ਸਾਡੇ ਨਾਲ ਸ਼ਾਮਲ

Follow us

14.9 C
Chandigarh
Friday, February 27, 2026
More
    Home Breaking News Kisan News: ਕ...

    Kisan News: ਕਣਕ ਦੀ ਪੀਲੀ ਕੁੰਗੀ ਦੀ ਸਰਵਪੱਖੀ ਰੋਕਥਾਮ

    Kisan News
    Kisan News: ਕਣਕ ਦੀ ਪੀਲੀ ਕੁੰਗੀ ਦੀ ਸਰਵਪੱਖੀ ਰੋਕਥਾਮ

    Kisan News: ਕਣਕ ਦੀ ਪੀਲੀ ਕੁੰਗੀ ਇੱਕ ਉੱਲੀ ਰੋਗ ਹੈ ਜਿਸ ਦਾ ਹਮਲਾ ਪੰਜਾਬ ਦੇ ਨੀਮ ਪਹਾੜੀ ਇਲਾਕਿਆਂ ਜਿਵੇਂ ਕਿ ਰੋਪੜ, ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ, ਫਤਿਹਗੜ੍ਹ ਸਾਹਿਬ, ਪਠਾਨਕੋਟ ਤੇ ਗੁਰਦਾਸਪੁਰ ਵਿੱਚ ਦਸੰਬਰ-ਜਨਵਰੀ ਦੇ ਮਹੀਨੇ ਅਕਸਰ ਵੇਖਣ ਨੂੰ ਮਿਲਦਾ ਹੈ। ਜੇਕਰ ਇਸ ਨੂੰ ਸਮੇਂ ਸਿਰ ਨਾ ਰੋਕਿਆ ਜਾਵੇ ਤਾਂ ਕਿਸਾਨ ਵੀਰਾਂ ਦਾ ਬਹੁਤ ਵੱਡੇ ਪੱਧਰ ’ਤੇ ਨੁਕਸਾਨ ਹੋ ਸਕਦਾ ਹੈ। ਪੀਲੀ ਕੁੰਗੀ ਆਪ-ਮੁਹਾਰੇ ਉੱਗੀ ਕਣਕ ਅਤੇ ਪਹਾੜੀ ਖੇਤਰਾਂ ਵਿੱਚ ਬੀਜੀ ਜਾਣ ਵਾਲੀ ਕਣਕ ਦੀ ਫਸਲ ’ਤੇ ਪਲਦੀ ਰਹਿੰਦੀ ਹੈ। ਉੱਲੀ ਦੇ ਕਣ ਹਵਾ ਦੇ ਵਹਾਅ ਰਾਹੀਂ ਨੀਮ ਪਹਾੜੀ ਇਲਾਕਿਆਂ ਵੱਲ ਆਉਂਦੇ ਹਨ।

    ਇਹ ਖਬਰ ਵੀ ਪੜ੍ਹੋ : Books vs Digital Tools: ਡਿਜ਼ੀਟਲ ਸਾਧਨਾਂ ਦੇ ਬਾਵਜ਼ੂਦ ਲੋਕ ਮਨਾਂ ’ਚ ਕਿਤਾਬਾਂ ਦੀ ਸਰਦਾਰੀ ਕਾਇਮ

    ਫਿਰ ਬਾਅਦ ਵਿੱਚ ਇਹ ਕਣ ਹਵਾ ਵਿੱਚ ਰਲ ਕੇ ਬਾਕੀ ਦੇ ਖੇਤਰਾਂ ਵਿੱਚ ਬਿਮਾਰੀ ਫੈਲਾਉਣ ਦਾ ਜ਼ਰੀਆ ਬਣਦੇ ਹਨ। ਪੀਲੀ ਕੁੰਗੀ ਦੇ ਕਣ ਹਲਦੀਨੁਮਾ ਪੀਲੇ ਧੂੜੇ ਦੇ ਰੂਪ ਵਿੱਚ ਪੈਦਾ ਹੁੰਦੇ ਹਨ ਅਤੇ ਬਾਅਦ ਵਿੱਚ ਹਵਾ ’ਚ ਰਲ ਕੇ ਇੱਕ ਖੇਤ ਤੋਂ ਦੂਜੇ ਖੇਤ ਵਿੱਚ ਫੈਲ ਜਾਂਦੇ ਹਨ। ਜੇਕਰ ਬਿਮਾਰੀ ਨਾਲ ਪ੍ਰਭਾਵਿਤ ਬੂਟੇ ਦੇ ਪੱਤਿਆਂ ਨੂੰ ਛੂਹਿਆ ਜਾਵੇ ਜਾਂ ਇਨ੍ਹਾਂ ਧੌੜੀਆਂ ਵਿੱਚੋਂ ਲੰਘਣ ’ਤੇ ਇਸ ਦਾ ਪੀਲਾ ਧੂੜਾ ਸਾਡੇ ਹੱਥਾਂ ਜਾਂ ਕੱਪੜਿਆਂ ਨੂੰ ਲੱਗ ਜਾਂਦਾ ਹੈ। ਅਨੁਕੂਲ ਹਾਲਤਾਂ ਵਿੱਚ ਕਣਕ ਦੀ ਫਸਲ ’ਤੇ ਪੀਲੀ ਕੁੰਗੀ ਦਾ ਹਮਲਾ ਇਸ ਦੀਆਂ ਸੰਵੇਦਨਸ਼ੀਲ (ਟਾਕਰਾ ਨਾ ਕਰਨ ਵਾਲੀਆਂ) ਕਿਸਮਾਂ ’ਤੇ ਇੱਕ ਪੱਤੇ ਦੇ ਆਉਣ ਤੋਂ ਲੈ ਕੇ ਬੂਟੇ ਦੇ ਹਰਾ-ਭਰਾ ਰਹਿਣ ਤੱਕ, ਕਿਸੇ ਵੀ ਸਮੇਂ ਹੋ ਸਕਦਾ ਹੈ।

    ਪੀਲੀ ਕੁੰਗੀ ਦਾ ਜ਼ਿਆਦਾ ਹਮਲਾ ਤੇ ਵਾਧਾ ਉਸ ਖੇਤਰ ਦੇ ਵਾਤਾਵਰਨ (ਠੰਢਾ ਅਤੇ ਵੱਧ ਨਮੀ ਵਾਲਾ ਮੌਸਮ) ਅਤੇ ਸੰਵੇਦਨਸ਼ੀਲ (ਬਿਮਾਰੀ ਦਾ ਨਾ ਟਾਕਰਾ ਕਰਨ ਵਾਲੀਆਂ) ਕਿਸਮਾਂ ਦੀ ਬਿਜਾਈ ’ਤੇ ਨਿਰਭਰ ਕਰਦਾ ਹੈ। ਜਦੋਂ ਰਾਤ ਦਾ ਤਾਪਮਾਨ ਘੱਟੋ-ਘੱਟ 7-13 ਡਿਗਰੀ ਸੈਂਟੀਗ੍ਰੇਡ, ਦਿਨ ਦਾ ਵੱਧ ਤੋਂ ਵੱਧ ਤਾਪਮਾਨ 15-24 ਡਿਗਰੀ ਸੈਂਟੀਗ੍ਰੇਡ ਤੱਕ ਹੋਵੇ ਤੇ ਹਵਾ ਵਿੱਚ ਨਮੀ ਦੀ ਮਾਤਰਾ 85-100% ਤੱਕ ਹੋਵੇ ਤਾਂ ਅਜਿਹੇ ਮੌਸਮੀ ਹਾਲਾਤ ਬਿਮਾਰੀ ਦੇ ਵਧਣ ਅਤੇ ਫੈਲਣ ਵਿੱਚ ਬਹੁਤ ਸਹਾਇਕ ਹੁੰਦੇ ਹਨ। ਸੰਵੇਦਨਸ਼ੀਲ ਕਿਸਮਾਂ ਉੱਪਰ ਜੇਕਰ ਇਸ ਬਿਮਾਰੀ ਨੂੰ ਰੋਕਣ ਲਈ ਸਹੀ ਸਮੇਂ ’ਤੇ ਕਾਰਵਾਈ ਨਾ ਕੀਤੀ ਜਾਵੇ। Kisan News

    ਤਾਂ ਇਸ ਨਾਲ ਕਿਸਾਨ ਵੀਰਾਂ ਦਾ ਬਹੁਤ ਵੱਡੇ ਪੱਧਰ ’ਤੇ ਨੁਕਸਾਨ ਹੋ ਸਕਦਾ ਹੈ। ਇਸ ਲਈ ਕਿਸਾਨ ਵੀਰਾਂ ਨੂੰ ਪੀਲੀ ਕੁੰਗੀ ਦੀ ਰੋਕਥਾਮ ਲਈ ਸਰਵਪੱਖੀ ਢੰਗ ਅਪਣਾਉਣੇ ਬਹੁਤ ਜ਼ਰੂਰੀ ਹਨ ਜਿਵੇਂ ਕਿ ਪੀਲੀ ਕੁੰਗੀ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ (ਪੀਬੀਡਬਲਯੂ ਜ਼ਿੰਕ 2, ਪੀਬੀਡਬਲਯੂਆਰਐਸ 1, ਪੀਬੀਡਬਲਯੂ 725, ਉੱਨਤ ਪੀਬੀਡਬਲਯੂ 550 ਅਤੇ ਉੱਨਤ ਪੀਬੀਡਬਲਯੂ 660) ਦੀ ਬਿਜਾਈ ਨੂੰ ਤਰਜੀਹ ਦੇਣੀ ਚਾਹੀਦੀ ਹੈ। ਖਾਸ ਤੌਰ ’ਤੇ ਨੀਮ ਪਹਾੜੀ ਇਲਾਕਿਆਂ ਵਿੱਚ ਅਕਤੂਬਰ ਦੇ ਮਹੀਨੇ ਕਣਕ ਦੀ ਬਿਜਾਈ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਅਗੇਤੀ ਬਿਜਾਈ ਨਾਲ ਬਿਮਾਰੀ ਦੇ ਜਲਦੀ ਸ਼ੁਰੂ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।

    ਇਨ੍ਹਾਂ ਖੇਤਰਾਂ ਵਿੱਚ ਪਾਣੀ ਲਾਉਣ/ਮੀਂਹ ਪੈਣ ਤੋਂ ਬਾਅਦ ਪੀਲੀ ਕੁੰਗੀ ਦੀ ਆਮਦ ਦੇਖਣ ਲਈ ਅੱਧ ਦਸੰਬਰ ਤੋਂ ਬਾਅਦ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣਾ ਚਾਹੀਦਾ ਹੈ। ਬਿਮਾਰੀ ਦਾ ਹਮਲਾ ਨਜ਼ਰ ਆਉਣ ’ਤੇ ਕਣਕ ਦੀ ਫਸਲ ਉੱਪਰ 300 ਗ੍ਰਾਮ ਤਾਕਤ 75 ਡਬਲਯੂਪੀ (ਕੈਪਟਾਨ+ਹੈਕਸਾਕੋਨਾਜ਼ੋਲ) ਜਾਂ 200 ਗ੍ਰਾਮ ਕੈਵੀਅਟ 25 ਡਬਲਯੂਜੀ (ਟੈਬੂਕੋਨਾਜ਼ੋਲ) ਜਾਂ 120 ਗ੍ਰਾਮ ਨਟੀਵੋ 21 75 ਡਬਲਯੂਜੀ (ਟ੍ਰਾਈਫਲੋਕਸੀਸਟ੍ਰੋੋਬਿਨ+ਟੈਬੂਕੋਨਾਜ਼ੋਲ) ਜਾਂ 200 ਮਿਲੀਲਿਟਰ ਅੰਮਪੈਕਟ ਐਕਸਟ੍ਰਾ (ਐਜੋਕਸੀਸਟ੍ਰੋਬਿਨ+ਸਾਇਪਰਾਕੋਨਾਜ਼ੋਲ) ਜਾਂ 200 ਮਿਲੀਲਿਟਰ ਉਪੇਰਾ 18.3 ਐਸਈ (ਪਾਈਰੈਕਲੋਸਟ੍ਰੋਬਿਨ+ਇਪੋਕਸੀਕੋਨਾਜ਼ੋਲ) ਜਾਂ 200 ਮਿਲੀਲਿਟਰ ਕਸਟੋਡੀਆ 320 ਐਸਸੀ (ਐਜ਼ੋਕਸੀਸਟ੍ਰੋਬਿਨ+ਟੈਬੂਕੋਨਾਜ਼ੋਲ) ਜਾਂ 200 ਮਿਲੀਲਿਟਰ ਟਿਲਟ 25 ਈਸੀ/ਸ਼ਾਈਨ 25 ਈਸੀ/ਬੰਪਰ 25 ਈਸੀ/ਸਟਿਲਟ 25 ਈਸੀ/ਕੰਪਾਸ 25 ਈਸੀ/ਮਾਰਕਜ਼ੋਲ 25 ਈਸੀ (ਪ੍ਰੋਪੀਕੋਨਾਜ਼ੋਲ) ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰਨਾ ਚਾਹੀਦਾ ਹੈ।

    ਸ਼ੁਰੂ ਵਿੱਚ ਪੀਲੀ ਕੁੰਗੀ ਦੇ ਹਮਲੇ ਵਾਲੀਆਂ ਧੌੜੀਆਂ ’ਤੇ ਹੀ ਉੱਲੀਨਾਸ਼ਕਾਂ ਦਾ ਛਿੜਕਾਅ ਕਰਨਾ ਚਾਹੀਦਾ ਹੈ। ਖੇਤਾਂ ਦਾ ਲਗਾਤਾਰ ਸਰਵੇਖਣ ਕਰੋ ਤੇ ਲੋੜ ਪੈਣ ’ਤੇ ਇਹ ਛਿੜਕਾਅ ਫਿਰ ਦੁਹਰਾਓ। ਕਿਸਾਨ ਵੀਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕਿਸੇ ਵੀ ਇੱਕ ਉੱਲੀਨਾਸ਼ਕ ਦਾ ਲਗਾਤਾਰ ਛਿੜਕਾਅ ਨਾ ਕਰਨ ਕਿਉਂਕਿ ਅਜਿਹਾ ਕਰਨ ਨਾਲ ਪੀਲੀ ਕੁੰਗੀ ਦੀ ਉੱਲੀ ਵਿੱਚ ਉਸ ਪ੍ਰਤੀ ਸਹਿਣਸ਼ੀਲਤਾ ਆ ਸਕਦੀ ਹੈ। ਪਿਛਲੇ ਕੁਝ ਸਾਲਾਂ ਤੋਂ ਰਸਾਇਣ-ਮੁਕਤ ਕਣਕ ਦੀ ਵਧ ਰਹੀ ਮੰਗ ਕਾਰਨ ਪੰਜਾਬ ਵਿੱਚ ਜੈਵਿਕ ਖੇਤੀ ਅਧੀਨ ਆਉਂਦੇ ਰਕਬੇ ਵਿੱਚ ਵਾਧਾ ਦੇਖਿਆ ਗਿਆ ਹੈ। Kisan News

    ਜੈਵਿਕ ਖੇਤੀ ਦੇ ਨਿਯਮਾਂ ਅਨੁਸਾਰ ਕਣਕ ਦੀ ਫਸਲ ਉੱਪਰ ਉੱਲੀਨਾਸ਼ਕਾਂ ਦੀ ਵਰਤੋਂ ਕਰਨ ’ਤੇ ਸਖਤ ਮਨਾਹੀ ਹੈ। ਪਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਜੈਵਿਕ ਖੇਤੀ ਪ੍ਰਣਾਲੀ ਅਧੀਨ ਆਉਂਦੀ ਕਣਕ ਵਿੱਚ ਪੀਲੀ ਕੁੰਗੀ ਦੀ ਰੋਕਥਾਮ ਲਈ 20% ਖੱਟੀ ਲੱਸੀ ਦੀ ਸਿਫਾਰਿਸ਼ ਦਿੱਤੀ ਗਈ ਹੈ। ਇਸ ਸਿਫਾਰਿਸ਼ ਅਨੁਸਾਰ ਕਣਕ ਦੀ ਫਸਲ ’ਤੇ ਕੁੱਲ ਚਾਰ ਛਿੜਕਾਅ ਕੀਤੇ ਜਾਣੇ ਚਾਹੀਦੇ ਹਨ। ਇੱਕ ਏਕੜ ਦੀ ਫਸਲ ’ਤੇ ਛਿੜਕਾਅ ਕਰਨ ਲਈ 40 ਲਿਟਰ ਖੱਟੀ ਲੱਸੀ ਨੂੰ 200 ਲਿਟਰ ਪਾਣੀ ਵਿੱਚ ਘੋਲ ਲਵੋ ਅਤੇ ਇਸ ਘੋਲ ਦਾ ਪਹਿਲਾ ਛਿੜਕਾਅ ਕਣਕ ਦੀ ਬਿਜਾਈ ਤੋਂ ਇੱਕ ਮਹੀਨੇ ਬਾਅਦ ਕਰ ਦਿਓ। ਬਾਅਦ ਵਿੱਚ ਬਿਮਾਰੀ ਦੀਆਂ ਨਿਸ਼ਾਨੀਆਂ ਨਜ਼ਰ ਆਉਣ ’ਤੇ 10 ਦਿਨਾਂ ਦੇ ਵਕਫੇ ’ਤੇ ਤਿੰਨ ਹੋਰ ਛਿੜਕਾਅ ਕਰੋ। ਇਸ ਤਰ੍ਹਾਂ ਕਰਨ ਨਾਲ ਜੈਵਿਕ ਖੇਤੀ ਅਧੀਨ ਆਉਂਦੀ ਕਣਕ ਦੀ ਫਸਲ ਨੂੰ ਪੀਲੀ ਕੁੰਗੀ ਦੇ ਹਮਲੇ ਤੋਂ ਬੜੀ ਆਸਾਨੀ ਨਾਲ ਬਚਾ ਸਕਦੇ ਹਾਂ। Kisan News

    ਧੰਨਵਾਦ ਸਹਿਤ, ਚੰਗੀ ਖੇਤੀ