ਕਾਂਗਰਸੀ ਵਿਧਾਇਕ ਕਰ ‘ਗੇ 1 ਹਜ਼ਾਰ ਕਰੋੜ ਦਾ ਘਪਲਾ, ਸੁਖਬੀਰ ਨੇ ਕੀਤੀ ਕੇਂਦਰ ਸਰਕਾਰ ਨੂੰ ਸਿਕਾਇਤ

Sukhbir badal
The strange decision of the Akali Dal

ਮਨਰੇਗਾ ਤਹਿਤ ਥਾਂ-ਥਾਂ ਦਿਖਾ ਦਿੱਤੇ ਗਏ ਕੰਮ, ਜਾਰੀ ਕਰਵਾਏ 1 ਹਜ਼ਾਰ ਕਰੋੜ ਪਰ ਨਹੀਂ ਹੋਇਆ ਕੋਈ ਕੰਮ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਦੇ ਕਾਂਗਰਸੀ ਵਿਧਾਇਕ 1 ਜਾਂ ਫਿਰ 2 ਕਰੋੜ ਦਾ ਨਹੀਂ ਸਗੋਂ 1 ਹਜ਼ਾਰ ਕਰੋੜ ਰੁਪਏ ਦਾ ਘਪਲਾ ਕਰ ਗਏ ਹਨ। ਇਸ ਘਪਲੇ ਨੂੰ ਅੰਜਾਮ ਦੇਣ ਲਈ ਕਾਂਗਰਸੀ ਵਿਧਾਇਕਾਂ ਨੇ ਖ਼ੁਦ ਦੀਆਂ ਫਰਮਾ ਖੜੀ ਕਰਨ ਦੇ ਨਾਲ ਹੀ ਵੱਡੇ ਪੱਧਰ ‘ਤੇ ਵਿਕਾਸ ਕਾਰਜ ਦਿਖਾ ਦਿੱਤੇ ਗਏ ਹਨ, ਜਦੋਂ ਕਿ ਜਮੀਨੀ ਪੱਧਰ ‘ਤੇ ਕੋਈ ਵਿਕਾਸ ਕਾਰਜ ਹੋਈ ਹੀ ਨਹੀਂ ਹੈ। ਇਹ ਦੋਸ਼ ਲੋਕ ਸਭਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਲਾ ਰਹੇ ਹਨ।

ਸੁਖਬੀਰ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਗਰੀਬਾਂ ਦੀ ਦਸ਼ਾ ਸੁਧਾਰਨ ਲਈ ਰੱਖੇ ਕੇਂਦਰੀ ਫੰਡਾਂ ਦਾ ਕਾਂਗਰਸੀ ਵਿਧਾਇਕਾਂ ਨੇ ਘਪਲਾ ਕਰ ਲਿਆ ਹੈ। ਉਨਾਂ ਕਿਹਾ ਕਿ ਕੇਂਦਰੀ ਟੀਮ ਵੱਲੋਂ ਕੀਤੀ ਜਾਂਚ ਨੇ ਪਹਿਲਾਂ ਹੀ ਸੂਬੇ ਦੇ ਦੋ ਜ਼ਿਲਿਆਂ ਵਿਚ ਘੋਰ ਬੇਨਿਯਮੀਆਂ ਫੜੀਆਂ ਹਨ ਅਤੇ ਉਹਨਾਂ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੂੰ ਅਪੀਲ ਕੀਤੀ ਕਿ ਇਹ ਕੇਸ ਸੀ ਬੀ ਆਈ ਹਵਾਲੇ ਕੀਤੇ ਜਾਵੇ ਤਾਂ ਜੋ ਸੂਬੇ ਭਰੇ ਵਿਚ ਮਨਰੇਗਾ ਫੰਡਾਂ ਦੇ ਘੁਟਾਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਸਕੇ।ਸੁਖਬੀਰ ਬਾਦਲ ਨੇ ਦੱਸਿਆ ਕਿ ਕਿਸ ਤਰੀਕੇ ਘੁਟਾਲਾ ਕੀਤਾ ਜਾ ਰਿਹਾ ਹੈ, ਕਾਂਗਰਸ ਦੇ ਵਿਧਾਇਕਾਂ ਦੇ ਨੇੜਲਿਆਂ ਦੀ ਮਲਕੀਅਤ ਵਾਲੀਆਂ ਕੰਪਨੀਆਂ ਦੇ ਨਾਂ ਸਮੱਗਰੀ ਦੀ ਖਰੀਦ ਦੇ ਬਿੱਲ ਭੇਜੇ ਜਾ ਰਹੇ ਹਨ। ਹਰ ਕੇਸ ਵਿਚ ਕਰੋੜਾਂ ਰੁਪਏ ਦੀ ਸਮੱਗਰੀ ਉਸ ਫਰਮ ਤੋਂ ਖਰੀਦੀ ਵਿਖਾਈ ਗਈ ਹੈ ਜੋ ਸਿਰਫ ਕਾਗਜ਼ਾਂ ਵਿਚ ਹੀ ਹੈ।

ਬਾਦਲ ਨੇ ਕਿਹਾ ਕਿ ਕਾਂਗਰਸੀ ਵਿਧਾਇਕ ਇੰਨੇ ਨੰਗੇ ਚਿੱਟੇ ਹੋ ਕੇ ਇਸ ਵਿਚ ਲੱਗੇ ਹਨ ਕਿ ਉਹਨਾਂ ਨੇ  ਕੇਂਦਰੀ ਫੰਡਾਂ ਦਾ ਘੁਟਾਲਾ ਕਰਨ ਵਾਸਤੇ ਟਾਈਲਾਂ ਤੇ ਬੈਂਚ ਬਣਾਉਣ ਦੀਆਂ ਫੈਕਟਰੀਆਂ ਖੋਲ ਲਈਆਂ ਹਨ।  ਉਹਨਾਂ ਕਿਹਾ ਕਿ ਨਿੱਜੀ ਥਾਵਾਂ ‘ਤੇ ਪੁਲੀਆਂ, ਫੁੱਟਪਾਥ ਤੇ ਸ਼ੈਡ ਬਣਾਏ ਗਏ ਵਿਖਾਏ ਗਏ ਹਨ ਜਦਕਿ ਫੰਡਾਂ ਦੀ ਵਰਤੋਂ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਸਿਆਸੀ ਫਾਇਦਿਆਂ ਲਈ ਕੀਤੀ ਗਈ ਹੈ ਤੇ ਇਸ ਵਾਸਤੇ ਕੱਚੇ ਮਾਲ ਦੀ ਸਪਲਾਈ ਕਰਨ ਵਾਲਿਆਂ ਤੇ ਗ੍ਰਾਮ ਪੰਚਾਇਤਾਂ ਨਾਲ ਵੀ ਗੰਢਤੁਪ ਕੀਤੀ ਗਈ ਹੈ।  ਉਹਨਾਂ ਕਿਹਾ ਕਿ ਇਸੇ ਤਰੀਕੇ ਅਯੋਗ ਲੋਕਾਂ  ਨੂੰ ਜੋਬ ਕਾਰਡ ਜਾਰੀ ਕੀਤੇ ਗਏ ਹਨ ਤੇ ਹੈਰਾਨੀਜਨਕ ਇਹ ਹੈ ਕਿ ਮਰੇ ਹੋਏ ਲੋਕਾਂ ਨੂੰ ਵੀ ਮਨਰੇਗਾ ਦੇ ਕੰਮ ਕਰਨ ਵਾਲਿਆਂ ਦੀ ਸੂਚੀ ਵਿਚ ਪਾਇਆ ਹੋਇਆ ਹੈ।

Akali dal

ਇਸ ਦੌਰਾਨ ਸੁਖਬੀਰ ਬਾਦਲ ਨੇ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੂੰ ਇਹ ਵੀ ਅਪੀਲ ਕੀਤੀ ਕਿ ਪੰਜਾਬ ਵਿਚ ਮਨਰੇਗਾ ਦੇ ਕੰਮਾਂ ਦੀ ਨਿਗਰਾਨੀ ਵਾਸਤੇ ਟੀਮ ਤਾਇਨਾਤ ਕੀਤੀ ਜਾਵੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਕੀਮ ਦਾ ਲਾਭ ਸਮਾਜ ਦੇ ਅਣਗੌਲੇ ਵਰਗਾਂ ਨੂੰ ਮਿਲੇ ਅਤੇ ਇਹ ਭ੍ਰਿਸ਼ਟਾਚਾਰ ਦਾ ਅੱਡਾ ਨਾ ਬਣ ਕੇ ਰਹਿ ਜਾਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.