ਰੋਸ਼ ਪ੍ਰਦਰਸ਼ਨ ’ਚ ਵਿਦਿਆਰਥੀਆਂ, ਅਧਿਆਪਕਾਂ ਤੇ ਕਰਮਚਾਰੀਆਂ ਨੇ ਲਿਆ ਹਿੱਸਾ
ਨਾਅਰੇਬਾਜੀ ਕਰਦਿਆਂ ਮੁੱਖ ਗੇਟ ’ਤੇ ਬਣੀ ਮਾਰਕੀਟ ’ਚ ਕੱਢਿਆ ਗਿਆ ਰੋਸ਼ ਮਾਰਚ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ’ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਵਿਦਿਆਰਥੀ, ਅਧਿਆਪਕ ਅਤੇ ਕਰਮਚਾਰੀ ਜਥੇਬੰਦੀਆਂ ਵੱਲੋਂ ਸਮੁੱਚੀ ਯੂਨੀਵਰਸਿਟੀ ਨੂੰ ਬੰਦ ਰੱਖਿਆ ਗਿਆ। ਸਾਂਝੇ ਤੌਰ ’ਤੇ ਇਕੱਤਰ ਹੋਏ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਵੱਲੋਂ ਮੁੱਖ ਗੇਟ ਬੰਦ ਕਰਕੇ ਪ੍ਰਦਰਸ਼ਨ ਕੀਤਾ ਗਿਆ। ਇਸ ਉਪਰੰਤ ਰੋਹ ਭਰਪੂਰ ਨਾਅਰਿਆਂ ਦੀ ਗੂੰਜ ਵਿਚ ਮੁੱਖ ਗੇਟ ’ਤੇ ਬਣੀ ਮਾਰਕੀਟ ਵਿਚ ਮਾਰਚ ਵੀ ਕੱਢਿਆ ਗਿਆ।
ਇਸ ਮੌਕੇ ਵਿਦਿਆਰਥੀ ਜਥੇਬੰਦੀ ਪੰਜਾਬ ਸਟੂਡੈਂਟ ਯੂਨੀਅਨ ਦੇ ਜਨਰਲ ਸਕੱਤਰ ਅਮਨਦੀਪ ਸਿੰਘ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਅੱਜ ਮੁਕੰਮਲ ਬੰਦ ਰਹੀ। ਉਨ੍ਹਾਂ ਦੱਸਿਆ ਕਿ ਇਸ ਪ੍ਰਦਰਸ਼ਨ ਵਿਚ ਵਿਦਿਆਰਥੀ ਪੀ.ਐਸ.ਯੂ, ਐਸ.ਐਫ.ਆਈ, ਪੀ.ਐੱਸ.ਯੂ (ਲਲਕਾਰ), ਏ.ਆਈ.ਐਸ.ਐਫ, ਡੀ.ਐੱਸ.ਓ, ਪੀ.ਆਰ.ਐੱਸ.ਯੂ, ਦੀ ਅਗਵਾਈ ਵਿਚ, ਅਧਿਆਪਕਾਂ ਵੱਲੋਂ ਪੂਟਾ ਦੀ ਅਗਵਾਈ ਵਿੱਚ ਅਤੇ ਕਰਮਚਾਰੀਆਂ ਵੱਲੋਂ ਏ ਅਤੇ ਬੀ ਕਲਾਸ ਐਸੋਸੀਏਸ਼ਨਾਂ ਦੇ ਆਗੂਆਂ ਦੀ ਅਗਵਾਈ ਵਿਚ ਸ਼ਮੂਲੀਅਤ ਕੀਤੀ ਗਈ।
ਆਗੂਆਂ ਨੇ ਸੰਬੋਧਨ ਕਰਦੇ ਹੋਏ ਦੇਸ਼ ਅੰਦਰ ਵਿਦੇਸ਼ੀ ਅਤੇ ਦੇਸੀ ਕਾਰਪੋਰੇਟ ਘਰਾਣਿਆਂ ਦੀ ਅੰਨ੍ਹੀ ਲੁੱਟ ਨੂੰ ਉਜਾਗਰ ਕਰਦਿਆਂ ਇਸ ਖਿਲਾਫ ਲੋਕ ਸੰਘਰਸ਼ ਨੂੰ ਹੀ ਇੱਕਮਾਤਰ ਹੱਲ ਘੋਸ਼ਤ ਕੀਤਾ। ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਨੇ ਦੇਸ਼ ਅੰਦਰ ਸਿਆਸੀ ਚੇਤਨਾ ਪੈਦਾ ਕੀਤੀ ਹੈ ਅਤੇ ਭਾਜਪਾ ਦੀ ਸਰਕਾਰ ਵੱਲੋਂ ਲਗਾਤਾਰ ਰਾਜਾਂ ਦੇ ਅਧਿਕਾਰਾਂ ਨੂੰ ਖ਼ਤਮ ਕਰਕੇ ਸ਼ਕਤੀਆਂ ਦਾ ਕੇਂਦਰੀਕਰਨ ਕਰਨ ਤੇ ਤਾਨਸ਼ਾਹੀ ਐਲਾਨਾਂ ਨੂੰ ਠੱਲ ਪਾਈ ਹੈ। ਆਗੂਆਂ ਸਿਖਿਆ ਦੇ ਨਿੱਜੀਕਰਨ ਅਤੇ ਨਵੀਂ ਸਿੱਖਿਆ ਨੀਤੀ ਨੂੰ ਵੀ ਖੇਤੀ ਕਾਨੂੰਨਾਂ ਦੀ ਤਰ੍ਹਾਂ ਲੋਕ ਵਿਰੋਧੀ ਐਲਾਨਦਿਆਂ ਇਸਦਾ ਹਰ ਪੱਧਰ ਤੇ ਵਿਰੋਧ ਕਰਨ ਦਾ ਸੱਦਾ ਦਿੱਤਾ। ਆਖਿਰ ਵਿਚ ਵਿਦਿਆਰਥੀਆਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਹਰ ਸੱਦੇ ਨੂੰ ਲਾਗੂ ਕਰਨ ਦਾ ਐਲਾਨ ਕਰਦੇ ਹੋਏ ਕੇਂਦਰ ਸਰਕਾਰ ਵਿਰੁੱਧ ਨਆਰੇ ਲਗਾਉੰਦੇ ਹੋਏ ਪ੍ਰੋਗਰਾਮ ਨੂੰ ਸੰਪੂਰਨ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ