ਹਾਰ ਤੋਂ ਜਿੱਤ ਵੱਲ ਲਿਜਾਂਦਾ ਆਤਮ-ਵਿਸ਼ਵਾਸ

Confidence Sachkahoon

ਹਾਰ ਤੋਂ ਜਿੱਤ ਵੱਲ ਲਿਜਾਂਦਾ ਆਤਮ-ਵਿਸ਼ਵਾਸ

ਅਸੀਂ ਹਰ ਵੇਲੇ ਮੌਤ ਅਤੇ ਨਾਕਾਮਯਾਬੀਆਂ ਦੇ ਡਰ ਤੋਂ ਹੀ ਭੈਭੀਤ ਹੋਏ ਰਹਿੰਦੇ ਹਾਂ, ਜਦਕਿ ਮੌਤ ਜਾਂ ਅਸਫਲਤਾ ਓਨੀ ਭਿਆਨਕ ਨਹੀਂ ਹੁੰਦੀ ਜਿੰਨੇ ਭਿਆਨਕ ਨਤੀਜੇ ਇੱਸ ਤੋਂ ਹੋਣ ਵਾਲੇ ਡਰ ਤੋਂ ਹੁੰਦੇ ਹਨ। ਮੌਤ ਤਾਂ ਸਾਨੂੰ ਇੱਕ ਵਾਰ ਮਾਰਦੀ ਹੈ ਪਰ ਇਸਦਾ ਭੈਅ, ਇਸਦੀਆਂ ਸ਼ੰਕਾਵਾਂ ਸਾਨੂ ਹਰ ਪਲ, ਹਰ ਛਿਣ ਮਾਰਦੀਆਂ ਹਨ ਅਤੇ ਸਾਡੇ ਸਮੁੱਚੇ ਜੀਵਨ ਨੂੰ ਨਰਕ ’ਚ ਤਬਦੀਲ ਕਰ ਦਿੰਦੀਆਂ ਹਨ। ਜੇਕਰ ਸਾਡੀ ਇੱਛਾ ਸ਼ਕਤੀ ਦਿ੍ਰੜ ਹੈ ਤਾਂ ਮੌਤ ਦਾ ਭੈਅ ਸਾਨੂੰ ਨਹੀਂ ਸਤਾ ਸਕਦਾ ਹੈ। ਅਸਫਲਤਾ ਉਨ੍ਹਾਂ ਲੋਕਾਂ ਲਈ ਪ੍ਰੇਰਣਾਸਰੋਤ ਹੁੰਦੀ ਹੈ ਜਿਨ੍ਹਾਂ ਨੂੰ ਆਪਣੀ ਜਿੱਤ ਦਾ ਪੂਰਾ ਭਰੋਸਾ ਹੁੰਦਾ ਹੈ। ਉਹ ਹਾਰ ਨੂੰ ਸਿਰਫ ਇਸ ਲਈ ਕਬੂਲ ਕਰਦੇ ਹਨ ਕਿ ਇਸ ਨੂੰ ਜਿੱਤ ’ਚ ਬਦਲਿਆ ਜਾ ਸਕੇ।

ਕਿ੍ਰਕਟ ਦੇ ਮੁਕਾਬਲਿਆਂ ’ਚ ਇੱਕ ਗੱਲ ਤਾਂ ਪੱਕੀ ਹੁੰਦੀ ਹੈ ਕਿ ਦੋਹਾਂ ਵਿੱਚੋਂ ਇੱਕ ਟੀਮ ਦੀ ਹਾਰ ਤੈਅ ਹੈ। ਹਾਰਨ ਵਾਲੀ ਟੀਮ ਆਪਣੇ ਨਜ਼ਰੀਏ ’ਚ ਬਦਲਾਅ ਲਿਆ ਕੇ ਹਾਰ ਨੂੰ ਆਪਣੀ ਅਗਲੀ ਜਿੱਤ ਲਈ ਅਭਿਆਸ ਮੈਚ ਮੰਨੇ। ਉਂਜ ਵੀ ਕਿਸੇ ਵੀ ਟੀਮ ਲਈ ਆਪਣੀ ਅਗਲੀ ਜਿੱਤ ਲਈ ਇੱਕੋ-ਇੱਕ ਬਦਲ ਇਹੀ ਹੁੰਦਾ ਹੈ ਕਿ ਵੱਧ ਤੋਂ ਵੱਧ ਅਭਿਆਸ ਕੀਤਾ ਜਾਵੇ। ਇੱਥੇ ਹਾਰ ਦਾ ਮਹੱਤਵ ਜਿੱਤ ਦੇ ਮਹੱਤਵ ਤੋਂ ਵੱਧ ਹੁੰਦਾ ਹੈ। ਪਿਛਲੇ ਮੈਚਾਂ ਦੀਆਂ ਗਲਤੀਆਂ ਨੂੰ ਸੁਧਾਰ ਕੇ ਉਹ ਟੀਮਾਂ ਭਵਿੱਖ ’ਚ ਅਣਗਿਣਤ ਜਿੱਤਾਂ ਹਾਸਲ ਕਰ ਸਕਦੀਆਂ ਹਨ। ਅਜਿਹਾ ਹੋਣਾ ਸਦਾ ਹਾਰ ਨਾਲ ਹੀ ਸੰਭਵ ਹੁੰਦਾ ਹੈ।

ਲੋਕਾਂ ਦੇ ਅਸਫਲ ਹੋਣ ਦਾ ਸੱਭ ਤੋਂ ਵੱਡਾ ਕਾਰਨ ਇਹ ਹੁੰਦਾ ਹੈ ਕਿ ਉਹ ਆਪਣੇ ਮਨ ’ਚ ਆਪੂੰ ਪੈਦਾ ਕੀਤੇ ਡਰ ਤੋਂ ਈ ਡਰੇ ਹੋਏ ਹੁੰਦੇ ਹਨ। ਜਦਕਿ ਆਦਮੀ ਨੂੰ ਆਪਣੇ ਸਾਹਮਣੇ ਖੜ੍ਹੀ ਮੌਤ ਨੂੰ ਵੀ ਹਰਾਉਣ ਦਾ ਜਜ਼ਬਾ ਹੋਣਾ ਚਾਹੀਦਾ ਹੈ। ਜਿੱਤਾਂ ਹਾਸਲ ਕਰਨਾ ਸਿਰਫ ਕੋਸ਼ਿਸ਼ ਈ ਨਹੀਂ ਬਲਕਿ ਇਹ ਤਾਂ ਇੱਕ ਆਦਤ ਹੈ। ਜਿੱਤਦਾ ਉਹੀ ਹੈ ਜੋ ਜਿੱਤਣਾ ਜਾਣਦਾ ਹੈ।

ਜਿੱਤ ਸਿਰਫ ਲੜਨ ਨਾਲ ਈ ਨਹੀਂ ਮਿਲਦੀ। ਜਿੱਤ ਤਾਂ ਜਿੱਤਣ ਦੀ ਪ੍ਰਬਲ ਇੱਛਾ ਨਾਲ ਮਿਲਦੀ ਹੈ। ਕੁਸ਼ਤੀ ਲੜਨ ਵਾਲਾ ਕੋਈ ਪਹਿਲਵਾਨ ਤਾਂ ਮੁੜ੍ਹਕਾ ਡੋਲ੍ਹ ਕੇ ਅਤੇ ਆਪਣੀ ਪੂਰੀ ਤਾਕਤ ਝੋਕ ਕੇ ਆਪਣੀ ਜਿੱਤ ਦਰਜ ਕਰਦਾ ਹੈ ਤੇ ਕੋਈ ਪਹਿਲਵਾਲ ਸਿਰਫ ਅੱਖਾਂ ਵਿਖਾ ਕੇ ਹੀ ਜਿੱਤ ਜਾਂਦਾ ਹੈੈ। ਉਹਦੀਆਂ ਅੱਖਾਂ ਦੀ ਚਮਕ ਆਪਣੇ ਵਿਰੋਧੀ ਦੀਆਂ ਅੱਖਾਂ ਥਾਣੀ ਉਹਦੇ ਦਿਮਾਗ ’ਚ ਲਹਿ ਕੇ ਆਪਣੀ ਜਿੱਤ ਦੀ ਕਹਾਣੀ ਬਿਆਨ ਕਰ ਦਿੰਦੀ ਹੈ ਅਤੇ ਸਾਹਮਣੇ ਵਾਲਾ ਹਾਰ ਜਾਂਦਾ ਹੈ। ਯੁੱਧ ਬਾਰੇ ਕਿਹਾ ਗਿਆ ਹੈ ਕਿ ਯੁੱਧ ਸਰੀਰ ਤੋਂ ਘੱਟ ਮਾਨਸਿਕ ਹੌਂਸਲੇ ਅਤੇ ਅਕਲ ਤੋਂ ਜਿਆਦਾ ਲੜਿਆ ਜਾਂਦਾ ਹੈ।

ਮੱਲਾਂ ਮਾਰਨ ਲਈ ਆਤਮ-ਵਿਸ਼ਵਾਸ ਦਾ ਮਹੱਤਵ ਸਭ ਤੋਂ ਜ਼ਰੂਰੀ ਹੈ। ਆਤਮ-ਵਿਸ਼ਵਾਸ, ਭਾਵ ਆਪਣੇ ਕੰਮ ਪ੍ਰਤੀ ਦਿ੍ਰੜ੍ਹਤਾ। ਅਜਿਹਾ ਜਨੂੰਨ, ਜੋ ਕੰਮ ਪੂਰਾ ਹੋਣ ਤੱਕ ਅਰੁੱਕ ਚੱਲਦਾ ਰਹੇ। ਅਜਿਹੀ ਇੱਛਾ ਸ਼ਕਤੀ ਜੋ ਹਰ ਪਲ ਜੂਝਣ ਦਾ ਹੌਂਸਲਾ ਬਖਸ਼ੇ। ਅਜਿਹੀ ਜੀਵਨ ਜਾਚ ਜੋ ਪੈਰ-ਪੈਰ ’ਤੇ ਚੜ੍ਹਦੀਆਂ ਕਲਾਂ ’ਚ ਰਹਿੰਦਿਆਂ ਸੁਚੱਜੀ ਜਿੰਦਗੀ ਜਿਉਣ ਦੇ ਰਾਹ ਲੱਭੇ।

ਆਤਮ-ਵਿਸ਼ਵਾਸ ਉਹ ਸ਼ਕਤੀ ਹੈ ਜੋ ਤੁਹਾਨੂੰ ਹਾਰ ਤੋਂ ਜਿੱਤ ਵੱਲ ਲੈ ਜਾਂਦੀ ਹੈ। ਇਸੇ ਸ਼ਕਤੀ ਨਾਲ ਹੀ ਪਹਾੜਾਂ ’ਚ ਸੁਰੰਗਾਂ ਅਤੇ ਸਮੁੰਦਰ ’ਚ ਰਸਤੇ ਬਣਾਏ ਜਾ ਸਕਦੇ ਹਨ। ਆਤਮ-ਵਿਸ਼ਵਾਸ ਨਾਲ ਹੀ ਵੱਡੇ-ਵੱਡੇ ਵਿਗਿਆਨਕਾਂ ਨੇ ਅਸੰਭਵ ਲੱਗਣ ਵਾਲੀਆਂ ਤਕਨੀਕਾਂ ਦੀ ਖੋਜ ਕੀਤੀ ਹੈ। ਇਹ ਆਤਮ-ਵਿਸ਼ਵਾਸ ਦਾ ਹੀ ਨਤੀਜਾ ਹੈ ਕਿ ਧਰਤੀ ਖੰਡਰ ਨਾ ਹੋ ਕੇ ਅੱਜ ਇਨਸਾਨ ਦੇ ਜਿਊਣ ਲਈ ਸਵਰਗ ਹੈ। ਹਾਰ ਦੇ ਬਾਵਜ਼ੂਦ ਹਾਰ ਤੋ ਸਿੱਖਿਆ ਲੈ ਕੇ ਮੁੱੜ ਕੋਸ਼ਿਸ਼ ਕਰਨ ਵਾਲੇ ਨੂੰ ਹੀ ਸਫ਼ਲਤਾ ਮਿਲਦੀ ਹੈ।

ਹਾਰਨਾ ਕੋਈ ਮਾੜੀ ਗੱਲ ਨਹੀਂ ਪਰ ਹਾਰ ਦੀ ਆਦਤ ਬਣਾ ਲੈਣਾ ਮਾੜੀ ਗੱਲ ਹੈ। ਨਦੀ ਦਾ ਪਾਣੀ ਜਦ ਝਰਨੇ ਦੇ ਰੂਪ ਵਿੱਚ ਡਿੱਗਦਾ ਹੈ ਤਾਂ ਉੱਚਾਈ ਤੋਂ ਡਿੱਗਣ ਦੇ ਬਾਵਜੂਦ ਸੱਟਾਂ ਖਾ ਕੇ ਵੀ ਉਹ ਹੋਰ ਤੇਜੀ ਨਾਲ ਅੱਗੇ ਵਹਿੰਦਾ ਤੁਰਿਆ ਜਾਂਦਾ ਹੈ। ਪੱਤਝੜ ਦੇ ਮੌਸਮ ’ਚ ਰੁੱਖਾਂ ਤੋਂ ਜਿੰਨੇ ਪੱਤੇ ਡਿੱਗਦੇ ਹਨ, ਬਸੰਤ ਰੁੱਤ ’ਚ ਉਸ ਤੋਂ ਦੁੱਗਣੇ ਪੱਤੇ ਰੁੱਖ ’ਤੇ ਹੋਰ ਆ ਜਾਂਦੇ ਹਨ।

ਸੰਤੋਖ ਸਿੰਘ ਭਾਣਾ, ਗੁਰੂ ਅਰਜਨ ਦੇਵ ਨਗਰ, ਫਰੀਦਕੋਟ।
ਮੋ. 98152-96475

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।