ਭੜਕੀਆਂ ਆਂਗਣਵਾੜੀ ਮੁਲਾਜ਼ਮਾਂ ਨੇ ਕੀਤੀ ਨਾਅਰੇਬਾਜੀ, ਪੁਲਿਸ ਨੇ ਧੱਕੇਸ਼ਾਹੀ ਦੇ ਦੋਸ਼ ਨਕਾਰੇ
ਬਠਿੰਡਾ,ਅਸ਼ੋਕ ਵਰਮਾ
ਆਪਣੀਆਂ ਮੰਗਾਂ ਨੂੰ ਲੈਕੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਹਲਕੇ ‘ਚ ਰੋਸ ਮਾਰਚ ਕਰ ਰਹੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਅਤੇ ਪੁਲਿਸ ਵਿਚਕਾਰ ਤਿੱਖੀਆਂ ਝੜਪਾਂ ਹੋਈਆਂ ਇਸ ਧੱਕਾ ਮੁੱਕੀ ‘ਚ ਇੱਕ ਮਹਿਲਾ ਵਰਕਰ ਸੜਕ ‘ਤੇ ਡਿੱਗ ਪਈ, ਜਿਸ ਦੇ ਮਾਮੂਲੀ ਸੱਟਾਂ ਲੱਗੀਆਂ ਪੁਲਿਸ ਦੇ ਇਸ ਵਤੀਰੇ ਕਾਰਨ ਆਂਗਣਵਾੜੀ ਮੁਲਾਜ਼ਮ ਭੜਕ ਗਈਆਂ ਤੇ ਪੁਲਿਸ ਤੇ ਪੰਜਾਬ ਸਰਕਾਰ ਖਿਲਾਫ ਰੋਹ ਭਰੀ ਨਾਅਰੇਬਾਜੀ ਕੀਤੀ।
ਰੌਚਕ ਤੱਥ ਹੈ ਕਿ ਮੀਡੀਆ ਨੂੰ ਤਾਂ ਮੁਲਾਜ਼ਮਾਂ ਦੇ ਇਸ ਐਕਸ਼ਨ ਦਾ ਇਲਮ ਸੀ ਪਰ ਖੁਫੀਆ ਵਿੰਗ ਦੇ ਮੁਲਾਜ਼ਮ ਐਨੀ ਵੱਡੀ ਨਫਰੀ ਦੇ ਬਠਿੰਡਾ ਪੁੱਜਣ ਪ੍ਰਤੀ ਪੂਰੀ ਤਰ੍ਹਾਂ ਅਣਜਾਣ ਸਨ ਵੇਰਵਿਆਂ ਅਨੁਸਾਰ ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਵੱਲੋਂ ਆਪਣੇ ਮਾਣ ਭੱਤੇ ‘ਚ ਕਟੌਤੀ ਨੂੰ ਲੈਕੇ ਬਠਿੰਡਾ ‘ਚ ਰੋਸ ਮਾਰਚ ਦਾ ਸੱਦਾ ਦਿੱਤਾ ਗਿਆ ਸੀ ਸਰਕਾਰ ਦੀਆਂ ਖੁਫੀਆ ਏਜੰਸੀਆਂ ਅਤੇ ਬਠਿੰਡਾ ਪੁਲਿਸ ਨੂੰ ਝਕਾਨੀ ਦੇ ਕੇ ਅੱਜ 4000 ਤੋਂ ਵੱਧ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਕਾਲੇ ਝੰਡਿਆਂ ਤੇ ਕਾਲੀਆਂ ਚੁੰਨੀਆਂ ਲੈਕੇ ਕਿਲਾ ਮੁਬਾਰਕ ਤੋਂ ਰੋਸ ਮਾਰਚ ਸ਼ੁਰੂ ਕਰ ਦਿੱਤਾ ਜਿਸ ਨੂੰ ਐਸਪੀ ਸਿਟੀ ਜਸਪਾਲ ਦੀ ਅਗਵਾਈ ਹੇਠ ਟੇਢੀਆਂ ਗੱਡੀਆਂ ਲਾਕੇ ਆਰੀਆ ਸਮਾਜ ਚੌਂਕ ‘ਚ ਪੁਲਿਸ ਨੇ ਰੋਕ ਲਿਆ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਅੱਗੇ ਵਧਣ ਲਈ ਬਜਿੱਦ ਸਨ ਜਦੋਂਕਿ ਅਫਸਰ ਹਾਕਮ ਧਿਰ ਵੱਲੋਂ ਕੀਤੇ ਜਾ ਰਹੇ ਚੋਣ ਪ੍ਰਚਾਰ ਕਾਰਨ ਉਸ ਤਰਫ ਜਾਣ ਤੋਂ ਰੋਕਦੇ ਰਹੇ ਜਦੋਂ ਆਂਗਣਵਾੜੀ ਮੁਲਾਜਮਾਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਮਹਿਲਾ ਪੁਲਿਸ ਨੇ ਧੱਕਾ ਮੁੱਕੀ ਸ਼ੁਰੂ ਕਰ ਦਿੱਤੀ ਇਸ ਦੌਰਾਨ ਮਹਿਲਾ ਸਿਪਾਹੀਆਂ ਨੇ ਵਰਕਰਾਂ ਅਤੇ ਹੈਲਪਰਾਂ ਤੇ ਕਥਿਤ ਡੰਡੇ ਵੀ ਵਰ੍ਹਾਏ ਆਂਗਣਵਾੜੀ ਮੁਲਾਜਮਾਂ ਨੇ ਦੋਸ਼ ਲਾਇਆ ਕਿ ਉਹ ਸ਼ਾਂਤਮਈ ਮਾਰਚ ਕਰ ਰਹੀਆਂ ਸਨ ਅਤੇ ਪੁਲਿਸ ਨੇ ਉਨ੍ਹਾਂ ਤੇ ਡੰਡਾਚਾਰਜ ਕੀਤਾ ਹੈ ਇਸ ਮੌਕੇ ਆਂਗਣਵਾੜੀ ਮੁਲਾਜਮ ਆਗੂ ਹਰਗੋਬਿੰਦ ਕੌਰ ਅਤੇ ਪੁਲਿਸ ਵਿਚਕਾਰ ਤਿੱਖੀ ਬਹਿਸ ਹੋਈ ਜਿਸ ਤੋਂ ਬਾਅਦ ਆਂਗਣਵਾੜੀ ਮੁਲਾਜਮਾਂ ਨੇ ਪੁਲਿਸ ਦੀਆਂ ਰੋਕਾਂ ਤੋੜ ਦਿੱਤੀਆਂ ਤੇ ਫਾਇਰ ਬ੍ਰਿਗੇਡ ਚੌਂਕ ਵੱਲ ਚਾਲੇ ਪਾ ਦਿੱਤੇ ਤਾਂ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਆਂਗਣਵਾੜੀ ਮੁਲਾਜਮਾਂ ਦੇ ਜੋਸ਼ ਅੱਗੇ ਮਹਿਲਾ ਪੁਲਿਸ ਦੇ ਪੈਰ ਉੱਖੜਦੇ ਰਹੇ ਅਤੇ ਉਨ੍ਹਾਂ ਨੇ ਪੁਲਿਸ ਨੂੰ ਲੰਮਾਂ ਸਮਾਂ ਮੂਹਰੇ ਲਾਈ ਰੱਖਿਆ ਭੜਕੀਆਂ ਆਂਗਣਵਾੜੀ ਮੁਲਾਜਮਾਂ ਨੇ ਬਜਾਰਾਂ ਵਿਚ ਹਕੂਮਤ ਦਾ ਪਿੱਟ ਸਿਆਪਾ ਤੇ ਲੋਕਾਂ ਨੂੰ ਮਹਿਲਾਵਾਂ ਨਾਲ ਧੱਕਾ ਕਰਨ ਵਾਲੀ ਸਰਕਾਰ ਨੂੰ ਨਕਾਰਨ ਦਾ ਸੱਦਾ ਦਿੱਤਾ ਰੋਸ ਮਾਰਚ ਕਰਕੇ ਮਹਿਲਾਵਾ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਲਾਗੇ ਪੁੱਜ ਗਈਆਂ ਜਿੱਥੇ ਪੰਜਾਬ ਸਰਕਾਰ ਤੇ ਵਿੱਤ ਮੰਤਰੀ ਖਿਲਾਫ ਭੜਥੂ ਪਾਇਆ ਇਸਤਰੀ ਮੁਲਾਜ਼ਮਾਂ ਦੇ ਤੇਵਰਾਂ ਨੂੰ ਦੇਖਦਿਆਂ ਪੁਲਿਸ ਅਫਸਰਾਂ ਨੇ ਮੰਗ ਪੱਤਰ ਦਿਵਾਇਆ ਅਤੇ ਮਾਮਲਾ ਸ਼ਾਂਤ ਕੀਤਾ ਆਂਗਣਵਾੜੀ ਯੂਨੀਅਨ ਦੀ ਜਰਨਲ ਸਕੱਤਰ ਗੁਰਮੀਤ ਕੌਰ ਗੋਨਿਆਣਾ ਨੇ ਕਿਹਾ ਕਿ ਪਹਿਲਾਂ ਤਾਂ ਪੰਜਾਬ ਸਰਕਾਰ ਨੇ ਆਂਗਣਵਾੜੀ ਸੈਂਟਰਾਂ ਦੇ ਛੇ ਲੱਖ ਬੱਚੇ ਖੋਹ ਕੇ ਪ੍ਰੀ-ਪ੍ਰਾਇਮਰੀ ਸੈਂਟਰਾਂ ‘ਚ ਦਾਖਲ ਕਰ ਲਏ ਸਨ ਤੇ ਹੁਣ ਮਾਣ ਪੱਤਾ ਘਟਾ ਦਿੱਤਾ ਹੈ ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਨੇ ਸੰਘਰਸ਼ ਦੇ ਦਬਾਅ ਹੇਠ ਵਰਕਰਾਂ ਤੇ ਹੈਲਪਰਾਂ ਦੇ ਕ੍ਰਮਵਾਰ 1500 ਤੇ 750 ਰੁਪਏ ਵਧਾਏ ਸਨ ਇਸ ਰਾਸ਼ੀ ਚੋਂ ਪੰਜਾਬ ਸਰਕਾਰ ਨੇ ਆਪਣੇ ਹਿੱਸੇ ਵਾਲੇ 40 ਪ੍ਰਤੀਸ਼ਤ ‘ਚ ਕਟੌਤੀ ਕਰ ਦਿੱਤੀ ਹੈ, ਜਿਸ ਕਰਕੇ ਵਰਕਰਾਂ ਤੇ ਹੈਲਪਰਾਂ ਵਿਚ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਦੀ ਮੰਗ ਹੈ ਕਿ ਸਰਕਾਰ ਪੂਰੇ ਪੈਸੇ ਦੇਵੇ ਅਤੇ ਆਪਣੇ ਵੱਲੋਂ ਦਿੱਤੇ ਜਾ ਰਹੇ ਮਾਣਭੱਤੇ ਨੂੰ ਦੁੱਗਣਾ ਕਰੇ।
ਸਰਕਾਰ ਨੇ ਧਰੋਹ ਕਮਾਇਆ : ਹਰਗੋਬਿੰਦ ਕੌਰ
ਯੂਨੀਅਨ ਦੀ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਨੇ ਮਾਣ ਪੱਤੇ ‘ਚ ਕਟੌਤੀ ਕਰਕੇ ਪੰਜਾਬ ਦੀਆਂ 54 ਹਜ਼ਾਰ ਵਰਕਰਾਂ ਤੇ ਹੈਲਪਰਾਂ ਨਾਲ ਧਰੋਹ ਕਮਾਇਆ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਵਾਰ ਵਾਰ ਮੰਗ ਪੱਤਰ ਦਿੱਤੇ ਸਨ ਫਿਰ ਵੀ ਕੈਪਟਨ ਸਰਕਾਰ ਨੇ ਮਸਲੇ ਦਾ ਹੱਲ ਨਹੀਂ ਕੀਤਾ, ਜਿਸ ਕਰਕੇ ਵਿੱਤ ਮੰਤਰੀ ਦੇ ਹਲਕੇ ‘ਚ ਅੱਜ ਕਾਲੇ ਝੰਡੇ ਲਹਿਰਾਉਣੇ ਪਏ ਹਨ ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸੰਘਰਸ਼ ਜਾਰੀ ਰਹੇਗਾ ਤੇ ਇਸ ਤੋਂ ਵੀ ਤਿੱਖੇ ਐਕਸ਼ਨ ਕੀਤੇ ਜਾਣਗੇ ।
ਪੁਲਿਸ ਪ੍ਰਸ਼ਾਸਨ ਦਾ ਪੱਖ
ਐੱਸਪੀ (ਸਿਟੀ) ਜਸਪਾਲ ਨੇ ਆਂਗਣਵਾੜੀ ਮੁਲਾਜ਼ਮਾਂ ਵੱਲੋਂ ਲਾਏ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਕਿਸੇ ਨੂੰ ਵੀ ਧੱਕੇ ਜਾਂ ਡੰਡੇ ਨਹੀਂ ਮਾਰੇ ਗਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।