ਕੁਝ ਹੀ ਮਿੰਟਾਂ ‘ਚ ਇੱਕੋ ਘਰ ‘ਚ ਹੋਈਆਂ ਤਿੰਨ ਮੌਤਾਂ
ਬਰਨਾਲਾ (ਜੀਵਨ ਰਾਮਗੜ੍ਹ/ਜਸਵੀਰ ਸਿੰਘ)। ਬਰਨਾਲਾ ਵਿਖੇ ਯੂਥ ਕਾਂਗਰਸ ਦੇ ਜ਼ਿਲ੍ਹਾ ਜਨਰਲ ਸਕੱਤਰ ਹਰਮੇਸ਼ ਮਿੱਤਲ ਨੇ ਆਪਣੇ ਦਾਦੇ ਦੀ ਕੈਂਸਰ ਨਾਲ ਹੋਈ ਮੌਤ ਕਾਰਨ ਸਦਮਾ ਨਾ ਸਹਾਰਦਿਆਂ ਪਹਿਲਾਂ ਆਪਣੀ ਦਾਦੀ ਨੂੰ ਗੋਲੀਆਂ ਨਾਲ ਮਾਰ ਮੁਕਾਇਆ ਤੇ ਪਿੱਛੋਂ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਜਿਸ ਕਾਰਨ ਕੁਝ ਮਿੰਟਾਂ ‘ਚ ਇੱਕੋ ਘਰ ‘ਚ ਤਿੰਨ ਮੌਤਾਂ ਹੋਣ ਕਾਰਨ ਸ਼ਹਿਰ ਵਿੱਚ ਮਾਤਮ ਛਾ ਗਿਆ। ਜ਼ਿਕਰਯੋਗ ਹੈ ਕਿ ਹਰਮੇਸ਼ ਮਿੱਤਲ ਦੇ ਮਾਤਾ-ਪਿਤਾ ਵੀ ਨਹੀਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਂਗਰਸ ਜ਼ਿਲ੍ਹਾ ਪ੍ਰਧਾਨ ਮੱਖਣ ਸ਼ਰਮਾ ਨੇ ਦੱਸਿਆ ਕਿ ਯੂਥ ਕਾਂਗਰਸ ਦੇ ਜਨਰਲ ਸੈਕਟਰੀ ਹਰਮੇਸ਼ ਮਿੱਤਲ ਦੇ ਦਾਦਾ ਹਰੀ ਚੰਦ ਟੱਲੇਵਾਲੀਆ ਦੀ ਕੈਂਸਰ ਨਾਲ ਅੱਜ ਸਵੇਰੇ ਹੀ ਮੌਤ ਹੋ ਗਈ ਸੀ, ਜਿਸ ਕਾਰਨ ਰਿਸ਼ਤੇਦਾਰ ਤੇ ਸਨੇਹੀ ਉਨ੍ਹਾਂ ਦੇ ਘਰ ਇਕੱਠੇ ਹੋਏ ਸਨ। ਇਸ ਦੌਰਾਨ ਹੀ ਸਦਮਾਗ੍ਰਸਤ ਹਰਮੇਸ਼ ਮਿੱਤਲ ਨੇ ਆਪਣੀ ਦਾਦੀ ਨੂੰ ਸੱਥਰ ਤੋਂ ਉਠਾ ਕੇ ਇੱਕ ਕਮਰੇ ‘ਚ ਲੈ ਗਿਆ ਤੇ ਕੁੰਡੀ ਲਾ ਕੇ ਆਪਣੇ ਲਾਇਸੰਸੀ ਰਿਵਾਲਵਰ ਨਾਲ ਪਹਿਲਾਂ ਆਪਣੀ ਦਾਦੀ ਕ੍ਰਿਸ਼ਨਾ ਦੇਵੀ ਦੇ ਮੱਥੇ ‘ਚ 2 ਗੋਲੀਆਂ ਮਾਰੀਆਂ ਤੇ ਪਿੱਛੋਂ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ : ਸ਼ੱਕੀ ਹਾਲਾਤ ’ਚ ਜਿਉਂਦਾ ਸੜਿਆ ਨੌਜਵਾਨ
ਗੋਲੀਬਾਰੀ ਦੀ ਅਵਾਜ਼ ਸੁਣ ਜਦ ਦੁੱਖ ਪ੍ਰਗਟ ਕਰਨ ਆਏ ਰਿਸ਼ਤੇਦਾਰ ਤੇ ਆਸ-ਪਾਸ ਦੇ ਲੋਕਾਂ ਨੇ ਦਰਵਾਜਾ ਭੰਨ ਕੇ ਦੇਖਿਆ ਤਾਂ ਦੋਵੇਂ ਖੂਨ ਨਾਲ ਲੱਥ-ਪੱਥ ਪਏ ਸਨ, ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਦਾਦੀ-ਪੋਤਾ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਹਰਮੇਸ਼ ਮਿੱਤਲ ਦੇ ਜਨਮ ਤੋਂ ਪਹਿਲਾਂ ਉਸ ਦੇ ਪਿਤਾ ਨੇ ਖੁਦਕੁਸ਼ੀ ਕਰ ਲਈ ਸੀ ਤੇ ਹਰਮੇਸ਼ ਦਾ ਜਨਮ ਪਿਤਾ ਦੀ ਮੌਤ ਤੋਂ 2 ਮਹੀਨੇ ਬਾਅਦ ਹੋਇਆ, ਪ੍ਰੰਤੂ ਬਦਕਿਸਮਤੀ ਹਰਮੇਸ਼ ਦੀ ਮਾਂ ਨੇ ਵੀ ਉਸ ਨੂੰ ਦਾਦਾ-ਦਾਦੀ ਦੇ ਸਹਾਰੇ ਛੱਡ ਕੇ ਚਲੀ ਗਈ, ਜਿਸ ਪਿੱਛੋਂ ਦਾਦਾ-ਦਾਦੀ ਨੇ ਹੀ ਹਰਮੇਸ਼ ਮਿੱਤਲ ਦਾ ਪਾਲਣ-ਪੋਸ਼ਣ ਕੀਤਾ ਸੀ।
ਸ਼ਹਿਰ ਅੰਦਰ ਕੁਝ ਹੀ ਮਿੰਟਾਂ ‘ਚ ਤਿੰਨ ਮੌਤਾਂ ਨੇ ਇੱਕ ਖਾਨਦਾਨ ਖਤਮ ਕਰ ਦਿੱਤਾ। ਪੁਲਿਸ ਥਾਣਾ ਬਰਨਾਲਾ ਦੇ ਸਬ ਇੰਸਪੈਕਟਰ ਬਲਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਹਰਮੇਸ਼ ਮਿੱਤਲ ਖਿਲਾਫ਼ 302 ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 174 ਦੀ ਕਾਰਵਾਈ ਕਰਨ ਪਿੱਛੋਂ ਦੋਵਾਂ ਲਾਸ਼ਾਂ ਦੇ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀਆਂ ਗਈਆਂ ਹਨ।