ਕੇਂਦਰੀ ਹਥਿਆਰਬਲ ਤਾਇਨਾਤ ਕਰ ਦਿੱਤੇ ਤੇ ਈਡੀ ਰੇਡ ਕਰ ਰਹੀ ਹੈ ਪਰ ਰੇਡ ਰਾਜ ਤੋਂ ਰਾਜਸਥਾਨ ਡਰਨ ਵਾਲਾ ਨਹੀਂ ਹੈ।