ਗੁਲਾਬ ਦੇ ਫੁੱਲਾ ਦੀ ਗੁਣਵੱਤਾ ਵਿੱਚ ਗਿਰਾਵਟ ਨੂੰ ਲੈ ਕੇ ਚਿੰਤਾ
ਨਵੀਂ ਦਿੱਲੀ (ਸੱਚ ਕਹੂੰ ਨਿਊਜ)। ਫੁੱਲਾਂ ਦੇ ਮਾਹਿਰਾਂ ਅਤੇ ਵਿਗਿਆਨੀਆਂ ਨੇ ਫੁੱਲਾਂ ਵਿੱਚ ਖਿੱਚ ਦਾ ਕੇਂਦਰ ਮੰਨੇ ਜਾਂਦੇ ਗੁਲਾਬ ਦੀ ਗੁਣਵੱਤਾ ਵਿੱਚ ਆ ਰਹੀ ਗਿਰਾਵਟ ’ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੇ ਕਿ ਘਟੀਆ ਪੌਦ ਦੀ ਸਮੱਗਰੀ ਕਾਰਨ ਦੇਸ਼ ਭਰ ਵਿੱਚ ਅਜਿਹਾ ਵੱਡੇ ਪੱਧਰ ’ਤੇ ਹੋ ਰਿਹਾ ਹੈ। ਭਾਰਤੀ ਖੇਤੀ ਖੋਜ ਸੰਸਥਾਨ ਨਵੀਂ ਦਿੱਲੀ ਦੇ ਫਲੋਰਲ ਵਿਭਾਗ ਅਤੇ ਰੋਜ਼ ਸੋਸਾਇਟੀ ਆਫ਼ ਇੰਡੀਆਂ ਵੱਲੋਂ ਕਰਵਾਈ ਗਈ ਸਾਲਾਨਾ ਰੋਜ਼ ਕਾਨਫਰੰਸ ਵਿੱਚ ਬੁਲਾਰਿਆਂ ਨੇ ਕਿਹਾ ਕਿ ਗੁਲਾਬ ਪ੍ਰਤੀ ਲੋਕਾਂ ਦੀ ਖਿੱਚ ਲਗਾਤਾਰ ਵੱਧ ਰਹੀ ਹੈ ਪਰ ਪੂਰੇ ਦੇਸ਼ ਵਿੱਚ ਇਸ ਦੀ ਪੌਦ ਸਮੱਗਰੀ ਦੀ ਹਰ ਪਾਸੇ ਭਾਰੀ ਘਾਟ ਹੈ। ਜਿਸ ਕਾਰਨ ਇਸ ਦੇ ਫੁੱਲ ਵੀ ਪ੍ਰਭਾਵਿਤ ਹੋ ਰਹੇ ਹਨ। ਬੁਲਾਰਿਆ ਨੇ ਗੁਲਾਬ ਦੀਆਂ ਪੁਰਾਣੀਆਂ ਕਿਸਮਾਂ ਦੀ ਸਾਂਭ ਸੰਭਾਲ ਅਤੇ ਪ੍ਰਸਾਰ ’ਤੇ ਜ਼ੋਰ ਦਿੱਤਾ। ਇਸ ਦੇ ਨਾਲ ਹੀ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਵੱਖ-ਵੱਖ ਗੁਲਾਬ ਦੇ ਬਾਗ ਲਗਾਉਣ ਦਾ ਸੁਝਾਅ ਦਿੱਤਾ ਗਿਆ ਹੈ।
ਗੁਲਾਬ ਦੀ ਗੁਣਵੱਤਾ ਨੂੰ ਸੁਧਾਰਨ ’ਤੇ ਜ਼ੋਰ
ਭਾਰਤੀ ਖੇਤੀ ਖੋਜ ਸੰਸਥਾਨ ਦੇ ਡਾਇਰੈਕਟਰ ਅਸ਼ੋਕ ਕੁਮਾਰ ਸਿੰਘ ਨੇ ਕੱਲ੍ਹ ਇੱਥੇ ਕਾਨਫਰੰਸ ਦਾ ਉਦਘਾਟਨ ਕੀਤਾ। ਫੁੱਲ ਵਿਭਾਗ ਦੇ ਮੁਖੀ ਅਤੇ ਰੋਜ਼ ਸੋਸਾਇਟੀ ਆਫ ਇੰਡੀਆ ਦੇ ਉਪ ਪ੍ਰਧਾਨ ਡਾ: ਐਸ.ਐਸ.ਸਿੰਧੂ ਨੇ ਗੁਲਾਬ ਦੀਆਂ ਨਵੀਆਂ ਕਿਸਮਾਂ ਦੀ ਖੋਜ ਅਤੇ ਵਿਕਾਸ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਸੰਸਥਾ ਦੇ ਪ੍ਰਮੁੱਖ ਵਿਗਿਆਨੀ ਅਤੇ ਫਲੋਰਿਸਟ ਡਾ: ਐਮ.ਕੇ.ਸਿੰਘ ਨੇ ਬਾਗਾਂ ਅਤੇ ਗਮਲਿਆਂ ਵਿੱਚ ਗੁਲਾਬ ਦੀ ਪੈਦਾਵਾਰ ਦੀ ਤਕਨੀਕ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਪੌਦਿਆਂ ਨੂੰ ਸਮੇਂ ਸਿਰ ਲਗਾਉਣਾ, ਉਨ੍ਹਾਂ ਦੀ ਕਟਾਈ ਕਰਨਾ, ਕੀੜਿਆਂ ਅਤੇ ਬਿਮਾਰੀਆ ਤੋਂ ਬਚਾਅ ਕਰਨਾ ਅਤੇ ਪੋਸ਼ਣ ਨਾਲ ਭਾਰੀ ਮਾਤਰਾ ਵਿੱਚ ਫੁੱਲਾ ਦੀ ਪੈਦਾਵਾਰ ਕੀਤੀ ਜਾ ਸਕਦੀ ਹੈ। ਇੱਕ ਹੋਰ ਮਾਹਿਰ ਵੀ.ਐਸ.ਰਾਜੂ ਨੇ ਜੰਗਲੀ ਪ੍ਰਜਾਤੀਆਂ ਦੇ ਗੁਲਾਬ ਦੀ ਗੁਣਵੱਤਾ ਵਿੱਚ ਸੁਧਾਰ ਕਰਨ ’ਤੇ ਜ਼ੋਰ ਦਿੱਤਾ। ਉਹਨਾਂ ਨੇ ਗੁਲਾਬ ਦੇ ਨਵੇਂ ਪੌਦੇ ਤਿਆਰ ਕਰਨ ਦੇ ਰਵਾਇਤੀ ਅਤੇ ਗੈਰ-ਰਵਾਇਤੀ ਤਰੀਕਿਆਂ ’ਤੇ ਵੀ ਚਾਨਣਾ ਪਾਇਆ। ਸੰਸਥਾਨ ਦੇ ਫੁੱਲ ਵਿਭਾਗ ਦੇ ਸਾਬਕਾ ਮੁਖੀ ਡਾ: ਏ.ਪੀ.ਸਿੰਘ ਨੇ ਗੁਲਾਬ ਦੇ ਉਤਪਾਦਨ ਵਿੱਚ ਸੂਖਮ ਪੌਸ਼ਟਿਕ ਤੱਤਾਂ ਅਤੇ ਹਾਰਮੋਨਾਂ ਦੀ ਭੂਮਿਕਾ ਬਾਰੇ ਵਿਸਥਾਰ ਨਾਲ ਦੱਸਿਆ।
ਗੁਲਾਬ ਦੇ ਵਪਾਰੀਕਰਨ ਅਤੇ ਨਵੀਂ ਤਕਨੀਕ ’ਤੇ ਚਰਚਾ
ਖੇਤੀ ਵਿਗਿਆਨੀ ਐਨ.ਕੇ ਡਡਲਾਨੀ ਨੇ ਗੁਲਾਬ ਨੂੰ ਲੈ ਕੇ ਹੋਈ ਖੋਜ ਅਤੇ ਇਸ ਦੇ ਬਨਸਪਤੀ ਪਹਿਲੂਆਂ ਤੇ ਚਰਚਾ ਕੀਤੀ। ਉਹਨਾਂ ਕਿਹਾ ਕਿ ਪੌਦ ਸਮੱਗਰੀ ਦੀ ਉਪਲਬਧਤਾ ਦਾ ਸਹੀ ਦਸਤਾਵੇਜ਼ ਹੋਣਾ ਚਾਹੀਦਾ ਹੈ ਅਤੇ ਗੁਲਾਬ ਦੀਆ ਕਿਸਮਾਂ ਦਾ ਨਿੱਜੀ ਜਨਤਕ ਸਾਂਝੇਦਾਰੀ ਰਾਹੀਂ ਵਪਾਰੀਕਰਨ ਕੀਤਾ ਜਾਣਾ ਚਾਹੀਦਾ ਹੈ। ਗੁਲਾਬ ਦੇ ਵਪਾਰੀਕਰਨ ਅਤੇ ਨਵੀਂ ਤਕਨੀਕ ਨਾਲ ਇਸਦੇ ਉਤਪਾਦਨ ਬਾਰੇ ਵੀ ਚਰਚਾ ਕੀਤੀ ਗਈ। ਇਸ ਦੇ ਨਾਲ ਹੀ ਗੁਲਾਬ ਤੋਂ ਬਣਾਏ ਜਾ ਰਹੇ ਉਤਪਾਦਾਂ ਅਤੇ ਉਨ੍ਹਾਂ ਦੀ ਗੁਣਵੱਤਾ ਬਾਰੇ ਵੀ ਚਾਨਣਾ ਪਾਇਆ ਗਿਆ। ਇਸ ਕਾਨਫਰੰਸ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸੰਸਥਾਵਾਂ, ਗੁਲਾਬ ਪ੍ਰੇਮੀਆਂ ਅਤੇ ਮਾਹਿਰਾਂ ਨੇ ਸ਼ਮੂਲੀਅਤ ਕੀਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ